Punjabi Essay on “Daj Pratha”, “ਦਾਜ ਪ੍ਰਥਾ”, Punjabi Essay for Class 10, Class 12 ,B.A Students and Competitive Examinations.

ਦਾਜ ਪ੍ਰਥਾ

Daj Pratha

ਜਾਂ

ਦਾਜ ਇੱਕ ਲਾਹਨਤ

Daj Ek Lahnat

ਰੂਪ-ਰੇਖਾ- ਕੁਰੀਤੀਆਂ ਭਰਿਆ ਸਮਾਜ, ਭੂਮਿਕਾ, ਦਾਜ ਕੀ ਹੈ, ਪ੍ਰਥਾ ਦਾ ਆਰੰਭ, ਅਜੋਕਾ ਰੂਪ, ਮਾਪਿਆਂ ਦਾ ਕਰਜੇ ਲੈਣਾ, ਲੜਕੀਆਂ ਦੀ ਭੈੜੀ ਹਾਲਤ, ਦੂਰ ਕਰਨ ਦੇ ਉਪਾਅ, ਸਾਰ-ਅੰਸ਼

ਭੂਮਿਕਾ- ਪੁਰਾਤਨ ਸਮੇਂ ਤੋਂ ਇਹ ਰੀਤ ਚਲਦੀ ਆ ਰਹੀ ਹੈ ਕਿ ਵਿਆਹ ਵੇਲੇ ਧੀਆਂ ਦੇ ਮਾਂ-ਬਾਪ ਆਪਣੀ ਇੱਛਾ ਅਨੁਸਾਰ ਧੀ ਨੂੰ ਸੁਗਾਤ ਵਜੋਂ ਕੱਪੜੇ, ਗਹਿਣੇ ਅਤੇ ਘਰੇਲੂ ਸਮਾਨ ਦਿੰਦੇ ਸਨ। ਅਜੋਕੇ ਸਮੇਂ ਵਿੱਚ ਇਹ ਲਾਹਨਤ, ਸਮਾਜਿਕ ਕਲੰਕ ਅਤੇ ਭਿਆਨਕ ਸਮੱਸਿਆ ਬਣ

ਗਈ ਹੈ। ਵਿਆਹ ਨੂੰ ਦੋ ਰੂਹਾਂ ਦਾ ਮੇਲ ਕਿਹਾ ਜਾਂਦਾ ਸੀ, ਪਰ ਹੁਣ ਇਹ ਇੱਕ ਵਿਖਾਵਾ ਤੇ ਸੌਦੇਬਾਜੀ ਬਣ ਕੇ ਰਹਿ ਗਿਆ ਹੈ।

ਕੁਰੀਤੀਆਂ ਭਰਿਆ ਸਮਾਜ- ਭਾਰਤੀ ਸਮਾਜ ਵਿੱਚ ਅਨੇਕਾਂ ਕੁਰੀਤੀਆਂ ਹਨ। ਦਾਜ ਪ੍ਰਥਾ ਇਹਨਾਂ ਸਾਰਿਆਂ ਵਿੱਚੋਂ ਪ੍ਰਮੁੱਖ ਹੈ। ਸਮੇਂ-ਸਮੇਂ ਅਨੇਕਾਂ ਸਮਾਜ ਸੁਧਾਰਕਾਂ ਨੇ ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ਪਰ ਫਿਰ ਵੀ ਪੂਰੀ ਤਰ੍ਹਾਂ ਸਫ਼ਲਤਾ ਨਹੀਂ ਮਿਲ ਸਕੀ। ਦਾਜ ਦੀ ਪ੍ਰਥਾ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਕੁਰੀਤੀ ਬਾਰੇ ਸੋਚੀਏ ਤਾਂ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।

ਦਾਜ ਕੀ ਹੈ- ਦਾਜ ਦਾ ਅਰਥ ਹੈ, ਵਿਆਹ ਸਮੇਂ ਲੜਕੀ ਨੂੰ ਸੁਗਾਤ ਦੇ ਰੂਪ ਵਿੱਚ ਦਿੱਤੀਆਂ ਜਾਣ ਵਾਲੀਆਂ ਚੀਜ਼ਾਂ। ਭਾਰਤੀ ਸਮਾਜ ਵਿੱਚ ਇਸ ਪ੍ਰਥਾ ਦਾ ਬੋਲ-ਬਾਲਾ ਜ਼ਿਆਦਾ ਹੈ। ਇਸ ਦਾ ਵਰਨਣ ਸਾਡੀਆਂ ਪੁਰਾਤਨ ਲੋਕਗਥਾਵਾਂ ਵਿੱਚ ਵੀ ਹੈ। ਭਾਰਤੀ ਲੋਕ ਲੜਕੀ ਦਾ ਆਪਣੇ ਘਰੋਂ ਖ਼ਾਲੀ ਹੱਥ ਜਾਣਾ ਚੰਗਾ ਨਹੀਂ ਸਮਝਦੇ। ਕਈ ਲੋਕ ਆਪਣੀ ਪੂੰਜੀ ਅਤੇ ਜਾਇਦਾਦ ਵਿੱਚੋਂ ਲੜਕੀ ਨੂੰ ਦਾਜ ਦੀ ਸੂਰਤ ਵਿੱਚ ਕੁਝ ਭਾਗ ਦੇਣਾ ਆਪਣਾ ਫਰਜ਼ ਵੀ ਸਮਝਦੇ ਹਨ। ਕਈ ਮਾਂ-ਬਾਪ ਸਹੁਰੇ ਜਾਂਦੀ ਧੀ ਦੀ ਕੁਝ ਆਰਥਿਕ ਸਹਾਇਤਾ ਕਰਨਾ ਆਪਣਾ ਫ਼ਰਜ਼ ਮੰਨਦੇ ਹਨ।

ਪ੍ਰਥਾ ਦਾ ਆਰੰਭ- ਪੁਰਾਤਨ ਯੁੱਗ ਵਿੱਚ ਰਾਜੇ, ਮਹਾਰਾਜੇ ਆਪਣੀਆਂ ਲੜਕੀਆਂ ਦਾ ਸੁਅੰਬਰ ਰਚਾ ਕੇ ਉਹਨਾਂ ਨੂੰ ਵਿਆਹ ਕੇ ਦਾਜ ਦਿੰਦੇ ਸਨ।ਬਾਲਮੀਕ ਰਮਾਇਣ ਵਿੱਚ ਵੀ ‘ਯੋਤਿਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜਿਸ ਦਾ ਅਰਥ ਹੁੰਦਾ ਹੈ ‘ਦਹੇਜ’। ਸੀਤਾ ਜੀ ਨੂੰ ਵੀ ਰਾਜਾ ਜਨਕ ਨੇ ਦਹੇਜ ਵਿੱਚ ਧਨ ਦਿੱਤਾ ਸੀ। ਰਾਜਾ ਦਸ਼ਰਥ ਦੀ ਰਾਣੀ ਕੈਕਈ ਨੂੰ ਵੀ ਅਨੇਕਾਂ ਪਿੰਡ ਦਾਜ ਦੇ ਰੂਪ ਵਿੱਚ ਦਿੱਤੇ ਗਏ ਸਨ। ਰਾਜਿਆਂ ਤੋਂ ਇਹ ਪ੍ਰਥਾ ਉਹਨਾਂ ਦੇ ਦਰਬਾਰੀਆਂ ਵਿੱਚ ਆਈ ਤੇ ਫਿਰ ਹੌਲੀ-ਹੌਲੀ ਸਾਰੇ ਸਮਾਜ ਵਿੱਚ ਪ੍ਰਚੱਲਤ ਹੋ ਗਈ। ਪੁਰਾਤਨ ਕਾਲ ਵਿੱਚ ਧੀ ਨੂੰ ਵਿਆਹ ਦੇ ਮੌਕੇ ਦਾਜ ਦਿੱਤਾ ਜਾਂਦਾ ਸੀ, ਕਿਉਂ ਕਿ ਧੀ ਜਾਇਦਾਦ ਦੀ ਹਿੱਸੇਦਾਰ ਨਹੀਂ ਹੁੰਦੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਪ੍ਰਥਾ ਕੰਨਿਆ ਦਾਨ ਦੇ ਰੂਪ ਵਿੱਚ ਵੀ ਸ਼ੁਰੂ ਹੋਈ ਸੀ।

ਅਜੋਕਾ ਰੂਪ- ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਪੁਰਾਤਨ ਕਾਲ ਵਿੱਚ ਦਾਜ ਦੀ ਪ੍ਰਥਾ ਇੱਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਪਰ ਅਜੋਕੇ ਕਾਲ ਵਿੱਚ ਇਹ ਇੱਕ ਬੁਰਾਈ ਤੇ ਲਾਹਨਤ ਬਣ ਚੁੱਕੀ ਹੈ। ਅੱਜ ਦਾਜ ਦਾ ਅਰਥ ਕੁਝ ਜ਼ਰੂਰੀ ਸੁਗਾਤਾਂ ਤੱਕ ਹੀ ਸੀਮਤ ਨਹੀਂ ਸਗੋਂ ਦਾਜ ਦਾ ਭਾਵ ਲੱਖਾਂ ਰੁਪਏ ਨਕਦ, ਕਾਰ, ਸਕੂਟਰ ਤੇ ਹੋਰ ਕੀਮਤੀ ਸਮਾਨ ਤੋਂ ਲਿਆ ਜਾਂਦਾ ਹੈ। ਲੜਕੀ ਦੀ ਸ਼੍ਰੇਸ਼ਟਤਾ ਉਸ ਦੀ ਸੁੰਦਰਤਾ ਜਾਂ ਪੜ੍ਹਾਈ ਤੋਂ ਨਹੀਂ ਮਾਪੀ ਜਾਂਦੀ ਸਗੋਂ ਦਾਜ ਨਾਲ ਮਾਪੀ ਜਾਂਦੀ ਹੈ।ਵਰਾਂ ਦੀ ਨੀਲਾਮੀ ਹੁੰਦੀ ਹੈ। ਕਈ ਮਾਂ-ਬਾਪ ਤੇ ਸਪੱਸ਼ਟ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਲੜਕੇ ਨੂੰ ਪੜ੍ਹਾਇਆ-ਲਿਖਾਇਆ ਹੈ ਐਂਵੇ ਕੌਡੀਆਂ ਦੇ ਭਾਅ ਥੋੜ੍ਹਾ ਵਿਆਹੁਣਾ ਏ। ਬਹੁਤ ਸਾਰੇ ਲਾਲਚੀ ਲੋਕ ਪਹਿਲਾਂ ਹੀ ਨਿਸਚਿਤ ਰਕਮ ਤੇ ਸਮਾਨ ਲੈਣ ਦੀ ਗੱਲ ਪੱਕੀ ਕਰ ਲੈਂਦੇ ਹਨ। ਅਮੀਰਾਂ ਲਈ ਤਾਂ ਇਹ ਸ਼ਾਨ-ਸ਼ੌਕਤ ਹੈ ਪਰ ਗਰੀਬਾਂ ਲਈ ਮੁਸੀਬਤ ਬਣ ਕੇ ਰਹਿ ਗਈ ਹੈ।

ਮਾਪਿਆਂ ਦਾ ਕਰਜ਼ੇ ਲੈਣਾ- ਅਮੀਰ ਮਾਂ-ਬਾਪ ਤਾਂ ਦਾਜ ਦੇ ਕੇ ਵਿਖਾਵਾ ਕਰ ਲੈਂਦੇ ਹਨ, ਪਰ ਗਰੀਬ ਜਿਹੜੇ ਦਾਜ ਨਹੀਂ ਦੇ ਸਕਦੇ, ਉਹ ਕਰਜ਼ਾ ਚੁੱਕ ਕੇ ਦਾਜ ਦਾ ਪ੍ਰਬੰਧ ਕਰਦੇ ਹਨ। ਉਹਨਾਂ ਨੂੰ ਆਪਣੀ ਲਹੁ-ਪਸੀਨੇ ਦੀ ਕਮਾਈ ਦਾਜ ਦੇ ਲੇਖੇ ਲਾਉਣੀ ਪੈਂਦੀ ਹੈ। ਕਈ ਵਾਰ ਤਾਂ ਉਹ ਵਿਚਾਰੇ ਆਪਣੀ ਜਾਇਦਾਦ ਵੇਚਣ ਲਈ ਵੀ ਮਜ਼ਬੂਰ ਹੋ ਜਾਂਦੇ ਹਨ। ਉਹ ਵਿਚਾਰੇ ਲੜਕੀ ਦੇ ਪਤੀ ਤੇ ਉਸਦੇ ਸਹੁਰਿਆਂ ਨੂੰ ਖ਼ੁਸ਼ ਕਰਨ ਲਈ ਜਿੰਦਗੀ ਭਰ ਦੀ ਪੂੰਜੀ ਲਗਾ ਦਿੰਦੇ ਹਨ ਤਾਂ ਕਿ ਉਹਨਾਂ ਦੀ ਧੀ ਨਾਲ ਕੋਈ ਬੁਰਾ ਸਲੂਕ ਨਾ ਕਰੇ। ਕਈ ਲੜਕੀਆਂ ਤਾਂ ਮਾਂ-ਬਾਪ ਨੂੰ ਦੁਖੀ ਨਹੀਂ ਕਰਨਾ ਚਾਹੁੰਦੀਆਂ ਤੇ ਉਹ ਜ਼ਿੰਦਗੀ ਭਰ ਕੁਆਰੀ ਰਹਿਣਾ ਹੀ ਪਸੰਦ ਕਰਦੀਆਂ ਹਨ।

ਲੜਕੀਆਂ ਦੀ ਭੈੜੀ ਹਾਲਤ- ਜਦੋਂ ਲੜਕੀਆਂ ਆਪਣੇ ਸਹੁਰਿਆਂ ਦੀ ਇੱਛਾ ਅਨੁਸਾਰ ਦਾਜ ਨਹੀਂ ਲੈ ਕੇ ਆਉਂਦੀਆਂ ਤਾਂ ਦਾਜ ਦੇ ਲਾਲਚੀ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਉਹਨਾਂ ਦੇ ਮਾਂ-ਬਾਪ ਨੂੰ ਗਾਲਾਂ ਕੱਢਦੇ ਦੇ ਰਹਿੰਦੇ ਹਨ। ਕਈ ਵਾਰ ਤਾਂ ਸੱਸਾਂ ਨੂੰ ਲੱਗਦਾ ਹੈ ਕਿ ਪਹਿਲੇ ਆਈ ਨੂੰਹ ਨੂੰ ਕਿਸ ਤਰੀਕੇ ਮਾਰ ਦੇਈਏ ਤੇ ਲੜਕੇ ਦਾ ਦੂਜਾ ਵਿਆਹ ਕਰਕੇ ਹੋਰ ਦਾਜ ਮਿਲ ਜਾਵੇਗਾ। ਅਖ਼ਬਾਰਾਂ ਦੇ ਸਫ਼ੇ ਪਲਟੋ ਤਾਂ ਰੋਜ਼ ਇੱਕ ਅਜਿਹੀ ਖ਼ਬਰ ਪੜ੍ਹਨ ਨੂੰ ਮਿਲ ਜਾਂਦੀ ਹੈ। ਸੱਸ ਨੇ ਨੂੰਹ ਨੂੰ ਸਾੜ ਦਿੱਤਾ, ਲੜਕੀ ਨੇ ਸਹੁਰਿਆਂ ਵੱਲੋਂ ਦਾਜ ਲਈ ਤੰਗ ਕੀਤੇ ਜਾਣ ਤੇ ਆਤਮ-ਹੱਤਿਆ ਕਰ ਲਈ। ਬੜੀ ਸ਼ਰਮਨਾਕ ਗੱਲ ਲੱਗਦੀ ਹੈ ਕਿ ਕੁੜੀਆਂ ਇੰਨਾ ਪੜ੍ਹਨ-ਲਿਖਣ ਤੋਂ ਬਾਅਦ ਵੀ ਸੁਰੱਖਿਅਤ ਨਹੀਂ ਹਨ।

ਦਾਜ ਦੀ ਸਮੱਸਿਆ ਨੂੰ ਦੂਰ ਕਰਨੇ ਦੇ ਉਪਾਅ

ਸਰਕਾਰ ਨੇ ਇਸ ਲਾਹਨਤ ਨੂੰ ਖ਼ਤਮ ਕਰਨ ਲਈ ਉਪਰਾਲੇ ਕੀਤੇ ਹਨ। ਟੀ. ਵੀ. ਅਤੇ ਹੋਰ ਸਾਧਨਾਂ ਰਾਹੀਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਪਰ ਇਹ ਪ੍ਰਥਾ ਸਰਮਾਏਦਾਰੀ ਨਿਜ਼ਾਮ ਦੀ ਪੈਦਾਵਰ ਹੈ। ਇਸ ਲਾਹਨਤ ਦੇ ਹੁੰਦਿਆਂ ਸਾਡਾ ਸਮਾਜ ਬੌਧਿਕ ਜਾਂ ਨੈਤਿਕ ਤੌਰ ਤੇ ਵਿਕਸਿਤ ਨਹੀਂ ਹੋ ਸਕਦਾ। ਇਹ ਸਿਰਫ਼ ਕਹਿਣ ਦੀਆਂ ਗੱਲਾਂ ਹਨ ਕਿ ਔਰਤ ਨੂੰ ਮਰਦ ਦੇ ਮੁਕਾਬਲੇ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਕਈ ਥਾਵਾਂ ਤੇ ਔਰਤ ਨੂੰ ਅਜੇ ਵੀ ਦਾਸੀ ਹੀ ਸਮਝਿਆ ਜਾਂਦਾ ਹੈ। ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਸਮਾਜਿਕ ਚੇਤਨਾ ਪੈਦਾ ਕਰਨੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਸ ਲਈ ਯੁਵਾ ਪੀੜ੍ਹੀ ਨੂੰ ਅੱਗੇ ਆਉਣਾ ਪਵੇਗਾ। ਲੜਕਿਆਂ ਨੂੰ ਦਾਜ ਮੰਗਣ ਵਿੱਚ ਆਪਣੇ ਮਾਤਾ-ਪਿਤਾ ਦਾ ਸਾਥ ਨਹੀਂ ਦੇਣਾ ਚਾਹੀਦਾ। ਲੜਕੀ ਨੂੰ ਵੀ ਉੱਥੇ ਵਿਆਹ ਕਰਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ, ਜਿੱਥੇ ਦਾਜ ਦੀ ਮੰਗ ਕੀਤੀ ਜਾਵੇ। ਮੁੰਡਿਆਂ ਤੇ ਕੁੜੀਆਂ ਨੂੰ ਉਹਨਾਂ ਦੀ ਨਿੱਜੀ ਚੌਣ ਦੇ ਅਧਾਰ ਤੇ ਵਿਆਹ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ।ਇਸ ਨਾਲ ਵੀ ਸੌਦੇਬਾਜ਼ੀ ਦਾ ਪ੍ਰਭਾਵ ਘੱਟ ਸਕਦਾ ਹੈ। ਔਰਤ ਨੂੰ ਘਰ ਦੀ ਸ਼ਾਨ ਸਮਝਣਾ ਚਾਹੀਦਾ ਹੈ, ਪੈਰ ਦੀ ਜੁੱਤੀ ਨਹੀਂ। ਮੈਥਲੀ ਸ਼ਰਨ ਗੁਪਤ ਦੀਆਂ ਇਹ ਸਤਰਾਂ ਤਰਸਯੋਗ ਔਰਤ ਦੀ ਹਾਲਤ ਨੂੰ ਬਿਆਨ ਕਰਦੀਆਂ ਹਨ।-

ਅਬਲਾ ਜੀਵਨ ਹਾਇ ਤੇਰੀ ਜਹਿ ਕੇਹੀ ਕਹਾਨੀ,

ਆਂਚਲ ਮੇਂ ਹੈ ਦੁੱਧ ਔਰ ਆਂਖੋਂ ਮੇਂ ਪਾਨੀ।

 

ਸਾਰ-ਅੰਸ਼- ਦਾਜ-ਪ੍ਰਥਾ ਸਾਡੇ ਸਮਾਜ ਨੂੰ ਲੱਗਾ ਹੋਇਆ ਇੱਕ ਕੋੜ ਹੈ। ਜਿਸ ਸਮਾਜ ਵਿੱਚ ਘਰ ਦੀ ਨੂੰਹ ਨੂੰ ਪਿਆਰ ਦੀ ਥਾਂ ਤਸੀਹੇ ਦਿੱਤੇ ਜਾਣ ਉਹ ਅਸੱਭਿਆ ਤੇ ਅਵਿਕਸਿਤ ਸਮਾਜ ਹੀ ਕਹਾਏਗਾ। ਆਓ ਅਸੀਂ ਸਾਰੇ ਇਸ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਇਕੱਠੇ ਮਿਲ ਕੇ ਯਤਨ ਕਰੀਏ ਤੇ ਇਹੋ ਜਿਹੀ ਕੁਰੀਤੀ ਨੂੰ ਜੜ੍ਹ ਤੋਂ ਪੁੱਟਣ ਲਈ ਲੱਕ ਬੰਨ ਲਈਏ। ਕਿਸੇ ਕਵੀ ਨੇ ਠੀਕ ਹੀ ਕਿਹਾ ਹੈ-

ਛੱਡੋ ਦੇਸ਼ ਵਾਸੀਓ ਭੈੜੇ ਰਿਵਾਜ ਨੂੰ

ਸਵੇਰਿਆਂ ਦੇ ਚਾਨਣੇ ਵਿੱਚ ਬਦਲੋ ਸਮਾਜ ਨੂੰ।

5 Comments

  1. Pankaj mishra January 25, 2020
  2. Tahira June 19, 2020
  3. Tahira June 19, 2020
  4. Arsh Deep Singh sandhu June 16, 2022
  5. Alisha May 3, 2023

Leave a Reply