Punjabi Essay on “Mera Mann Pasand Novelkar”, “ਮੇਰਾ ਮਨ-ਭਾਉਂਦਾ ਨਾਵਲਕਾਰ”, Punjabi Essay for Class 10, Class 12 ,B.A Students and Competitive Examinations.

ਮੇਰਾ ਮਨ-ਭਾਉਂਦਾ ਨਾਵਲਕਾਰ

Mera Mann Pasand Novelkar

 

ਮਹਾਨ ਨਾਵਲਕਾਰ : ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦੇ ਇਤਿਹਾਸ ਵਿਚ ਉਹ ਮਹੱਤਵਪੂਰਣ ਸਥਾਨ ਪ੍ਰਾਪਤ ਹੈ, ਜੋ ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦੇ ਇਤਿਹਾਸ ਵਿਚ, ਗੁਰਬਖਸ਼ ਸਿੰਘ ਨੂੰ ਆਧੁਨਿਕ ਗੱਦ, ਕਰਤਾਰ ਸਿੰਘ ਦੁੱਗਲ ਨੂੰ ਆਧੁਨਿਕ ਕਹਾਣੀ ਦੇ ਅਤੇ ਸੰਤ ਸਿੰਘ ਸੇਖੋਂ ਨੂੰ ਆਧੁਨਿਕ ਆਲੋਚਨਾ ਦੇ ਇਤਿਹਾਸ ਵਿਚ ਪ੍ਰਾਪਤ ਹੈ। ਨਾਨਕ ਸਿੰਘ ਨੇ ਨਵੇਂ ਨਾਵਲ ਦਾ ਆਪਣੀ ਕਲਾ-ਨਿਪੁੰਨਤਾ ਨਾਲ ਸੰਪੂਰਨ ਤੌਰ ਤੇ ਵਿਕਾਸ ਕੀਤਾ। ਉਸ ਨੇ ਪੰਜਾਬੀ ਸਾਹਿਤ ਲਈ 40-45 ਸਾਲ ਲਗਾਤਾਰ ਨਾਵਲ ਅਤੇ ਹੋਰ ਸਾਹਿਤ ਰਚਿਆ। ਨਾਨਕ ਸਿੰਘ ਨੇ ਵਾਲਟਰ ਸਕਾਟ ਵਾਂਗ ਬਹੁਤ ਸਾਰੇ ਨਾਵਲ ਲਿਖੇ ਅਤੇ ਉਹਨਾਂ ਵਿਚ ਚਾਰਲਸ ਡਿਕਨਜ਼ ਵਰਗੀ ਸਾਧਾਰਨਤਾ ਵੀ ਪੇਸ਼ ਕੀਤੀ ਹੈ।

ਜੀਵਨ : ਨਾਨਕ ਸਿੰਘ ਦਾ ਜਨਮ 4 ਜੁਲਾਈ, ਸੰਨ 1897 ਨੂੰ ਚੱਕ ਹਮੀਦ, ਜ਼ਿਲ੍ਹਾ ਜੇਹਲਮ ਵਿਖੇ ਬਹਾਦਰ ਚੰਦ ਦੇ ਘਰ ਵਿਚ ਹੋਇਆ। ਉਸ ਦਾ ਪਹਿਲਾ ਨਾਂ ਹੰਸ ਰਾਜ ਸੀ। ਉਹ ਅਜੇ ਬਚਪਨ ਵਿਚ ਹੀ ਸੀ ਕਿ ਉਸ ਦੇ ਪਿਤਾ ਜੀ ਸਵਰਗਵਾਸ ਹੋ ਗਏ, ਜਿਸ ਕਰਕੇ ਉਸ ਨੂੰ ਕਰੜੇ ਸੰਘਰਸ਼ ਵਿਚੋਂ ਲੰਘਣਾ ਪਿਆ। ਥੋੜਾ ਵੱਡੇ ਹੋ ਕੇ ਉਸ ਨੇ ਗਿਆਨੀ ਬਾਗ ਸਿੰਘ ਦੇ ਪ੍ਰਭਾਵ ਹੇਠ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ ਅਤੇ ਉਹ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ।

ਭਾਵੇਂ ਉਹਨਾਂ ਨੂੰ ਸਕੂਲਾਂ-ਕਾਲਜਾਂ ਵਿਚ ਜਾਣ ਅਤੇ ਉੱਚੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਨਹੀਂ ਹੋਇਆ, ਪਰ ਫਿਰ ਵੀ ਉਹਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬੀ, ਹਿੰਦੀ ਅਤੇ ਉਰਦ ਸਿੱਖਣ ਲਈ ਅਤੇ ਇਹਨਾਂ ਭਾਸ਼ਾਵਾਂ ਵਿਚ ਮਿਲਦੇ ਸਾਹਿਤ ਨੂੰ ਪੜਿਆ।

ਸੰਨ 1922-23 ਵਿਚ ਉਸ ਨੇ ਗੁਰੂ ਕੇ ਬਾਗ ਦੇ ਮੋਰਚੇ ਵਿਚ ਆਪਣੀ ਗਿਫਤਾਰੀ ਦਿੱਤੀ। ਜੇਲ੍ਹ ਵਿਚ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਨਾਵਲਰਚਨਾ ਆਰੰਭ ਕੀਤੀ ਅਤੇ ਜੇਲ ਤੋਂ ਬਾਹਰ ਆ ਕੇ ਉਹ ਮਰਦੇ ਦਮ ਤੱਕ (1972) ਨਾਵਲ ਅਤੇ ਕਹਾਣੀ ਰਚਨਾ ਕਰਦਾ ਰਿਹਾ।

ਲੇਖਕਾਂ ਦੇ ਪ੍ਰਭਾਵ ਅਤੇ ਸੁਧਾਰਵਾਦੀ ਰਚਨਾ : ਨਾਨਕ ਸਿੰਘ ਦੀ ਰਚਨਾ ਉੱਪਰ ਮੁਨਸ਼ੀ ਪ੍ਰੇਮ ਚੰਦ ਤੋਂ ਮਗਰੋਂ ਸਭ ਤੋਂ ਬਹੁਤਾ ਅਸਰ ਭਾਈ ਵੀਰ ਸਿੰਘ ਅਤੇ ਗੁਰਬਖਸ਼ ਸਿੰਘ ‘ਪੀਤਲੜੀ ਦਾ ਪਿਆ। ਭਾਈ ਵੀਰ ਸਿੰਘ ਦੇ ਨਾਵਲਾਂ ਤੋਂ ਨਾਨਕ ਸਿੰਘ ਨੂੰ ਸਮਾਜ-ਸੁਧਾਰ ਦਾ ਵਿਸ਼ਾ ਪ੍ਰਾਪਤ ਹੋਇਆ। ਸਮਾਜ-ਸੁਧਾਰ ਵੀਹਵੀਂ ਸਦੀ ਦੀ ਸਭ ਤੋਂ ਵੱਡੀ ਲਹਿਰ ਸੀ। ਅਛੂਤ-ਉਧਾਰ , ਵਿਧਵਾ ਅਤੇ ਵੇਸਵਾ ਸੁਧਾਰ, ਵਿੱਦਿਆ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ ਅਤੇ ਧਾਰਮਿਕ ਆਰਥਿਕ ਸੁਧਾਰ ਆਦਿ ਸਭ ਪਾਸੇ ਬਾਰੇ ਨਾਨਕ ਸਿੰਘ ਨੇ ‘ ਲਿਖਿਆ। ਉਸ ਦੇ ‘ਪੇਮ ਸੰਗੀਤ, “ਮਿੱਠਾ ਮਹੁਰਾ’ ਤੇ ਮਤਰੇਈ ਮਾਂ ਨਾਲ ਕਾਫੀ ਹਰਮਨ ਪਿਆਰੇ ਹੋਏ , ਪਰ ਉਸ ਦੀ ਅਸਲ ਸਿੱਧੀ ਸੰਨ 1932 ਵਿਚ ਲਿਖੇ ਨਾਵਲ ‘ਚਿੱਟਾ ਲਹੂ ਨਾਲ ਹੋਈ। ਪਿੰ. ਤੇਜਾ ਸਿੰਘ ਅਤੇ ਹੋਰ ਆਲੋਚਕਾਂ ਨੇ ਇਸ ਨੂੰ ਇੰਨਾ ਸਲਾਹਿਆ ਕਿ ਉਹਨਾਂ ਨੇ ਇਸ ਨੂੰ ਹੀ ਨਾਨਕ ਸਿੰਘ ਦਾ ਸ਼ਾਹਕਾਰ ਮੰਨ ਲਿਆ।

ਗੁਰਬਖਸ਼ ਸਿੰਘ ਦਾ ਅਸਰ : ਨਾਨਕ ਸਿੰਘ ਉੱਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ , ਵੀ ਕਾਫੀ ਅਸਰ ਪਿਆ। ਇੱਥੋਂ ਤੱਕ ਕਿ ਉਹ ਸੰਨ 1938 ਵਿਚ ਅੰਮ੍ਰਿਤਸਰ ਛੱਡ ਕੇ ਪ੍ਰੀਤ ਨਗਰ ਜਾ ਵਸਿਆ। ਇਸ ਪ੍ਰਕਾਰ ਨਾਨਕ ਸਿੰਘ ਦੀ ਰਚਨਾ ਦਾ ਪਹਿਲਾ ਕਾਲ ਸੰਨ 1923 ਤੋਂ ਸੰਨ 1938 ਤੱਕ ਹੈ ਤੇ ਦੂਜਾ ਸੰਨ 1938 ਤੋਂ ਸੰਨ 1947 ਤੱਕ ਹੈ। ਗੁਰਬਖਸ਼ ਸਿੰਘ ਨੇ ਨਾਨਕ ਸਿੰਘ ਦੀ ਪ੍ਰਤਿਭਾ ਨੂੰ ਚਮਕਾਇਆ ਅਤੇ ਹੁਣ ਉਹ ਇਕ ਨਵੀਂ ਪਿਆਰ ਦੀ ਦੁਨੀਆਂ ਦੇ ਸੁਪਨੇ ਦੇਖਣ ਲੱਗ ਪਿਆ। ਉਸ ਦੀ ਸ਼ੈਲੀ ਵਿਚ ਰੌਚਕਤਾ ਆ ਗਈ ਅਤੇ ਆਦਰਸ਼ਵਾਦ ਉਸ ਦੀ ਸੋਚਣੀ ਦਾ ਧੁਰਾ ਬਣ ਗਿਆ। ਹੁਣ ਨਾਨਕ ਸਿੰਘ ਸਮਾਜ ਸੁਧਾਰਕ ਤੋਂ ਪ੍ਰੀਤ ਦਾ ਪੁਜਾਰੀ ਬਣ ਗਿਆ। “ਅੱਧ ਖਿੜਿਆ ਫੁੱਲ’, ‘ਜੀਵਨ ਸੰਗਰਾਮ’, ‘ਲਵ-ਮੈਰਿਜ ਆਦਿ ਨਾਵਲ ਇਸੇ ਪ੍ਰਭਾਵ ਦਾ ਹੀ ਸਿੱਟਾ ਹਨ। ਭਾਵੇਂ ਕੁਝ ਸਾਲਾਂ ਮਗਰੋਂ ਨਾਨਕ ਸਿੰਘ ਮੁੜ ਅੰਮ੍ਰਿਤਸਰ ਆ ਗਿਆ, ਪਰ ਉਹ ਪ੍ਰੀਤ ਨਗਰ ਦਾ ਅਸਰ ਨਾਲ ਹੀ ਲੈ ਆਇਆ। ਗੁਰਬਖਸ਼ ਸਿੰਘ ਦੇ ਸੰਪਰਕ ਨਾਲ ਉਸ ਨੂੰ ਔਰਤ-ਮਰਦ ਬਰਾਬਰੀ, ਪਿਆਰ ਦੀ ਸਮਾਜਿਕ ਕੀਮਤ, ਮਨੁੱਖਤਾ ਨਾਲ ਸਨੇਹ, ਸੁਹਜ ਸਵਾਦ, ਮੌਲਿਕ ਸੋਚ-ਸ਼ਕਤੀ, ਵਿਸ਼ਾਲ ਅਨੁਭਵ, ਨਾਰੀ ਮਨ ਦੀ ਖੋਜ, ਆਧੁਨਿਕ ਦ੍ਰਿਸ਼ਟੀਕੋਣ, ਜੀਵਨ ਜਾਚ ਦੇ ਪੱਛਮੀ ਸਿਧਾਂਤ, ਸ਼ੰਕਾਵਾਦੀ-ਤਰਕਵਾਦੀ ਰੁਚੀ, ਸਵੈ-ਪੜਚੋਲ, ਘਰ ਅਤੇ ਸਮਾਜ ਵਿਚ ਪਿਆਰ-ਭਰੀ ਸਾਂਝ , ਨਰੋਏ ਜੀਵਨ ਦਾ ਖੁਸ਼ੀ ਭਰਪੂਰ ਸੰਦੇਸ਼ ਆਦਿ ਵਿਚਾਰ ਪ੍ਰਾਪਤ ਹੋਏ।

ਪ੍ਰਚਾਰਕ ਤੇ ਬਗਾਵਤੀ ਰੁਚੀਆਂ : ਰਚਨਾ ਦਾ ਤੀਜਾ ਕਾਲ ਸੰਨ 1947 ਤੋਂ 1972 ਤੱਕ ਹੈ। ਇਸ ਕਾਲ ਵਿਚ ਨਾਨਕ ਸਿੰਘ ਨੇ ਨਵੇਂ ਦਿਸ਼ਟੀਕੋਣ ਅਨੁਸਾਰ ਨਾਵਲ ਰਚੇ। ਇਸ ਕਾਲ ਦੇ ਨਾਵਲਾਂ ਵਿਚ ‘ਮੰਝਧਾਰ’, ‘ਚਿੱਤਰਕਾਰ’, ‘ਕੱਟੀ ਹੋਈ ਪਤੰਗ’, ‘ਆਦਮਖੋਰ’, ‘ਸੰਗਮ’, ‘ਬੰਜਰ’ ਤੇ ‘ਪੁਜਾਰੀ ਪ੍ਰਸਿੱਧ ਨਾਵਲ ਹਨ। ਸੰਨ 1947 ਦੇ ਦੁਖਾਂਤ ਦਾ ਉਸ ਦੇ ਮਨ ਤੇ ਡੂੰਘਾ ਅਸਰ ਪਿਆ ਅਤੇ ਉਹ ਪੂੰਜੀਵਾਦ ਵਿਰੁੱਧ ਬਾਗੀ ਹੋ ਗਿਆ। ਹੁਣ ਉਹ ਰਾਜਸੀ ਆਸ਼ੇ ਪ੍ਰਗਟ ਕਰਨ ਵਾਲਾ ਅਗਾਂਹਵਧੂ ਲੇਖਕ ਬਣ ਗਿਆ। ਸੰਨ 1946 ਤੋਂ ਮਗਰੋਂ ਉਹ ਇਕ ਸਭਾਵਿਕ ਨਾਵਲਕਾਰ ਦੀ ਬਜਾਏ ਪ੍ਰਚਾਰਕ ਅਤੇ ਵਿਦਰੋਹੀ ਨਾਵਲਕਾਲ ਪ੍ਰਤੀਤ ਹੁੰਦਾ ਹੈ। ਇਕ ਮਿਆਨ ਦੋ ਤਲਵਾਰਾਂ ਉਸ ਨੇ ਸਭ ਤੋਂ ਸਫਲ ਇਤਿਹਾਸਿਕ ਨਾਵਲ ਲਿਖਿਆ ਹੈ। ਉਸ ਦੇ ਨਾਵਲਾਂ ਦੀ ਗਿਣਤੀ ਚਾਰ ਦਰਜਨ ਦੇ ਕਰੀਬ ਹੈ।

ਸਭ ਤੋਂ ਵੱਡਾ ਨਾਵਲਕਾਰ : ਨਾਨਕ ਸਿੰਘ ਪੰਜਾਬੀ ਦਾ ਸਭ ਤੋਂ ਵੱਡਾ ਨਾਵਲਕਾਰ ਹੈ। ਉਸ ਨੇ ਜੋ ਕੁਝ ਵੀ ਲਿਖਿਆ, ਸਹਿਜ ਸੁਭਾਅ ਲਿਖਿਆ ਹੈ ਜਿਹੜਾ ਕਲਾ ਦੇ ਆਸ਼ੇ ਉੱਤੇ ਪੂਰਾ ਉਤਰਦਾ ਹੈ। ਉਹ ਇਕ ਸੁਚੇਤ ਲੇਖਕ ਸੀ। ਉਸ ਨੇ ਪੰਜਾਬੀ ਸਾਹਿਤ ਨੂੰ ‘ਚਿੱਟਾ’, ‘ਅੱਧ ਖਿੜਿਆ ਫੁੱਲ’, ‘ਜੀਵਨ ਸੰਗਰਾਮ’, ‘ਪਵਿੱਤਰ ਪਾਪੀ’, ‘ਮੰਝਧਾਰ’, ‘ਚਿੱਤਰਕਾਰ’, ‘ਕੱਟੀ ਹੋਈ ਪਤੰਗ’ ਅਤੇ ‘ਇਕ ਮਿਆਨ ਦੋ ਤਲਵਾਰਾਂ ਆਦਿ ਅਦੁੱਤੀ ਨਾਵਲ ਦਿੱਤੇ ਹਨ। ਉਸ ਦੇ ਨਾਵਲਾਂ ਵਿਚ ਕੁਝ ਅਮਰ ਇਸਤਰੀ ਪਾਤਰ ਅਤੇ ਨਾਇਕਾਵਾਂ ਮਿਲਦੀਆਂ ਹਨ।

ਨਾਨਕ ਸਿੰਘ ਦਾ ਨਿਵੇਕਲਾ ਸਥਾਨ : ਸੰਨ 1947 ਮਗਰੋਂ ਸੁਰਿੰਦਰ ਸਿੰਘ ਨਰੂਲਾ, ਨਰਿੰਦਰ ਪਾਲ ਸਿੰਘ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ ਅਤੇ ਗੁਰਦਿਆਲ ਸਿੰਘ ਆਦਿ ਕਈ ਨਾਵਲਕਾਰ ਮੈਦਾਨ ਵਿਚ ਆਏ ਹਨ, ਪਰ ਕੋਈ ਵੀ ਨਾਨਕ ਸਿੰਘ ਦੀ ਥਾਂ ਲੈਣ ਵਾਲਾ ਨਹੀਂ ਜਾਪਦਾ। ਭਾਵੇਂ ਇਹਨਾਂ ਦੇ ਨਾਵਲਾਂ ਵਿਚ ਕਈ ਸ਼ਲਾਘਾਯੋਗ ਗੱਲਾਂ ਹਨ, ਪਰ ਫਿਰ ਵੀ ਨਾਨਕ ਸਿੰਘ ਦਾ ਨਿਵੇਕਲਾ ਸਥਾਨ ਅਜੇ ਵੀ ਕਾਇਮ ਹੈ, ਇਸੇ ਕਰਕੇ ਉਹ ਮੇਰਾ ਮਨ-ਭਾਉਂਦਾ ਨਾਵਲਕਾਰ ਹੈ।

Leave a Reply