Punjabi Essay on “Punjab de Lok Geet”, “ਪੰਜਾਬ ਦੇ ਲੋਕ-ਗੀਤ”, Punjabi Essay for Class 10, Class 12 ,B.A Students and Competitive Examinations.

ਪੰਜਾਬ ਦੇ ਲੋਕ-ਗੀਤ

Punjab de Lok Geet

ਰੂਪ-ਰੇਖਾ- ਭੂਮਿਕਾ, ਲੋਕ ਗੀਤਾਂ ਦੀ ਧਰਤੀ, ਲੋਕ ਗੀਤਾਂ ਦੀ ਰਚਨਾ, ਲੋਕ ਗੀਤਾਂ ਦੇ ਰੂਪ, ਬਚਪਨ ਦੇ ਲੋਕ ਗੀਤ, ਮੁੰਡੇ-ਕੁੜੀਆਂ ਦੇ ਖੇਡਾਂ ਦੇ ਗੀਤ, ਕੁੜੀਆਂ ਦੇ ਵਿਆਹ ਦੇ ਗੀਤ, ਮੁੰਡਿਆਂ ਦੇ ਵਿਆਹ ਦੇ ਗੀਤ, ਕੁੜੀ ਦੇ ਵਿਆਹ ਤੋਂ ਬਾਅਦ ਕੁੜੀ ਵੱਲੋਂ ਗਾਏ ਗਏ ਗੀਤ। ਲੋਕ ਗੀਤਾਂ ਵਿੱਚ ਇਤਿਹਾਸ, ਸਾਰ-ਅੰਸ਼

ਭੂਮਿਕਾ- ਲੋਕ ਗੀਤ ਸੱਭਿਆਚਾਰ ਦੀ ਰੂਹ ਹੁੰਦੇ ਹਨ। ਇਹਨਾਂ ਗੀਤਾਂ ਵਿੱਚ ਸਮਕਾਲੀ ਸਮਾਜ ਦੀ ਸਰਬ-ਪੱਖੀ ਤਸਵੀਰ ਨਜ਼ਰ ਆਉਂਦੀ ਹੈ। ਇਹਨਾਂ ਲੋਕ ਗੀਤਾਂ ਦੀ ਖਾਸੀਅਤ ਇਹ ਹੈ ਕਿ ਇਹ ਗੀਤ ਔਰਤਾਂ ਦੇ ਭਾਵਾਂ ਤੇ ਵਲਵਲਿਆਂ ਨਾਲ ਭਰਪੂਰ ਹੁੰਦੇ ਹਨ।

ਲੋਕ ਗੀਤਾਂ ਦੀ ਧਰਤੀ ਪੰਜਾਬ ਲੋਕ-ਗੀਤਾਂ ਦੀ ਧਰਤੀ ਹੈ। ਇੱਥੋਂ ਦਾ ਹਰ ਵਾਸੀ ਜੰਮਦਾ, ਮਰਦਾ ਅਤੇ ਵਿਆਹਿਆ ਲੋਕ ਗੀਤਾਂ ਰਾਹੀਂ ਜਾਂਦਾ ਹੈ। ਪੰਜਾਬੀ ਸੱਭਿਆਚਾਰ ਤਾਂ ਰਾਂਗਲਾ ਤੇ ਸੁਰੀਲਾ ਹੈ। ਇਸ ਤਰ੍ਹਾਂ ਲੋਕ-ਗੀਤਾਂ ਦਾ ਸਬੰਧ ਪੰਜਾਬ ਦੇ ਪੂਰੇ ਸੱਭਿਆਚਾਰ ਨਾਲ ਹੈ।

ਲੋਕ ਗੀਤਾਂ ਦੀ ਰਚਨਾ- ਇਹਨਾਂ ਲੋਕ ਗੀਤਾਂ ਦੀ ਰਚਨਾ ਕਿਸੇ ਵਿਸ਼ੇਸ਼ ਕਵੀ ਰਾਹੀਂ ਨਹੀਂ ਕੀਤੀ ਜਾਂਦੀ ਸਗੋਂ ਇਹ ਤਾਂ ਆਮ ਲੋਕਾਂ ਦੇ ਦਿਲਾਂ ਵਿੱਚ ਉਠਦੇ ਭਾਵ ਗੀਤਾਂ ਦਾ ਰੂਪ ਧਾਰ ਕੇ ਨਿਕਲਦੇ ਹਨ। ਇਹਨਾਂ ਵਿੱਚ ਸਾਦਗੀ, ਸੁਭਾਵਕਤਾ ਅਤੇ ਅਲਬੇਲਾਪਨ ਹੁੰਦਾ ਹੈ।

ਲੋਕ ਗੀਤਾਂ ਦੇ ਰੂਪ- ਲੋਕ ਗੀਤਾਂ ਦੇ ਬਹੁਤ ਰੂਪ ਹਨ, ਜਿਨ੍ਹਾਂ ਦਾ ਸਬੰਧ ਵੱਖ-ਵੱਖ ਖ਼ੁਸ਼ੀ ਤੇ ਗਮੀ ਦੇ ਮੌਕਿਆਂ, ਰਸਮਾਂ-ਰਿਵਾਜਾਂ ਨਾਲ ਹੈ।

ਬਚਪਨ ਦੇ ਲੋਕ ਗੀਤ- ਪੰਜਾਬ ਵਿੱਚ ਤਾਂ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਉਸ ਦੇ ਜਨਮ ਸਮੇਂ ਸੁਆਣੀਆਂ ਗਾਉਂਦੀਆਂ ਹਨ-

ਹਰਿਆ ਨੀ ਮਾਏ, ਹਰਿਆ ਨੀ ਭੈਣੇ,

ਹਰਿਆ ਨੀ ਭਾਗੀ ਭਰਿਆ ਨੀ ਮਾਏਂ,

ਜਿਹ ਦਿਹਾੜੇ ਮੇਰਾ ਹਰੀਆ ਨੀ ਜੰਮਿਆ,

ਸੋਈ ਦਿਹਾੜਾ ਭਾਗਾਂ ਭਰਿਆ

ਬੱਚਾ ਜਦੋਂ ਥੋੜਾ ਵੱਡਾ ਹੋ ਜਾਂਦਾ ਹੈ ਤਾਂ ਮਾਂ ਉਸ ਨੂੰ ਸੁਲਾਉਣ ਲਈ ਲੋਰੀ ਗਾਉਂਦੀ ਹੈ ਜਿਸ ਵਿੱਚ ਉਸ ਦੇ ਵਿਆਹੇ ਜਾਣ ਤੱਕ ਦੇ ਸੁਪਨੇ ਸ਼ਾਮਲ ਹੁੰਦੇ ਹਨ-

ਸੌਂ ਜਾ ਕਾਕਾ ਬੱਲੀ,

ਤੇਰੀ ਮਾਂ ਵਜਾਵੇ ਟੱਲੀ,

ਤੇਰਾ ਪਿਉ ਵਜਾਵੇ ਛੱਲੇ,

ਤੇਰੀ ਵਹੁਟੀ ਪਾਵੇ ਗਹਿਣੇ ।

ਮਾਂ ਬੱਚੇ ਨੂੰ ਹਸਾਉਣ ਲਈ ਉਸ ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੀ ਹੋਈ ਗਾਉਂਦੀ ਹੈ-

ਦਹੀਂ ਦੀ ਛੁੱਟੀ ਸੀ, ਇੱਥੇ ਚੂਰੀ ਕੁੱਟੀ ਸੀ

ਔਣਿਉ ਭੋਲਿਉਂ, ਮੇਰਾ ਮੌਲੂ ਤੇ ਨਹੀਂ ਵੇਖਿਆ

ਲੱਭ ਪਿਆ, ਲੱਭ ਪਿਆ।

ਮੁੰਡੇ-ਕੁੜੀਆਂ ਦੇ ਖੇਡਾਂ ਦੇ ਗੀਤ- ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਸ ਦੀਆਂ ਖੇਡਾਂ ਵਿੱਚ ਦੀ ਗੀਤ ਸ਼ਾਮਲ ਹੁੰਦੇ ਹਨ। ਮੁੰਡੇ ਖੇਡਦੇ ਹੋਏ ਗਾਉਂਦੇ ਹਨ-

ਈਰਿਉ ਭੰਬੀਰਉ ਲਿੱਤਾ ਘਰ ਕਿਹੜਾ।

 ਅੰਬਾ ਵਾਲੀ ਕੋਠੜੀ,

ਅਨਾਰਾਂ ਵਾਲਾ ਵਿਹੜਾ

ਬਾਬੇ ਨਾਨਕ ਦਾ ਘਰ ਕਿਹੜਾ

ਕੁੜੀਆਂ ਕਿੱਕਲੀ, ਸ਼ਟਾਪੂ ਤੇ ਗੇਂਦ-ਗੀਟੇ ਖੇਡਦੀਆਂ ਹੋਈਆ ਗਾਉਂਦੀਆਂ ਹਨ। ਉਹ ਕਿੱਕਲੀ ਪਾਉਂਦੀਆਂ ਹੋਈਆਂ ਉੱਚੀ-ਉੱਚੀ ਇਸ ਤਰ੍ਹਾਂ ਕਹਿੰਦੀਆਂ ਹਨ-

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜੁਆਈ ਦਾ

ਕੁੜੀਆਂ ਦੇ ਵਿਆਹ ਦੇ ਗੀਤ- ਜਦੋਂ ਕੁੜੀਆਂ ਜਵਾਨ ਹੋ ਜਾਂਦੀਆਂ ਹਨ ਤਾਂ ਉਹਨਾਂ ਦੇ ਵਿਆਹ ਦੀ ਗੱਲ-ਬਾਤ ਸ਼ੁਰੂ ਹੋ ਜਾਂਦੀ ਹੈ। ਹਰ ਕੁੜੀ ਦੀ ਇਹ ਤਾਂਘ ਹੁੰਦੀ ਹੈ ਕਿ ਉਸ ਦਾ ਵਿਆਹ ਉਸ ਘਰ ਹੋਵੇ ਜਿੱਥੇ ਪਸ਼ੂ ਧਨ ਜ਼ਿਆਦਾ ਹੋਵੇ ਤੇ ਉਸਨੂੰ ਕੰਮ ਘੱਟ ਕਰਨਾ ਪਵੇ ਜਿਵੇਂ-

ਦੇਈਂ ਦੇਈਂ ਵੇ ਬਾਬਲਾ ਉਸ ਘਰੇ,

ਜਿੱਥੇ ਝੋਟੀਆਂ ਹੋਵਣ ਸੱਠ

ਇੱਕ ਰਿੜਕਾ, ਇੱਕ ਜਮਾਇਸਾ

ਵੇ ਮੇਰਾ ਚਾਟੀਆਂ ਦੇ ਵਿੱਚ ਹੱਥ, ਬਾਬਲ ਤੇਰਾ ਪੁੰਨ ਹੋਵੇ।

 

ਜਾਂ

 

ਦੇਵੀ ਵੇ ਬਾਬਲ ਉਸ ਘਰੇ, ਜਿੱਥੇ ਲਿਪਨੇ ਨਾ ਪੈਣ ਬਨੇਰੇ

ਜਦੋਂ ਕੁੜੀ ਦਾ ਵਿਆਹ ਰੱਖਿਆ ਜਾਂਦਾ ਹੈ ਤਾਂ ਸੁਹਾਗ ਗਾਏ ਜਾਂਦੇ ਹਨ। ਸੁਹਾਗ ਦੇ ਗੀਤਾਂ ਵਿੱਚ ਧੀਆਂ ਤੋਂ ਵਿਛੜਨ ਦਾ ਜਿਕਰ ਆਮ ਮਿਲਦਾ ਹੈ। ਤੀਵੀਆਂ ਸੁਹਾਗ ਗਾਂਦੀਆਂ ਹੋਈਆਂ ਕਹਿੰਦੀਆਂ ਹਨ-

ਸਾਡਾ ਚਿੜੀਆਂ ਦਾ ਚੰਬਾ ਵੇ,

ਬਾਬਲ ਅਸਾਂ ਉਡ ਜਾਣਾ।

ਸਾਡੀ ਲੰਮੀ ਉਡਾਰੀ ਵੇ,

ਪਤਾ ਨਹੀਂ ਕਿਹੜੇ ਦੇਸ ਜਾਣਾ।

ਬਾਬਲ (ਪਿਤਾ) ਦੇ ਘਰੋਂ ਧੀ ਦੇ ਜਾਣ ਦਾ ਗਮ ਅਤੇ ਧੀ ਨੂੰ ਘਰ ਨਾ ਰੱਖਣ ਦੀ ਲੋਕ ਮਰਿਆਦਾ ਇਸ ਤਰ੍ਹਾਂ ਪ੍ਰਗਟ ਹੁੰਦੀ ਹੈ-

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਵੇ ਡੋਲਾ ਨਹੀਉਂ ਲੰਘਣਾ,

ਇੱਕ ਇੱਟ ਪੁਟਾ ਦਿਆਂ ਨੀ ਧੀਏ ਘਰ ਜਾ ਆਪਣੇ।

ਮੁੰਡਿਆਂ ਦੇ ਵਿਆਹ ਦੇ ਗੀਤ- ਜਿਸ ਤਰ੍ਹਾਂ ਕੁੜੀਆਂ ਦੇ ਮਾਪਿਆਂ ਦੇ ਘਰ ਸੁਹਾਗ ਗਾਏ ਜਾਂਦੇ ਹਨ, ਉਸ ਤਰਾਂ ਹੀ ਮੁੰਡੇ ਦੇ ਮਾਪਿਆਂ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ-

ਮੱਥੇ ਤੇ ਚਮਕਣ ਵਾਲ, ਮੇਰੇ ਬੰਨੜੇ ਦੇ।

 

ਜਾਂ ।

 

ਨਿੱਕੀ-ਨਿੱਕੀ ਕਣੀ ਮੀਹ ਵੇ ਵਰੇ

ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ,

ਦਮਾਂ ਦੀ ਬੋਰੀ ਤੇਰਾ ਬਾਬਲ ਫੜੇ

ਜਾਂ

 

ਮੱਲਾ ਘੋੜੀ ਵੇ ਤੇਰੀ ਸੋਹਣੀ,

ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ

ਸੱਜਦੀ ਹੀਰਿਆਂ ਦੇ ਨਾਲ,

ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਨਾਂ।

ਜਦੋਂ ਬਰਾਤ ਲੜਕੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਵੀ ਉੱਥੇ ਸਾਰੀਆਂ ਔਰਤਾਂ ਗੀਤਾਂ ਦੇ ਰੂਪ ਵਿੱਚ ਸਿਠਣੀਆਂ ਦਿੰਦੀਆਂ ਹਨ।

ਵਿਆਹ ਤੋਂ ਬਾਅਦ ਕੁੜੀ ਵੱਲੋਂ ਗਾਏ ਗੀਤ- ਕੁੜੀ ਡੋਲੀ ਵਿੱਚ ਬੈਠ ਕੇ ਸਹੁਰੇ ਘਰ ਚਲੀ ਜਾਂਦੀ ਹੈ। ਸਹੁਰੇ ਘਰ ਵਿੱਚ ਸੱਸ ਦੀਆਂ ਪਾਬੰਦੀਆਂ ਨਾਲ ਉਸ ਦਾ ਦਿਲ ਚੀਕ ਉਠਦਾ ਹੈ। ਇਹਨਾਂ ਰਿਸ਼ਤਿਆਂ ਵਿਚਲੀ ਮਿਠਾਸ ਅਤੇ ਕੁੜਤਣ ਦਾ ਜ਼ਿਕਰ ਇਹਨਾਂ ਲੋਕ ਗੀਤਾਂ ਰਾਹੀਂ ਮਿਲਦਾ ਹੈ-

ਨਿੰਮ ਦਾ ਕਰਾ ਦੇ ਘੋਟਣਾ, ਸੱਸ ਕੁੱਟਣੀ ਸੰਦੂਕਾ ਉਹਲੇ। 

ਜਦੋਂ ਸੱਸ ਉਸ ਦੇ ਪੇਕਿਆਂ ਵੱਲੋਂ ਆਏ ਰਿਸ਼ਤੇਦਾਰ ਜਾਂ ਭਰਾ ਦੀ ਆਉ ਭਗਤ ਠੀਕ ਢੰਗ ਨਾਲ ਨਹੀਂ ਕਰਦੀ ਤਾਂ ਉਹ ਆਖਦੀ ਹੈ।

 

ਨੀ ਸੱਸੇ ਤੇਰੀ ਮੰਹਿ ਮਰ ਜਾਏ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।

ਸਹੁਰਿਆਂ ਦੇ ਘਰ ਦੁਖੀ ਹੋ ਕੇ ਕੁੜੀ ਕਾਵਾਂ ਦੇ ਹੱਥ ਆਪਣੇ ਦੁੱਖ ਦਾ ਸੁਨੇਹਾ ਆਪਣੇ ਪੇਕੇ ਘਰ ਪਹੁੰਚਾਉਣਾ ਚਾਹੁੰਦੀ ਹੈ-

ਉੱਡੀ-ਉੱਡੀ ਵੇ ਕਾਵਾਂ,

ਜਾਵੀਂ ਮੇਰੇ ਪੇਕੜੇ,

ਇੱਕ ਨਾ ਦਸੀ ਮੇਰੇ ਬਾਬਲੇ ਨੂੰ,

ਆਉਗਾ ਭਰੀ ਕਚਹਿਰੀ ਛੱਡ ਵੇ

ਲੋਕ-ਗੀਤਾਂ ਵਿੱਚ ਇਤਿਹਾਸ- ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਦਾ ਜ਼ਿਕਰ ਵੀ ਲੋਕ-ਗੀਤਾਂ ਵਿੱਚ ਮਿਲਦਾ ਹੈ। ਸਮਾਜ ਵਿੱਚ ਜਿਹੜੀਆਂ । ਵੀ ਲਹਿਰਾਂ ਉੱਠੀਆਂ, ਉਨ੍ਹਾਂ ਦਾ ਜ਼ਿਕਰ ਲੋਕ-ਗੀਤਾਂ ਵਿੱਚ ਮਿਲਦਾ ਹੈ। ਮਹਾਰਾਜ ਰਣਜੀਤ ਸਿੰਘ ਬਾਰੇ ਇੱਕ ਲੋਕ ਗੀਤ ਇਸ ਤਰਾਂ ਹੈ-

ਜਿਸ ਰਾਜੇ ਦੀ ਲਈ ਤਲਵਾਰ ਵੇ

ਰਣਜੀਤ ਉਹ ਬੀਰ ਸਰਦਾਰ ਵੇ।

 

ਜਾਂ

 

ਭਗਤ ਸਿੰਘ ਦੀ ਬਹਾਦਰੀ ਬਾਰੇ ਇੱਕ ਲੋਕ ਗੀਤ ਹੈ-

 

ਬੰਬ ਮਾਰਿਆ ਭਗਤ ਸਿੰਘ ਸੁਰੇਂ,

ਲੰਦਨਾਂ ਚ ਸ਼ੋਰ ਪੈ ਗਿਆ।

ਸਾਰ-ਅੰਸ਼- ਲੋਕ-ਗੀਤਾਂ ਵਿੱਚ ਪੰਜਾਬੀ ਜੀਵਨ ਦੇ ਸਾਰੇ ਭਾਗ ਉਜਾਗਰ ਹੁੰਦੇ ਹਨ। ਇਹਨਾਂ ਗੀਤਾਂ ਵਿੱਚ ਸਾਡੇ ਸਮਾਜਿਕ ਤੇ ਸੱਭਿਆਚਾਰਕ, ਆਰਥਿਕ ਹਾਲਤ ਅਤੇ ਇਤਿਹਾਸਿਕ ਘਟਨਾਵਾਂ ਦਾ ਬੜਾ ਵਧੀਆ ਚਿਤਰਨ ਮਿਲਦਾ ਹੈ। ਲੋਕ ਗੀਤਾਂ ਦਾ ਸਰੂਪ ਤਾਂ ਅਜੇ ਨਹੀਂ ਬਦਲਿਆ ਪਰ ਇਹਨਾਂ ਦੀ ਅਹਿਮੀਅਤ ਘਟਦੀ ਜਾ ਰਹੀ ਹੈ। ਅੱਜ ਕਲ੍ਹ ਤਾਂ ਨਵੀਂ ਪੀੜੀ ਇਹਨਾਂ ਲੋਕ-ਗੀਤਾਂ ਨੂੰ ਸੁਣਨਾ ਪਸੰਦ ਹੀ ਨਹੀਂ ਕਰਦੀ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਇਸ ਵਿਰਸੇ ਨੂੰ ਸੰਭਾਲੀਏ ।

One Response

  1. Harmandeep kaur November 21, 2021

Leave a Reply