ਖਰਗੋਸ਼ ਅਤੇ ਕਛੂਆ
Khargosh ate Kachua
ਕਿਸੇ ਜੰਗਲ ਵਿਚ ਇਕ ਖਰਗੋਸ਼ ਅਤੇ ਕਛੁਆ ਰਹਿੰਦੇ ਸਨ। ਖਰਗੋਸ਼ ਸ਼ਰਾਰਤੀ ਹੋਣ ਦੇ ਨਾਲ-ਨਾਲ ਹੰਕਾਰੀ ਵੀ ਬਹੁਤ ਸੀ। ਉਸ ਨੂੰ ਇਸ ਗੱਲ ਦਾ ਬਹੁਤ ਮਾਣ ਸੀ ਕਿ ਉਹ ਬਹੁਤ ਤੇਜ਼ ਦੌੜ ਸਕਦਾ ਸੀ। ਇਕ ਦਿਨ ਉਸਨੇ ਕਛੂਏ ਨੂੰ ਆਪਣੇ ਨਾਲ ਦੌੜ ਲਾਉਣ ਲਈ ਆਖਿਆ। ਕਛੂਆ ਮੰਨ ਗਿਆ।
ਦੌੜ ਲਾਉਣ ਤੋਂ ਪਹਿਲਾਂ ਉਹਨਾਂ ਨੇ ਇਕ ਜਗਾ ਮਿੱਥ ਲਈ। ਖਰਗੋਸ਼ ਸ਼ੁਰੂ ਵਿਚ ਹੀ ਬਹੁਤ ਤੇਜ਼ ਦੌੜਿਆ ਅਤੇ ਮਿੰਟਾਂ-ਸਕਿੰਟਾਂ ਵਿਚ ਹੀ ਉਹ ਅੱਖਾਂ ਤੋਂ ਦੂਰ ਹੋ ਗਿਆ। ਉਸ ਨੇ ਕੁਝ ਥਕਾਵਟ ਮਹਿਸੂਸ ਕੀਤੀ। ਉਹ ਇਕ ਰੁੱਖ ਦੀ ਛਾਂ ਹੇਠ ਬੈਠ ਗਿਆ। ਜਲਦੀ ਹੀ ਉਸ ਨੂੰ ਗੁੜ੍ਹੀ ਨੀਂਦ ਆ ਗਈ। ਉਹ ਘੁਰਾੜੇ ਮਾਰਣ ਲੱਗ ਪਿਆ।
ਕਛੂਆ ਆਪਣੀ ਚਾਲੇ ਚੱਲਦਾ ਰਿਹਾ। ਉਹ ਰਸਤੇ ਵਿਚ ਕਿਤੇ ਵੀ ਨਾ ਰੁੱਕਿਆ ਅਤੇ ਨਾ ਹੀ ਉਸ ਨੇ ਆਰਾਮ ਕੀਤਾ। ਕੁਝ ਸਮੇਂ ਬਾਅਦ ਕਛੂਆ ਉੱਥੋਂ ਲੰਘਿਆ ਤਾਂ ਉਸ ਨੇ ਖਰਗੋਸ਼ ਨੂੰ ਗੁੜੀ ਨੀਂਦ ਵਿਚ ਸੁੱਤੇ ਵੇਖਿਆ। ਉਹ ਤੁਰਦਾ ਰਿਹਾ ਅਤੇ ਸ਼ਾਮ ਪੈਣ ਤੋਂ ਪਹਿਲਾਂ ਨਿਸ਼ਚਿਤ ਥਾਂ ਤੇ ਜਾ ਪੁੱਜਾ।
ਇੱਧਰ ਖਰਗੋਸ਼ ਦੀ ਅੱਖ ਖੁਲ੍ਹੀ ਤਾਂ ਉਸਨੇ ਮਿੱਥੇ ਸਥਾਨ ਵੱਲ ਤੇਜ਼ੀ ਨਾਲ ਦੌੜਨਾ ਸ਼ੁਰੂ ਕੀਤਾ।ਉਸਨੇ ਸੋਚਿਆ’ਕਿ ਕਛੂਆ ਅਜੇ ਆਪਣੀ ਮੰਜ਼ਿਲ `ਤੇ ਨਹੀਂ ਪੁੱਜਾ ਹੋਣਾ। ਪਰ ਜਦੋਂ ਉਹ ਉੱਥੇ ਪੁੱਜਾ ਤਾਂ ਅੱਗੇ ਕਛੁਆ ਬੈਠਾ ਹੱਸ ਰਿਹਾ ਸੀ। ਸ਼ਰਮ ਨਾਲ ਖਰਗੋਸ਼ ਦਾ ਸਿਰ ਝੁੱਕ ਗਿਆ। ਉਸ ਨੇ ਅੱਗੇ ਤੋਂ ਹੰਕਾਰ ਨਾ ਕਰਨ ਦਾ ਪ੍ਰਣ ਕਰ ਲਿਆ।
ਸਿੱਖਿਆ-ਹੰਕਾਰੀ ਦਾ ਸਿਰ ਸਦਾ ਨੀਵਾਂ ਹੁੰਦਾ ਹੈ।