Punjabi Essay on “Cable TV de Labh ta Haniya”, “ਕੇਬਲ ਟੀ. ਵੀ. ਦੇ ਲਾਭ ਤੇ ਹਾਨੀਆ”, Punjabi Essay for Class 10, Class 12 ,B.A Students and Competitive Examinations.

ਕੇਬਲ ਟੀ. ਵੀ. ਦੇ ਲਾਭ ਤੇ ਹਾਨੀਆ

Cable TV de Labh ta Haniya 

 

 

ਰੂਪ-ਰੇਖਾ- ਭੂਮਿਕਾ, ਮਨੋਰੰਜਨ ਦਾ ਸਾਧਨ, ਪੱਛਮੀ ਸੱਭਿਆਚਾਰ ਦਾ ਪ੍ਰਭਾਵ, ਰੁਚੀਆਂ ਦਾ ਬਦਲਣਾ, ਜੁਰਮਾਂ ਦਾ ਵੱਧਣਾ, ਸਮੇਂ ਦੀ ਬਰਬਾਦੀ, ਸਾਰ-ਅੰਸ਼

 

ਭੂਮਿਕਾ- ਕੇਬਲ ਟੀ. ਵੀ. ਵੀ ਵਿਗਿਆਨ ਦੀਆਂ ਬਾਕੀ ਕਾਢਾਂ ਵਾਂਗ ਇੱਕ ਮਹਾਨ ਕਾਢ ਹੈ। ਅੱਜ ਕੋਈ ਵਿਰਲਾ ਹੀ ਘਰ ਅਜਿਹਾ ਮਿਲੇਗਾ ਜਿਸ ਵਿੱਚ ਕੇਬਲ ਟੀ. ਵੀ. ਨਹੀਂ ਹੈ। ਇਹ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਦੇਸ਼ਵਿਦੇਸ਼ ਦੇ ਟੀ. ਵੀ. ਚੈਨਲਾਂ ਦੇ ਪ੍ਰੋਗਰਾਮਾਂ ਨੂੰ ਸੈਟੇਲਾਈਟ ਰਾਹੀਂ ਪ੍ਰਾਪਤ ਕਰ ਕੇ ਕੇਬਲਾਂ ਦਾ ਜਾਲ ਵਿਛਾ ਕੇ ਘਰ-ਘਰ ਪਹੁੰਚਾਇਆ ਜਾਂਦਾ ਹੈ। ਭਾਰਤ ਦੇ ਆਮ ਸ਼ਹਿਰਾਂ ਵਿੱਚ 100 ਤੱਕ ਟੀ. ਵੀ. ਚੈਨਲਾਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਬੰਧ ਹੈ। ਜੀ. ਟੀ. ਵੀ., ਕਾਰਟੂਨ ਟੀ. ਵੀ. ਆਦਿ ਲੋਕਾਂ ਦੇ ਹਰਮਨ-ਪਿਆਰੇ ਚੈਨਲ ਹਨ। ਕੋਈ ਸਮਾਂ ਸੀ ਕਿ ਨੈਸ਼ਨਲ ਚੈਨਲ ਤੇ ਹਫ਼ਤੇ ਵਿੱਚ ਦੋ ਵਾਰੀ ਫ਼ਿਲਮ ਦਿਖਾਈ ਜਾਂਦੀ ਸੀ। ਵੱਡੇ-ਛੋਟੇ ਸਭ ਉਸ ਸਮੇਂ ਤੱਕ ਕੰਮ-ਕਾਜ ਮੁਕਾ ਕੇ ਟੀ. ਵੀ. ਅੱਗੇ ਬੈਠ ਜਾਂਦੇ ਸਨ। ਦੋ ਵਾਰ ਹਫ਼ਤੇ ਵਿੱਚ ਗਾਣਿਆਂ ਦਾ ਪ੍ਰੋਗਰਾਮ ਹੁੰਦਾ ਸੀ ਬਾਕੀ ਸਮੇਂ ਵਿੱਚ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਸਨ ਪਰੰਤੂ ਅੱਜ ਕੇਬਲ ਟੀ. ਵੀ. ਰਾਹੀਂ ਕੁੱਝ ਟੀ. ਵੀ. ਚੈਨਲ ਨਿਰੀਆਂ ਫ਼ਿਲਮਾਂ, ਕੁੱਝ ਨਿਰੀਆਂ ਖ਼ਬਰਾਂ, ਕੁਝ ਨਿਰੇ ਗਾਣੇ ਆਦਿ ਪੇਸ਼ ਕਰਦੇ ਹਨ।

 

ਮਨੋਰੰਜਨ ਦਾ ਸਾਧਨ- ਕੇਬਲ ਟੀ. ਵੀ. ਅੱਜ ਦੇ ਯੁੱਗ ਵਿੱਚ ਮਨੋਰੰਜਨ ਦਾ ਪਖ ਤੇ ਸਸਤਾ ਸਾਧਨ ਹੈ। ਇਹ ਵੱਖ-ਵੱਖ ਤਰੀਕਿਆਂ ਨਾਲ ਸਾਡਾ ਮਨੋਰੰਜਨ ਕਰਦਾ ਹੈ। ਇਹ ਦਿਨ-ਰਾਤ ਸਾਡਾ ਮਨ-ਪ੍ਰਚਾਵਾ ਕਰਦਾ ਹੈ। ਇਹ ਗੀਤ, ਫਿਲਮਾਂ, ਨਾਟਕ, ਕਹਾਣੀਆਂ, ਕਾਰਟੂਨ, ਹਾਸ-ਰਸ ਪ੍ਰੋਗਰਾਮ ਆਦਿ ਪੇਸ਼ ਕਰਦਾ ਹੈ। ਹਰ ਮਨੁੱਖ ਆਪਣੀ ਮਰਜ਼ੀ ਦਾ ਚੈਨਲ ਲਗਾ ਕੇ ਜਿਹੜਾ ਪ੍ਰੋਗਰਾਮ ਦੇਖਣਾ ਚਾਹੇ ਦੇਖ ਸਕਦਾ ਹੈ। ਇਹ ਸਵੇਰੇ 4 ਵਜੇ ਤੋਂ ਹੀ ਧਾਰਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੰਦਾ ਹੈ। ਇਹ ਲੋਕਾਂ ਲਈ ਰੁਮਾਂਟਿਕ, ਧਾਰਮਿਕ, ਸੱਭਿਆਚਾਰਕ,ਇਤਿਹਾਸਿਕ ਤੇ ਗਿਆਨ ਵਧਾਊ ਜਾਂ ਹਲਕੇ-ਫੁਲਕੇ ਪ੍ਰੋਗਰਾਮ ਲੈ ਕੇ ਹਾਜ਼ਰ ‘ ਹੁੰਦਾ ਹੈ। ਇਸ ਉੱਤੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਹਰ ਉਮਰ ਨਾਲ ਸੰਬੰਧਿਤ ਹੁੰਦੇ ਹਨ। ਸੁਆਣੀਆਂ ਸਵੇਰੇ ਬੱਚਿਆਂ ਨੂੰ ਸਕੂਲ ਭੇਜ ਕੇ ਅਰਾਮ ਨਾਲ ਆਪਣੇ ‘ ਮਨ-ਪਸੰਦ ਪੋਗਰਾਮ ਦੇਖਦੀਆਂ ਹਨ। ਔਰਤਾਂ ਲਈ ਵਿਸ਼ੇਸ਼ ਤੌਰ ਤੇ ਰਸੋਈ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ। ਬੱਚਿਆਂ ਲਈ ਕਾਰਟੂਨ ਵੀ ਦਿਖਾਏ ਜਾਂਦੇ ਹਨ। ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਸਪੈਸ਼ਲ ਕਿਰਿਆਤਮਕ ਪ੍ਰੋਗਰਾਮ ਵੀ ਦਿਖਾਏ ਜਾਂਦੇ ਹਨ। ਵੱਡੇ ਬੱਚਿਆਂ ਲਈ ਭਿੰਨਭਿੰਨ ਦੇਸ਼ਾਂ ਨਾਲ ਸੰਬੰਧਿਤ ਸੱਭਿਆਚਾਰਾਂ ਦੇ ਪ੍ਰੋਗਰਾਮ, ਰੁਮਾਂਟਿਕ ਕਹਾਣੀਆਂ, ਮਾਰ-ਧਾੜ, ਖੇਡਾਂ, ਵਿਗਿਆਨਕ ਖੋਜਾਂ ਆਦਿ ਪ੍ਰੋਗਰਾਮ ਦਿਖਾਏ ਜਾਂਦੇ ਹਨ। ਕੇਬਲ ਟੀ. ਵੀ. ਸਾਡੇ ਤੱਕ ਖ਼ਬਰਾਂ ਦੇ ਚਿੱਤਰ ਤੇ ਜਿਉਂਦੇ ਜਾਗਦੇ ਪ੍ਰੋਗਰਾਮ ਪਹੁੰਚਾਉਂਦਾ ਹੈ, ਜਿਨ੍ਹਾਂ ਨੂੰ ਹਰ ਵਿਅਕਤੀ ਦੇਖਣ ਦੀ ਇੱਛਾ ਰੱਖਦਾ ਹੈ। ਰਾਜਸੀ ਘਟਨਾਵਾਂ ਤੇ ਉੱਥਲ-ਪੁੱਥਲ ਸਬੰਧੀ ਪ੍ਰੋਗਰਾਮ ਵੀ ਦਿਖਾਏ ਜਾਂਦੇ ਹਨ। ਕੇਬਲ ਟੀ. ਵੀ. ਹਰ ਤਰ੍ਹਾਂ ਨਾਲ ਮਨੁੱਖ ਦੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ। ਇਹ ਸਾਡੇ ਵਿਚਾਰਾਂ ਨੂੰ ਮੋੜਾ ਦੇਣ ਵਿੱਚ ਵੀ ਸਹਾਈ ਸਿੱਧ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਉਸਾਰੂ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ।

  

ਕੇਬਲ ਟੀ. ਵੀ. ਨੇ ਸਾਡੇ ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਜੀਵਨ ਤੇ ਮਾਨਸਿਕਤਾ ਨੂੰ ਝੰਜੋੜ ਵੀ ਦਿੱਤਾ ਹੈ। ਇਸ ਦੇ ਲਾਭਾਂ ਦੇ ਨਾਲ-ਨਾਲ ਇਸ ਦੀਆਂ ਹਾਨੀਆਂ ਵੀ ਪ੍ਰਤੱਖ ਰੂਪ ਵਿੱਚ ਦਿਖਾਈ ਦੇ ਰਹੀਆਂ ਹਨ।

 

ਪੱਛਮੀ ਸੱਭਿਆਚਾਰ ਦਾ ਪ੍ਰਭਾਵ- ਨਿਰਸੰਦੇਹ ਕੇਬਲ ਟੀ. ਵੀ. ਦਾ ਕੋਈ ਮੁਕਾਬਲਾ ਨਹੀਂ ਹੈ। ਕੇਬਲ ਟੀ. ਵੀ. ਰਾਹੀਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਵਿੱਚ ਪੱਛਮੀ ਸੱਭਿਆਚਾਰਾਂ ਦਾ ਨੰਗੇਜ਼ ਫੈਸ਼ਨ ਪਸਤੀ ਵਿਖਾਈ ਜਾਂਦੀ ਹੈ। ਇਹ ਸਾਡੇ ਸੱਭਿਆਚਾਰ ਨੂੰ ਬਹੁਤ ਨੁਕਸਾਨ ਦੇ ਰਹੀ ਹੈ। ਸਾਡਾ ਸੱਭਿਆਚਾਰ ਮੈਲਾ ਹੁੰਦਾ ਜਾ ਰਿਹਾ ਹੈ। ਭਾਰਤੀ, ਖਾਸ ਕਰ ਨੌਜੁਆਨ ਤੇ ਬੱਚੇ ਆਪਣੇ ਸੱਭਿਆਚਾਰ ਨੂੰ ਭੁਲਾਉਂਦੇ ਜਾ ਰਹੇ ਹਨ। ਉਹ ਆਪਣੇ ਸੱਭਿਆਚਾਰ ਦੀਆਂ ਚੰਗੀਆਂ ਗੱਲਾਂ ਤਿਆਗ ਰਹੇ ਹਨ ਤੇ ਪੱਛਮੀ ਸੱਭਿਆਚਾਰ ਨੂੰ ਅਪਨਾ ਰਹੇ ਹਨ। ਆਪਸੀ ਰਿਸ਼ਤਿਆਂ ਦਾ ਪਿਆਰ ਘੱਟ ਰਿਹਾ ਹੈ। ਬੱਚਿਆਂ ਦੇ ਦਿਲਾਂ ਵਿੱਚੋਂ ਵੱਡਿਆਂ ਦਾ ਸਤਿਕਾਰ ਘੱਟਦਾ ਜਾ ਰਿਹਾ ਹੈ। ਧਾਰਮਿਕ ਵਿਚਾਰ ਅਲੋਪ ਹੁੰਦੇ ਜਾ ਰਹੇ ਹਨ। ਬੱਚੇ ਅਤੇ ਨੌਜਵਾਨ ਸਵੇਰੇ-ਸਵੇਰੇ ਰੱਬ ਦਾ ਨਾਮ ਲੈਣ ਦੀ ਥਾਂ ਗਾਣੇ ਸੁਣਨਾ ਪਸੰਦ ਕਰਦੇ ਹਨ। ਮਨੁੱਖਤਾ ਜੀਵਨ ਰੁੱਖਾ ਤੇ ਨੀਰਸ ਬਣਦਾ ਜਾ ਰਿਹਾ ਹੈ।

 

ਰੁਚੀਆਂ ਦਾ ਬਦਲਣਾ- ਕੇਬਲ ਟੀ. ਵੀ. ਵਪਾਰੀਆਂ ਲਈ ਤਾਂ ਬਹੁਤ ਲਾਹੇਵੰਦ ਸਾਬਤ ਹੋਇਆ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਉਤਪਾਦਨਾਂ ਨੂੰ ਵੇਚਣ ਲਈ ਵਿਸ਼ਵ ਸੁੰਦਰੀਆਂ ਤੇ ਮਾਡਲਾਂ ਰਾਹੀਂ ਆਪਣੇ ਮਾਲ ਦਾ ਪ੍ਰਚਾਰ ਕਰ ਕੇ ਖਾਣ-ਪੀਣ, ਪਹਿਨਣ ਤੇ ਰਹਿਣ-ਸਹਿਣ ਸਬੰਧੀ ਸਾਡੀਆਂ ਰੁਚੀਆਂ ਨੂੰ ਬਦਲ ਰਹੀਆਂ ਹਨ। ਬੱਚਿਆਂ ਤੇ ਨੌਜਵਾਨਾਂ ਵਿੱਚ ਖ਼ਾਸ ਕਿਸਮ ਦੇ ਸਾਬਣਾਂ ਤੇ ਟੁੱਥ ਪੇਸਟਾਂ ਨੂੰ ਵਰਤਣ ਤੇ ਫਾਸਟ ਫੂਡ ਖਾਣ ਦੀਆਂ ਰੁਚੀਆਂ ਵੱਧ ਰਹੀਆਂ ਹਨ। ਉਹ ਦੁੱਘ-ਘਿਉ ਤੇ ਮੱਖਣ-ਮਲਾਈ ਖਾਣ ਤੋਂ ਦੂਰ ਹੁੰਦੇ ਜਾ ਰਹੇ ਹਨ।ਵਪਾਰਕ ਕੰਪਨੀਆਂ ਤਾਂ ਆਪਣੇ ਉਤਪਾਦਨ ਨੂੰ ਵੇਚ ਕੇ ਮਾਲਾ-ਮਾਲ ਹੋ ਰਹੀਆਂ ਹਨ ਪਰ ਲੋਕਾਂ ਦੀ ਖ਼ਰੀਦ-ਸ਼ਕਦੀ ਘੱਟਦੀ ਜਾ ਰਹੀ ਹੈ। ਉਹ ਮਾਨਸਿਕ ਤੇ ਆਰਥਿਕ ਉਲਝਣਾਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ।

 

ਜੁਰਮਾਂ ਦਾ ਵੱਧਣਾ- ਕੇਬਲ ਟੀ. ਵੀ. ਨੇ ਜਿੱਥੇ ਵਾਰਦਾਤ, ਸੀ. ਆਈ. ਡੀ. ਸਨਸਨੀ, ਕਰਾਈਮ ਰਿਪੋਰਟਰ, ਜਾਗੋ ਇੰਡੀਆ ਵਰਗੇ ਪ੍ਰੋਗਰਾਮ ਦੇ ਕੇ ਸਾਡੇ ਸਮਾਜ ਵਿੱਚ ਫੈਲੇ ਜੁਰਮ, ਭ੍ਰਿਸ਼ਟਾਚਾਰ, ਅਨੈਤਿਕ ਤੇ ਸਮਾਜ ਵਿਰੋਧੀ ਕਾਰਵਾਈਆਂ ਨੂੰ ਨੰਗਾ ਕਰਕੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ ਉੱਥੇ ਭੋਲੇ-ਭਾਲੇ ਲੋਕਾਂ ਨੂੰ ਜੁਰਮ ਕਰਨ ਲਈ ਉਤਸ਼ਾਹਿਤ ਵੀ ਕੀਤਾ ਹੈ। ਬਹੁਤ ਸਾਰੇ ਲੋਕ ਇਹਨਾਂ ਪ੍ਰੋਗਰਾਮਾਂ ਨੂੰ ਦੇਖ ਕੇ ਜੁਰਮ ਕਰਨਾ ਸਿਖਦੇ ਹਨ। ਅਕਸਰ ਹੀ ਖ਼ਬਰਾਂ ਵਿੱਚ ਸੁਣਨ ਜਾਂ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਜਾਂ ਨੌਕਰ ਨੇ ਖ਼ਤਰਨਾਕ ਜੁਰਮ ਕੀਤਾ ਹੈ। ਲੜੀਵਾਰ ਨਾਟਕਾਂ ਵਿੱਚ ਵੀ ਦਿਖਾਇਆ ਜਾਂਦਾ ਹੈ ਕਿ ਸੱਸ ਨੇ ਨੂੰਹ ਤੇ ਕਿਸ ਤਰ੍ਹਾਂ ਅਤਿਆਚਾਰ ਕੀਤਾ ਜਾਂ ਨੂੰਹ ਨੇ ਕਿਸ ਤਰਾਂ ਸੱਸ ਘਰੋਂ ਬਾਹਰ ਕੱਢਿਆ। ਇਹ ਸਾਰੀਆਂ ਗੱਲਾਂ ਦਾ ਪ੍ਰਭਾਵ ਅਕਸਰ ਔਰਤਾਂ ਤੇ ਦੇਖਣ ਨੂੰ ਮਿਲਦਾ ਹੈ।

 

ਸਮੇਂ ਦੀ ਬਰਬਾਦੀ- ਕੇਬਲ ਟੀ. ਵੀ. ਸਮੇਂ ਦੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਹੈ। ਘਰਾਂ ਵਿੱਚ ਟੀ. ਵੀ. ਸਾਰਾ ਦਿਨ ਚਲਦਾ ਰਹਿੰਦਾ ਹੈ। ਫ਼ਿਲਮ ਲੜੀਵਾਰ ਨਾਟਕਾਂ ਤੇ ਨਾਚ-ਗਾਣਿਆਂ ਦਾ ਸੁਆਦ ਲੈਣ ਵਿੱਚ ਹੀ ਸਮਾਂ ਨਸ਼ ਹੋ ਜਾਂਦਾ ਹੈ। ਟੀ. ਵੀ. ਤੇ ਲਗਾਤਾਰ ਪ੍ਰੋਗਰਾਮ ਦੇਖਣ ਤੋਂ ਬਾਅਦ ਅੱਖਾਂ ਦੇ ਥੱਕ ਜਾਂਦੀਆਂ ਹਨ ਕਿ ਹੋਰ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ। ਅਸ ਇੰਨੇ ਮਗਨ ਹੋ ਜਾਂਦੇ ਹਾਂ ਕਿ ਕੰਮ ਦਾ ਜਾਂ ਸਮੇਂ ਦਾ ਧਿਆਨ ਹੀ ਨਹੀਂ ।

 

ਸਾਰ-ਅੰਸ਼- ਕੇਬਲ ਟੀ. ਵੀ. ਸਾਡਾ ਭਰਪੂਰ ਮਨੋਰੰਜਨ ਕਰਦਾ ਹੈ। ਅਸੀਂ ਘਰ ਬੈਠਿਆਂ ਹੀ ਸਾਰੀ ਦੁਨੀਆਂ ਨਾਲ ਜੁੜ ਜਾਂਦੇ ਹਾਂ। ਦੁਨੀਆਂ ਬੜੀ ਨੇੜੇ ਲੱਗਣ ਲੱਗਦੀ ਹੈ। ਇਨ੍ਹਾਂ ਸਾਰੀਆਂ ਚੀਜਾਂ ਵਿੱਚ ਕੇਬਲ ਦਾ ਕੋਈ ਮੁਕਾਬਲਾ ਨਹੀਂ ਹੈ। ਇਹ ਇੱਕ ਵਰਦਾਨ ਦੀ ਤਰ੍ਹਾਂ ਹੈ। ਸਮੇਂ ਦਾ ਧਿਆਨ ਰੱਖੇ ਬਿਨਾਂ ਜਾਂ ਚੰਗੇ-ਮਾੜੇ ਪ੍ਰੋਗਰਾਮਾਂ ਨੂੰ ਦੇਖਣ ਨਾਲ ਵਿਅਕਤੀਗਤ ਜੀਵਨ ਤੇ ਬਹੁਤ ਮਾੜਾ ਅਸਰ ਹੁੰਦਾ ਹੈ। ਸੱਭਿਆਚਾਰ ਵੀ ਗੰਦਲਾ ਹੁੰਦਾ ਹੈ। ਅਸਲ ਵਿੱਚ ਇਹ ਨੁਕਸਾਨ ਉਸ ਸਮੇਂ ਹੀ ਪਹੁੰਚਾਉਂਦਾ ਹੈ, ਜਦੋਂ ਇਸ ਦੀ ਵਰਤੋਂ ਠੀਕ ਢੰਗ ਨਾਲ ਨਾ ਕੀਤੀ ਜਾਵੇ। ਇਸ ਕਰਕੇ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤੇ ਵਪਾਰੀਆਂ ਵੱਲੋਂ ਦਿੱਤੀਆਂ ਗਈਆਂ ਮਸ਼ਹੂਰੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੇ ਅਸੀਂ ਇਸ ਦੀ ਨਜ਼ਾਇਜ ਵਰਤੋਂ ਕਰਾਂਗੇ ਤਾਂ ਹੀ ਸਾਡੇ ਲਈ ਮੁਸੀਬਤ ਹੀ ਬਣੇਗਾ।

Leave a Reply