Punjabi Essay on “Mere Janamdin di Party”, “ਮੇਰੇ ਜਨਮ ਦਿਨ ਦੀ ਪਾਰਟੀ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਮੇਰੇ ਜਨਮ ਦਿਨ ਦੀ ਪਾਰਟੀ

Mere Janamdin di Party

 

ਜਾਣ-ਪਛਾਣ : ਮੇਰਾ ਜਨਮ 10 ਜਨਵਰੀ, ਸੰਨ 1972 ਦਾ ਹੈ। ਇਸ ਲਈ ਹਰ ਸਾਲ ਇਹ ਦਿਨ ਸਾਡੇ ਘਰ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਅਸਲ ਵਿਚ ਬੱਚਿਆਂ ਦਾ ਜਨਮ ਦਿਨ ਇਸ ਲਈ ਮਨਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਅਸੀਂ ਆਪਣੇ ਜੀਵਨ ਦੇ ਨਵੇਂ ਸਾਲ ਵਿਚ ਕੀ ਕੀ ਚੰਗੀਆਂ ਆਦਤਾਂ ਸਿੱਖਣੀਆਂ ਹਨ? ਇਸ ਲਈ ਮੈਂ ਆਪਣੇ ਜਨਮ-ਦਿਨ ਉੱਤੇ ਆਪਣੀ ਡਾਇਰੀ ਵਿਚ ਨੋਟ ਕਰ ਲੈਂਦਾ ਹਾਂ ਕਿ ਇਸ ਸਾਲ ਮੈਂ ਇਹ ਚੰਗੀਆਂ-ਚੰਗੀਆਂ ਆਦਤਾਂ ਸਿੱਖ ਕੇ ਵਿਖਾਵਾਂਗਾ। ਫਿਰ ਮੈਂ ਹਰ ਰੋਜ਼ ਡਾਇਰੀ ਖੋਲ੍ਹ ਕੇ ਉਨ੍ਹਾਂ ਨੂੰ ਪੜ੍ਹ ਲੈਂਦਾ ਹਾਂ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦਾ ਯਤਨ ਕਰਦਾ ਹਾਂ।

ਜਨਮ ਦਿਨ ਦੀ ਤਿਆਰੀ : ਇਸ ਸਾਲ 10 ਜਨਵਰੀ ਦਾ ਦਿਨ ਐਤਵਾਰ ਨੂੰ ਸੀ। ਇਸ ਲਈ ਮੈਨੂੰ ਆਪਣਾ ਜਨਮ ਦਿਨ ਮਨਾਉਣ ਦੀ ਤਿਆਰੀ ਕਰਨ ਲਈ ਕਾਫ਼ੀ ਸਮਾਂ ਮਿਲ ਗਿਆ ਅਤੇ ਇਹ ਦਿਨ ਖੂਬ ਧੂਮ-ਧਾਮ ਨਾਲ ਮਨਾਇਆ। ਮੈਂ ਸਵੇਰੇ-ਸਵੇਰੇ ਉੱਠਿਆ ਅਤੇ ਸਭ ਤੋਂ ਪਹਿਲੇ ਆਪਣੇ ਮਾਤਾ-ਪਿਤਾ ਦੇ ਪੈਰਾਂ ਨੂੰ ਹੱਥ ਲਾਇਆ। ਉਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਅੱਗੇ ਨਾਲੋਂ ਵੀ ਚੰਗੀਆਂ ਆਦਤਾਂ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਫਿਰ ਮੈਂ ਆਪਣੇ ਵੱਡੇ ਭੈਣ ਜੀ ਕੋਲ ਗਿਆ। ਉਨ੍ਹਾਂ ਨੇ ਮੈਨੂੰ ਜਨਮ-ਦਿਨ ਦੀ ਵਧਾਈ ਦਿੱਤੀ ਅਤੇ ਮੇਰੇ ਨਾਲ ਜਨਮ-ਦਿਨ ਦੀ ਤਿਆਰੀ ਵਿਚ ਲੱਗ ਗਏ। ਅਸਾਂ ਦੋਹਾਂ ਨੇ ਰੰਗਦਾਰ ਕਾਗਜ਼ਾਂ ਦੇ ਸੁਹਣੇ-ਸੁਹਣੇ ਫੁੱਲ ਬਣਾਏ ਅਤੇ ਉਨ੍ਹਾਂ ਨੂੰ ਬੈਠਕ ਦੀਆਂ ਕੰਧਾਂ ਉੱਤੇ ਲਗਾਇਆ।

ਪਾਰਟੀ ਲਈ ਸਾਮਾਨ ਲਿਆਉਣਾ: ਮੇਰੇ ਪਿਤਾ ਜੀ ਨੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਮੇਰੇ ਮਿੱਤਰਾਂ ਨੂੰ ਸ਼ਾਮ ਨੂੰ ਚਾਰ ਵਜੇ ਮੇਰੇ ਜਨਮ ਦਿਨ ਦੀ ਪਾਰਟੀ ਉੱਤੇ ਬੁਲਾਇਆ ਹੋਇਆ ਸੀ। ਦੁਪਹਿਰ ਦਾ ਭੋਜਨ ਖਾਣ ਮਗਰੋਂ ਉਹ ਜਨਮ-ਦਿਨ ਦੀ ਪਾਰਟੀ ਲਈ ਇਕ ਵੱਡਾ ਸਾਰਾ ਕੇਕ ਅਤੇ ਹੋਰ ਮਿਠਾਈਆਂ ਲੈਣ ਲਈ ਬਜ਼ਾਰ ਚਲੇ ਗਏ । ਮੇਰੇ ਮਾਤਾ ਜੀ ਅਤੇ ਭੈਣ ਜੀ ਘਰ ਵਿਚ ਹੀ ਸਮੋਸੇ ਬਣਾ ਲੈਂਦੇ ਹਨ। ਮੇਰੇ ਪਿਤਾ ਜੀ ਜਨਮ ਦਿਨ ਦਾ ਵੱਡਾ ਕੇਕ, ਪੇਸਟਰੀ, ਰਸਗੁੱਲੇ, ਗੁਲਾਬ ਜਾਮਨ ਅਤੇ ਬਰਫੀ ਲੈ ਕੇ ਸਾਢੇ ਤਿੰਨ ਵਜੇ ਘਰ ਵਾਪਸ ਆ ਗਏ।

ਮਹਿਮਾਨਾਂ ਦਾ ਆਉਣਾ : ਜਨਮ ਦਿਨ ਦੀ ਪਾਰਟੀ ਉੱਤੇ ਬੁਲਾਏ ਹੋਏ ਮਹਿਮਾਨ ਪੌਣੇ ਚਾਰ ਵਜੇ ਤੋਂ ਸਾਡੇ ਘਰ ਆਉਣੇ ਸ਼ੁਰੂ ਹੋ ਗਏ ਅਤੇ ਠੀਕ ਚਾਰ ਵਜੇ ਜਨਮ-ਦਿਨ ਪਾਰਟੀ ਆਰੰਭ ਕਰ ਦਿੱਤੀ ਗਈ। ਰਿਸ਼ਤੇਦਾਰਾਂ ਵਿਚੋਂ ਮੇਰੇ ਚਾਚਾ ਜੀ, ਭੂਆ ਜੀ, ਮਾਸੀ ਜੀ ਅਤੇ ਮੇਰੇ ਬਹੁਤ ਸਾਰੇ ਦੋਸਤ ਪਹੁੰਚੇ ਹੋਏ ਸਨ। ਸਭ ਤੋਂ ਪਹਿਲੇ ਮੇਰੇ ਭੈਣ ਜੀ ਨੇ ਹਾਰਮੋਨੀਅਮ ਉੱਤੇ ਇਕ ਸ਼ਬਦ ਗਾਇਆ।ਉਸ ਮਗਰੋਂ ਮੇਰੇ ਮਾਸੀ ਜੀ ਨੇ ਵੀ ਇਕ ਸ਼ਬਦ ਗਾਇਆ। ਫਿਰ ਮੇਰੇ ਮਾਤਾ ਜੀ ਨੇ ਮੈਨੂੰ ਇਸ਼ਾਰਾ ਕੀਤਾ। ਮੈਂ ਉਸ ਵੇਲੇ ਉੱਠਿਆ ਅਤੇ ਆਪਣੇ ਮਾਤਾ ਜੀ, ਪਿਤਾ ਜੀ, ਚਾਚਾ ਜੀ, ਭੂਆ ਜੀ ਅਤੇ ਮਾਸੀ ਜੀ ਦੇ ਪੈਰਾਂ ਉੱਤੇ ਹੱਥ ਲਗਾਇਆ। ਸਭ ਨੇ ਬੜੀਆਂ ਅਸੀਸਾਂ ਦਿੱਤੀਆਂ।

ਗੀਤ ਗਾਉਣਾ: ਉਸ ਮਗਰੋਂ ਮੇਰੇ ਮਿੱਤਰਾਂ ਨੂੰ ਗੀਤ ਸੁਨਾਉਣ ਲਈ ਕਿਹਾ ਗਿਆ। ਮੇਰੇ ਕਈ ਮਿੱਤਰਾਂ ਨੇ ਮੌਕੇ ਅਨੁਸਾਰ ਵਾਰੋ ਵਾਰੀ ਖੁਸ਼ੀ ਭਰੇ ਗੀਤ ਗਾਏ। ਸਭ ਮਹਿਮਾਨਾਂ ਨੇ ਉਨ੍ਹਾਂ ਗੀਤਾਂ ਦੀ ਤਾੜੀਆਂ ਨਾਲ ਪ੍ਰਸ਼ੰਸਾ ਕੀਤੀ।

ਕੇਕ ਕੱਟਣਾ: ਇਹ ਸਾਰਾ ਪ੍ਰੋਗਰਾਮ ਸਾਡੀ ਬੈਠਕ ਦੇ ਅੱਧ ਹਿੱਸੇ ਵਿਚ ਹੋ ਰਿਹਾ ਸੀ। ਮੇਰੇ ਪਿਤਾ ਜੀ ਅਤੇ ਚਾਚਾ ਜੀ ਨੇ ਪਹਿਲੇ ਹੀ ਬੈਠਕ ਵਿਚ ਪਰਦਾ ਲਗਾ ਕੇ ਉਸ ਦੇ ਦੋ ਭਾਗ ਕਰ ਦਿੱਤੇ ਸਨ। ਦੂਜੇ ਅੱਧ ਭਾਗ ਵਿਚ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਮੋਰੋ ਮਿੱਤਰਾਂ ਦੇ ਗੀਤਾਂ ਤੋਂ ਬਾਅਦ ਮੇਰੇ ਪਿਤਾ ਜੀ ਨੇ ਪਰਦਾ ਹਟਾਇਆ ਅਤੇ ਸਭ ਮਹਿਮਾਨਾਂ ਨੂੰ ਦੂਜੇ ਅੱਧ ਭਾਗ ਵਿਚ ਜਾਣ ਲਈ ਕਿਹਾ।ਉੱਥੇ ਇਕ ਮੇਜ਼ ਉੱਤੇ ਕੇਕ ਰੱਖਿਆ ਹੋਇਆ ਸੀ ਅਤੇ ਉਸ ਦੇ ਨਾਲ ਹੀ ਇਕ ਛੋਟੀ ਜਿੰਨੀ ਛਰੀ ਰੱਖੀ ਹੋਈ ਸੀ। ਹੋਰ ਚਾਰ ਮੇਜ਼ਾਂ ਉੱਤੇ ਮਿਠਾਈਆਂ ਅਤੇ ਸਮੋਸੇ ਰੱਖੇ ਹੋਏ ਸਨ। ਸਭ ਮਹਿਮਾਨ. ਉੱਥੇ ਜਾ ਕੇ ਮੇਜ਼ਾਂ ਦੁਆਲੇ ਖਲੋ ਗਏ। ਕਿਉਂ ਜੁ ਖਲੋ ਕੇ ਹੀ ਸਭ ਕੁਝ ਖਾਣਾ ਪੀਣਾ ਸੀ।

ਮੇਰੇ ਪਿਤਾ ਜੀ ਨੇ ਮੈਨੂੰ ਕੇਕ ਕੱਟਣ ਲਈ ਕਿਹਾ। ਮੈਂ ਛਰੀ ਨਾਲ ਕੇਕ ਕੱਟਿਆ ਤਾਂ ਸਭ ਮਹਿਮਾਨਾਂ ਨੇ ਤਾੜੀਆਂ ਵਜਾਈਆਂ। ਕੇਕ ਦੇ ਟੁੱਕੜੇ ਸਭ ਮਹਿਮਾਨਾਂ ਨੂੰ ਵੰਡ ਦਿੱਤੇ ਗਏ। ਜਦ ਸਭ ਮਹਿਮਾਨ ਖਾਣ ਲੱਗ ਪਏ ਤਾਂ ਮੇਰੇ ਵੱਡੇ ਭੈਣ ਜੀ ਅਤੇ ਮਾਤਾ ਜੀ ਨੇ ਗੁਰਮ ਚਾਹ ਦੀਆਂ ਭਰੀਆਂ ਹੋਈਆਂ ਚਾਰ ਕੇਤਲੀਆਂ ਲਿਆ ਕੇ ਚਾਰ ਮੇਜ਼ਾਂ ਉੱਤੇ ਰੱਖ ਦਿੱਤੀਆਂ। ਉਸ ਸਮੇਂ ਟੇਪ ਰਿਕਾਰਡਰ ਉੱਤੇ ਖ਼ੁਸ਼ੀ ਭਰੇ ਗੀਤ ਲਗਾ ਦਿੱਤੇ ਗਏ। ਸਭ ਮਹਿਮਾਨ ਖਾਂਦੇ ਪੀਂਦੇ ਰਹੇ ਅਤੇ ਗੀਤ ਸੁਣਦੇ ਰਹੇ।

ਦੋ ਚੰਗੀਆਂ ਆਦਤਾਂ ਗਹਿਣ ਕਰਨਾ : ਮੇਰੇ ਪਿਤਾ ਜੀ ਅਤੇ ਮਾਤਾ ਜੀ ਸਭ ਮਹਿਮਾਨਾਂ ਕੋਲ ਜਾ ਕੇ ਉਨ੍ਹਾਂ ਨੂੰ ਕੇਕ ਦੇ ਹੋਰ ਪੀਸ ਦਿੰਦੇ ਰਹੇ। ਜਦ ਸਭ ਮਹਿਮਾਨ ਖਾ ਪੀ ਚੁੱਕੇ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਪੁੱਛਿਆ ਕਿ ਮੈਂ ਆਪਣੇ ਜੀਵਨ ਦੇ ਇਸ ਨਵੇਂ ਸਾਲ ਲਈ ਕੀ ਚੰਗੀਆਂ ਆਦਤਾਂ ਹਿਣ ਕਰਨ ਦਾ ਪ੍ਰਣ ਕੀਤਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਦੱਸੋ ਮੈਂ ਕਿਹੜੀਆਂ ਚੰਗੀਆਂ ਆਦਤਾਂ ਧਾਰਨ ਕਰਾਂ। ਉਨ੍ਹਾਂ ਮੈਨੂੰ ਦੋ ਚੰਗੀਆਂ ਆਦਤਾਂ ਦੱਸੀਆਂ-ਇਕ ਸਮੇਂ ਦੀ ਪਾਬੰਦੀ ਅਤੇ ਦੂਜੀ ਸਭ ਨਾਲ ਮਿੱਠਾ ਬੋਲਣਾ। ਮੈਂ ਪ੍ਰਣ ਕੀਤਾ ਕਿ ਮੈਂ ਇਹ ਦੋ ਚੰਗੀਆਂ ਆਦਤਾਂ ਆਪਣੇ ਜੀਵਨ ਦੇ ਨਵੇਂ ਸਾਲ ਦੀ ਸੁਗਾਤ ਸਮਝ ਕੇ ਜ਼ਰੂਰ ਹਿਣ ਕਰਾਂਗਾ। ਇਸ ਉੱਤੇ ਸਭ ਮਹਿਮਾਨਾਂ ਨੇ ਖੂਬ ਤਾੜੀਆਂ ਵਜਾਈਆਂ ਅਤੇ ਮੈਨੂੰ ਸ਼ਾਬਾਸ਼ ਦਿੱਤੀ।

ਮੇਰੇ ਪਿਤਾ ਜੀ ਜਨਮ ਦਿਨ ਉੱਤੇ ਅੰਗਰੇਜ਼ਾਂ ਵਾਂਗ ਮੋਮਬੱਤੀਆਂ ਜਗਾਉਣ ਅਤੇ ਫਿਰ ਬੁਝਾਉਣ ਦੀ ਰਸਮ ਵਿਚ ਵਿਸ਼ਵਾਸ ਨਹੀਂ ਰੱਖਦੇ, ਕੇਕ ਕੱਟਣਾ ਅਤੇ ਵੰਡ ਕੇ ਖਾਣਾ ਤਾਂ ਹੁਣ ਸਾਡੇ ਦੇਸ਼ ਦਾ ਆਮ ਰਿਵਾਜ਼ ਹੋ ਗਿਆ। ਇਸ ਲਈ ਇਹ ਰਸਮ ਪੂਰੀ ਕਰਨ ਵਿਚ ਉਹ ਕੋਈ ਹਰਜ਼ ਨਹੀਂ ਸਮਝਦੇ।

ਤੌਹਫੇ ਮਿਲਣੇ : ਜਾਣ ਤੋਂ ਪਹਿਲਾਂ ਸਭ ਮਹਿਮਾਨਾਂ ਨੇ ਮੈਨੂੰ ਤੋਹਫ਼ੇ ਦਿੱਤੇ। ਮੈਂ ਸਭ ਦਾ ਧੰਨਵਾਦ ਕੀਤਾ। ਅੰਤ ਵਿਚ ਮੇਰੇ ਪਿਤਾ ਜੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੇਰੇ ਜਨਮ ਦਿਨ ਦੀ ਪਾਰਟੀ ਸਮਾਪਤ ਹੋਈ।

Leave a Reply