ਆਪਣੇ ਮਾਸੀ ਜੀ ਜਾਂ ਕੋਈ ਨਜ਼ਦੀਕੀ ਰਿਸ਼ਤੇਦਾਰ ਤੁਹਾਡੇ ਚੰਗੇ ਨੰਬਰਾਂ ਨਾਲ ਪਾਸ ਹੋਣ ਦੀ ਖ਼ੁਸ਼ੀ ਵਿਚ ਤੁਹਾਨੂੰ ਕੋਈ ਸੁਗਾਤ ਦੇਣਾ ਚਾਹੁੰਦੇ ਹਨ। ਇਕ ਚਿੱਠੀ ਰਾਹੀਂ ਉਹਨਾਂ ਨੂੰ ਆਪਣੀ ਰੁਚੀ ਅਨੁਸਾਰ ਕੁਝ ਚੰਗੀਆਂ ਪੁਸਤਕਾਂ ਦੇ ਲਈ ਸੁਝਾਅ ਦਿਓ।
ਮਕਾਨ ਨੰਬਰ 42,
ਬਸੰਤ ਨਗਰ,
ਲੁਧਿਆਣਾ।
19 ਅਪ੍ਰੈਲ, 20…..
ਸਤਿਕਾਰਯੋਗ ਮਾਸੀ ਜੀ,
ਤੁਹਾਡੀ ਚਿੱਠੀ ਮਿਲੀ ਜਿਸ ਵਿਚ ਤੁਸੀਂ ਮੇਰੇ 10ਵੀਂ ਜਮਾਤ ਵਿਚ ਚੰਗੇ ਨੰਬਰ ਲੈ ਕੇ ਪਾਸ ਹੋਣ ‘ਤੇ ਵਧਾਈ ਦਿੱਤੀ ਹੈ। ਮਾਸੀ ਜੀ ! ਮੈਨੂੰ ਇਹ ਸ਼ਾਨਦਾਰ ਸਫਲਤਾ ਆਪ ਦੀ ਪ੍ਰੇਰਨਾ ਅਤੇ ਉਤਸ਼ਾਹ ਕਾਰਨ ਹੀ ਪ੍ਰਾਪਤ ਹੋ ਸਕੀ ਹੈ। ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੈਨੂੰ ਪੱਤਰ ਪੜ੍ਹ ਕੇ ਹੋਰ ਵੀ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਮੈਨੂੰ ਸੁਗਾਤ ਵਜੋਂ ਕੁਝ ਪੁਸਤਕਾਂ ਭੇਜਣਾ ਚਾਹੁੰਦੇ ਹੋ।
ਮਾਸੀ ਜੀ ! ਮੈਂ ਇਹ ਪੜਿਆ ਹੈ ਕਿ ਚੰਗੀਆਂ ਪੁਸਤਕਾਂ ਨਾ ਕੇਵਲ ਜਾਣਕਾਰੀ ਵਿਚ ਹੀ ਵਾਧਾ ਕਰਦੀਆਂ ਹਨ ਸਗੋਂ ਸਦਾ ਪ੍ਰੇਰਨਾ ਦਾ ਸੋਮਾ ਹੁੰਦੀਆਂ ਹਨ। ਆਪ ਜੀ ਵੱਲੋਂ ਜਾਣਕਾਰੀ ਭਰਪੂਰ ਭੇਜੀਆਂ ਪੁਸਤਕਾਂ ਮੇਰੇ ਲਈ ਸਾਰੀ ਉਮਰ ਦਾ ਗਹਿਣਾ ਅਤੇ ਤੁਹਾਡੀ ਸਦੀਵੀ ਯਾਦ ਹੋਣਗੀਆਂ।
ਚਿੱਟਾ ਲਹੂ (ਨਾਵਲ) ਨਾਨਕ ਸਿੰਘ
ਕਰੂੰਬਲਾਂ (ਮਿੰਨੀ ਕਹਾਣੀ ਸੰਗ੍ਰਹਿ) ਗੁਰਵਿੰਦਰ ਸੈਣੀ
ਜ਼ਿੰਦਗੀ ਦੀ ਰਾਸ ਗੁਰਬਖਸ਼ ਸਿੰਘ ‘ਪ੍ਰੀਤਲੜੀ
ਪੰਜਾਬ ਕੁਕਦਾ ਹੈ ਗੁਰਵਿੰਦਰ ਸੈਣੀ
ਜੇਕਰ ਇਹ ਪੁਸਤਕਾਂ ਨਾ ਮਿਲ ਸਕਣ ਤਾਂ ਇਸੇ ਤਰ੍ਹਾਂ ਦੀਆਂ ਹੋਰ ਸਿੱਖਿਆਦਾਇਕ ਪੁਸਤਕਾਂ ਭੇਜਣ ਦੀ ਖੇਚਲ ਕਰਨੀ। ਮੈਂ ਆਪ ਜੀ ਦੀ ਸੁਗਾਤ ਬੜੀ ਤਾਂਘ ਨਾਲ ਉਡੀਕਾਂਗਾ।
ਤੁਹਾਡਾ ਭਣੇਵਾਂ,
ਜਸਜੀਤ।