Punjabi Essay on “ਇੰਦਰਾ ਗਾਂਧੀ”, “Indira Gandhi” Punjabi Essay, Paragraph, Speech for Class 8, 9, 10, 12 Students Examination.

ਇੰਦਰਾ ਗਾਂਧੀ

ਜਦ ਤੱਕ ਸੂਰਜ ਚਾਂਦ ਰਹੇਗਾ,

ਇੰਦਰਾ ਜੀ ਦਾ ਨਾਮ ਰਹੇਗਾ।”

ਭੂਮਿਕਾ— ਇਤਿਹਾਸ ਘਟਨਾਵਾਂ ਅਤੇ ਤਰੀਕਾਂ ਦਾ ਲੇਖਾ-ਜੋਖਾ ਹੀ ਨਹੀਂ ਸਗੋਂ ਉਨ੍ਹਾਂ ਚਰਿੱਤਰਾਂ ਦੀ ਮੁੜ ਦੁਹਰਾਈ ਵੀ ਹੁੰਦਾ ਹੈ ਜੋ ਇਤਿਹਾਸ ਨੂੰ ਨਵਾਂ ਮੋੜ ਦਿੰਦੇ ਹਨ, ਉਸ ਨੂੰ ਗਤੀਸ਼ੀਲ ਬਣਾਉਂਦੇ ਹਨ। ਸਵਰਗੀ ਸ੍ਰੀਮਤੀ ਇੰਦਰਾ ਗਾਂਧੀ ਭਾਰਤੀ ਇਤਿਹਾਸ ਨੂੰ ਇਸੇ ਤਰ੍ਹਾਂ ਦੇ ਅਨੇਕਾਂ ਮੁੜ ਦੇਣ ਵਿਚ ਸਮੱਰਥ ਹੋਈ ਹੈ, ਜਿਸ ਨਾਲ ਉਨ੍ਹਾਂ ਦੀ ਸ਼ਖਸੀਅਤ ਵੀ ਰੋਸ਼ਨ ਹੋ ਜਾਂਦੀ ਹੈ। ਸੰਸਾਰ ਵਿਚ ਵਿਰਲੀਆਂ ਹੀ ਇਸਤਰੀਆਂ ਹੋਈਆਂ ਹਨ, ਜਿਨ੍ਹਾਂ ਨੇ ਸ਼ਾਸਨ ਦਾ ਭਾਰ ਆਪਣੇ ਮੋਢਿਆਂ ਉੱਤੇ ਚੁੱਕਿਆ। ਇੰਦਰਾ ਜੀ ਵੀ ਉਨ੍ਹਾਂ ਵਿਚੋਂ ਇਕ ਅਜਿਹੀ ਭਾਰਤੀ ਇਸਤਰੀ ਸੀ, ਜੋ ਭਾਰਤ ਦੀ ਰਾਜਨੀਤੀ ਉੱਤੇ ਚੋਖਾ ਸਮਾਂ ਛਾਈ ਰਹੀ।

ਜੀਵਨ ਬਾਰੇ ਜਾਣਕਾਰੀ— ਇੰਦਰਾ ਗਾਂਧੀ ਦਾ ਜਨਮ 19 ਨਵੰਬਰ, 1917 ਈ: ਨੂੰ ਇਲਾਹਾਬਾਦ ਵਿਚ ਕਮਲਾ ਨਹਿਰੂ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਜਵਾਹਰ ਲਾਲ ਨਹਿਰੂ ਜੀ ਸਨ। ਆਪ ਨਹਿਰੂ ਦੀ ਦੀ ਇਕਲੌਤੀ ਪੁੱਤਰੀ ਸਨ। ਇੰਦਰਾ ਜੀ ਦਾ ਪਰਿਵਾਰ ਦੇਸ ਭਗਤਾਂ ਅਤੇ ਸੰਗਰਾਮੀਆਂ ਦਾ ਸੀ। ਦੇਸ ਪਿਆਰ ਦੀ ਗੁੜ੍ਹਤੀ ਆਪ ਜੀ ਨੂੰ ਘਰੋਂ ਹੀ ਪ੍ਰਾਪਤ ਹੋਈ। ਦੇਸ ਭਗਤ ਘਰਾਣੇ ਦੀਆਂ ਲੋਰੀਆਂ ਲੈ ਕੇ ਬਚਪਨ ਤੋਂ ਹੀ ਆਪ ਦੇਸ ਪਿਆਰ ਦੇ ਰੰਗ ਵਿਚ ਰੰਗੇ ਗਏ। ਆਪ ਜੀ ਨੇ ਮੁੱਢਲੀ ਵਿਦਿਆ ਇਲਾਹਾਬਾਦ ਵਿਚ ਪ੍ਰਾਪਤ ਕੀਤੀ। ਆਪ ਜੀ ਨੇ ਉੱਚ- ਵਿਦਿਆ ਸਵਿਟਜ਼ਰਲੈਂਡ ਅਤੇ ਸ਼ਾਂਤੀ ਨਿਕੇਤਨ ਤੋਂ ਪ੍ਰਾਪਤ ਕੀਤੀ।

ਰਾਜਨੀਤੀ ਵਿਚ ਪ੍ਰਵੇਸ਼— ਆਪਣੇ ਪਿਤਾ ਅਤੇ ਦਾਦਾ ਵਾਂਗ ਆਪ ਨੇ ਬਾਲ ਅਵਸਥਾ ਵਿਚ ਹੀ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਆਪ ਜੀ ਦਾ ਘਰ ਅਨੰਦ ਭਵਨ ਅਜ਼ਾਦੀ ਪ੍ਰਾਪਤੀ ਦੀਆਂ ਸਰਗਰਮੀਆਂ ਦੇ ਕੇਂਦਰ ਸੀ। ਇਸ ਲਈ ਲਗਭਗ 12 ਸਾਲ ਦੀ ਉਮਰ ਵਿਚ ਆਪ ਜੀ ਨੇ ਸਤਿਆਗ੍ਰਹਿ ਦਾ ਦਿਨਾਂ ਵਿਚ ਬਾਲਕ ਅੰਦੋਲਨਕਾਰੀਆਂ ਦਾ ਇਕ ਦਲ ਬਣਾਇਆ। ਇਹ ਦਲ ‘ਬਾਨਰ ਸੋਨਾ’ ਦੇ ਨਾਂ ਤੋਂ ਪ੍ਰਸਿੱਧ ਹੋਇਆ। 23 ਸਾਲ ਦੀ ਉਮਰ ਵਿਚ ਆਪ ਕਾਂਗਰਸ ਦੀ ਮੈਂਬਰ ਬਣੀ।

ਵਿਆਹ— 25 ਸਾਲ ਦੀ ਉਮਰ ਵਿਚ ਆਪ ਜੀ ਦਾ ਵਿਆਹ ਪਾਰਸੀ ਘਰਾਣੇ ਦੇ ਇਕ ਸੁਘੜ ਦੇਸ ਭਗਤ ਨੌਜਵਾਨ ਸ਼੍ਰੀ ਫਿਰੋਜ਼ ਗਾਂਧੀ ਨਾਲ ਹੋਇਆ। ਇਸੇ ਸਾਲ ਆਪ ਨੂੰ ‘ਭਾਰਤ ਛੱਡੋ’ ਅੰਦੋਲਨ ਵਿਚ ਭਾਗ ਲੈਣ ਕਾਰਨ ਜੇਲ੍ਹ ਯਾਤਰਾ ਕਰਨੀ ਪਈ। ਆਪ ਜੀ ਦੇ ਦੋ ਪੁੱਤਰ ਰਾਜੀਵ (1944) ਅਤੇ ਸੰਜੇ (1946) ਵਿਚ ਪੈਦਾ ਹੋਏ।

ਪਹਿਲਾ ਪ੍ਰਧਾਨ ਮੰਤਰੀ ਕਾਲ— 1966 ਤੋਂ 1977 ਤੱਕ ਆਪ ਜੀ ਦੇ ਪਹਿਲੇ ਸ਼ਾਸਨ ਕਾਲ ਵਿਚ ਦੇਸ ਨੇ ਕਈ ਖੇਤਰਾਂ ਵਿਚ ਅਦੁੱਤੀ ਸ਼ਲਾਘਾਯੋਗ ਤਰੱਕੀ ਕੀਤੀ। ਬੈਂਕਾਂ ਦਾ ਕੌਮੀਕਰਨ ਕਰ ਦਿੱਤਾ ਗਿਆ। 1971 ਵਿਚ ਭਾਰਤ-ਪਾਕਿ ਜੰਗ ਜਿੱਤੀ ਅਤੇ 90 ਹਜ਼ਾਰ ਪਾਕਿਸਤਾਨੀ ਫ਼ੌਜੀਆਂ ਤੋਂ ਹਥਿਆਰ ਸੁਟਵਾ ਕੇ ਆਪ ਜੀ ਨੇ ਦੇਸ ਦਾ ਮਾਣ ਵਧਾਇਆ। ਪਾਕਿਸਤਾਨ ਦਾ ਇਕ ਅੰਗ ਕੱਟ ਕੇ ਬੰਗਲਾ ਦੇਸ਼ ਦੀ ਸਥਾਪਨਾ ਕੀਤੀ ਅਤੇ ‘ਭਾਰਤ ਰਤਨ’ ਦੀ ਉਪਾਧੀ ਪ੍ਰਾਪਤ ਕੀਤੀ। 1974 ਈ: ਵਿਚ ਪ੍ਰਮਾਣੂ ਧਮਾਕਾ ਕੀਤਾ ਗਿਆ।

ਚੌਣਾਂ ਵਿਚ ਹਾਰ-16 ਮਾਰਚ, 1977 ਈ: ਦੀਆਂ ਚੌਣਾਂ ਵਿਚ ਆਪ ਜੀ ਦੀ ਪਾਰਟੀ ਨੂੰ ਕੁਝ ਕਾਰਨਾਂ ਕਰਕੇ ਹਾਰ ਦਾ ਮੂੰਹ ਤੱਕਣਾ ਪਿਆ ਅਤੇ ਨਵੀਂ ਜਨਤਾ ਪਾਰਟੀ ਉਭਰ ਕੇ ਸਾਹਮਣੇ ਆਈ, ਪਰ ਇਹ ਜਨਤਾ ਪਾਰਟੀ ਢਾਈ ਸਾਲਾਂ ਵਿਚ ਆਪਸੀ ਫੁੱਟ, ਘਿਨਾਉਣੇ ਬਦਲੇ ਅਤੇ ਈਰਖਾ-ਸਾੜੇ ਦੀ ਭਾਵਨਾ ਕਾਰਨ ਖੇਰੂੰ-ਖੇਰੂੰ ਹੋ ਗਈ।

ਮੁੜ ਜਿੱਤ ਪ੍ਰਾਪਤੀ— 4 ਜਨਵਰੀ, 1980 ਈ: ਦੀਆਂ ਲੋਕ ਸਭਾ ਚੌਣਾਂ ਵਿਚ ਲੋਕਾਂ ਨੇ ਮੁੜ ਆਪ ਵਿਚ ਭਰੋਸਾ ਪ੍ਰਗਟ ਕਰਦੇ ਹੋਏ ਆਪ ਜੀ ਦੀ ਪਾਰਟੀ ਨੂੰ ਬਹੁਮੱਤ ਪ੍ਰਾਪਤ ਕਰਾ ਕੇ ਜਿਤਾਇਆ।

ਦੂਜਾ ਪ੍ਰਧਾਨ ਮੰਤਰੀ ਕਾਲ— 10 ਜਨਵਰੀ, 1980 ਈ: ਨੂੰ ਆਪ ਜੀ ਨੂੰ ਸਰਵਸਮੰਤੀ ਨਾਲ ਪ੍ਰਧਾਨ-ਮੰਤਰੀ ਚੁਣ ਲਿਆ ਗਿਆ ਅਤੇ 19 ਜਨਵਰੀ, 1980 ਈ: ਨੂੰ ਆਪ ਜੀ ਨੇ ਪ੍ਰਧਾਨ ਮੰਤਰੀ ਦੀ ਪਦਵੀ ਸੰਭਾਲੀ ਅਤੇ ਦੇਸ ਵਿਚ ਮਜ਼ਬੂਤ ਅਤੇ ਜ਼ਿੰਮੇਵਾਰ ਸਰਕਾਰ ਕਾਇਮ ਕੀਤੀ।ਇਸ ਕਾਰਜ ਕਾਲ ਵਿਚ 3 ਅਪ੍ਰੈਲ, 1984 ਨੂੰ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੇ ਉਡਾਣ ਭਰੀ ਅਤੇ ਵਿਗਿਆਨਕ ਦੌੜ ਵਿਚ ਭਾਰਤ ਦਾ ਸਿਰ ਉੱਚਾ ਕੀਤਾ। ਆਪ ਆਪਣੇ ਇਸ ਕਾਰਜਕਾਲ ਵਿਚ ਮਹਿੰਗਾਈ ਤੇ ਥੁੜ ਨੂੰ ਠਲ੍ਹ ਪਾਉਣ, ਦੇਸ ਦੀ ਆਰਥਿਕਤਾ ਨੂੰ ਦਬਾਉਣ ਅਤੇ ਸਾਮਵਾਦੀ ਲੀਹਾਂ ਤੇ ਚਲਾਉਣ, ਦੇਸ ਵਿਚ ਸਿਰ ਚੁੱਕ ਰਹੇ ਫਿਰਕੂ ਅਨਸਰਾਂ ਨੂੰ ਦਬਾਉਣ ਅਤੇ ਅਸਮ ਤੇ ਪੰਜਾਬ ਵਰਗੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਯਤਨਸ਼ੀਲ ਰਹੇ।

ਹੱਤਿਆ— 31 ਅਕਤੂਬਰ, 1984 ਈ: ਨੂੰ ਆਪ ਜੀ ਦੇ ਦੋ ਅੰਗ ਰੱਖਿਅਕਾਂ ਨੇ ਆਪ ਜੀ ਤੇ ਗੋਲੀਆਂ ਚਲਾ ਕੇ ਆਪ ਜੀ ਦੀ ਹੱਤਿਆ ਕਰ ਦਿੱਤੀ। ਆਪ ਸਦਾ ਅਮਰ ਰਹਿਣਗੇ।

ਸਾਰਾਂਸ਼— ਇੰਦਰਾ ਗਾਂਧੀ ਸੱਚੀ ਦੇਸਭਗਤ, ਮਹਾਨ ਸ਼ਖਸ਼ੀਅਤ ਅਤੇ ਦੇਸ ਨੂੰ ਉਨੱਤੀ ਵੱਲ ਲਿਜਾਣ ਵਾਲੀ, ਸਾਹਸੀ ਅਤੇ ਨਿਧੜਕ ਇਸਤਰੀ ਸੀ, ਜਿਸਦਾ ਭਾਰਤ ਹਮੇਸ਼ਾ ਰਿਣੀ ਰਹੇਗਾ।

Leave a Reply