Punjabi Essay on “ਸਾਡੇ ਮੇਲੇ”, “Sade Mele” Punjabi Essay, Paragraph, Speech for Class 8, 9, 10, 12 Students Examination.

ਸਾਡੇ ਮੇਲੇ

ਭੂਮਿਕਾ—ਪੰਜਾਬ ਮੇਲਿਆਂ ਤੇ ਤਿਓਹਾਰ ਦਾ ਦੇਸ ਹੈ। ਇਨ੍ਹਾਂ ਦਾ ਸੰਬੰਧ ਸਾਡੇ ਸਭਿਆਚਾਰ, ਇਤਿਹਾਸਕ ਤੇ ਧਾਰਮਿਕ ਵਿਰਸੇ ਨਾਲ ਹੈ। ਇਹਨਾਂ ਵਿਚੋਂ ਕੁਝ ਮੇਲੇ ਤੇ ਤਿਓਹਾਰ ਕੌਮੀ ਪੱਧਰ ਦੇ ਹਨ । ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੌਕਿਆਂ ਤੇ ਲੱਗਣ ਵਾਲੇ ਮੇਲੇ ਕੌਮੀ ਪੱਧਰ ਦੇ ਹਨ। ਇਨ੍ਹਾਂ ਤੋਂ ਬਿਨਾਂ ਪੰਜਾਬ ਵਿਚ ਭਿੰਨ-ਭਿੰਨ ਥਾਵਾਂ ਤੇ ਬਹੁਤ ਸਾਰੇ ਸਥਾਨਕ ਮੇਲੇ ਵੀ ਲੱਗਦੇ ਹਨ। ਇਨ੍ਹਾਂ ਵਿਚੋਂ ਬਹੁਤੇ ਮੇਲੇ ਧਾਰਮਕ ਹਨ, ਜਿਹੜੇ ਕਿ ਪੀਰਾਂ-ਫ਼ਕੀਰਾਂ ਦੀਆਂ ਮਜਾਰਾਂ, ਦੇਵੀ-ਦੇਵਤਿਆਂ ਦੇ ਇਤਿਹਾਸਕ ਤੇ ਮਿਥਿਹਾਸਕ ਸਥਾਨਾਂ ਅਤੇ ਗੁਰਧਾਮਾਂ ਤੇ ਲੱਗਦੇ ਹਨ। ਇਨ੍ਹਾਂ ਮੇਲਿਆਂ ਦਾ ਪੰਜਾਬ ਵਿਚ ਭਾਰੀ ਮਹੱਤਵ ਹੈ। ਇਨ੍ਹਾਂ ਵਿਚ ਪੰਜਾਬ ਤੋਂ ਬਾਹਰਲੇ ਲੋਕ ਵੀ ਭਾਗ ਲੈਣ ਆਉਂਦੇ ਹਨ।

ਕੌਮੀ ਪੱਧਰ ਦੇ ਮੇਲੇ—ਕੌਮੀ ਪੱਧਰ ਦੇ ਜਿਹੜੇ ਮੇਲੇ ਪੰਜਾਬ ਵਿਚ ਲੱਗਦੇ ਹਨ, ਉਨ੍ਹਾਂ ਵਿਚ ਸਮੁੱਚੇ ਪੰਜਾਬੀ ਵੱਧ ਚੜ ਕੇ ਹਿੱਸਾ ਲੈਂਦੇ ਹਨ। ਇਨ੍ਹਾਂ ਵਿਚੋਂ ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੇਲੇ ਪ੍ਰਸਿੱਧ ਹਨ। ਇਨ੍ਹਾਂ ਵਿਚੋਂ ਵਿਸਾਖੀ ਦਾ ਮੇਲਾ ਹਾੜੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿਚ ਥਾਂ-ਥਾਂ ਤੇ ਲੱਗਦਾ ਹੈ। ਪੰਜਾਬੀ ਜੱਟ ਢੋਲ ਵਜਾਉਂਦੇ ਤੇ ਭੰਗੜਾ ਪਾਉਂਦੇ ਹੋਏ ਇਸ ਵਿਚ ਹਿੱਸਾ ਲੈਂਦੇ ਹਨ। ਕਰਤਾਰਪੁਰ ਤੇ ਦਮਦਮਾ ਸਾਹਿਬ ਵਿਚ ਲੱਗਣ ਵਾਲੇ ਵਿਸਾਖੀ ਦੇ ਮੇਲੇ ਸਮੁੱਚੇ ਪੰਜਾਬ ਵਿਚ ਪ੍ਰਸਿੱਧ ਹਨ।ਲੋਕ ਦੂਰੋਂ-ਦੂਰੋਂ ਆ ਕੇ ਇਹਨਾਂ ਮੇਲਿਆਂ ਵਿਚ ਸ਼ਾਮਿਲ ਹੁੰਦੇ ਹਨ। ਬਸੰਤ ਦੇ ਮੇਲੇ ਦਾ ਸੰਬੰਧ ਰੁੱਤ ਦੀ ਤਬਦੀਲੀ ਨਾਲ ਹੈ। ਇਸ ਦਿਨ ਹਕੀਕਤ ਰਾਏ ਧਰਮੀ ਨੂੰ ਆਪਣੇ ਧਰਮ ਵਿਚ ਦ੍ਰਿੜ੍ਹ ਰਹਿਣ ਬਦਲੇ ਸ਼ਹੀਦ ਕੀਤਾ ਗਿਆ ਸੀ। ਇਸ ਦਿਨ ਨੌਜਵਾਨ ਪੀਲੀਆਂ ਪੱਗਾਂ ਬੰਨ੍ਹ ਕੇ ਤੇ ਮੁਟਿਆਰਾਂ ਪੀਲੀਆਂ ਚੁੰਨੀਆਂ ਲੈ ਕੇ ਇਸ ਵਿਚ ਹਿੱਸਾ ਲੈਂਦੀਆਂ ਹਨ।ਇਹ ਮੇਲਾ ਥਾਂ- ਥਾਂ ਤੋਂ ਲੱਗਦਾ ਹੈ। ਛਿਹਰਟੇ ਅਤੇ ਪਟਿਆਲੇ ਵਿਚ ਲੱਗਣ ਵਾਲੇ ਬਸੰਤ ਪੰਚਮੀ ਦੇ ਮੇਲੇ ਸਮੁੱਚੇ ਪੰਜਾਬ ਵਿਚ ਹਰਮਨ-ਪਿਆਰੇ ਹਨ। ਉੱਤਰੀ ਭਾਰਤ ਦੇ ਪ੍ਰਸਿੱਧ ਤਿਓਹਾਰ ਦੁਸਹਿਰੇ ਦੇ ਮੌਕੇ ਤੇ ਲੱਗਣ ਵਾਲਾ ਮੇਲਾ ਵੀ ਪੰਜਾਬ ਵਿਚ ਥਾਂ-ਥਾਂ ਤੇ ਬੜੀ ਧੂਮ ਧਾਮ ਨਾਲ ਲੱਗਦਾ ਹੈ। ਲੋਕ ਇਸ ਮੇਲੇ ਨੂੰ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ।ਦਸਵੀਂ ਵਾਲੇ ਦਿਨ ਜਦੋਂ ਰਾਵਣ ਦੇ ਬੁੱਤ ਨੂੰ ਅੱਗ ਲਾਈ ਜਾਂਦੀ ਹੈ, ਤਾਂ ਇਸ ਮੌਕੇ ਉੱਪਰ ਮੇਲਾ ਵੇਖਣ ਵਾਲਿਆਂ ਦੀ ਚੋਖੀ ਭੀੜ ਹੁੰਦੀ ਹੈ। ਲੋਕ ਬੜੇ ਉਤਸ਼ਾਹ ਤੇ ਚਾਅ ਨਾਲ ਇਸ ਮੇਲੇ ਦਾ ਆਨੰਦ ਮਾਣਦੇ ਹਨ। ਜਨਮ ਅਸ਼ਟਮੀ ਤੋਂ ਰਾਮ ਨੌਮੀ ਦੇ ਮੇਲੇ ਉੱਪਰ ਵੀ ਪੰਜਾਬ ਵਿਚ ਥਾਂ-ਥਾਂ ਮੰਦਰ ਸੱਜਦੇ ਹਨ ਤੇ ਬੜੀ ਧੂਮ-ਧਾਮ ਨਾਲ ਮੇਲੇ ਲੱਗਦੇ ਹਨ। ਹਰ ਉਮਰ ਤੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਇਹਨਾਂ ਵਿਚ ਭਾਗ ਲੈਂਦੇ ਹਨ।

ਸਥਾਨਕ ਮੇਲੇ-ਕੌਮੀ ਪੱਧਰ ਦੇ ਇਨ੍ਹਾਂ ਮੇਲਿਆਂ ਤੋਂ ਬਿਨ੍ਹਾਂ ਪੰਜਾਬ ਦੇ ਭਿੰਨ-ਭਿੰਨ ਥਾਵਾਂ ਤੇ ਲੱਗਣ ਵਾਲੇ ਸਥਾਨਕ ਮੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਨ੍ਹਾਂ ਵਿਚੋਂ ਕੁਝ ਮੇਲੇ ਤਾਂ ਸਮੁਚੇ ਪੰਜਾਬ ਤੇ ਇਸ ਤੋਂ ਬਾਹਰਲੇ ਪ੍ਰਾਤਾਂ ਦੇ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਵੀ ਬਣਦੇ ਹਨ।

ਮਾਲਵੇ ਦੇ ਮੇਲੇ— ਮਾਲਵੇ ਦੇ ਮੇਲਿਆਂ ਵਿਚੋਂ ਸਭ ਤੋਂ ਪ੍ਰਸਿੱਧ ‘ਛਪਾਰ ਦਾ ਮੇਲਾ ਹੈ। ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਦੀ ਦੱਖਣੀ ਗੁੱਠ ਵਿਚ ਗੁੱਗੇ ਦੀ ਮਾੜੀ ਵਿਖੇ ਭਾਦਰੋਂ ਦੀ ਚਾਨਣੀ ਚੌਦੇ ਨੂੰ ਲੱਗਦਾ ਹੈ। ਲੋਕ ਦੂਰੋਂ-ਦੂਰੋਂ ਮੇਲਾ ਵੇਖਣ ਲਈ ਆਉਂਦੇ ਹਨ। ਕਈ ਸ਼ਰਧਾਲੂ ਓਨੀ ਦੇਰ ਤੱਕ ਕੁਝ ਨਹੀਂ ਖਾਂਦੇ, ਜਿੰਨੀ ਦੇਰ ਉਹ ਗੁੱਗੇ ਦੀ ਮਾੜੀ ਤੇ ਜਾਕੇ ਉਥੋਂ ਦੀ ਮਿੱਟੀ ਨਾ ਕੱਢ ਲੈਣ। ਮਾਲਵੇ ਵਿਚ ਜਗਰਾਉਂ ਵਿਖੇ ਲੱਗਣ ਵਾਲਾ ਰੋਸ਼ਨੀਆਂ ਦਾ ਮੇਲਾ ਵੀ ਬੜਾ ਪ੍ਰਸਿੱਧ ਹੈ। ਇਹ ਮੇਲਾ 14, 15 ਅਤੇ 16 ਫੱਗਣ ਨੂੰ ਲੱਗਦਾ ਹੈ। ਲੋਕ ਰਾਤ ਨੂੰ ਪੋਣਿਆਂ ਵਾਲੇ ਫ਼ਕੀਰ ਦੀ ਮਜ਼ਾਰ ਉੱਪਰ ਦੀਵੇ ਜਗਾਉਂਦੇ ਹਨ। ਪਹਿਲੇ ਦਿਨ ਇਥੇ ਭਗਤ ਚੌਂਕੀਆਂ ਭਰਦੇ ਹਨ। ਦੂਜੇ ਤੇ ਤੀਜੇ ਦਿਨ ਆਮ ਲੋਕ ਵੀ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਇਸ ਪ੍ਰਕਾਰ ਤਿੰਨ ਦਿਨ ਇਸ ਮੇਲੇ ਦੀ ਰੋਣਕ ਕਾਫੀ ਰਹਿੰਦੀ ਹੈ। ਇਨ੍ਹਾਂ ਤੋਂ ਬਿਨਾਂ ਮਾਲਵੇ ਵਿਚ ਮੁਕਤਸਰ ਦਾ ਮੇਲਾ ਵੀ ਪ੍ਰਸਿੱਧ ਹੈ। ਇਥੇ ਮਾਘੀ ਵਾਲੇ ਦਿਨ ਮੇਲਾ ਲੱਗਦਾ ਹੈ। ਇੱਥੇ ਲੋਕ ਬੜੀ ਸ਼ਰਧਾ ਤੇ ਪ੍ਰੇਮ ਨਾਲ ਪੁੱਜਦੇ ਹਨ।

ਦੁਆਬੇ ਦੇ ਮੇਲੇ-ਦੁਆਬੇ ਦੇ ਮੇਲਿਆਂ ਵਿਚ ਜਲੰਧਰ ਵਿਖੇ ਲੱਗਣ ਵਾਲਾ ਬਾਬੇ ਸੋਢਲ ਦਾ ਮੇਲਾ ਬਹੁਤ ਪ੍ਰਸਿੱਧ ਹੈ। ਇਹ ਮੇਲਾ ਅੱਸੂ ਦੇ ਮਹੀਨੇ ਵਿਚ ਲੱਗਦਾ ਹੈ। ਇਹ ਤੜਕੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਤੇ ਦਿਨ ਭਰ ਖੂਬ ਭਰਿਆ ਰਹਿੰਦਾ ਹੈ। ਲੋਕ ਬਾਬੇ ਸੋਢਲ ਦੇ ਮੰਦਰ ਵਿਚ ਜਾ ਕੇ ਪ੍ਰਸ਼ਾਦ ਚੜ੍ਹਾਉਂਦੇ ਹਨ। ਅਨੇਕ ਲੋਕ ਬਾਬੇ ਸੋਢਲ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦਾਨ ਪੁੰਨ ਕਰਦੇ ਹਨ।

ਹੋਲੇ ਮੁਹੱਲੇ ਦੇ ਮੌਕੇ ਉੱਤੇ ਆਨੰਦਪੁਰ ਸਾਹਿਬ ਵਿਚ ਵੀ ਮੇਲਾ ਲੱਗਦਾ ਹੈ। ਇਹ ਮੇਲਾ ਦੇਸਾਂ-ਵਿਦੇਸ਼ਾਂ ਵਿਚ ਵਸਦੇ ਸਿੱਖਾਂ ਲਈ ਸ਼ਰਧਾ ਤੇ ਦਿਲਚਸਪੀ ਦਾ ਕੇਂਦਰ ਹੁੰਦਾ ਹੈ। ਦੁਆਬੇ ਦੇ ਕਸਬੇ ਕਰਤਾਰਪੁਰ ਦੀ ਵਿਸਾਖੀ ਆਲੇ-ਦੁਆਲੇ ਵਿਚ ਕਾਫ਼ੀ ਪ੍ਰਸਿੱਧ ਹੈ।

ਮਾਝੇ ਦੇ ਮੇਲਾ—ਮਾਝੇ ਦੇ ਮੇਲਿਆਂ ਵਿਚੋਂ ਅਚਲ ਵਿਖੇ ਲੱਗਣ ਵਾਲਾ ਮੇਲਾ ਬਹੁਤ ਪ੍ਰਸਿੱਧ ਹੈ। ਮੇਲਾ ਰਾਮ ਨੌਮੀ ਦੇ ਮੌਕੇ ਤੇ ਲਗੱਦਾ ਹੈ। ਮੇਲੇ ਤੋਂ ਕੁਝ ਦਿਨ ਪਹਿਲਾਂ ਇੱਥੋਂ ਦੇ ਸਰੋਵਰ ਦੇ ਚਾਰੇ ਪਾਸੇ ਅਨੇਕਾਂ ਜੋਗੀ ਤੇ ਸੰਨਿਆਸੀ ਆ ਕੇ ਆਪਣੀਆਂ ਧੁਣਿਆਂ ਤਪਾ ਲੈਂਦੇ ਹਨ। ਉਨ੍ਹਾਂ ਦੇ ਕੋਲ ਹੀ ਆਪਣੇ ਤ੍ਰਿਸ਼ੂਲ ਗੱਡ ਲੈਂਦੇ ਹਨ, ਜਿਨ੍ਹਾਂ ਉੱਪਰ ਫੁੱਲਾਂ ਦੇ ਹਾਰ ਪਾਏ ਹੁੰਦੇ ਹਨ। ਇਸ ਮੇਲੇ ਨੂੰ ਦੇਖਣ ਲਈ ਲੋਕ ਭਾਰੀ ਗਿਣਤੀ ਵਿਚ ਪੁੱਜਦੇ ਹਨ।

ਅੰਮ੍ਰਿਤਸਰ ਤੋਂ 12 ਕੁ ਮੀਲ ਦੀ ਦੂਰੀ ਤੇ ਰਾਮਤੀਰਥ ਨਾਂ ਦੇ ਸਥਾਨ ਤੇ ਲੱਗਣ ਵਾਲਾ ਮੇਲਾ ਵੀ ਬੜਾ ਪ੍ਰਸਿੱਧ ਹੈ। ਇਸ ਸਥਾਨ ਦਾ ਸੰਬੰਧ ਸ੍ਰੀ ਰਾਮ ਚੰਦਰ ਜੀ ਨਾਲ ਹੈ।ਇੱਥੇ ਇਕ ਸਰੋਵਰ ਹੈ, ਜਿਸ ਉੱਤੇ ਇਹ ਮੇਲਾ ਕਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਹੈ। ਮਾਂਝੇ ਵਿਚ ਸਾਈਂ ਇਲਾਹੀ ਸ਼ਾਹ ਦੀ ਦਰਗਾਹ ਉੱਪਰ ਲੱਗਣ ਵਾਲਾ ਮੇਲਾ ਵੀ ਬੜਾ ਪ੍ਰਸਿੱਧ ਹੈ। ਇਹ ਹਰ ਸਾਲ 20 ਹਾੜ੍ਹ ਨੂੰ ਲੱਗਦਾ ਹੈ। ਇੱਥੇ ਦੂਰ-ਦੂਰ ਤੋਂ ਆਏ ਕਵਾਲ ਵੀ ਚੰਗਾ ਰੰਗ ਬੰਨ੍ਹਦੇ ਹਨ।

ਸਾਰਾਂਸ਼—ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਛੋਟੇ-ਛੋਟੇ ਮੇਲੇ ਵੀ ਲੱਗਦੇ ਹਨ ਜਿਵੇਂ, ਜਲੰਧਰ ਵਿਚ ਬਾਬੇ ਝੰਡੀਆਂ ਵਾਲੇ ਦਾ ਮੇਲਾ, ਤਰਨਤਾਰਨ ਵਿਖੇ ਮੱਸਿਆ ਦਾ ਮੇਲਾ, ਸਾਵਣ ਦੇ ਮਹੀਨੇ ਵਿਚ ਤੀਆਂ ਦਾ ਮੇਲਾ ਆਦਿ।

Leave a Reply