ਦੇਸ਼ ਪਿਆਰ
Desh Piyar
ਹਰ ਮਨੁੱਖ ਨੂੰ ਆਪਣੀ ਜਨਮ-ਭੂਮੀ ਤੇ ਜਨਮ ਦਾਤੀ ਮਾਂ ਨਾਲ ਪਿਆਰ ਹੁੰਦਾ ਹੈ । ਮਨੁੱਖ ਦੀ ਉਸ ਭੂਮੀ ਦੇ ਕਿਣਕੇ ਨਾਲ, ਮਿੱਟੀ ਦੀ ਮਹਿਕ ਨਾਲ, ਝੂਮਦੀਆਂ ਫਸਲਾਂ ਨਾਲ ‘ਤੇ ਦੇਸ਼ ਵਾਸੀਆਂ ਨਾਲ ਕੁਦਰਤੀ ਹੀ ਇਕ ਸਾਂਝ ਹੁੰਦੀ ਹੈ । ਇਸੇ ਸਾਂਝ ਤੇ ਇਸੇ ਪਿਆਰ ਨੂੰ ਅਸੀਂ ਦੇਸ਼ ਪਿਆਰ ਦੇ ਨਾਮ ਨਾਲ ਪੁਕਾਰਦੇ ਹਾਂ ।
ਦੇਸ਼ ਲਈ ਪਿਆਰ ਘਰੋਂ ਹੀ ਸ਼ੁਰੂ ਹੁੰਦਾ ਹੈ ਤੇ ਹੌਲੀ ਹੌਲੀ ਸਾਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ । ਇਹ ਜਜ਼ਬਾ ਏਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਕਾਇਰ ਤੋਂ ਕਾਇਰ ਵਿਅਕਤੀ ਵੀ ਦੇਸ਼ ਦੀ ਖਾਤਰ ਮਰ ਮਿਟਣ ਲਈ ਤਿਆਰ ਹੋ ਜਾਂਦਾ ਹੈ । ਦੇਸ਼ ਦੇ ਪਿਆਰ ਖਾਤਰ ਹੀ ਸੂਰਮੇਂ ਜੰਗ ਦੇ ਮੈਦਾਨ ਵਿਚ ਮਰ ਮਿਟਦੇ ਹਨ ਤੇ ਯੋਧੇ ਤਰ੍ਹਾਂ-ਤਰ੍ਹਾਂ ਦੇ ਕਾਰਨਾਮੇ ਵਿਖਾਉਂਦੇ ਹਨ।
ਇਸ ਜਜ਼ਬੇ ਨੂੰ ਉਹ ਵਿਅਕਤੀ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਨ ਜੋ ਦੇਸ਼ ਤੋਂ ਬਾਹਰ ਰਹਿੰਦੇ ਹਨ । ਉਨ੍ਹਾਂ ਲਈ ਤਾਂ ਆਪਣੇ ਦੇਸ਼ ਦੀ ਕੋਈ ਖਬਰ ਹੀ ਉਨ੍ਹਾਂ ਦੇ ਤਨ ਮਨ ਨੂੰ ਝੂਣ ਦੇਂਦੀ ਹੈ। ਆਪਣੇ ਦੇਸ਼-ਵਾਸੀ ਨਾਲ ਗੱਲਾਂ ਕਰਕੇ ਅਤੇ ਦੇਸ਼ ਵਾਸੀਆਂ ਨੂੰ ਮਿਲ ਕੇ ਉਹ ਆਪਣੇ ਦੇਸ਼ ਦੀਆਂ ਫ਼ਸਲਾਂ ਦੀ ਸੁਗੰਧ ਮਹਿਸੂਸ ਕਰਦਾ ਹੈ।
ਦੇਸ਼ ਪਿਆਰ ਦਾ ਜਜ਼ਬਾ ਹੀ ਦੇਸ਼-ਵਾਸੀਆਂ ਲਈ ਉਸ ਦੇ ਗੁਲਾਮੀ ਦੇ ਜੂਲੇ ਨੂੰ ਪਰੇ । ਵਗਾਹੁਣ ਵਿਚ ਸਹਾਈ ਹੁੰਦਾ ਹੈ । ਭਗਤ ਸਿੰਘ, ਊਧਮ ਸਿੰਘ, ਮਦਨ ਲਾਲ ਢੀਂਗਰਾ, ਤਿਲਕ, ਗਾਂਧੀ, ਆਜ਼ਾਦ, ਸੁਭਾਸ਼ ਚੰਦਰ ਕੁਝ ਐਸੇ ਹੀ ਵਿਅਕਤੀ ਸਨ ਜਿਹੜੇ ਇਸ ਭਾਵਨਾ ਤੋਂ ਪ੍ਰੇਰਤ ਹੋ ਕੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਡਟ ਗਏ ਸਨ।
ਜਦੋਂ ਵੀ ਕੋਈ ਬਾਹਰਲਾ ਦੇਸ਼ ਹਮਲਾ ਕਰ ਦੇਵੇ ਤਾਂ ਵੀ ਦੇਸ਼-ਪਿਆਰ ਦਾ ਜਜ਼ਬਾ ਠਾਠਾਂ ਮਾਰਦਾ ਵਿਖਾਈ ਦੇਂਦਾ ਹੈ । ਚੀਨ ਤੇ ਪਾਕਿਸਤਾਨ ਨਾਲ ਯੁੱਧ ਸਮੇਂ ਇਹ ਭਾਵਨਾ ਖਾਸ ਰੂਪ ਵਿੱਚ ਵੇਖੀ ਗਈ । ਸਾਰਾ ਭਾਰਤ ਇਕੋ ਲੜੀ ਵਿਚ ਪਰੋਇਆ ਗਿਆ । ਆਪਸੀ ਖਿੱਚੋਤਾਣ ਭੁੱਲ ਕੇ ਭਾਰਤ ਵਾਸੀ ਬਾਹਰਲੇ ਖਤਰੇ ਪ੍ਰਤੀ ਇੱਕ ਹੋ ਗਏ । ਇਸ ਪ੍ਰਕਾਰ ਜੰਗ ਦੇ ਦਿਨਾਂ ਵਿਚ ਤਾਂ ਇਹ ਭਾਵਨਾ ਬਹੁਤ ਹੀ ਤੀਬਰ ਰੂਪ ਵਿਚ ਸਾਹਮਣੇ ਆਉਂਦੀ ਹੈ।
ਸ਼ਾਂਤੀ ਦੇ ਦਿਨਾਂ ਵਿਚ ਇਹ ਭਾਵਨਾ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਆਪਣਾ ਯੋਗਦਾਨ ਦੇ ਕੇ ਸਾਹਮਣੇ ਆਉਂਦੀ ਹੈ । ਹਰ ਨਾਗਰਿਕ, ਦੇਸ਼ ਵਲੋਂ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਕਰਕੇ ਦੇਸ਼ ਭਗਤੀ ਦਾ ਸਬੂਤ ਦੇਂਦਾ ਹੈ।
ਕੁਝ ਨੇਤਾ ਨਿੱਜੀ ਲਾਭ ਨੂੰ ਮੁੱਖ ਰੱਖ ਕੇ ਕਈ ਵਾਰ ਲੋਕਾਂ ਵਿੱਚ ਫੁੱਟ ਪੁਆ ਦੇਂਦੇ ਹਨ । ਅਜਿਹੇ ਵਿਅਕਤੀ ਦੇਸ਼ ਦਾ ਬਹੁਤ ਭਾਰੀ ਨੁਕਸਾਨ ਕਰ ਰਹੇ ਹੁੰਦੇ ਹਨ | ਅਜੋਕੇ ਸਮੇਂ ਵਿਚ ਜਿਹੜਾ ਵੀ ਵਿਅਕਤੀ ਇਕ ਸੰਪ੍ਰਦਾਇ ਨੂੰ ਦੂਸਰੇ ਸੰਪ੍ਰਦਾਇ ਨਾਲ ਲੜਾਉਣ ਵਿਚ ਮਦਦ ਕਰਦਾ ਹੈ, ਉਹ ਦੇਸ਼ ਨਾਲ ਧਰੋਹ ਕਰ ਰਿਹਾ ਹੈ ਤੇ ਦੇਸ਼ ਦੀਆਂ ਜੜਾਂ ਪੋਲੀਆਂ ਕਰ ਰਿਹਾ ਹੈ ।
ਆਪਣੇ ਦੇਸ਼ ਦੀਆਂ ਬੁਰਾਈਆਂ ਨੂੰ ਗੁਣ ਸਮਝੀ ਜਾਣਾ ਦੇਸ਼-ਭਗਤੀ ਨਹੀਂ ਸਗੋਂ ਮੂਰਖਤਾ ਹੀ ਹੁੰਦੀ ਹੈ । ਜੇ ਕੋਈ ਵੱਡਾ ਦੇਸ਼ ਛੋਟੇ ਦੇਸ਼ਾਂ ਨੂੰ ਹੜੱਪ ਕਰਕੇ ਆਪਣੇ ਦੇਸ਼ ਨੂੰ ਵੱਡਾ ਕਰਦਾ ਹੈ ਤਾਂ ਇਸ ਵਿਚ ਵਡਿਆਈ ਵਾਲੀ ਕੋਈ ਗੱਲ ਨਹੀਂ । ਸੱਚਾ ਦੇਸ਼ ਭਗਤ ਆਪਣੇ ਦੇਸ਼ ਦੀ ਇਸ ਗੱਲ ਲਈ ਨਿਖੇਧੀ ਹੀ ਕਰਦਾ ਹੈ । ਦੇਸ਼-ਪਿਆਰ ਕਿਸੇ ਹੋਰ ਦੇਸ਼ ਪ੍ਰਤੀ ਪਿਆਰ ਨੂੰ ਖਤਮ ਕਰਕੇ ਵਧਦਾ ਨਹੀਂ ਸਗੋਂ ਹਰ ਮਨੁੱਖ ਵਿਚ ਇਸ ਪਿਆਰ ਨੂੰ ਵੇਖ ਕੇ ਹੀ ਵਧਦਾ ਫੁੱਲਦਾ ਹੈ । ਹਰ ਦੇਸ਼ ਵਿਚ ਅਮਨ ਸ਼ਾਂਤੀ ਤੇ ਮਨੁੱਖਤਾ ਦਾ ਸੰਦੇਸ਼ ਦੇਣਾ ਹੀ ਸੱਚੇ ਦੇਸ਼ ਭਗਤ ਦਾ ਫਰਜ਼ ਹੈ।