Punjabi Essay on “ਨਾਨਕ ਸਿੰਘ”, “Nanak Singh” Punjabi Essay, Paragraph, Speech for Class 8, 9, 10, 12 Students Examination.

ਨਾਨਕ ਸਿੰਘ

Nanak Singh

ਭੂਮਿਕਾ–ਪੰਜਾਬੀ ਸਾਹਿਤ ਵਿਚ ਗੁਰਬਖ਼ਸ ਸਿੰਘ, ਨਾਨਕ ਸਿੰਘ, ਗੁਰਮੁੱਖ ਸਿੰਘ ਮੁਸਾਫ਼ਰ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਦਲੀਪ ਕੌਰ ਟਿਵਾਣਾ ਵਰਗੇ ਮਹਾਨ ਨਾਵਲਕਾਰ ਹੋਏ ਹਨ, ਪਰ ਇਨ੍ਹਾਂ ਵਿਚੋਂ ਮੇਰਾ ਮਨ ਭਾਉਂਦਾ ਨਾਵਲਕਾਰ ਨਾਨਕ ਸਿੰਘ ਹਨ। ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦੇ ਇਤਿਹਾਸ ਵਿਚ ਉਹ ਹੀ ਮਹੱਤਵਪੂਰਨ ਸਥਾਨ ਪ੍ਰਾਪਤ ਹੈ, ਜੋ ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦੇ ਇਤਿਹਾਸ ਵਿਚ, ਗੁਰਬਖ਼ਸ ਸਿੰਘ ਨੂੰ ਆਧੁਨਿਕ ਗੱਦ ਦੇ ਇਤਿਹਾਸ ਵਿਚ ਕਰਤਾਰ ਸਿੰਘ ਦੁੱਗਲ ਨੂੰ ਆਧੁਨਿਕ ਕਹਾਣੀ ਦੇ ਇਤਿਹਾਸ ਵਿਚ ਤੇ ਸੰਤ ਸਿੰਘ ਸੇਖੋਂ ਨੂੰ ਆਧੁਨਿਕ ਆਲੋਚਨਾ ਦੇ ਇਤਿਹਾਸ ਵਿਚ ਪ੍ਰਾਪਤ ਹੈ।ਨਾਨਕ ਸਿੰਘ ਨੇ ਨਵੀਨ ਨਾਵਲ ਦਾ ਆਪਣੀ ਕਲਾ-ਨਿਪੁੰਨਤਾ ਨਾਲੋਂ ਸੰਪੂਰਨ ਵਿਕਾਸ ਕੀਤਾ।ਉਸਨੇ ਪੰਜਾਬੀ ਸਾਹਿਤ ਲਈ 40-45 ਸਾਲ ਲਗਾਤਾਰ ਨਾਵਲ ਅਤੇ ਹੋਰ ਸਾਹਿਤ ਰਚਿਆ। ਨਾਨਕ ਸਿੰਘ ਨੇ ਵਾਲਟਰ ਸਕਾਟ ਵਾਂਗ ਬਹੁਤ ਸਾਰੇ ਨਾਵਲ ਲਿਖੇ ਤੇ ਉਨ੍ਹਾਂ ਵਿਚ ਚਾਰਲਸ ਡਿਕਨਜ਼ ਵਰਗੀ ਸਧਾਰਨਤਾ ਵੀ ਭਰੀ ਹੈ। ਨਾਨਕ ਸਿੰਘ ਨਿਰਸੰਦੇਸ ਪੰਜਾਬੀ ਦਾ ਸ਼੍ਰੋਮਣੀ ਨਾਵਲਕਾਰ ਹੋਇਆ ਹੈ।

ਜਨਮ-ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਈ. ਨੂੰ ਚੱਕ ਹਮੀਦ, ਜ਼ਿਲ੍ਹਾ ਜਿਹਲਮ ਵਿਖੇ ਬਹਾਦਰ ਚੰਦ ਦੇ ਘਰ ਹੋਇਆ। ਉਸਦਾ ਪਹਿਲਾ ਨਾਂ ਹੰਸ ਰਾਜ ਸੀ। ਉਹ ਅਜੇ ਬਚਪਨ ਵਿਚ ਹੀ ਸੀ ਕਿ ਉਸਦੇ ਪਿਤਾ ਜੀ ਚਲਾਣਾ ਕਰ ਗਏ, ਜਿਸ ਕਰਕੇ ਉਸਨੂੰ ਕਰੜੇ ਸੰਘਰਸ਼ ਵਿਚੋਂ ਲੰਘਣਾ ਪਿਆ। ਜ਼ਰਾ ਵੱਡੇ ਹੋ ਕੇ ਉਸਨੇ ਗਿਆਨੀ ਬਾਗ਼ ਸਿੰਘ ਦੇ ਪ੍ਰਭਾਵ ਹੇਠ ਲਿਖੇ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ ਤੇ ਉਹ ਹੰਸਰਾਜ ਤੋਂ ਨਾਨਕ ਸਿੰਘ ਬਣ ਗਿਆ।

ਸਿੱਖਿਆ—ਭਾਵੇਂ ਉਸਨੂੰ ਸਕੂਲਾਂ-ਕਾਲਜਾਂ ਵਿਚ ਜਾਣ ਤੇ ਉੱਚੀ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਨਹੀਂ ਹੋਇਆ, ਪਰ ਫੇਰ ਵੀ ਉਸਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ, ਹਿੰਦੀ ਤੇ ਉਰਦੂ ਸਿੱਖ ਲਿਆ ਤੇ ਇਨ੍ਹਾਂ ਭਾਸ਼ਾਵਾਂ ਵਿਚ ਮਿਲਦੇ ਸਾਹਿਤ ਦਾ ਅਧਿਐਨ ਕੀਤਾ।

ਪੰਜਾਬੀ ਸਾਹਿਤ ਵਿਚ ਸਹਿਯੋਗ−1923 ਵਿਚ ਉਸਨੇ ਗੁਰੂ ਦੇ ਬਾਗ਼ ਦੇ ਮੋਰਚੇ ਵਿਚ ਗ੍ਰਿਫਤਾਰੀ ਦਿੱਤੀ। ਜੇਲ੍ਹ ਵਿਚ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਨਾਵਲ- ਰਚਨਾ ਅਰੰਭ ਕੀਤੀ ਤੇ ਜੇਲ੍ਹ ਤੋਂ ਬਾਹਰ ਆ ਕੇ ਉਹ ਮਰਦੇ ਦਮ ਤਕ ਨਾਵਲ ਤੇ ਕਹਾਣੀ ਰਚਨਾ ਕਰਦਾ ਰਿਹਾ।

ਰਚਨਾਵਾਂ-ਅਛੂਤ-ਉਦਾਰ, ਵਿਧਵਾ ਤੇ ਵੇਸਵਾ ਸੁਧਾਰ, ਵਿੱਦਿਆ ਪ੍ਰਚਾਰ, ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ ਤੇ ਧਾਰਮਿਕ, ਆਰਥਿਕ ਸੁਧਾਰ ਆਦਿ ਸਭ ਪਾਸੇ ਬਾਬੇ ਨਾਨਕ ਸਿੰਘ ਨੇ ਲਿਖਿਆ। ਉਸਦੇ ਪ੍ਰੇਮ ਸੰਗੀਤ, ‘ਮਿੱਠਾ ਮਹੁਰ’ ਤੇ ‘ਮਤਰੇਈ ਮਾਂ’ ਨਾਵਲ ਕਾਫ਼ੀ ਹਰਮਨ-ਪਿਆਰੇ ਹੋਏ, ਪਰ ਉਸਦੀ ਅਸਲ ਪ੍ਰਸਿੱਧੀ 1932 ਵਿਚ ਲਿਖੇ ਨਾਵਲ ‘ਚਿੱਟਾ ਲਹੂ’ ਨਾਲ ਹੋਈ। ਗੁਰਬਖ਼ਸ਼ ਸਿੰਘ ਨੇ ਨਾਨਕ ਸਿੰਘ ਦੇ ਅਨੁਭਵ ਨੂੰ ਚਮਕਾਇਆ ਤੇ ਹੁਣ ਉਹ ਇਕ ਨਵੀਂ ਪਿਆਰ ਦੀ ਦੁਨੀਆਂ ਦੇਖਣ ਦੇ ਸੁਪਨੇ ਲੈਣ ਲੱਗ ਪਿਆ, ਉਸਦੀ ਸ਼ੈਲੀ ਵਿਚ ਰੋਚਕਤਾ ਆ ਗਈ ਤੇ ਆਦਰਸ਼ਵਾਦ ਉਸਦੀ ਸੋਚਨੀ ਦਾ ਪੂਰਾ ਬਣ ਗਿਆ।‘ਅੱਧ ਖਿੜਿਆ ਫੁੱਲ,’ ‘ਜੀਵਨ ਸੰਗਰਾਮ’ ‘ਲਵ ਮੈਰਿਜ਼’ ਆਦਿ ਨਾਵਲ ਇਸ ਪ੍ਰਭਾਵ ਦਾ ਹੀ ਸਿੱਟਾ ਹਨ। ਆਪਦੇ ‘ਮੁੰਝਦਾਰ’ ‘ਚਿੱਤਰਕਾਰ’, ‘ਕੱਟੀ ਹੋਈ ਪਤੰਗ’, ‘ਆਦਮਖ਼ਰ’, ‘ਸੰਗਮ’, ‘ਬੰਜਰ’, ਤੇ ‘ਪੁਜਾਰੀ’, ਪ੍ਰਸਿੱਧ ਨਾਵਲ ਹਨ। 1947 ਦੇ ਦੁਖਾਂਤ ਦਾ ਉਸਦੇ ਮਨ ਤੇ ਡੂੰਘਾ ਅਸਰ ਪਿਆ ਤੇ ਉਹ ਪੂੰਜੀਵਾਦ ਵਿਰੁੱਧ ਬਾਗ਼ੀ ਹੋ ਗਿਆ। ਹੁਣ ਉਹ ਰਾਜਸੀ ਆਸ਼ੇ ਪ੍ਰਗਟ ਕਰਨ ਵਾਲਾ ਅਗਾਂਹ ਵਧੂ ਕਲਾਕਾਰ ਬਣ ਗਿਆ। 1946 ਤੋਂ ਮਗਰੋਂ ਉਹ ਸੁਭਾਵਕ ਨਾਵਲਕਾਰ ਦੀ ਬਜਾਏ ਪ੍ਰਚਾਰਕ ਤੇ ਵਿਦਰੋਹੀ ਨਾਵਲਕਾਰ ਪ੍ਰਤੀਤ ਹੁੰਦਾ ਹੈ। ‘ਇਕ ਮਿਆਨ ਦੋ ਤਲਵਾਰਾਂ’ ਉਸਨੇ ਸਭ ਤੋਂ ਸਫ਼ਲ ਇਤਿਹਾਸਕ ਨਾਵਲ ਲਿਖਿਆ ਹੈ। ਉਸਦੇ ਨਾਵਲਾਂ ਦੀ ਗਿਣਤੀ ਚਾਰ ਦਰਜਨ ਦੇ ਕਰੀਬ ਹੈ।

ਸਾਰਾਂਸ਼—ਨਾਨਕ ਸਿੰਘ ਪੰਜਾਬੀ ਦਾ ਸਭ ਤੋਂ ਵੱਡਾ ਨਾਵਲਕਾਰ ਹੈ। ਉਸਨੇ ਜੋ ਕੁਝ ਲਿਖਿਆ ਹੈ, ਸਹਿਜ ਸੁਭਾ ਲਿਖਿਆ ਹੈ ਤੇ ਕਲਾ ਦੇ ਆਸ਼ੇ ਤੇ ਪੂਰਾ ਉਤਰਦਾ ਹੈ। ਉਹ ਇਕ ਸੁਚੇਤ ਕਲਾਕਾਰ ਸੀ। ਉਸਨੇ ਪੰਜਾਬੀ ਸਾਹਿਤ ਨੂੰ ‘ਚਿੱਟਾ ਲਹੂ’, ‘ਅੱਧ ਖਿੜਿਆ ਫੁੱਲ’, ‘ਜੀਵਨ ਸੰਗਰਾਮ’, ‘ਪਵਿੱਤਰ ਪਾਪੀ’, ‘ਮੰਝਧਾਰ’, ‘ਚਿੱਤਰਕਾਰ’, ‘ਕਟੀ ਪਤੰਗ’ ਅਤੇ ‘ਇਕ ਮਿਆਨ ਦੋ ਤਲਵਾਰਾਂ’ ਆਦਿ ਅਦੁੱਤੀ ਨਾਵਲ ਦਿੱਤੇ ਹਨ।

Leave a Reply