Punjabi Letter “Chote Bhai nu Filma Chad Padhai karan layi prerna patar likho ”,  “ਛੋਟੇ  ਭਰਾ ਨੂੰ ਫ਼ਿਲਮਾਂ ਛੱਡ ਪੜ੍ਹਾਈ ਕਰਨ ਲਈ ਪ੍ਰੇਰਨਾ ਪਾਤਰ ਲਿਖੋ” for Class 6, 7, 8, 9, 10 and 12, PSEB Classes.

ਤੁਹਾਡੇ ਛੋਟੇ ਭਰਾ ਨੂੰ ਹਰ ਰੋਜ਼ ਫ਼ਿਲਮਾਂ ਵੇਖਣ ਦੀ ਭੈੜੀ ਆਦਤ ਪੈ ਗਈ ਹੈ।ਇਕ ਪੱਤਰ ਰਾਹੀਂ ਉਸ ਨੂੰ ਇਸ ਭੈੜੀ ਆਦਤ ਦਾ ਤਿਆਗ ਕਰਨ ਅਤੇ ਸੱਚੇ ਦਿਲੋਂ ਪੜ੍ਹਾਈ ਕਰਨ ਲਈ ਪ੍ਰੇਰਣਾ ਦਿਉ।

ਹੈਬੋਵਾਲ,

ਲੁਧਿਆਣਾ।

22 ਮਾਰਚ, 20…..

 

ਪਿਆਰੇ ਸੁਰਜੀਤ,

ਅਸ਼ੀਰਵਾਦ !

ਕੁਝ ਦਿਨ ਹੋਏ ਤਾਇਆ ਜੀ ਦੇ ਪੁੱਤਰ ਤੋਂ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਤੇਰਾ ਪੜਾਈ ਵੱਲ ਬਿਲਕੁਲ ਹੀ ਧਿਆਨ ਨਹੀਂ ਹੈ ਅਤੇ ਤੂੰ ਅਕਸਰ ਫ਼ਿਲਮਾਂ ਵੇਖਣ ਤਰਿਆ ਰਹਿੰਦਾ ਹੈ। ਇਹ ਬਹੁਤ ਹੀ ਭੈੜੀ ਅਤੇ ਦੁੱਖ ਵਾਲੀ ਗੱਲ ਹੈ।ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਕੋਈ ਅਮੀਰ ਮਾਂ-ਬਾਪ ਦੇ ਲੜਕੇ ਨਹੀਂ ਹਾਂ। ਤੂੰ ਘਰ ਦੀ ਹਾਲਤ ਨੂੰ ਵੇਖਦਿਆਂ ਆਪ ਹੀ ਸੋਚ ਸਕਦਾ ਹੈਂ ਕਿ ਉਹ ਕਿੰਨੇ ਔਖੇ ਹੋ ਕੇ, ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਸਾਨੂੰ ਪੜ੍ਹਾ ਰਹੇ ਹਨ। ਪਰੰਤੂ ਇਹਨਾਂ ਗੱਲਾਂ ਨੂੰ ਅੱਖੋਂ ਓਹਲੇ ਕਰਕੇ ਤੂੰ ਫਜ਼ੂਲ ਖਰਚੀ ਅਤੇ ਆਪਣੇ ਕੀਮਤੀ ਸਮੇਂ ਨੂੰ ਨਸ਼ਟ ਕਰਨ ’ਤੇ ਤੁਲਿਆ ਹੋਇਆ ਹੈ।

ਮੇਰੇ ਆਖਣ ਦਾ ਮਤਲਬ ਇਹ ਨਹੀਂ ਕਿ ਤੂੰ ਫ਼ਿਲਮਾਂ ਦੇਖਣਾ ਉੱਕਾ ਹੀ ਬੰਦ ਕਰ ਦੇ। ਉਸ ਫ਼ਿਲਮ ਨੂੰ ਦੇਖਣ ਵਿਚ ਕੋਈ ਹਰਜ਼ ਅਤੇ ਨੁਕਸਾਨ ਨਹੀਂ ਜਿਹੜੀ ਵਿਦਿਆਰਥੀਆਂ ਲਈ ਸਿੱਖਿਆਦਾਇਕ ਹੋਵੇ। ਪਰ ਅਜਿਹੀਆਂ ਫ਼ਿਲਮਾਂ ਬਹੁਤ ਥੋੜੀਆਂ ਹਨ। ਆਮ ਤੌਰ ‘ਤੇ ਫ਼ਿਲਮਾਂ ਘਟੀਆ ਅਤੇ ਕਾਮ ਭੜਕਾਉ ਹੋਣ ਕਰਕੇ ਵਿਦਿਆਰਥੀਆਂ ਦੇ ਆਚਰਣ ਤੇ ਭੈੜਾ ਪ੍ਰਭਾਵ ਪਾਉਂਦੀਆਂ ਹਨ। ਦੂਜਾ, ਪਰਦੇ ਉੱਤੇ ਪੈਂਦੀ ਤੇਜ਼ ਰੌਸ਼ਨੀ ਅੱਖਾਂ ਉੱਤੇ ਮਾਰੂ ਅਸਰ ਪਾਉਂਦੀ ਹੈ। ਜਦੋਂ ਘਰ ਵੱਲੋਂ ਭੇਜਿਆ ਖਰਚ ਸਿਨੇਮਾ ਵੇਖਣ ਵਾਲੇ ਮੁੰਡਿਆਂ ਕੋਲ ਖ਼ਤਮ ਹੋ ਜਾਂਦਾ ਹੈ ਤਾਂ ਉਹ ਚੋਰੀ ਕਰਕੇ, ਉਧਾਰ ਲੈ ਕੇ ਅਤੇ ਹੋਰ ਕਈ ਕਿਸਮ ਦੀ ਠੱਗੀ ਕਰਕੇ ਆਪਣਾ ਝਸ ਪੂਰਾ ਕਰਦੇ ਹਨ। ਇਹ ਭੈੜੀਆਂ ਆਦਤਾਂ ਅੰਤ ਨੂੰ ਪੱਕੀਆਂ ਹੋ ਕੇ ਮਨੁੱਖ ਨੂੰ ਚੋਰ , ਜੁਆਰੀਆਂ ਅਤੇ ਸਮਾਜ ਦੀਆਂ ਨਜ਼ਰਾਂ ਵਿਚ ਡਿੱਗਿਆ ਹੋਇਆ ਮਨੁੱਖ ਬਣਾ ਦਿੰਦੀਆਂ ਹਨ। ਇਸ ਲਈ ਸਾਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸਾਡੇ ਮਾਤਾ-ਪਿਤਾ ਦੇ ਨਾਂ ਨੂੰ ਦਾਗ ਲੱਗੇ ਅਤੇ ਭਾਈਚਾਰੇ ਵਿਚ ਉਹਨਾਂ ਦੀ ਬਦਨਾਮੀ ਹੋਵੇ।

ਅੰਤ ਵਿਚ ਮੈਂ ਇਹੀ ਤੈਨੂੰ ਆਖਾਂਗਾ ਕਿ ਜੇਕਰ ਤੂੰ ਅਜਿਹੀਆਂ ਬੁਰੀਆਂ ਆਦਤਾਂ ਨਾ ਛੱਡੀਆਂ ਤਾਂ ਤੂੰ ਆਪਣੀ ਪੜ੍ਹਾਈ ਵਿਚ ਸਫਲ ਨਹੀਂ ਹੋ ਸਕੇਂਗਾ। ਜੇਕਰ ਕਿਸੇ ਹੋਰਾ-ਫੇਰੀ ਨਾਲ ਸਫਲ ਹੋ ਵੀ ਗਿਆ ਤਾਂ ਘੱਟ ਨੰਬਰਾਂ ਕਾਰਨ ਕਿਸੇ ਜੋਗਾ ਨਹੀਂ ਰਹੇਂਗਾ। ਇਸ ਲਈ ਆਪਣੇ ਉਜਲੇ ਭਵਿੱਖ ਲਈ ਅਤੇ ਮਾਪਿਆਂ ਦੀ ਖ਼ੁਸ਼ੀ ਲਈ ਫ਼ਿਲਮਾਂ ਆਦਿ ਦੇਖਣ ਦੀ ਆਦਤ ਨੂੰ ਇਕਦਮ ਛੱਡ ਕੇ ਦਿਨ-ਰਾਤ ਪੜਾਈ ਵਿਚ ਜੁੱਟ ਜਾਵੇ ਤਾਂ ਜੋ ਮਾਤਾ-ਪਿਤਾ ਦੇ ਤੇਰੇ ਪਤੀ ਸੁਪਨੇ ਸਾਕਾਰ ਹੋ ਸਕਣ। ਮੈਨੂੰ ਆਸ ਹੈ ਕਿ ਅੱਗੇ ਤੋਂ ਮੈਨੂੰ ਤੇਰੀ ਅਜਿਹੀ ਕੋਈ ਸ਼ਿਕਾਇਤ ਨਹੀਂ ਆਵੇਗੀ।

ਮੇਰੇ ਵੱਲੋਂ ਮੰਮੀ ਅਤੇ ਡੈਡੀ ਨੂੰ ਸਤਿ ਸ੍ਰੀ ਅਕਾਲ।

ਤੇਰਾ ਵੱਡਾ ਵੀਰ,

ਕਮਲਜੀਤ ਸਿੰਘ

Leave a Reply