Punjabi Essay on “Shri Guru Arjan Dev Ji”, “ਸ੍ਰੀ ਗੁਰੂ ਅਰਜਨ ਦੇਵ ਜੀ ”, Punjabi Essay for Class 10, Class 12 ,B.A Students and Competitive Examinations.

ਸ੍ਰੀ ਗੁਰੂ ਅਰਜਨ ਦੇਵ ਜੀ 

Shri Guru Arjan Dev Ji

ਲੇਖ ਨੰਬਰ:- 01

ਜਪਉ ਜਿਨ ਅਰਜਨ ਦੇਵ ਗੁਰੂ,
ਫਿਰਿ ਸੰਕਟ ਜੋਨ ਗਰਭ ਨਾ ਆਯਉ’

ਰੂਪ-ਰੇਖਾ- ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਜਨਮ ਤੇ ਬਚਪਨ, ਵਿਆਹ ਤੇ ਸੰਤਾਨ, ਗੁਰੂ ਗੱਦੀ, ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੇ ਨਗਰਾਂ ਦੀ ਉਸਾਰੀ, ਆਦਿ ਗ੍ਰੰਥ ਦਾ ਸੰਕਲਨ, ਸ਼ਹੀਦੀ ਤੇ ਦੁਸ਼ਮਣਾਂ ਦੀਆਂ ਸਾਜਿਸ਼ਾਂ, ਸ਼ਹੀਦੀ, ਬਾਣੀ ਤੇ ਪ੍ਰਭਾਵ, ਸਾਰ ਅੰਸ਼ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਆਪ ਸ਼ਹੀਦਾਂ ਦੇ ਸਿਰਤਾਜ ਸਨ ਕਿਉਂਕਿ ਆਪ ਨੇ ਆਪਣੇ ਪੈਰੋਕਾਰਾਂ ਵਿੱਚ ਧਰਮ ਦੀ ਖਾਤਰ ਕੁਰਬਾਨੀ ਦੇਣ ਦੀ ਪਿਰਤ ਪਾਈ ਤੇ ਆਪ ਦੀ ਸ਼ਹੀਦੀ ਨਾਲ ਸਿੱਖ ਧਰਮ ਜੁਝਾਰੂ ਰੂਪ ਧਾਰਨ ਕਰ ਗਿਆ। ਆਪ ਦੇ ਗੁਰੂ ਕਾਲ ਵਿੱਚ ਸਿੱਖ ਧਰਮ ਦਾ ਅਦੁੱਤੀ ਵਿਕਾਸ ਹੋਇਆ।

ਸ਼ਾਂਤੀ ਦੇ ਪੁੰਜ- ਆਪ ਨੇ ਜਹਾਂਗੀਰ ਵੱਲੋਂ ਦਿੱਤੇ ਗਏ ਤਸੀਹੇ ਖਿੜੇ ਮੱਥੇ ਸਹਿਣ ਕੀਤੇ। ਇਸ ਲਈ ਆਪ ਨੂੰ ਸ਼ਾਂਤੀ ਦਾ ਪੁੰਜ ਕਿਹਾ ਜਾਂਦਾ ਹੈ। ਆਪ ਦੀ ਸ਼ਹਾਦਤ ਅਦੁੱਤੀ ਸੀ। ਕਿਸੇ ਕਵੀ ਦੇ ਅਨੁਸਾਰ-

ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਦੀ ਹਯਾਤ ਹੈ,
ਹਿਯਾਤ ਤੋਂ ਹਿਯਾਤ ਹੈ, ਵੋਹ ਮੌਤ ਵੀ ਹਿਯਾਤ ਹੈ।

The blood of the martyr is the blood of the nation. ਅਰਥਾਤ ‘ਸ਼ਹੀਦਾਂ ਦਾ ਖੂਨ ਕੰਮ ਦਾ ਬੀਜ ਹੁੰਦਾ ਹੈ ।

ਜਨਮ ਤੇ ਬਚਪਨ- ਆਪ ਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਦੀ ਪਾਲਣਾ ਆਪ ਦੇ ਨਾਨਾ ਸੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਹੋਈ ਤੇ ਉਹਨਾਂ ਨੇ ਆਪ ਦੀ ਪ੍ਰਤਿਭਾ ਦੇਖ ਕੇ ਆਪ ਨੂੰ ਹਿਤਾ ਬਾਣੀ ਕਾ ਬੋਹਿਥਾ ਦਾ ਵਰ ਦਿੱਤਾ। ਆਪ ਨੇ ਪੰਡਤ ਕੇਸੋ ਗੋਪਾਲ ਅਤੇ ਬਾਬਾ ‘ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਹੋਣਹਾਰ ਬਿਰਵਾਨ ਕੇ ਚਿਕਨੇ-ਚਿਕਨੇ ਪਾਤ’ ਦੇ ਕਥਨ ਅਨੁਸਾਰ ਆਪ ਜੀ ਦੀ ਵਿਦਵਤਾ ਅਤੇ ਸੋਝੀ ਬਬਚਪਨ ਵਿੱਚ · ਹੀ ਉਜਾਗਰ ਹੋ ਗਈ ਸੀ।

ਵਿਆਹ ਤੇ ਸੰਤਾਨ- ਆਪ ਜੀ ਦਾ ਵਿਆਹ ਮਓ ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ (ਮਾਤਾ ਗੰਗਾ ਦੇਵੀ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਆਪ ਦੇ ਘਰ (ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ।

ਗੁਰ ਗੱਦੀ ਗੁਰੂ ਰਾਮ ਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਸੁਯੋਗ ਜਾਣ ਕੇ ਆਪ ਨੂੰ ਗੁਰਗੱਦੀ ਬਖਸ਼ੀ, ਜਿਸ ਕਾਰਨ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਨ ਲੱਗ ਪਿਆ ਤੇ ਆਪ ਦਾ ਦੁਸ਼ਮਣ ਬਣ ਬੈਠਾ।

ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੇ ਨਗਰਾਂ ਦੀ ਉਸਾਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਰੰਭ ਕਰਾਏ ਅੰਮ੍ਰਿਤ ਸਰੋਵਰ ਦੇ ਨਿਰਮਾਣ ਦਾ ਕਾਰਜ ਪੂਰਾ ਕੀਤਾ। 13 ਜਨਵਰੀ, 1588 ਨੂੰ ਇਸ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਆਰੰਭ ਕੀਤਾ। ਆਪ ਨੇ ਇਸ ਦੀ ਨੀਂਹ ਸਿੱਧ ਸੂਫੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਇਸ ਦੇ ਦਰਵਾਜ਼ੇ ਚਾਰ ਦਿਸ਼ਾਵਾਂ ਵੱਲ ਰੱਖੇ , ਜਿਸ ਦਾ ਭਾਵ ਸੀ ਕਿ ਇਹ ਤੀਰਥਅਸਥਾਨ ਚਾਰਾਂ ਵਰਨਾਂ ਲਈ ਸਾਂਝਾ ਹੈ। 1601 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਹੋਆ। 1590 ਈਸਵੀ ਵਿੱਚ ਆਪ ਨੇ ਤਰਨਤਾਰਨ ਨਗਰ ਦੀ ਨੀਂਹ ਰੱਖੀ ਤੇ ਇੱਥੇ ਇੱਕ ਸਰੋਵਰ ਖੁਦਵਾਇਆ ਤੇ ਲਾਹੌਰ ਵਿੱਚ ਬਾਉਲੀ ਬਣਵਾਈ। ਆਪ ਨੇ ਕਰਤਾਰਪੁਰ ਵਿਖੇ ਗੰਗਸਰ ਨਾਂ ਦਾ ਸਰੋਵਰ ਖੁਦਵਾਇਆ ਤੇ ਬਿਆਸ ਨਦੀ ਦੇ ਕੰਢੇ ਸ੍ਰੀ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।

ਆਦਿ ਗ੍ਰੰਥ ਦਾ ਸੰਕਲਨ- ਗੁਰੂ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਕਲਨ ਸੀ। ਆਪ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਚਾਰ ਗੁਰੂ ਸਾਹਿਬਾਂ ਤੇ ਬਹੁਤ ਸਾਰੇ ਸੰਤਾਂ-ਭਗਤਾਂ ਤੇ ਭੱਟਾਂ ਦੀਆਂ ਬਾਣੀਆਂ ਨੂੰ ਇਕੱਤਰ ਕਰ ਕੇ ਤੇ ਬਹੁਤ ਸਾਰੀ ਆਪਣੀ ਬਾਣੀ ਰਚ ਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਤੇ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ।

ਦੁਸ਼ਮਣਾਂ ਦੀਆਂ ਸਾਜਸ਼ਾਂ- ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਦੁਸ਼ਮਣੀ ਕਾਰਨ ਆਪ ਦੇ ਵਿਰੁੱਧ ਮੁਗਲ ਹਾਕਮਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਆਪ ਦਾ ਦੁਸ਼ਮਣ ਬਣ ਗਿਆ। ਆਦਿ ਗ੍ਰੰਥ ਦੇ ਸੰਕਲਨ ਕਾਰਨ ਵੀ ਕਈ ਕਟੜਪੰਥੀ ਮੁਸਲਮਾਨ ਆਪ ਦੇ ਵਿਰੁੱਧ ਹੋ ਗਏ। ਆਪ ਦੇ ਵਿਰੋਧੀਆਂ ਨੇ ਬਾਦਸ਼ਾਹ ਜਹਾਂਗੀਰ ਤੱਕ ਇਹ ਖ਼ਬਰ ਪਹੁੰਚਾਈ ਕਿ ਗੁਰ ਅਰਜਨ ਦੇਵ ਜੀ ਨੇ ਉਸ ਦੇ ਬਾਗੀ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਹੈ।

ਸ਼ਹੀਦੀ- ਜਹਾਂਗੀਰ ਦੇ ਹੁਕਮ ਨਾਲ 30 ਮਈ, 1606 ਈਸਵੀ ਵਿੱਚ ਆਪ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ ਗਏ। ਆਪ ਨੂੰ ਤੱਤੀ ਲੋਹ ਉੱਤੇ ਬਿਠਾਇਆ ਗਿਆ ਤੇ ਆਪ ਦੇ ਸਿਰ ਵਿੱਚ ਤਪਦੀ ਰੇਤ ਪਾਈ ਗਈ। ਆਪ ਨੇ ਮੂੰਹੋਂ ਸੀ ਨਾ ਕੀਤੀ ਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਿਆ। ਇੱਥੇ ਹੀ ਆਪ ਸ਼ਹੀਦੀ ਪ੍ਰਾਪਤ ਕਰ ਗਏ।

ਬਾਣੀ ਗੁਰੂ ਜੀ ਦੀ ਬਾਣੀ ਦੀ ਭਾਸ਼ਾ ਵੀ ਉਹਨਾਂ ਦੇ ਸੁਭਾਅ ਵਾਂਗ ਮਿੱਠੀ ਹੈ। ਆਪ ਦੀ ਬਾਣੀ ਅਨੁਸਾਰ ਮਨੁੱਖ ਨੂੰ ਦੁੱਖਾਂ-ਤਕਲੀਫਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਸ ਹਾਲਤ ਵਿੱਚ ਸਰਬ ਸਾਂਝੇ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਆਪਣੀ ਰੱਖਿਆ ਲਈ ਬੇਨਤੀ ਕਰਨੀ ਚਾਹੀਦੀ ਹੈ-

“ਜਾ ਕਉ ਮੁਸ਼ਕਲ ਅਤਿ ਬਣੈ, ਢੋਈ ਕੋਇ ਨਾ ਦੇਇ,
ਲਾਗੂ ਹੋਇ ਦੁਸ਼ਮਣਾਂ ਸਾਕ ਭਿ ਭਜ ਖਲੈ
ਸਭੇ ਭਜੈ ਆਸਰਾ, ਚੁਕੇ ਸਭ ਅਸਰਾਉ
ਚਿਤਿ ਆਵੈ ਉਸ ਪਾਰਲ੍ਹਮ ਲਗੈ ਨਾ ਤਤੀ ਵਾਉ)

ਸਾਰ-ਅੰਸ਼ (ਪ੍ਰਭਾਵ)- ਆਪ ਦੀ ਸ਼ਹੀਦੀ ਦਾ ਆਪ ਦੀ ਗੱਦੀ ਉੱਪਰ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਉੱਤੇ ਬਹੁਤ ਅਸਰ ਪਿਆ। ਉਹਨਾਂ ਨੇ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਤੇ ਹਕੂਮਤ ਨਾਲ ਹਥਿਆਰਬੰਦ ਟੱਕਰਾਂ ਲੈ ਕੇ ਜ਼ੁਲਮ ਦਾ ਮੂੰਹ ਭੰਨਿਆ ਇਸ ਤਰ੍ਹਾਂ ਸਿੱਖ ਧਰਮ ਜੁਝਾਰੂ ਰੂਪ ਧਾਰਨ ਕਰ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਨਵੀਂ ਨੀਤੀ ਅਪਣਾਈ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ ਇਹ ਸਿੱਧ ਕਰ ਦਿੱਤਾ-

ਜਦ ਡੁਲਦਾ ਖੂਨ ਸ਼ਹੀਦਾਂ ਦਾ,
ਤਕਦੀਰ ਬਦਲਦੀ ਕੌਮਾਂ ਦੀ।

 

ਲੇਖ ਨੰਬਰ:- 02

ਸ੍ਰੀ ਗੁਰੂ ਅਰਜਨ ਦੇਵ ਜੀ

ਜਪਿਓ ਜਿਨ ਅਰਜਨ ਦੇਵ ਗੁਰੂ,

ਫਿਰ ਸੰਕਟ ਜੂਨ ਗਰਭ ਨਹੀਂ ਆਇਓ”

ਭੂਮਿਕਾ- ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਆਪ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਆਖਿਆ ਜਾਂਦਾ ਹੈ। ਆਪ ਜੀ ਨੇ ਜਹਾਂਗੀਰ ਵੱਲੋਂ ਦਿੱਤੇ ਤਸੀਹੇ ਖਿੜੇ ਮੱਥੇ ਸਹਿਣ ਕੀਤੇ। ਇਸ ਲਈ ਆਪ ਜੀ ਨੂੰ ਸ਼ਾਂਤੀ ਦੇ ਪੁੰਜ ਆਖਿਆ ਜਾਂਦਾ ਹੈ। ਆਪ ਜੀ ਦੀ ਸ਼ਹਾਦਤ ਅਦੁੱਤੀ ਸੀ ਜਿਸ ਨੇ ਸਿੱਖ ਧਰਮ ਵਿਚ ਇਕ ਨਵੀਂ ਰੂਹ ਅਤੇ ਚੇਤਨਾ ਭਰ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ। ਉਹ ਹਰ ਪੱਖ ਤੋਂ ਮਹਾਨ ਅਤੇ ਬੇਜੋੜ ਸਨ। ਗੁਰੂ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਮਿੱਠ-ਬੋਲੜੇ ਅਤੇ ਸ਼ਾਂਤੀ ਦੇ ਅਵਤਾਰ ਸਨ। ਗੁਰੂ ਜੀ ਜੀਵਨ ਭਰ ਸੱਚ, ਨਿਆਂ ਅਤੇ ਦਿਆਨਤਦਾਰੀ ਉੱਤੇ ਚਲਦੇ ਰਹੇ।

ਮਾਤਾ-ਪਿਤਾ ਤੇ ਬਚਪਨ— ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈ: ਨੂੰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਜੀ ਦੇ ਪਿਤਾ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਸਨ।ਆਪ ਦੇ ਨਾਨਾ ਜੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਸਨ।

ਗੁਰੂ ਅਮਰਦਾਸ ਜੀ ਦੀ ਅਸੀਸ- ਗੁਰੂ ਅਰਜਨ ਦੇਵ ਬਾਰੇ ਉਨ੍ਹਾਂ ਦੇ ਨਾਨਾ ਗੁਰੂ ਅਮਰਦਾਸ ਜੀ ਨੇ ਭਵਿੱਖ ਬਾਣੀ ਕਰਦਿਆਂ ਹੋਇਆਂ ਅਸੀਸ ਦਿੱਤੀ ਸੀ—

‘ਦੋਹਿਤਾ ਬਾਣੀ ਦਾ ਬੋਹਿਥਾ

ਵਿਦਿਆ ਪ੍ਰਾਪਤੀ— ਆਪ ਜੀ ਨੂੰ ਬਚਪਨ ਵਿਚ ਪੰਡਿਤ ਕੇਸੋ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿਦਿਆ ਪ੍ਰਾਪਤ ਹੋਈ। ਆਪ ਜੀ ਦੀ ਵਿਦਵਤਾ ਅਤੇ ਸੋਝੀ ਬਚਪਨ ਵਿਚ ਹੀ ਉਜਾਗਰ ਹੋ ਗਈ ਸੀ ।

ਵਿਆਹ, ਸੰਤਾਨ ਅਤੇ ਗੁਰਗੱਦੀ— ਆਪ ਜੀ ਦਾ ਵਿਆਹ 12 ਸਾਲ ਦੀ ਉਮਰ ਵਿਚ ‘ਮੋ ਪਿੰਡ’ ਦੇ ਕਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਜੂਨ, 1595 ਈ: ਵਿਚ ਆਪ ਦੇ ਘਰ ਪੁੱਤਰ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਆਪ ਆਪਣੇ ਪਿਤਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਸਭ ਤੋਂ ਛੋਟੇ ਲਾਡਲੇ ਅਤੇ ਆਗਿਆਕਾਰੀ ਪੁੱਤਰ ਸਨ। ਗੁਰੂ ਰਾਮ ਦਾਸ ਜੀ ਨੇ ਦੇਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਰਚ ਰਹੇ ਹਨ। ਉਨ੍ਹਾਂ ਵਿਚ ਹਰ ਤਰ੍ਹਾਂ ਦੀ ਯੋਗਤਾ ਹੈ। ਆਪ ਸੰਗੀਤ ਤੇ ਰਾਗ ਵੀ ਜਾਣਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ 1581 ਈ: ਵਿਚ ਆਪਣੀ ਗੁਰਗੱਦੀ ਬਖਸ਼ ਦਿੱਤੀ ।

ਪ੍ਰਿਥੀ ਚੰਦ ਦੀ ਈਰਖਾ— ਜਦੋਂ ਗੁਰੂ ਰਾਮ ਦਾਸ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ ਦਿੱਤੀ ਤਾਂ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਅਤੇ ਗੁਰੂ ਜੀ ਨਾਲ ਈਰਖਾ ਕਰਨ ਲੱਗਾ ਕਿਉਂਕਿ ਉਹ ਗੁਰਗੱਦੀ ਦਾ ਅਸਲੀ ਵਾਰਸ ਆਪਣੇ ਆਪ ਨੂੰ ਸਮਝਦਾ ਸੀ। ਉਸਨੇ ਗੁਰੂ ਜੀ ਨੂੰ ਆਪਣਾ ਭਰਾ ਮੰਨਣ ਦੀ ਥਾਂ ਆਪਣਾ ਵੈਰੀ ਮੰਨਣਾ ਸ਼ੁਰੂ ਕਰ ਦਿੱਤਾ। ਉਸਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਅਤੇ ਆਪ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਾਰ ਬੁਲਾਉਣ ਦੇ ਅਸਫਲ ਯਤਨ ਕੀਤੇ।

ਹਰਿਮੰਦਰ ਸਾਹਿਬ ਦੀ ਉਸਾਰੀ— ਗੁਰਗੱਦੀ ਤੇ ਬੈਠਣ ਤੋਂ ਪਿੱਛੋਂ 7 ਸਾਲ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿਖੇ ਸਰੋਵਰ ਅਤੇ ਪਰਕਰਮਾ ਦੀ ਉਸਾਰੀ ਵਿਚ ਜੁੱਟੇ ਰਹੇ ਅਤੇ ਪ੍ਰਿਥੀ ਚੰਦ ਇਸ ਦੌਰਾਨ ਗੁਰੂ ਜੀ ਨੂੰ ਹਰ ਸੰਭਵ ਹਾਨੀ ਪਹੁੰਚਾਉਣ ਦੀਆਂ ਯੋਜਨਾਵਾਂ ਬਣਾਉਂਦਾ ਰਿਹਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਨਾ— ਗੁਰੂ ਜੀ ਦਾ ਸਭ ਤੋਂ ਵੱਡਾ ਅਤੇ ਲਾਸਾਨੀ ਕਾਰਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ। ਆਪ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਗੁਰੂਆਂ ਅਤੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਉਸ ਦਾ ਸੰਪਾਦਨ ਕੀਤਾ। ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਵਿਚ 730 ਦੇ ਲਗਭਗ ਪੰਨੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਹੀ ਹਨ ।

ਗੁਰੂ ਅਰਜਨ ਦੇਵ ਜੀ ਦੀ ਬਾਣੀ- ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਭਾਸ਼ਾ ਉਨ੍ਹਾਂ ਦੇ ਆਪਣੇ ਸੁਭਾਅ ਵਾਂਗ ਬਹੁਤ ਮਿੱਠੀ ਹੈ। ਆਪ ਜੀ ਦੀ ਬਾਣੀ ਵਿਚ ਸੰਤ ਭਾਸ਼ਾ, ਗਾਥਾ ਤੇ ਸੰਸਕ੍ਰਿਤੀ ਅਤੇ ਲਹਿੰਦੀ ਤੇ ਫਾਰਸੀ ਵਰਗੀਆਂ ਭਾਸ਼ਾਵਾਂ ਪੰਜਾਬੀ ਵਾਂਗ ਹੀ ਬਿਨਾਂ ਕਿਸੇ ਵਿਤਕਰੇ ਦੇ ਵਰਤੋਂ ਕੀਤੀਆਂ ਲੱਭਦੀਆਂ ਹਨ।ਆਪ ਜੀ ਦੇ ਅਨੁਸਾਰ ਮਨੁੱਖ ਨੂੰ ਦੁੱਖਾਂ-ਤਕਲੀਫਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਸ ਹਾਲਤ ਵਿਚ ਸਰਬ ਸਾਂਝੇ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਆਪਣੀ ਰੱਖਿਆ ਲਈ ਬੇਨਤੀ ਕਰਨੀ ਚਾਹੀਦੀ ਹੈ-

“ਜਾ ਕਉ ਮੁਸ਼ਕਲ ਅਤਿ ਬਣੇ, ਢੋਈ ਕੋਇ ਨਾ ਦੇਇ,

ਲਾਗੂ ਹੋਏ ਦੁਸ਼ਮਣਾ ਸਾਕ ਭੀ ਭੱਜ ਖਲੋਏ,

ਸਭੇ ਭੱਜੇ ਆਸਰਾ, ਚੂਕੇ ਸਭ ਅਸਰਾਉ

ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨਾ ਤਾਤੀ ਵਾਉ।”

ਨਵੇਂ ਸ਼ਹਿਰ ਵਸਾਉਣੇ– ਆਪ ਨੇ ਬਹੁਤ ਸਾਰੇ ਨਵੇਂ ਸ਼ਹਿਰ ਵਸਾਏ, ਜਿਨ੍ਹਾਂ ਵਿਚੋਂ ਤਰਨਤਾਰਨ, ਛੇਹਰਟਾ, ਕਰਤਾਰਪੁਰ ਅਤੇ ਅੰਮ੍ਰਿਤਸਰ ਪ੍ਰਸਿੱਧ ਹਨ।

ਸ਼ਹੀਦੀ— ਗੁਰੂ ਜੀ ਦੇ ਸਿੱਖੀ ਪ੍ਚਾਰ ਨੂੰ ਵੱਧਦਾ ਦੇਖ ਕੇ ਪ੍ਰਿਥੀ ਚੰਦ ਅਤੇ ਚੰਦੂ ਸ਼ਾਹ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਚੰਦੂ ਸ਼ਾਹ ਗੁਰੂ ਜੀ ਦਾ ਇਸ ਲਈ ਵੈਰੀ ਬਣ ਗਿਆ ਸੀ, ਕਿਉਂਕਿ ਗੁਰੂ ਜੀ ਨੇ ਉਸ ਦੀ ਲੜਕੀ ਦਾ ਰਿਸ਼ਤਾ ਆਪਣੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਵੇਲੇ ਜਹਾਂਗੀਰ ਦਾ ਬਾਗ਼ੀ ਪੁੱਤਰ ਖੁਸਰੋ ਗੁਰੂ ਜੀ ਕੋਲ ਪੁੱਜਾ ਅਤੇ ਗੁਰੂ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਿਥੀ ਚੰਦ ਅਤੇ ਹੋਰ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਅਤੇ ਉਨ੍ਹਾਂ ਨੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਉਕਸਾਇਆ। ਜਹਾਂਗੀਰ ਦੇ ਹੁਕਮ ਨਾਲ ਗੁਰੂ ਜੀ ਨੂੰ ਕੈਦ ਕਰ ਲਿਆ ਗਿਆ।ਉਹਨਾਂ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ ਅਤੇ ਉਬਲਦੀ ਦੇਗ ਵਿਚ ਉਬਾਲਿਆ ਗਿਆ। ਆਪ ਜੀ ਸਾਰੇ ਕਸ਼ਟ ਖਿੜ੍ਹੇ ਮੱਥੇ ਸਹਾਰਦੇ ਗਏ ਅਤੇ ਆਖਦੇ ਸਨ—

“ਤੇਰਾ ਕੀਆ ਮੀਠਾ ਲਾਗੈ।”

ਆਪ 1606 ਈ: ਨੂੰ ਰਾਵੀ ਵਿਚ ਇਸ਼ਨਾਨ ਕਰਨ ਗਏ ਅਤੇ ਉੱਥੇ ਹੀ ਅਲੋਪ ਹੋ ਗਏ।

“ਸੂਰਜ ਕਿਰਨ ਮਿਲੀ ਜਲ ਕਾ ਜਲ ਹੂਆ ਰਾਮ ।”

ਸਾਰਾਂਸ਼— ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਧਰਮ ਵਿਚ ਇਕ ਮਹਾਨ ਤਬਦੀਲੀ ਆਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਨਵੀਂ ਨੀਤੀ ਅਪਣਾਈ। ਜਿਸ ਅਨੁਸਾਰ ਫ਼ੌਜਾਂ ਨਾਲ ਟੱਕਰ ਲੈ ਕੇ ਉਨ੍ਹਾਂ ਦੇ ਦੰਦ ਖੱਟੇ ਕੀਤੇ ਅਤੇ ਇਹ ਸਿੱਧ ਕਰ ਦਿੱਤਾ—

ਜਦ ਡੁਲਦਾ ਖ਼ੂਨ ਸ਼ਹੀਦਾਂ ਦਾ,

ਤਕਦੀਰ ਬਦਲਦੀ ਕੌਮਾਂ ਦੀ ।”

3 Comments

  1. Gourav June 18, 2020
  2. Hussanpreet January 13, 2021
  3. Imran khan June 13, 2021

Leave a Reply