Punjabi Essay on “Aman ate Jung”, “ਅਮਨ ਅੱਤ ਜੰਗ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਅਮਨ ਅੱਤ ਜੰਗ

Aman ate Jung

ਮਾੜੇ ਦਾ ਕੋਈ ਮੁੱਲ ਨਹੀਂ : ਦੁਨੀਆਂ ਵਿਚ ਮਾੜੇ ਦਾ ਕਦੀ ਕੌਡੀ ਵੀ ਮੁੱਲ ਨਹੀਂ ਹੁੰਦਾ ਅਤੇ ਤਕੜੇ ਨੂੰ ਝੁਕ-ਝੁਕ ਸਲਾਮਾਂ ਹੁੰਦੀਆਂ ਹਨ। ਤਾਕਤ ਦਾ ਇਹੀ ਕਾਨੂੰਨ ਦੇਸ਼ਾਂ ‘ਤੇ ਵੀ ਲਾਗੂ ਹੁੰਦਾ ਹੈ। ਮਾੜੇ ਦੇਸ਼ ਦੀ ਸ਼ਾਂਤੀ ਹਮੇਸ਼ਾਂ ਦੂਸਰੇ ਦੇਸ਼ਾਂ ‘ਤੇ ਹੀ ਨਿਰਭਰ ਰਹਿੰਦੀ ਹੈ।

ਭਾਰਤ ਦਾ ਪ੍ਰਾਚੀਨ ਇਤਿਹਾਸ ਇਸਦਾ ਸਾਖੀ : ਸਿਕੰਦਰ ਨੇ ਹਮਲਾ ਕਰ ਕੇ ਪੰਜਾਬ ਦੀਆਂ ਰਿਆਸਤਾਂ ਵਿਚ ਤਾਂ ਚੰਗੀ ਅੱਤ ਚੁੱਕੀ ਸੀ ਪਰ ਮਗਧ ਵੱਲ ਪੈਰ ਰੱਖਣ ਤੋਂ ਪਹਿਲਾਂ ਹੀ ਉਸਨੂੰ ਕੰਬਣੀ ਛਿੜ ਗਈ: ਮਹਿਮੂਦ ਗਜ਼ਨਵੀ ਵੇਲੇ ਹਿੰਦੂ ਬਹਾਦਰੀ ਦਾ ਤਿਆਗ ਕਰ ਬੈਠੇ ਸਨ, ਇਸ ਕਰਕੇ ਉਸਦੇ ਕੁਝ ਕੁ ਸਿਪਾਹੀਆਂ ਨੇ ਕਰੋੜਾਂ ਭਾਰਤੀਆਂ ਦਾ ਸਤਾਰਾਂ ਵਾਰ ਮੂੰਹ ਭੰਨਿਆ ਅਤੇ ਅਥਾਹ ਲੁੱਟ ਮਚਾਈ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਤਾਂ ਪੰਜਾਬ ਵਿਚ ਇਹ ਅਖਾਣ ਪ੍ਰਚੱਲਿਤ ਕਰ ਦਿੱਤਾ ਸੀ ਕਿ ‘ਖਾਧਾ ਪੀਤਾ ਲਾਹੇ ਦਾ, ਤੇ ਰਹਿੰਦਾ ਅਹਿਮਦ ਸ਼ਾਹੇ ਦਾ। ਇਹ ਸਭ ਕੁਝ ਅਹਿੰਸਾ ਦੀ ਨੀਤੀ ਦੇ ਪੁਜਾਰੀ ਭਾਰਤੀਆਂ ਦੀ ਜੰਗੀ ਤਾਕਤ ਅਤੇ ਤਿਆਰੀ ਦੀ ਅਣਹੋਂਦ ਕਰ ਕੇ ਸੀ। ਪਰ ਜਦ ਸਿੱਖ ਤਾਕਤ ਵਿਚ ਆਏ ਤਾਂ ਉਲਟੀ ਗੰਗਾ ਵਗਣ ਲਗ ਪਈ, ਕਾਬਲ ਤਕ ਕੰਧਾਂ ਕੰਬਣ ਲੱਗੀਆਂ।

ਨਵੀਨ ਇਤਿਹਾਸਿਕ ਉਦਾਹਰਨਾਂ : ਸੰਨ 1939 ਵਿਚ ਹਿਟਲਰ ਨੇ ਇੰਗਲੈਂਡ ਅਤੇ ਰੁਸ ਵਰਗੇ ਦੇਸ਼ਾਂ ’ਤੇ ਇਹ ਸੋਚ ਕੇ ਹਮਲਾ ਕੀਤਾ ਕਿ ਇਹ ਜੰਗ ਵਾਸਤੇ ਤਿਆਰ ਨਹੀਂ ਹਨ ਅਤੇ ਇਨ੍ਹਾਂ ਨੂੰ ਜਿੱਤਣਾ ਖੱਬੇ ਹੱਥ ਦਾ ਕੰਮ ਹੈ। ਜੇ ਉਸਨੂੰ ਪਤਾ ਹੁੰਦਾ ਕਿ ਰੂਸ ਵਰਗੇ ਦੇਸ਼ ਨਾਲ ਮੱਥਾ ਲਾਉਣਾ ਭੰਡਾਂ ਦੇ ਖੱਖਰ ਨੂੰ ਹੱਥ ਪਾਉਣਾ ਹੈ ਤਾਂ ਉਹ ਕਦੀ ਵੀ ਇਹ ਗਲਤੀ ਨਾ ਕਰਦਾ। ਬਰਤਾਨੀਆ ਅਤੇ ਫਰਾਂਸ ਨੇ ਮਿਸਰ ਨੂੰ ਕਮਜ਼ੋਰ ਸਮਝ ਕੇ ਉਸ ਉੱਤੇ ਹਮਲਾ ਕਰ ਦਿੱਤਾ। ਇਨ੍ਹਾਂ ਦੇਸ਼ਾਂ ਨੇ ਤਾਕਤ ਦੇ ਨਸ਼ੇ ਵਿਚ ਚੂਰ ਹੋ ਕੇ ਯੂ.ਐਨ.ਓ. ਦੋ ਮਤੇ ਦੀ ਵੀ ਕੋਈ ਪ੍ਰਵਾਹ ਨਾ ਕੀਤੀ। ਪਰ ਜਦ ਰੂਸ ਨੇ ਬਾਰਾਂ ਘੰਟੇ ਦਾ ਨੋਟਿਸ ਦਿੱਤਾ ਕਿ ਜੇ ਜੰਗ ਬੰਦ ਨਾ ਹੋਈ ਤਾਂ ਉਹ ਵੀ ਜੰਗ ਵਿਚ ਕੁਦ ਪਏਗਾ ਤਾਂ ਲੜਾਈ ਝਟ ਬੰਦ ਹੋ ਗਈ। ਮੰਨੋ ਰੂਸ ਦੀ ਜੰਗ ਦੀ ਤਿਆਰੀ ਨੇ ਅਮਨ ਵਰਤਾ ਦਿੱਤਾ। ਇਸੇ ਤਰ੍ਹਾਂ ਇਰਾਕ ਨੇ ਕਮਜ਼ੋਰ ਕੁਵੈਤ ’ਤੇ ਕਬਜ਼ਾ ਕਰ ਕੇ ਉਸ ਨੂੰ ਆਪਣਾ ਇਕ ਦੇਸ਼ ਬਣਾ ਲਿਆ ਅਤੇ ਯੂ.ਐਨ.ਓ. ਦੇ ਮਤਿਆਂ ਦੀ ਵੀ ਪ੍ਰਵਾਹ ਨਾ ਕੀਤੀ। ਜਦ ਕੁਵੈਤ ਦੇ ਹੱਕ ਵਿਚ ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਤਾਂ ਈਰਾਕ ਮੈਦਾਨ ਛੱਡ ਕੇ ਭੱਜ ਨਠਿਆ ਅਤੇ ਸਾਰੀਆਂ ਗੱਲਾਂ ਵੀ ਮੰਨ ਗਿਆ।

ਐਟਮ ਬੰਬ ਦੀ ਧਮਕੀ ਨਾਲ ਵਿਸ਼ਵ ਸ਼ਾਂਤੀ ਕਾਇਮ ਰੱਖਣਾ : ਅਮਰੀਕਾ ਦੇ ਵਿਦੇਸ਼ ਮੰਤਰੀ ਸਵਰਗਵਾਸੀ ਸ੍ਰੀ ਜਾਹਨ ਫਾਸਟਰ ਡਲੋਜ਼ ਨੇ ਕਿਹਾ ਸੀ ਕਿ ਅਮਰੀਕਾ ਨੇ ਐਪਹੀ ਧਮਕੀ ਨਾਲ ਕੋਰੀਆ ਦੀ ਲੜਾਈ ਵੇਲੇ, ਹਿੰਦ-ਚੀਨ ਜੰਗ ਵੇਲੇ ਅਤੇ ਫਾਰਮਸ਼ਾ ਉੱਤੇ ਚੀਨੀ ਹਮਲੇ ਵੇਲੇ ਤਿੰਨ ਵਾਰੀ ਵਿਸ਼ਵ ਸ਼ਾਂਤੀ ਨੂੰ ਭੰਗ ਹੋਣ ਤੋਂ ਬਚਾਇਆ ਸੀ।

ਪਾਕਿਸਤਾਨ ਦਾ ਕਸ਼ਮੀਰ ਤੇ ਹਮਲਾ ਕਰਨ ਬਾਰੇ ਸੋਚਣਾ : ਸੰਨ 1951 ਵਿਚ ਪਾਕਿਸਤਾਨ ਕਸ਼ਮੀਰ ਤੇ ਹਮਲਾ ਕਰਨ ਹੀ ਵਾਲਾ ਸੀ, ਪਰ ਜਦੋਂ ਉਸਨੂੰ ਭਾਰਤੀ ਫ਼ੌਜਾਂ ਦੇ ਸਰਹੱਦਾਂ ‘ਤੇ ਤਿਆਰ-ਬਰ-ਤਿਆਰ ਹੋਣ ਬਾਰੇ ਪਤਾ ਲੱਗਾ ਤਾਂ ਲਿਆਕਤ ਅਲੀ ਖਾਂ ਦੇ ਮਨਸੂਬੇ ਧਰੇ-ਧਰਾਏ ਹੀ ਰਹਿ ਗਏ। ਭਾਰਤ ਦੀ ਜੰਗੀ ਤਿਆਰੀ ਨੂੰ ਵੇਖਦਿਆਂ ਪਾਕਿਸਤਾਨ ਭਾਰਤ ਨਾਲ ਲੜਾਈ ਲੈਣੋਂ ਹਮੇਸ਼ਾ ਜਕਦਾ ਹੈ। ਪਰ ਜਦ-ਜਦ ਵੀ ਉਸਨੇ ਭਾਰਤ ‘ਤੇ ਹਮਲਾ ਕੀਤਾ ਤਾਂ ਸਾਡੀਆਂ ਫ਼ੌਜਾਂ ਨੇ ਪਾਕਿਸਤਾਨ ਦੇ ਦੰਦ ਖੱਟੇ ਕਰ ਦਿੱਤੇ। ਸੰਨ 1962 ਵਿਚ ਚੀਨ ਵੱਲੋਂ ਭਾਰਤ ’ਤੇ ਇਸੇ ਕਾਰਨ ਹਮਲਾ ਹੋਇਆ ਕਿ ਚੀਨ ਭਾਰਤ ਨੂੰ ਜੰਗੀ ਤੌਰ ਤੇ ਆਪਣੇ ਨਾਲੋਂ ਕਮਜ਼ੋਰ ਸਮਝਦਾ ਸੀ। ਇਸੇ ਕਮਜ਼ੋਰੀ ਦਾ ਨੁਕਸਾਨ ਭਾਰਤ ਨੂੰ ਉਠਾਉਣਾ ਵੀ ਪਿਆ। ਪਰ ਹੁਣ ਭਾਰਤ ਜੰਗ ਲਈ ਬਿਲਕੁਲ ਤਿਆਰ ਰਹਿੰਦਾ ਹੈ। ਇਸੇ ਕਰਕੇ ਪਾਕਿਸਤਾਨ ਭਾਰਤ ਨਾਲ ਸਿੱਧੇ ਤੌਰ ‘ਤੇ ਹਮਲਾ ਕਰਨ ਤੋਂ ਘਬਰਾ ਕੇ ਅੱਤਵਾਦੀ ਹਮਲਿਆਂ ਵੱਲ ਤੁਰ ਪਿਆ ਹੈ ਜਿਸਦੇ ਸਿੱਟੇ ਵਜੋਂ ਕਾਰਗਿਲ ਦੀ ਲੜਾਈ ਵਿਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਅਤੇ ਉਸ ਵੱਲੋਂ ਕਸ਼ਮੀਰ ਅਤੇ ਭਾਰਤ ਦੇ ਹੋਰ ਪ੍ਰਾਂਤਾਂ ਵਿਚ ਭੇਜੇ ਅੱਤਵਾਦੀਆਂ ਦੀ ਸਾਡੀ ਫ਼ੌਜ ਅਤੇ ਹੋਰ ਸੁਰੱਖਿਆ ਬਲ ਕਚੂਮਰ ਕੱਢ ਰਹੇ ਹਨ।

ਅਹਿੰਸਾ ਮੁੱਖ ਤੌਰ ਤੇ ਤਾਕਤਵਰ ਹੋਣ ਤੇ ਹੀ ਮੱਦਦਗਾਰ : ਦੁਨੀਆਂ ਅਹਿੰਸਾ ਦੇ ਸਿਧਾਂਤ ਦੁਆਰਾ ਆਤਮਿਕ ਜਿੱਤ ਦੀ ਉਨੀ ਸ਼ਲਾਘਾ ਨਹੀਂ ਕਰਦੀ ਜਿੰਨੀ ਤਲਵਾਰ ਦੁਆਰਾ ਜਿੱਤ ਦੀ ਕਰਦੀ ਹੈ। ਜਦੋਂ ਇਕੱਲੇ ਅਮਰੀਕਾ ਕੋਲ ਹੀ ਐਟਮ ਬੰਬ ਸੀ, ਤਾਂ ਰੂਸ ਨੂੰ ਹਰ ਰੋਜ਼ ਜੰਗ ਦੀਆਂ ਧਮਕੀਆਂ ਸੁਣਨੀਆਂ ਪੈਂਦੀਆਂ ਸਨ, ਪਰ ਜਦੋਂ ਰੂਸ ਨੇ ਵੀ ਬੰਬ ਤਿਆਰ ਕਰ ਲਿਆ ਤਾਂ ਅਮਰੀਕੀ ਧਮਕੀਆਂ ਬੰਦ ਹੋ ਗਈਆਂ। ਹੁਣ ਤੀਜੇ ਸੰਸਾਰ ਯੁੱਧ ਦੀ ਜਗਾ ਸ਼ਾਂਤੀ ਸੰਬੰਧੀ ਗੱਲਾਂਬਾਤਾਂ ਹੋਣ ਲੱਗ ਪਈਆਂ। ਇੰਜ ਜੇਕਰ ਸਾਰੇ ਹੀ ਦੇਸ਼ ਤਾਕਤਵਰ ਹੋ ਜਾਣਗੇ ਤਾਂ ਅਮਨ ਦੀਆਂ ਨੀਹਾਂ ਹੋਰ ਪੱਕੀਆਂ ਹੋ ਜਾਣਗੀਆਂ। ਕੋਈ ਵੀ ਦੇਸ਼ ਪਹਿਲ ਕਰਨ ਦਾ ਹੌਸਲਾ ਨਹੀਂ ਕਰੇਗਾ ਕਿਉਂਕਿ ਉਸਦੇ ਸਾਹਮਣੇ ਦੂਸਰੇ ਦੇਸ਼ ਦੀ ਜਵਾਬੀ ਕਾਰਵਾਈ ਦੀ ਖ਼ਤਰਨਾਕ ਤਸਵੀਰ ਘੁੰਮੇਗੀ।

ਸਿੱਟਾ : ਉਪਰੋਕਤ ਵਿਚਾਰ ਅਨੁਸਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਅਮਨ ਨੂੰ ਤਾਂ ਹੀ ਕਾਇਮ ਰੱਖਿਆ ਜਾ ਸਕਦਾ ਹੈ ਜੇਕਰ ਅਸੀਂ ਜੰਗ ਲਈ ਵੀ ਤਿਆਰ ਰਹੀਏ। ਜੰਗ ਦੀ ਤਿਆਰੀ ਤਾਂ ਅਸੀਂ ਅਮਨ ਨੂੰ ਸੱਟ ਮਾਰਨ ਵਾਲੇ ਦੀ ਭੁਗਤ ਸੁਧਾਰਣ ਲਈ ਹੀ ਕਰਨੀ ਹੈ।

Leave a Reply