Punjabi Essay on “Shaheed Kartar Singh Sarabha”, “ਸ਼ਹੀਦ ਕਰਤਾਰ ਸਿੰਘ ਸਰਾਭਾ”, Punjabi Essay for Class 10, Class 12 ,B.A Students and Competitive Examinations.

ਸ਼ਹੀਦ ਕਰਤਾਰ ਸਿੰਘ ਸਰਾਭਾ

Shaheed Kartar Singh Sarabha 

ਰੂਪ-ਰੇਖਾ- ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ, ਜਨਮ ਤੇ ਬਚਪਨ, ਅਮਰੀਕਾ ਜਾਣਾ, ਗ਼ਦਰ ਪਾਰਟੀ ਦਾ ਸਰਗਰਮ ਮੈਂਬਰ ਬਣਨਾ, ਭਾਰਤ ਵੱਲ ਚਲਣਾ, ਇਨਕਲਾਬੀ ਕੰਮ, ਗਦਰ ਦੀ ਨਾਕਾਮਯਾਬੀ ਤੇ ਗ੍ਰਿਫ਼ਤਾਰੀ, ਮੁਕੱਦਮਾ ਤੇ ਸਜ਼ਾ, ਸ਼ਹੀਦੀ, ਸਾਰ-ਅੰਸ਼

“ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ।
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ।
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਦਿਲੀ ਵਤਨ ਦਾ ਇਸ਼ਕ ਜਗਾ ਜਾਣਾ।

ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ- ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ, ਸ਼ਿਵਾ ਜੀ ਤੇ ਰਾਣਾ ਪ੍ਰਤਾਪ ਦੇ ਦੇਸ਼ ਭਗਤੀ ਭਰੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ? ਜਦੋਂ ਦੇਸ਼ ਅੰਗਰੇਜ਼ਾਂ ਦੇ ਅਧੀਨ ਸੀ, ਤਾਂ ਕੁਰਬਾਨੀ ਦੇ ਪੁਤਲੇ ਦੇਸ਼ ਭਗਤਾਂ ਨੇ ਅਜ਼ਾਦੀ ਲਈ ਇੱਕ ਲੰਮਾ ਘੋਲ ਕੀਤਾ। ਕਰਤਾਰ ਸਿੰਘ ਸਰਾਭਾ ਦਾ ਨਾਂ ਇਹਨਾਂ ਦੇਸ਼ ਭਗਤ ਸ਼ਹੀਦਾਂ ਵਿੱਚ ਸਭ ਤੋਂ ਉੱਚਾ ਸਥਾਨ ਰੱਖਦਾ ਹੈ। ਉਸ ਨੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਕੇ ਬੀਤੀ ਸਦੀ ਦੇ ਆਰੰਭ ਵਿੱਚ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ ਸਾਮਰਾਜ ਨਾਲ ਉਦ ਮੱਥਾ ਲਾਇਆ, ਜਦੋਂ ਸਾਰੀ ਦੁਨੀਆਂ ਵਿੱਚ ਉਸ ਦੀ ਸ਼ਕਤੀ ਦੀ ਧਾਂਕ ਪਈ ਹੋਈ ਸੀ।

ਜਨਮ ਤੇ ਬਚਪਨ- ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ, 107 ਈਸਵੀ ਨੂੰ ਸ: ਮੰਗਲ ਦੇ ਘਰ ਹੋਇਆ। ਉਸ ਦੀ ਮਾਤਾ ਦਾ ਨਾਂ ਸਾਹਿਬ ਕੌਰ ਸੀ। ਉਸ ਦਾ ਜਨਮ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਪਿਤਾ ਦਾ ਸਾਇਆ ਬਚਪਨ ਵਿੱਚ ਹੀ ਸਿਰ ਤੋਂ ਉੱਠਣ ਕਰਕੇ ਉਸ ਦੀ ਪਾਲਣਾ ਦਾਦਾ ਸ: ਬਦਨ ਸਿੰਘ ਨੇ ਕੀਤੀ। ਬਚਪਨ ਵਿੱਚ ਸਕੂਲ ਦੇ ਮੁੰਡਿਆਂ ਨੇ ਉਸਦੀਆਂ ਅਨੋਖੀਆਂ ਰੁਚੀਆਂ ਕਰਕੇ ਤੇ ਫੁਰਤੀਲੇ ਹੋਣ ਕਰਕੇ ਉਸ ਦਾ ਨਾਮ ‘ਅਫਲਾਤੂਲਨ ਪਾਇਆ ਹੋਇਆ ਸੀ।

ਅਮਰੀਕਾ ਜਾਣਾ- ਦਸਵੀਂ ਪਾਸ ਕਰਨ ਮਗਰੋਂ ਉਹ 1911 ਵਿੱਚ ਉਚੇਰੀ ਪੜਾਈ ਲਈ ਅਮਰੀਕਾ ਚਲਾ ਗਿਆ। 1912 ਵਿੱਚ ਉਹ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲੱਗਾ। ਆਪਣੀ ਪੜ੍ਹਾਈ ਦੇ ਖ਼ਰਚ ਲਈ ਮਜ਼ਦੂਰੀ ਕਰਦਿਆਂ ਉਸ ਨੇ ਹਿੰਦੀ ਮਜ਼ਦੂਰਾਂ ਨਾਲ ਹੁੰਦੇ ਨਸਲੀ ਵਿਤਕਰੇ ਨੂੰ ਦੇਖਿਆ ਤੇ ਉਹ ਅੰਗਰੇਜ਼ਾਂ ਵਿਰੁੱਧ ਨਫ਼ਰਤ ਨਾਲ ਭਰ ਗਿਆ। ਜੂਨ 1912 ਵਿੱਚ ਉਸ ਨੇ ਹਿੰਦੀ ਨੌਜਵਾਨਾਂ ਦਾ ਇਕੱਠ ਕਰਕੇ ਪਹਿਲੀ ਤਕਰੀਰ ਕਰਦਿਆਂ ਉਹਨਾਂ ਨੂੰ ਭਾਰਤ ਨੂੰ ਅਜ਼ਾਦ ਕਰਾਉਣ ਦਾ ਉਪਰਾਲਾ ਕਰਨ ਦੀ ਪ੍ਰੇਰਨਾ ਦਿੱਤੀ।

ਗਦਰ-ਪਾਰਟੀ ਦਾ ਸਰਗਰਮ ਮੈਂਬਰ ਬਣਨਾ- ਪ੍ਰਸਿੱਧ ਦੇਸ਼-ਭਗਤ ਲਾਲਾ ਹਰਦਿਆਲ ਦਾ ਜੋਸ਼ੀਲਾ ਭਾਸ਼ਨ ਸੁਣ ਕੇ ਉਹ ਦੇਸ਼ ਤੋਂ ਜਾਨ ਵਾਰਨ ਲਈ ਤਿਆਰ ਹੋ ਗਿਆ। 21 ਅਪ੍ਰੈਲ, 1913 ਨੂੰ ਅਮਰੀਕਾ ਵਿੱਚ ਹਿੰਦੀ ਮਜ਼ਦੂਰਾਂ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ ਤੇ ਗਦਰ ਨਾਂ ਦਾ ਹਫ਼ਤਾਵਾਰ ਅਖ਼ਬਾਰ ਕੱਢਣ ਦਾ ਫੈਸਲਾ ਕੀਤਾ। ਅਖ਼ਬਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਹੀ ਸਰਾਭੇ ਨੇ ਜੰਗੀ ਸਿਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਇਸ ਅਖ਼ਬਾਰ ਨੇ ਸਾਰੇ ਪੰਜਾਬੀਆਂ ਵਿੱਚ ਅਜ਼ਾਦੀ ਦਾ ਚਾਅ ਪੈਦਾ ਕਰ ਕੇ ਕੁਰਬਾਨੀਆਂ ਦੀ ਜਾਗ ਲਗਾ ਦਿੱਤੀ। ਇਸ ਵਿੱਚ ਜੋਸ਼ੀਲੀਆਂ ਤੇ ਦੇਸ਼-ਭਗਤੀ ਦੇ ਭਾਵਾਂ ਨਾਲ ਭਰਪੂਰ ਕਵਿਤਾਵਾਂ ਛਪਦੀਆਂ ਸਨ।

ਭਾਰਤ ਵੱਲ ਚੱਲਣਾ-25 ਜੁਲਾਈ, 1914 ਈ: ਨੂੰ ਅੰਗਰੇਜ਼ਾਂ ਤੇ ਜਰਮਨੀਆਂ ਵਿੱਚ ਲੜਾਈ ਸ਼ੁਰੂ ਹੋਣ ਸਮੇਂ ਗ਼ਦਰ ਪਾਰਟੀ ਦੀ ਅਪੀਲ ਤੇ ਹਜ਼ਾਰਾਂ ਗਦਰੀ ਹਿੰਦੁਸਤਾਨ ਨੂੰ ਚਲ ਪਏ। ਬਹੁਤ ਸਾਰੇ ਗ਼ਦਰੀ ਕਲਕੱਤੇ ਅਤੇ ਮਦਰਾਸ ਦੇ ਘਾਟਾਂ ਉੱਤੇ ਹੀ ਪਕੜੇ ਗਏ।

ਇਨਕਲਾਬੀ ਕੰਮ ਕਰਤਾਰ ਸਿੰਘ ਸਰਾਭਾ ਲੰਕਾ ਦੇ ਰਸਤੇ ਭਾਰਤ ਪੁੱਜਾ ਤੇ ਲੁਕ-ਛਿਪ ਕੇ ਦੇਸ਼ ਦੀ ਅਜ਼ਾਦੀ ਲਈ ਕੰਮ ਕਰਨ ਲੱਗ ਪਿਆ। ਉਸ ਨੇ ਗਦਰ ਪਾਰਟੀ ਦਾ ਪ੍ਰਚਾਰ ਕੀਤਾ, ਹਥਿਆਰ ਇਕੱਠੇ ਕੀਤੇ, ਬੰਬ ਬਣਾਏ ਤੇ ਫ਼ੌਜ ਵਿੱਚ ਅਜ਼ਾਦੀ ਦਾ ਪ੍ਰਚਾਰ ਕੀਤਾ। ਉਹ ‘ਗਦਰ ਗੂੰਜਾਂ ਦੀਆਂ ਇਹ ਸਤਰਾਂ ਆਪ ਗਾਇਆ ਕਰਦਾ ਸੀ-

‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ।

ਗਦਰ ਦੀ ਨਾਕਾਮਯਾਬੀ ਤੇ ਗ੍ਰਿਫ਼ਤਾਰੀ- ਗ਼ਦਰ ਪਾਰਟੀ ਨੇ ਦੇਸ਼ ਵਿੱਚ ਅੰਗਰੇਜ਼ਾਂ ਵਿਰੁੱਧ ਗਦਰ ਕਰਨ ਲਈ 21 ਫਰਵਰੀ, 1915 ਦੀ ਮਿਤੀ ਮਿੱਥੀ, ਪਰ ਮੁਖ਼ਬਰ ਕਿਰਪਾਲ ਸਿੰਘ ਰਾਹੀਂ ਸਰਕਾਰ ਨੂੰ ਇਸ ਦੀ ਸੂਹ ਲੱਗ ਗਈ, ਤਾਂ ਇਹ ਮਿਤੀ ਬਦਲ ਕੇ 19 ਫਰਵਰੀ ਕਰ ਦਿੱਤੀ ਪਰ ਸਰਕਾਰ ਨੂੰ ਇਸ ਦੀ ਵੀ | ਖ਼ਬਰ ਮਿਲ ਗਈ। ਸਰਕਾਰ ਨੇ ਗਦਰੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਭੱਜ ਕੇ ਅਫ਼ਗਾਨਿਸਤਾਨ ਜਾਣ ਲੱਗੇ, ਪਰ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ’ ਦੀ ਗੂੰਜ ਦੇ ਯਾਦ ਆਉਂਦਿਆਂ ਹੀ ਉਹਨਾਂ ਦੀ ਅਣਖ ਨੇ ਉਹਨਾਂ ਨੂੰ ਅਜਿਹਾ ਕਰਨ ਰੋਕ ਦਿੱਤਾ।ਉਹ ਚੱਕ ਨੰਬਰ ਪੰਜ ਵਿੱਚ ਆਪਣੇ ਇੱਕ ਹਮਦਰਦ ਰਸਾਲਦਾਰ ਗੰਡਾ ਸਿੰਘ ਕੋਲ ਗਏ, ਜਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਾ ਦਿੱਤਾ।

ਮੁਕੱਦਮਾ ਤੇ ਸਜ਼ਾ- ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਵਿਰੁੱਧ ਰਾਜ ਹ, ਫੌਜਾਂ ਨੂੰ ਵਿਗਾੜਨ, ਡਾਕਿਆਂ ਤੇ ਕਤਲਾਂ ਦਾ ਮੁੱਕਦਮਾ ਚਲਾਇਆ ਗਿਆ। ਅਦਾਲਤ ਨੇ ਸਰਾਭਾ ਸਮੇਤ 24 ਗਦਰੀਆਂ ਨੂੰ ਫਾਂਸੀ, 17 ਨੂੰ ਉਮਰ ਕੈਦ ਕਾਲੇ ਪਾਣੀ ਤੇ ਹੋਰ ਸਜਾਵਾਂ ਸੁਣਾਈਆਂ।

ਸ਼ਹੀਦੀ- ਇਹਨਾਂ ਸਜ਼ਾਵਾਂ ਵਿਰੁੱਧ ਸਾਰੇ ਦੇਸ਼ ਵਿੱਚ ਹਲਚਲ ਮਚ ਗਈ। ਅੰਤ ਸਰਕਾਰ ਨੇ 17 ਗਦਰੀਆਂ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। 16 ਨਵੰਬਰ, 1915 ਨੂੰ ਕਰਤਾਰ ਸਿੰਘ ਸਰਾਭਾ ਤੇ ਉਸ ਦੇ 6 ਸਾਥੀਆਂ ਨੂੰ ਫਾਂਸੀ ਉੱਤੇ ਟੰਗ ਦਿੱਤਾ। ਉਸ ਸਮੇਂ ਕਰਤਾਰ ਸਿੰਘ ਦੀ ਉਮਰ ਕੇਵਲ 19 ਸਾਲ ਦੀ – ਸੀ। ਇਹਨਾਂ ਸਾਰੇ ਗਦਰੀਆਂ ਨੇ ਗ਼ਦਰ ਦੀਆਂ ਕਵਿਤਾਵਾਂ ਗਾਉਂਦੇ ਹੋਏ ਫਾਂਸੀ ਦੇ ਰੱਸੇ ਗਲਾਂ ਵਿੱਚ ਪਾਏ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਨੁਸਾਰ ਕਰਤਾਰ ਸਿੰਘ ਹਰ ਕੰਮ ਵਿੱਚ ਉਹਨਾਂ ਤੋਂ ਅੱਗੇ ਰਿਹਾ ਤੇ ਕੁਰਬਾਨੀ ਦੇਣ ਵਿੱਚ ਵੀ ਉਹਨਾਂ ਨੂੰ ਪਿੱਛੇ ਛੱਡ ਗਿਆ।

ਸਾਰ-ਅੰਸ਼- ਕਰਤਾਰ ਸਿੰਘ ਸਰਾਭਾ ਭਾਰਤ ਮਾਤਾ ਦਾ ਇੱਕ ਸੱਚਾ-ਸੁੱਚਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪਰ ਨੌਜਵਾਨ ਸੀ।ਉਸ ਨੇ ਛੋਟੀ ਜਿਹਾ ਉਮਰ ਵਿੱਚ ਦੇਸ਼ ਲਈ ਜਾਨ ਵਾਰ ਕੇ ਸਮੁੱਚੇ ਦੇਸ਼-ਵਾਸੀਆਂ ਦੇ ਮਨ ਵਿੱਚ ਅਜ਼ਾਦੀ ਦੀ ਚੰਗਿਆੜੀ ਬੀਜ ਦਿੱਤੀ। ਇਸ ਸੂਰਬੀਰ, ਬੇਖੌਫ਼ ਅਤੇ ਸਿਰਲੱਥ ਸੂਰਮੇ ਰਾਹੀਂ ਪੈਦਾ ਕੀਤੀਆਂ ਲਹਿਰਾਂ ਨੇ ਅੰਗਰੇਜ਼ੀ ਸਾਮਰਾਜ ਨੂੰ ਭਾਰਤ ਵਿੱਚੋਂ । ਆਪਣਾ ਬੋਰੀਆ-ਬਿਸਤਰਾ ਗੋਲ ਕਰਨ ਲਈ ਮਜ਼ਬੂਰ ਕਰ ਦਿੱਤਾ।

5 Comments

  1. Komal kang May 25, 2020
  2. harry May 26, 2020
  3. Mehak September 5, 2020
  4. Vishal Deep singh February 8, 2021
  5. Sunny June 8, 2021

Leave a Reply