ਯਾਤਰਾ ਜਾਂ ਸਫ਼ਰ ਦੇ ਲਾਭ
Yatra ya Safar de Laabh
ਜਦੋਂ ਅਸੀਂ ਘਰ ਤੋਂ ਬਾਹਰ ਜਾ ਕੇ ਕਿਸੇ ਜਗਾ ਤੇ ਘੁੰਮਦੇ-ਫਿਰਦੇ ਹਾਂ ਤਾਂ ਸਾਨੂੰ ਸਫ਼ਰ ਕਰਨਾ ਪੈਂਦਾ ਹੈ। ਸਫ਼ਰ ਜਾਂ ਯਾਤਰਾ ਮਨੁੱਖੀ ਜੀਵਨ ਦਾ ਅੰਗ ਹੁੰਦਾ ਹੈ। ਵਿਦਿਆਰਥੀਆਂ ਵਿੱਚ ਇਸ ਦੀ ਖਾਸ ਮਹਾਨਤਾ ਹੈ । ਯਾਤਰਾਵਾਂ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ। ਇਹ ਪੁਸਤਕਾਂ ਨਾਲੋਂ ਵੀ ਜ਼ਿਆਦਾ ਲਾਹੇਵੰਦ ਸਿੱਧ ਹੁੰਦੀਆ ਹਨ। ਇੱਕ ਛੋਟਾ ਜਿਹਾ ਬੱਚਾ ਵੀ ਜਿਹੜੀ ਇਤਿਹਾਸਕ ਇਮਾਰਤ ਦੇਖ ਲੈਂਦਾ ਹੈ ਕਦੇ ਭੁੱਲਦਾ ਨਹੀਂ। ਬੰਦਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਗੋਂ ਯਾਤਰਾਵਾਂ ਰਾਹੀਂ ਥਾਂ-ਥਾਂ ਆ ਕੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਜੇ ਕੋਈ ਵਿਦਿਆਰਥੀ ਕਸ਼ਮੀਰ ਦੀ ਯਾਤਰਾ ਕਰ ਲੈਂਦਾ ਹੈ ਤਾਂ ਉਹ ਉਸ ਬਾਰੇ ਅਰਾਮ ਨਾਲ ਲਿਖ ਲੈਂਦਾ ਹੈ ਪਰ ਯਾਦ ਕਰਕੇ ਲਿਖਣਾ ਉਸ ਨੂੰ ਕਈ ਵਾਰ ਚੰਗਾ ਨਹੀਂ ਲੱਗਦਾ। ਇਤਿਹਾਸ, ਭੂਗੋਲ, ਸਮਾਜ ਵਿਗਿਆਨ ਦੀ ਪੜ੍ਹਾਈ ਲਈ ਯਾਤਰਾਵਾਂ ਕਰਨ ਤੋਂ ਇਲਾਵਾ ਹੋਰ ਕੋਈ ਉਤਮ ਸਾਧਨ ਨਹੀਂ ਮੰਨਿਆ ਜਾਂਦਾ। ਦਿੱਲੀ, ਫਤਿਹਪੁਰ ਸੀਕਰੀ, ਸਾਰਨਾਥ ਤੇ ਅਜੰਤਾ-ਅਲੌਰਾ ਦੀ ਯਾਤਰਾ ਵਿਦਿਆਰਥੀਆਂ ਦੇ ਦਿਲ-ਪ੍ਰਚਾਵੇ ਦੇ ਨਾਲ-ਨਾਲ ਉਹਨਾਂ ਦੀ ਵਿੱਦਿਅਕ ਉਸਾਰੀ ਵੀ ਕਰਦੀ ਹੈ। ਪੁਰਾਤਨ ਯਾਦਗਾਰਾਂ ਤੇ ਇਤਿਹਾਸਿਕ ਇਮਾਰਤਾਂ ਦਾ ਨਜ਼ਾਰਾ ਕਿਤਾਬਾਂ ਵਿੱਚ ਦਿੱਤੇ ਵਰਨਣ ਨਾਲੋਂ ਜ਼ਿਆਦਾ ਦਿਲਚਸਪ ਲੱਗਦਾ ਹੈ। ਸਫ਼ਰ ਤੇ ਯਾਤਰਾਵਾਂ ਸਾਨੂੰ ਦੂਜੇ ਖੇਤਰਾਂ ਅਤੇ ਦੇਸ਼ ਦੇ ਲੋਕਾਂ ਦੀ ਸਮਾਜਿਕ, ਰਾਜਨੀਤਿਕ ਤੇ ਆਰਥਿਕ ਹਾਲਤ ਨਾਲ ਜੋੜਦੀਆਂ ਹਨ। ਸਫ਼ਰ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਕਿਸੇ ਵੀ ਸਥਾਨ ਦੇ ਲੋਕਾਂ ਨਾਲ ਜੁੜ ਜਾਂਦੇ ਹਾਂ। ਜਿੰਨਾ ਅਸੀਂ ਕਿਸੇ ਨੂੰ ਮਿਲਦੇ ਹਾਂ, ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਜਿਹੜੇ ਮਨੁੱਖ ਘਰ ਹੀ ਬੈਠੇ ਰਹਿੰਦੇ ਹਨ ਉਹ ਕਿਸੇ ਕਿਸਮ ਦੀ ਖੁਸ਼ੀ ਤੇ ਅਨੁਭਵ ਨਹੀਂ ਪ੍ਰਾਪਤ ਕਰ ਸਕਦੇ। ਸਫ਼ਰ ਮਨੁੱਖੀ ਏਕਤਾ, ਭਾਈਚਾਰਾ ਤੇ ਪ੍ਰੇਮ-ਭਾਵ ਵਧਾਉਂਦੇ ਹਨ। ਇਹ ਮਾਨਸਿਕ ਖੁਸ਼ੀ ਤੇ ਅਰੋਗਤਾ ਬਖਸ਼ਦੇ ਹਨ। ਸਫ਼ਰ ਵਿੱਦਿਅਕ ਉੱਨਤੀ ਤੇ ਗਿਆਨ ਦੇ ਵਾਧੇ ਦਾ ਸਭ ਤੋਂ ਮਹੱਤਵਪੂਰਨ ਸਾਧਨ ਹਨ। ਆਵਾਜਾਈ ਦੇ ਸਾਧਨ ਵੱਧਣ ਕਰਕੇ ਮਨੁੱਖ ਵੱਧ ਤੋਂ ਵੱਧ ਸਫ਼ਰ ਕਰਨ ਲੱਗ ਪਏ ਹਨ। ਅੱਜ ਸਾਰੀ ਦੁਨੀਆ ਸੱਭਿਅਕ ਤੌਰ ਤੇ ਵਿਕਸਿਤ ਹੈ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਫ਼ਰ ਹਰ ਪਾਣੀ ਲਈ ਜ਼ਰੂਰੀ ਹਨ। ਸਫ਼ਰ ਜਾਂ ਯਾਤਰਾ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। ਇਹ ਵਿੱਦਿਅਕ ਉੱਨਤੀ ਤੇ ਗਿਆਨ ਦੇ ਵਾਧੇ ਦਾ ਮਹੱਤਵਪੂਰਨ ਸਾਧਨ ਹਨ।