Punjabi Essay on “Television de Labh te haniya”, “ਟੈਲੀਵੀਯਨ ਦੇ ਲਾਭ-ਹਾਨੀਆਂ”, for Class 10, Class 12 ,B.A Students and Competitive Examinations.

ਟੈਲੀਵੀਯਨ ਦੇ ਲਾਭ-ਹਾਨੀਆਂ

Television de Labh te haniya

 

ਦੂਰਦਰਸ਼ਨ ਤੇ ਮਨੁੱਖ

Durdarshan te Manukh 

ਨਿਬੰਧ ਨੰਬਰ :01

ਆਧੁਨਿਕ ਵਿਗਿਆਨ ਦੀ ਅਦਭੁਤ ਕਾਢ-ਟੈਲੀਵਿਯਨ (ਦੂਰਦਰਸ਼ਨ) ਆਧੁਨਿਕ ਵਿਗਿਆਨ ਦੀ ਇਕ ਅਦਭੁਤ ਕਾਢ ਹੈ । ਇਸ ਵਿਚ ਰੇਡੀਓ ਅਤੇ ਸਿਨਮਾ ਦੇਹਾਂ ਦੇ ਗੁਣ ਸਮੋਏ ਪਏ ਹਨ । ਇਸ ਦਾ ਵਰਤਮਾਨ ਦਿਲ-ਪਰਚਾਵੇ ਦੇ ਸਾਲ ਆਪਣਾ ਵਿਸ਼ੇਸ਼ ਸਥਾਨ ਹੈ । ਜਿੱਥੇ ਰੇਡੀਓ ਰਾਹੀਂ ਸਾਡੇ ਤਕ ਕੇਵਲ ਅਵਾਜ਼ ਦੁਆਰਾ ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ ਪਹੁੰਚਾਏ ਜਾਂਦੇ ਹਨ, ਉੱਥੇ ਟੈਲੀਵਿਯਨ ਵਿਚ ਉਸ ਪ੍ਰੋਗਰਾਮ ਦੀ ਤਸਵੀਰ ਵੀ ਸਾਡੇ ਸਾਹਮਣੇ ਆਉਂਦੀ ਹੈ ਤੇ ਇਸ ਪ੍ਰਕਾਰ ਟੈਲੀ ਰਡੀਓ ਦੇ ਮੁਕਾਬਲੇ ਮਨੋਰੰਜਨ ਦਾ ਵਧੇਰੇ ਜੀਵਨਮਈ ਅਤੇ ਪ੍ਰਭਾਵਸ਼ਾਲੀ ਸਾਧਨ ਹੈ । ਇਹ ਠੀਕ ਹੈ ਕਿ ਸਿਨਮੇ ਵਿਚ ਵੀ ਟੈਲੀਵਿਜ਼ਨ ਵਾਂਗ ਅਵਾਜ਼ ਤੇ ਤਸਵੀਰ ਦੋਵੇਂ ਹੁੰਦੇ ਹਨ ਪਰ ਸਿਨਮਾ ਟੈਲੀਵਿਯਨ ਦੀ ਥਾਂ ਨਹੀਂ ਲੈ ਸਕਦਾ । ਇਸ ਦਾ ਕਾਰਨ ਇਹ ਹੈ ਕਿ ਸਿਨਮੇ ਵਿਚ ਇਕ ਸਮੇਂ ਕੇਵਲ ਇੱਕੋ ਫ਼ਿਲਮ ਹੀ ਦਿਖਾਈ ਜਾਂਦੀ ਹੈ, ਪਰ ਟੈਲੀਵਿਯਨ ਵਿਚ ਵੰਨ-ਸੁਵੰਨੇ ਪ੍ਰੋਗਰਾਮ ਆਉਂਦੇ  ਹਨ । ਫਿਰ ਟੈਲੀਵਿਯਨ ਦੁਆਰਾ ਸਾਨੂੰ ਇਸ ਸਾਰੇ ਮਨੋਰੰਜਨ ਦੀ ਘਰ ਬੈਠਿਆਂ ਹੀ ਪ੍ਰਾਪਤੀ ਹੁੰਦੀ ਹੈ, ਜਦ ਕਿ ਸਿਨਮੇ ਜਾਣ ਲਈ ਤਿਆਰੀ ਕਰਨੀ ਪੈਂਦੀ ਹੈ ।

ਭਾਰਤ ਵਿਚ ਟੈਲੀਵਿਯਨ-ਭਾਰਤ ਵਿਚ ਸਭ ਤੋਂ ਪਹਿਲਾਂ ਟੈਲੀਵਿਯਨ ਇਕ ਨੁਮਾਇਸ਼ ਵਿਚ ਆਇਆ ਸੀ । ਅਕਤੂਬਰ, 1959 ਵਿਚ ਡਾ: ਰਾਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਅਕਾਸ਼ਵਾਣੀ ਦੇ ਟੈਲੀਵਿਯਨ ਵਿਭਾਗ ਦਾ ਉਦਘਾਟਨ ਕੀਤਾ । ਫਿਰ ਇਸ ਦਾ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵਿਕਾਸ ਹੋਇਆ  ਪੰਜਾਬ ਵਿਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਟੈਲੀਵਿਯਨ ਸਟੇਸ਼ਨ ਕੋਈ 30 ਕੁ ਸਾਲ ਪਹਿਲਾਂ ਚਾਲ ਹੋਇਆ ਸੀ । ਇਸ ਤੋਂ ਪਹਿਲਾਂ ਪੰਜਾਬ ਦੇ ਟਾਵੇਂ-ਟਾਵੇਂ ਘਰਾਂ ਵਿਚ ਪਾਕਿਸਤਾਨ ਤੋਂ ਲਾਹੌਰ ਟੈਲੀਵਿਯਨ ਸਟੇਸ਼ਨ ਦਾ ਪ੍ਰੋਗਰਾਮ ਦਿਲਚਸਪੀ ਨਾਲ ਦੇਖਿਆ ਜਾਂਦਾ ਸੀ । 13 ਅਪਰੈਲ, 1979 ਨੂੰ ਜਲੰਧਰ ਦਾ ਟੈਲੀਵਿਯਨ ਸਟੇਸ਼ਨ ਚਾਲੂ ਕੀਤਾ ਗਿਆ । ਅੱਜ ਸਮੁੱਚੇ ਭਾਰਤ ਵਿਚ ਬਹੁਤ ਸਾਰੇ ਟੈਲੀਵਿਯਨ ਕੇਂਦਰ ਕਾਇਮ ਹੋ ਚੁੱਕੇ ਹਨ । ਪੰਜ ਮੈਟਰੋ ਚੈਨਲ ਚਲ ਰਹੇ ਹਨ ਤੇ 80-90 ਕੇਬਲ ਟੀ. ਵੀ. ਚੈਨਲ ।

ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ-ਇਸ ਸਮੇਂ ਦੇਸ਼ ਭਰ ਦੇ ਟੈਲੀਵਿਯਨ ਕੇਂਦਰਾਂ ਤੇ ਕੇਬਲ ਪ੍ਰਸਾਰਨਾਂ ਰਾਹੀਂ ਭਿੰਨ-ਭਿੰਨ ਪ੍ਰਕਾਰ ਦੇ ਮਨੋਰੰਜਨ ਕਰਨ ਵਾਲੇ ਪ੍ਰੋਗਰਾਮ-ਫ਼ਿਲਮਾਂ, ਗੀਤ, ਨਾਚ, ਲੜੀਵਾਰ ਨਾਟਕ, ਕਹਾਣੀਆਂ, ਕਲਾ-ਪ੍ਰਤਿਭਾ ਮੁਕਾਬਲੇ, ਫੈਸ਼ਨ-ਮੁਕਾਬਲੇ, ਖੇਡ-ਮੁਕਾਬਲੇ, ਵਾਪਰ ਰਹੀਆਂ ਘਟਨਾਵਾਂ ਦੀਆਂ ਖ਼ਬਰਾਂ, ਹਸਾਉਣੇ ਪ੍ਰੋਗਰਾਮ, ਸਿਹਤ-ਸੰਬੰਧੀ ਆਸਣ ਤੇ ਕਸਰਤਾਂ, ਧਾਰਮਿਕ ਪ੍ਰੋਗਰਾਮ ਤੇ ਸਨਸਨੀ ਪੈਦਾ ਕਰਨ ਵਾਲੀ ਬਹੁਤ ਸਾਰੀ ਸਾਮਗਰੀ ਆਦਿ ਪੇਸ਼ ਕਰਨ ਤੋਂ ਬਿਨਾਂ ਲੋਕਾਂ ਦੇ ਗਿਆਨ ਵਿਚ ਵਾਧਾ ਕਰਨ ਵਾਲੇ, ਵਿੱਦਿਅਕ ਉੱਨਤੀ ਵਿੱਚ ਸਹਾਇਤਾ ਕਰਨ ਵਾਲੇ, ਇਸਤਰੀਆਂ ਤੇ ਬੱਚਿਆਂ ਦੇ ਵਿਕਾਸ ਵਿਚ ਮੱਦਦ ਕਰਨ ਵਾਲੇ, ਨਵੇਂ ਉੱਠ ਰਹੇ ਕਲਾਕਾਰਾਂ ਦਾ ਉਤਸ਼ਾਹ ਵਧਾਉਣ ਵਾਲੇ ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜੋ ਕਿ ਲੋਕਾਂ ਵਿਚ ਬਹੁਤ ਹਰਮਨ-ਪਿਆਰੇ ਹਨ ।

ਲਾਭ-ਟੈਲੀਵਿਯਨ ਦੇ ਵਰਤਮਾਨ ਮਨੁੱਖ ਨੂੰ ਬਹੁਤ ਸਾਰੇ ਲਾਭ ਹਨ, ਜੋ ਕਿ ਹੇਠ ਲਿਖੇ ਹਨ-

ਮਨੋਰੰਜਨ ਦਾ ਸਾਧਨ-ਉੱਪਰ ਦੱਸੇ ਅਨੁਸਾਰ ਟੈਲੀਵਿਯਨ ਵਰਤਮਾਨ ਮਨੁੱਖ ਦੇ ਮਨੋਰੰਜਨ ਦਾ ਮੁੱਖ ਸਾਧਨ ਹੈ | ਘਰ ਬੈਠੇ ਹੀ ਅਸੀਂ ਨਵੀਆਂ-ਪੁਰਾਣੀਆਂ ਫ਼ਿਲਮਾਂ, ਨਾਟਕ, ਚਲ ਰਹੇ ਮੈਚ, ਭਾਸ਼ਨ, ਮੁਕਾਬਲੇ, ਨਾਚ ਤੇ ਗਾਣੇ ਦੇਖਦੇ ਤੇ ਸੁਣਦੇ ਹਾਂ ਅਤੇ ਇਸ ਪ੍ਰਕਾਰ ਆਪਣਾ ਮਨ ਪਰਚਾਉਂਦੇ ਹਾਂ । ਟੈਲੀਵਿਯਨ ਉੱਤੇ ਹਰ ਉਮਰ, ਹਰ ਵਰਗ ਤੇ ਹਰ ਰੁਚੀ ਦੇ ਵਿਅਕਤੀ ਲਈ ਮਨੋਰੰਜਨ ਦੀ ਸਾਮਗਰੀ ਪੇਸ਼ ਕੀਤੀ ਜਾਂਦੀ ਹੈ ।

ਜਾਣਕਾਰੀ ਤੇ ਗਿਆਨ ਦਾ ਸੋਮਾ-ਟੈਲੀਵਿਯਨ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਸਾਨੂੰ ਭਿੰਨ-ਭਿੰਨ ਵਿਸ਼ਿਆਂ ਤੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਹ ਰਾਹੀਂ ਸਾਨੂੰ ਗਿਆਨ-ਵਿਗਿਆਨ ਦੀਆਂ ਖੋਜਾਂ, ਇਤਿਹਾਸ, ਮਿਥਿਹਾਸ, ਵਣਜ-ਵਪਾਰ, ਵਿੱਦਿਆ, ਕਾਨੂੰਨ, ਚਿਕਿੱਤਸਾ-ਵਿਗਿਆਨ, ਸਿਹਤ-ਵਿਗਿਆਨ, ਭਿੰਨ-ਭਿੰਨ ਪ੍ਰਕਾਰ ਦੇ ਪਕਵਾਨ ਬਣਾਉਣ, ਫੈਸ਼ਨ, ਧਰਤੀ ਦੇ ਵੱਖ-ਵੱਖ ਖਿੱਤਿਆਂ ਵਿਚ ਰਹਿਣ ਵਾਲੇ ਲੋਕਾਂ, ਜੰਗਲੀ ਪਸ਼ੂਆਂ ਤੇ ਸਮੁੰਦਰੀ ਜੀਵਾਂ, ਗੁਪਤਚਰਾਂ ਦੇ ਕੰਮਾਂ ਤੇ ਪ੍ਰਾਪਤੀਆਂ ਅਤੇ ਬਹੁਤ ਸਾਰੀਆਂ ਹੋਰ ਅਣਦੇਖੀਆਂ ਤੇ ਅਚੰਭੇਪੂਰਨ ਕਾਢਾਂ, ਖੋਜਾਂ, ਸਥਾਨਾਂ ਤੇ ਹੋਂਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਦਿਲ-ਪਰਚਾਵੇ ਦੇ ਨਾਲ-ਨਾਲ ਸਾਡਾ ਬੌਧਿਕ ਵਿਕਾਸ ਵੀ ਹੁੰਦਾ ਹੈ ।

ਵਪਾਰਕ ਅਦਾਰਿਆਂ ਨੂੰ ਲਾਭ-ਟੈਲੀਵਿਯਨ ਦਾ ਤੀਜਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਇਸ ਰਾਹੀਂ ਵਪਾਰੀ ਲੋਕ, ਆਪਣੇ ਮਾਲ ਦੀ ਮਸ਼ਹੂਰੀ ਕਰ ਕੇ ਲਾਭ ਕਮਾਉਂਦੇ ਹਨ ।

ਖ਼ਬਰਾਂ ਦੀ ਜਾਣਕਾਰੀ-ਇਸ ਦਾ ਚੌਥਾ ਵੱਡਾ ਲਾਭ ਤਾਜ਼ੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ । ਇਸ ਸੰਬੰਧੀ ਤਾਂ ਬਹੁਤ ਸਾਰੇ ਵਿਸ਼ੇਸ਼ ਚੈਨਲ ਰਾਤ-ਦਿਨ ਖ਼ਬਰਾਂ ਦਾ ਚਲ-ਚਿਤਰਾਂ ਰਾਹੀਂ ਪ੍ਰਸਾਰਨ ਕਰਦੇ ਰਹਿੰਦੇ ਹਨ ।

ਸਮਾਜ-ਵਿਰੋਧੀ ਅਨਸਰਾਂ ਵਿਰੁੱਧ ਜਾਗ੍ਰਿਤੀ-ਟੈਲੀਵਿਯਨ ਨੇ ਸਟਿੰਗ ਆਪਰੇਸ਼ਨਾਂ ਤੇ ਖੁਫੀਆਂ ਸਾਧਨਾਂ ਰਾਹੀ  ਜਿਥੇ ਕੁਰਪਟ ਤੇ ਭ੍ਰਿਸ਼ਟ  ਰਾਜਨੀਤਿਕ ਲੀਡਰਾਂ ਤੇ ਅਫਸਰਾਂ ਨੂੰ ਨੰਗਿਆਂ ਕਰ ਕੇ ਇਸ ਦੇਸ਼-ਵਿਰੋਧੀ ਕੁਕਰਮ ਵਿਰਧ ਮੁਹਿੰਮ ਛੇੜੀ ਹੈ,ਉੱਥੇ ‘ਸਨਸਨੀ’, ‘ਕਰਾਈਮ ਰਿਪੋਰਟਰ’, ‘ਜਾਗੋ ਇੰਡੀਆ’ , ‘ਵਾਰਦਾਤ’ ਆਦਿ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਸਮਾਜ  ਬਿਰੋਧੀ ਅਨਸਰਾਂ ਦੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਘਿਨਾਉਣੀਆਂ ਤੇ ਅਨੈਤਿਕ ਹਰਕਤਾਂ ਤੇ ਸਰਗਰਮੀਆਂ ਤੋਂ ਜਾਗ੍ਰਿਤ ਕਰ ਅਜਿਹੇ ਦੁਸ਼ਟਾਂ ਵਿਰੁੱਧ ਚੁਕਨੇ ਕੀਤਾ ਹੈ ਤੇ ਕਈ ਥਾਂਈਂ ਲੋਕਾਂ ਨੂੰ ਆਪਣੀ ਭਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਸ਼ਾਮਿਲ ਕਰ ਕੇ ਦੇਸ਼ ਵਿਚ ਫੈਲੇ ਇਸ ਕੋੜ ਵਿਰੁੱਧ ਝੰਡਾ ਚੁੱਕਿਆ ਹੈ ।

ਰੁਜ਼ਗਾਰ ਦਾ ਸਾਧਨ-ਇਸ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਟੈਲੀਵਿਯਨ ਸਟੇਸ਼ਨਾਂ ਉੱਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਤੇ ਨਾਲ ਹੀ ਕਲਾਕਾਰ ਧਨ ਨਾਲ ਮਾਲਾ-ਮਾਲ ਹੁੰਦੇ ਹਨ ।

 

ਟੈਲੀਵਿਯਨ ਦੇ ਜਿੱਥੇ ਇੰਨੇ ਲਾਭ ਹਨ, ਉੱਥੇ ਕੁੱਝ ਹਾਨੀਆਂ ਵੀ ਹਨ ।

ਸਮੇਂ ਦਾ ਨਾਸ਼ ਤੇ ਰੌਲਾ-ਰੱਪਾ-ਇਸ ਦੀ ਸਭ ਤੋਂ ਵੱਡੀ ਹਾਨੀ ਇਹ ਹੈ ਕਿ ਇਹ ਸੁਆਦਲੇ ਤੇ ਵੰਨ-ਸੁਵੰਨੇ ਪ੍ਰੋਗਰਾਮ ਪੇਸ਼ ਕਰ ਕੇ ਮਨੁੱਖ ਦਾ ਬਹੁਤ ਸਾਰਾ ਸਮਾਂ ਨਸ਼ਟ ਕਰਦਾ ਹੈ । ਟੈਲੀਵਿਯਨ ਨੇ ਗਲੀਆਂ-ਮੁਹੱਲਿਆਂ ਤੇ ਘਰਾਂ ਵਿਚ ਰੋਲੇ ਰੱਪੇ ਨੂੰ ਵੀ ਵਧਾਇਆ ਹੈ ।

ਸਭਿਆਚਾਰ ਉੱਤੇ ਹਮਲਾ-ਕੇਬਲ ਟੀ. ਵੀ. ਦੇ ਪਸਾਰ ਰਾਹੀਂ ਟੈਲੀਵਿਯਨ ਨੇ ਸਾਡੇ ਸਭਿਆਚਾਰ ਉੱਤੇ ਮਾਰੂ ਹਮਲਾ ਬੋਲਿਆ ਹੈ । ਫਲਸਰੂਪ ਇਸਦਾ ਤੇਜ਼ੀ ਨਾਲ ਪੱਛਮੀਕਰਨ ਹੋ ਰਿਹਾ ਹੈ । ਵੱਖ-ਵੱਖ ਕੰਪਨੀਆਂ ਟੈਲੀਵਿਯਨ ਉੱਤੇ ਆਪਣੇ ਮਾਲ ਸੰਬੰਧੀ ਕੁੜ-ਪਰਚਾਰ ਤੇ ਇਸ਼ਤਿਹਾਰਬਾਜ਼ੀ ਕਰ ਕੇ ਜਿੱਥੇ ਲੋਕਾਂ ਤੋਂ ਪੈਸੇ ਬਟੋਰਦੀਆਂ ਹਨ, ਉੱਥੇ ਉਨ੍ਹਾਂ ਦੇ ਖਾਣ-ਪੀਣ ਤੇ ਰਹਿਣਸਹਿਣ ਦੀਆਂ ਆਦਤਾਂ ਨੂੰ ਵੀ ਬਦਲ ਰਹੀਆਂ ਹਨ | ਕਈ ਵਾਰ ਫ਼ਿਲਮਾਂ ਤੇ ਲੜੀਵਾਰ ਨਾਟਕਾਂ ਵਿਚਲੇ ਦ੍ਰਿਸ਼ ਇੰਨੇ ਨੰਗੇਜ਼ਵਾਦੀ ਹੁੰਦੇ ਹਨ ਕਿ ਸਾਉ ਲੋਕ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ ।

ਨਜ਼ਰ ਉੱਤੇ ਅਸਰ-ਇਸ ਤੋਂ ਇਲਾਵਾ ਟੈਲੀਵਿਯਨ ਸਕਰੀਨ ਦੀ ਤੇਜ਼ ਰੌਸ਼ਨੀ ਤੇ ਰੇਡਿਆਈ ਕਿਰਨਾਂ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਂਦੀਆਂ ਹਨ ।

ਆਪਸੀ ਮੇਲ-ਜੋਲ ਦਾ ਘਟਣਾ-ਟੈਲੀਵਿਯਨ ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਵੀ ਬਹੁਤ ਬੁਰਾ ਅਸਰ ਪਾਇਆ ਹੈ । ਲੋਕ ਸ਼ਾਮ ਵੇਲੇ ਇਕ-ਦੂਜੇ ਦੇ ਘਰ ਜਾਣਾ ਤੇ ਮਿਲਣਾ-ਗਿਲਣਾ ਛੱਡ ਕੇ ਆਪਣੇ ਘਰਾਂ ਵਿਚ ਟੈਲੀਵਿਯਨ ਮੋਹਰੇ ਬੈਠਣਾ ਵਧੇਰੇ ਪਸੰਦ ਕਰਦੇ ਹਨ । ਜਦੋਂ ਮਿੱਤਰ ਜਾਂ ਗੁਆਂਢੀ ਦੂਸਰੇ ਦੇ ਘਰ ਜਾਂਦਾ ਹੈ, ਤਾਂ ਉਸ ਨੂੰ ਰੰਗ ਵਿਚ ਭੰਗ ਪਾਉਣ ਵਾਲਾ ਸਮਝਿਆ ਜਾਂਦਾ ਹੈ ।

ਸਾਰ-ਅੰਸ਼-ਉਪਰੋਕਤ ਸਾਰੀ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਟੈਲੀਵਿਯਨ ਆਧੁਨਿਕ ਵਿਗਿਆਨ ਦੀ ਇਕ ਅਦਭੁੱਤ ਕਾਢ ਹੈ । ਇਸ ਦੇ ਵਿਕਾਸ ਤੋਂ ਬਿਨਾਂ ਵਰਤਮਾਨ ਸਭਿਆਚਾਰ ਉੱਨਤੀ ਨਹੀਂ ਕਰ ਸਕਦਾ । ਇਹ ਵਰਤਮਾਨ ਮਨੁੱਖਾਂ ਦੇ ਮਨ-ਪਰਚਾਵੇ ਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਦਾ ਜ਼ਰੂਰੀ ਸਾਧਨ ਹੈ । ਇਸ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਵਿਅਕਤੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਵੱਧ ਤੋਂ ਵੱਧ ਉਸਾਰੂ ਰੋਲ ਅਦਾ ਕਰਨ ਦੇ ਯੋਗ ਬਣਾਉਣ ।

 

ਨਿਬੰਧ ਨੰਬਰ :02

 

ਟੈਲੀਵੀਜ਼ਨ ਦੇ ਲਾਭ-ਹਾਨੀਆਂ 

Television de Labh te Haniya

 

ਰੂਪ-ਰੇਖਾ- ਭੂਮਿਕਾ, ਆਧੁਨਿਕ ਵਿਗਿਆਨ ਦੀ ਅਦਭੁੱਤ ਕਾਢ, ਇਤਿਹਾਸ ਤੇ ਭਾਰਤ ਵਿੱਚ ਟੈਲੀਵੀਜ਼ਨ, ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ, ਮਨੋਰੰਜਨ ਦੇ ਸਾਧਨ, ਦੂਰ-ਦੁਰਾਡੇ ਪ੍ਰੋਗਰਾਮਾਂ ਨੂੰ ਨਾਲੋ-ਨਾਲ ਦੇਖ ਸਕਣ ਦੀ

 

ਸਹੁਲਤ, ਜਾਣਕਾਰੀ ਤੇ ਗਿਆਨ ਦਾ ਸੋਮਾ, ਕਾਰੋਬਾਰੀ ਲਾਭ, ਤਾਜ਼ੀਆਂ ਖ਼ਬਰਾਂ ਦੀ ਜਾਣਕਾਰੀ, ਰੁਜ਼ਗਾਰ ਦੇ ਸਾਧਨ, ਬੱਚਿਆਂ ਲਈ ਖਾਸ ਪ੍ਰੋਗਰਾਮ, ਸਮੇਂ ਦਾ ਨਾਸ਼ ਤੇ ਰੋਲਾ-ਰੱਪਾ, ਸੱਭਿਆਚਾਰ ਉੱਤੇ ਹਮਲਾ, ਨਜ਼ਰ ਉੱਤੇ ਅਸਰ, ਆਪਸੀ ਮੇਲ ਜੋਲ ਦਾ ਘੱਟਣਾ, ਭਾਵਨਾਵਾਂ ਨੂੰ ਭੜਕਾਉਣਾ, ਸਾਰਅੰਸ਼

 

ਭੂਮਿਕਾ- ਵਿਗਿਆਨ ਦੀਆਂ ਬਹੁਤ ਸਾਰੀਆਂ ਕਾਢਾਂ ਨੇ ਮਨੁੱਖੀ ਉੱਨਤੀ ਵਿੱਚ ਯੋਗਦਾਨ ਦਿੱਤਾ ਹੈ। ਟੈਲੀਵੀਜ਼ਨ ਆਧੁਨਿਕ ਵਿਗਿਆਨ ਦੀ ਇੱਕ ਅਦਭੁੱਤ ਕਾਢ ਹੈ। ਇਸ ਵਿੱਚ ਰੇਡੀਓ ਅਤੇ ਸਿਨੇਮਾ ਦੋਨਾਂ ਦੇ ਗੁਣ ਹਨ। ਟੈਲੀਵੀਜ਼ਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। Tele ਤੋਂ ਭਾਵ ਹੈ ਦੂਰ ਦਾ ਅਤੇ Vision ਤੋਂ ਭਾਵ ਹੈ ਦ੍ਰਿਸ਼ ਅਰਥਾਤ ਦੂਰ ਦਾ ਦ੍ਰਿਸ਼ ਦੇਖਣ ਨੂੰ ਟੈਲੀਵੀਜ਼ਨ ਕਿਹਾ ਜਾਂਦਾ ਹੈ।

 

ਆਧੁਨਿਕ ਵਿਗਿਆਨ ਦੀ ਅਦਭੁੱਤ ਕਾਢ- ਟੈਲੀਵੀਜ਼ਨ ਦਾ ਵਰਤਮਾਨ ਦਿਲ-ਪਰਚਾਵੇ ਦੇ ਸਾਧਨਾਂ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਟੈਲੀਵੀਜ਼ਨ ਸਾਰੀਆਂ ਕਾਢਾਂ ਦੇ ਮੁਕਾਬਲੇ ਨਿਵੇਕਲੀ ਕਾਢ ਹੈ ਇਹ ਮਨੋਰੰਜਨ ਦਾ ਵਧੇਰੇ ਜੀਵਨਮਈ ਅਤੇ ਪ੍ਰਭਾਵਸ਼ਾਲੀ ਸਾਧਨ ਹੈ। ਰੇਡੀਓ ਰਾਹੀਂ ਅਸੀਂ ਕੇਵਲ ਅਵਾਜ਼ ਸੁਣ ਸਕਦੇ ਹਾਂ। ਸਿਨੇਮਾ ਘਰ ਵਿੱਚ ਕੇਵਲ ਇੱਕ ਫਿਲਮ ਦੇਖੀ ਜਾ ਸਕਦੀ ਹੈ ਤੇ ਉਸ ਲਈ ਸਾਨੂੰ ਘਰ ਤੋਂ ਬਾਹਰ ਵੀ ਜਾਣਾ ਪੈਂਦਾ ਹੈ ਪਰ ਟੈਲੀਵੀਜ਼ਨ ਰਾਹੀਂ ਸਾਰੇ ਮਨੋਰੰਜਨਾਂ ਦੀ ਪ੍ਰਾਪਤੀ ਘਰ ਬੈਠੇ ਹੀ ਪ੍ਰਾਪਤ ਹੁੰਦੀ ਹੈ।

 

ਇਤਿਹਾਸ ਤੇ ਭਾਰਤ ਵਿੱਚ ਟੈਲੀਵੀਜ਼ਨ- ਟੈਲੀਵੀਜ਼ਨ ਦਾ ਇਤਿਹਾਸ 1925 ਤੋਂ ਆਰੰਭ ਹੁੰਦਾ ਹੈ। ਇੰਗਲੈਂਡ ਦੇ ਵਿਗਿਆਨਕ ਜਾਨ ਐਲ ਬੇਅਰਡ ਨੇ ਇਸ ਕਾਢ ਨੂੰ ਕੱਢਿਆ। ਇਸ ਕਾਢ ਨੂੰ ਸਫ਼ਲ ਅਤੇ ਮਹੱਤਵਪੂਰਨ ਬਣਾਉਣ ਵਿੱਚ ਹੋਰ ਵਿਗਿਆਨਕਾਂ ਦਾ ਵੀ ਯੋਗਦਾਨ ਰਿਹਾ ਹੈ। ਦੂਰਦਰਸ਼ਨ ਦੁਆਰਾ ਜਨਤਾ ਲਈ ਸਭ ਤੋਂ ਪਹਿਲਾਂ ਬੀ. ਬੀ. ਸੀ. ਲੰਡਨ ਨੇ ਸੰਨ 1936 ਵਿੱਚ ਪ੍ਰਸ਼ਾਰਨਸੇਵਾ ਆਰੰਭ ਕੀਤੀ ਸੀ। ਭਾਰਤ ਵਿੱਚ ਪਹਿਲਾ ਟੈਲੀਵੀਜ਼ਨ ਇੱਕ ਨੁਮਾਇਸ਼ ਵਿੱਚ ਆਇਆ ਸੀ। 1959 ਵਿੱਚ ਡਾ: ਰਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਅਕਾਸ਼ਵਾਣੀ ਦੇ ਟੈਲੀਵੀਜ਼ਨ ਵਿਭਾਗ ਦਾ ਉਦਘਾਟਨ ਕੀਤਾ ਸੀ ਪੰਜਾਬ ਵਿੱਚ ਸਭ ਤੋਂ ਪਹਿਲਾਂ ਟੈਲੀਵੀਜ਼ਨ ਸਟੇਸ਼ਨ ਅੰਮ੍ਰਿਤਸਰ ਵਿੱਚ ਸ਼ੁਰੂ ਹੋਇਆ ਸੀ। 13 ਅਪ੍ਰੈਲ, 1919 ਨੂੰ ਜਲੰਧਰ ਦਾ ਟੈਲੀਵੀਜ਼ਨ ਸਟੇਸ਼ਨ ਸ਼ੁਰੂ ਕੀਤਾ ਗਿਆ। 1984, ਈਸਵੀ ਵਿੱਚ ਦੇਸ਼ ਦੇ 122 ਪ੍ਰਮੁੱਖ ਸ਼ਹਿਰਾਂ ਵਿੱਚ ਟੈਲੀਵੀਜ਼ਨ ਟਰਾਂਸਮੀਟਰ ਲਗਾ ਕੇ ਇਸ ਦੇ ਪ੍ਰਚਾਰ ਸਾਧਨ ਨੂੰ ਵਿਕਸਿਤ ਕੀਤਾ ਗਿਆ। ਅੱਜ ਸਮੁੱਚੇ ਭਾਰਤ ਵਿੱਚ ਟੈਲੀਵੀਜ਼ਨ ਕੇਂਦਰ ਕਾਇਮ ਹੋ ਚੁੱਕੇ ਹਨ।

 

ਭਿੰਨ-ਭਿੰਨ ਪ੍ਰਕਾਰ ਦੇ ਪ੍ਰੋਗਰਾਮ- ਟੈਲੀਵੀਜ਼ਨ ਰਾਹੀਂ ਕਈ ਤਰ੍ਹਾਂ ਦੇ ਪ੍ਰੋਗਰਾਮ – ਪੇਸ਼ ਕੀਤੇ ਜਾਂਦੇ ਹਨ ਜਿਵੇਂ- ਫ਼ਿਲਮਾਂ, ਗੀਤ, ਨਾਚ, ਲੜੀਵਾਰ ਨਾਟਕ, ਕਹਾਣੀਂ, ਖੇਡ ਮੁਕਾਬਲੇ, ਫੈਸ਼ਨ-ਮੁਕਾਬਲੇ, ਕਲਾ ਪ੍ਰਤਿਭਾ ਮੁਕਾਬਲੇ, ਘਟਨਾਵਾਂ ਪ੍ਰਤੀ ਜਾਣਕਾਰੀ, ਖ਼ਬਰਾਂ, ਸਿਹਤ ਸਬੰਧੀ ਪ੍ਰੋਗਰਾਮ, ਹਸਾਉਣੇ ਪ੍ਰੋਗਰਾਮ, ਕਸਰਤਾਂ, ਧਾਰਮਿਕ ਪ੍ਰੋਗਰਾਮ ਆਦਿ।

  

ਟੈਲੀਵੀਜ਼ਨ ਦੇ ਲਾਭ

 

ਮਨੋਰੰਜਨ ਦਾ ਸਾਧਨ- ਟੈਲੀਵੀਜ਼ਨ ਮਨੋਰੰਜਨ ਦਾ ਮੁੱਖ ਸਾਧਨ ਹੈ। ਜਦੋਂ ਮਨੁੱਖ ਥੱਕ ਹਾਰ ਕੇ ਸ਼ਾਮ ਨੂੰ ਘਰ ਪਹੁੰਚਦਾ ਹੈ ਤਾਂ ਆਪਣੀ ਮਨ-ਪਸੰਦ ਦੇ ਪੋਗਰਾਮ ਨੂੰ ਦੇਖ ਕੇ ਉਸ ਦਾ ਮਨੋਰੰਜਨ ਹੋ ਜਾਂਦਾ ਹੈ। ਟੈਲੀਵੀਜ਼ਨ ਉੱਤੇ ਹਰ ਉਮਰ, ਹਰ ਵਰਗ ਤੇ ਹਰ ਰੁਚੀ ਦੇ ਵਿਅਕਤੀ ਲਈ ਮਨੋਰੰਜਨ ਦੀ ਸਮਗਰੀ ਪੇਸ਼ ਕੀਤੀ ਜਾਂਦੀ ਹੈ। ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮ ਫ਼ਿਲਮਾਂ, ਮੈਚ, ਗਾਣੇ, ਨਾਟਕ ਆਦਿ ਦੇਖ ਕੇ ਅਸੀਂ ਆਪਣਾ ਮਨ ਪਰਚਾਉਂਦੇ ਹਾਂ। |

 

ਦੂਰ-ਦੁਰਾਡੇ ਦੇ ਪ੍ਰੋਗਰਾਮ ਨੂੰ ਨਾਲੋਂ-ਨਾਲ ਦੇਖ ਸਕਣ ਦੀ ਸਹੂਲਤ ਟੈਲੀਵੀਜ਼ਨ ਦਾ ਇਹ ਸਭ ਤੋਂ ਵੱਡਾ ਲਾਭ ਹੈ ਕਿ ਅਸੀਂ ਘਰ ਬੈਠੇ-ਬੈਠੇ ਦੁਨੀਆਂ ਭਰ ਵਿੱਚ ਵੱਖ-ਵੱਖ ਸਥਾਨਾਂ ਤੇ ਹੋ ਰਹੇ ਸਮਾਰੋਹ, ਮੈਚ ਤੇ ਉਤਸਵਾਂ ਦਾ ਅਨੰਦ ਮਾਣ ਸਕਦੇ ਹਾਂਜਦੋਂ ਤੋਂ ਭਾਰਤ ਨੇ ਆਪਣਾ ਦੂਰ-ਸੰਚਾਰੀ ਉਪਗ੍ਰਹਿ ਪੁਲਾੜ ਵਿੱਚ ਭੇਜਿਆ ਹੈ, ਉਸ ਸਮੇਂ ਤੋਂ ਅਸੀਂ ਦੂਰ-ਨੇੜੇ ਹਰ ਸਥਾਨ ਤੇ ਹੋ ਰਹੇ ਪ੍ਰੋਗਰਾਮਾਂ ਨੂੰ ਘਰ ਬੈਠੇ ਹੀ ਨਾਲੋਂ-ਨਾਲ ਚਲਦੇ ਪ੍ਰੋਗਰਾਮ ਦੇਖਣ ਦਾ ਆਨੰਦ ਲੈਂਦੇ ਹਾਂ।

 

ਜਾਣਕਾਰੀ ਤੇ ਗਿਆਨ ਦਾ ਸੋਮਾ- ਟੈਲੀਵੀਜ਼ਨ ਦਾ ਅਗਲਾ ਲਾਭ ਹੈ ਕਿ ਇਸ ਰਾਹੀਂ ਸਾਨੂੰ ਵੱਖ-ਵੱਖ ਵਿਸ਼ਿਆਂ ਤੇ ਮਸਾਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਰਾਹੀਂ ਸਾਨੂੰ ਗਿਆਨ-ਵਿਗਿਆਨ ਦੀਆਂ ਖੋਜਾਂ, ਇਤਿਹਾਸ, ਮਿਥਿਹਾਸ, ਵਣਜ, ਵਪਾਰ, ਵਿੱਦਿਆ, ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ, ਜੰਗਲੀ ਪਸ਼ੂਆਂ ਤੇ ਸਮੁੰਦਰੀ ਜੀਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਬਹੁਤ ਵਾਰ ਇਹ ਜਾਣਕਾਰੀ ਸਾਨੂੰ ਕਿਤਾਬਾਂ ਪੜ੍ਹਨ ਨਾਲ ਵੀ ਨਹੀਂ ਮਿਲਦੀ। ਇਸ ਤਰ੍ਹਾਂ ਇਸ ਪ੍ਰਕਾਰ ਦੀ ਜਾਣਕਾਰੀ ਨਾਲ ਸਾਡਾ ਬੋਧਿਕ ਵਿਕਾਸ ਵੀ ਹੁੰਦਾ ਹੈ।

 

ਕਾਰੋਬਾਰੀ ਲਾਭ- ਟੈਲੀਵੀਜ਼ਨ ਦਾ ਅਗਲਾ ਲਾਭ ਕਾਰੋਬਾਰੀ ਅਦਾਰਿਆਂ ਨੂੰ ਹੁੰਦਾ ਹੈ। ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰਕੇ ਲਾਭ ਕਮਾਉਂਦੇ ਹਨ, ਜਿਸ ਨਾਲ ਮੰਗ ਵੱਧਦੀ ਹੈ ਤੇ ਦੇਸ਼ ਵਿੱਚ ਮਾਲ ਉਤਪਾਦਨ ਵਿੱਚ ਵਾਧਾ ਹੁੰਦਾ ਹੈ।

 

ਤਾਜ਼ੀਆਂ ਖ਼ਬਰਾਂ ਦੀ ਜਾਣਕਾਰੀ ਇਸ ਦਾ ਅਗਲਾ ਲਾਭ ਹੈ- ਤਾਜ਼ੀਆਂ ਖ਼ਬਰਾਂ ਦੀ ਜਾਣਕਾਰੀ ਦੇਣਾ। ਬੇਸ਼ੱਕ ਇਹ ਕੰਮ ਅਖ਼ਬਾਰਾਂ ਵੀ ਕਰਦੀਆਂ ਹਨ ਪਰ ਅਖ਼ਬਾਰਾਂ ਸਾਨੂੰ ਬੀਤੇ ਦਿਨ ਦੀ ਖ਼ਬਰ ਦਿੰਦੀਆਂ ਹਨ ਜਦ ਕਿ ਟੈਲੀਵੀਜ਼ਨ ਸਾਨੂੰ ਉਸੇ ਦਿਨ ਹੋਈਆਂ ਜਾਂ ਕੁਝ ਸਮਾਂ ਪਹਿਲਾਂ ਵਾਪਰੀਆਂ ਘਟਨਾਵਾਂ ਸਬੰਧੀ ਖ਼ਬਰਾਂ ਤੇ ਤਸਵੀਰਾਂ ਸਹਿਤ ਗਿਆਨ ਦਿੰਦਾ ਹੈ।

 

ਰੁਜ਼ਗਾਰ ਦੇ ਸਾਧਨ- ਟੈਲੀਵੀਜ਼ਨ ਸਟੇਸ਼ਨ ਉੱਤੇ ਬਹੁਤ ਸਾਰੇ ਕਲਾਕਾਰਾਂ ਨੂੰ ਰੁਜ਼ਗਾਰ ਮਿਲਦਾ ਹੈ। ਕਈ ਅਜਿਹੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਜਿਨਾਂ ਰਾਹੀਂ ਨੌਜੁਆਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਉਹ ਕਿਸ ਤਰ੍ਹਾਂ ਤੇ ਕਿਵੇਂ ਨੌਕਰੀ ਦੀ ਪ੍ਰਾਪਤੀ ਕਰ ਸਕਦੇ ਹਨ ਜਾਂ ਕਿਵੇਂ ਥੋੜੇ ਪੈਸਿਆਂ ਨਾਲ ਵਪਾਰ ਕਰ ਸਕਦੇ ਹਨ।

 

ਬੱਚਿਆਂ ਲਈ ਖਾਸ ਪ੍ਰੋਗਰਾਮ- ਟੈਲੀਵੀਜ਼ਨ ਬੱਚਿਆਂ ਦਾ ਮਨੋਰੰਜਨ ਕਰਨ ਵਿੱਚ ਵੀ ਪਿੱਛੇ ਨਹੀਂ ਹੈ।ਟੈਲੀਵੀਜ਼ਨ ਉੱਤੇ ਬੱਚਿਆਂ ਲਈ ਕਈ ਸਿੱਖਿਆਦਾਇਕ ਪ੍ਰੋਗਰਾਮ ਤੇ ਕਾਰਟੂਨ ਸ਼ੋ ਵੀ ਦਿਖਾਏ ਜਾਂਦੇ ਹਨ। ਗਰਮੀਆਂ ਦੀਆਂ ਛੁੱਟੀਆਂ ਵਿੱਚ ਕਈ ਸਪੈਸ਼ਲ ਪ੍ਰੋਗਰਾਮ ਦਿਖਾਏ ਜਾਂਦੇ ਹਨ ਜਿਨਾਂ ਵਿੱਚ ਬੱਚਿਆਂ ਨੂੰ ਵਿਅਰਥ ਪਦਾਰਥਾਂ ਤੋਂ ਚੀਜ਼ਾਂ ਬਣਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ।

 

ਟੈਲੀਵੀਜ਼ਨ ਦੀਆਂ ਹਾਨੀਆਂ

 

ਸਮੇਂ ਦਾ ਨਾਸ਼ ਤੇ ਰੌਲਾ ਰੱਪਾ- ਇਸ ਦੀ ਦੀ ਸਭ ਤੋਂ ਵੱਡੀ ਹਾਨੀ ਹੈ ਸਮੇਂ ਦਾ ਨਾਸ਼ । ਬੱਚੇ-ਵੱਡੇ ਸਾਰੇ ਹੀ ਮਨ-ਪਸੰਦ ਪ੍ਰੋਗਰਾਮ ਦੇਖ ਕੇ ਉਠ ਨਹੀਂ ਸਕਦੇ ਜਿਸ ਕਰਕੇ ਸਮਾਂ ਨਸ਼ਟ ਹੁੰਦਾ ਹੈ ਤੇ ਅਸੀਂ ਖਾਸ ਕਰਕੇ ਬੱਚੇ ਜ਼ਰੂਰੀ ਕੰਮ ਨੂੰ ਵੀ ਅਣਗੋਲਿਆ ਕਰ ਦਿੰਦੇ ਹਨ। ਇਸ ਨੇ ਘਰ ਤੇ ਮੁਹੱਲੇ ਦੇ ਰੌਲੇ-ਰੱਪੇ ਨੂੰ ਵੀ ਵਧਾ ਦਿੱਤਾ ਹੈ।

 

ਸੱਭਿਆਚਾਰ ਉੱਤੇ ਹਮਲਾ- ਕੇਬਲ ਟੀ. ਵੀ. ਦੇ ਪਸਾਰਣ ਨੇ ਸੱਭਿਆਚਵੇਂ ਉੱਤੇ ਵੀ ਹਮਲਾ ਕੀਤਾ ਹੈ। ਪੱਛਮੀ ਦੇਸ਼ਾਂ ਦੇ ਪ੍ਰੋਗਰਾਮ ਨਾਲ ਬੱਚੇ ਸੱਭਿਆਚਾ! ਨੂੰ ਭੁਲਾਉਂਦੇ ਜਾ ਰਹੇ ਹਨ। ਬੱਚਿਆਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੀ ਆਦਤਾਂ ਬਦਲਦੀਆਂ ਜਾ ਰਹੀਆਂ ਹਨ। ਕਈ ਵਾਰ ਇਹੋ ਜਿਹੇ ਦ੍ਰਿਸ਼ ਫ਼ਲ ਜਾਂਦੇ ਹਨ ਕਿ ਪਰਿਵਾਰ ਵਿੱਚ ਬੈਠ ਕੇ ਦੇਖਣੇ ਔਖੇ ਹੋ ਜਾਂਦੇ ਹਨ।

 

ਨਜ਼ਰ ਉੱਤੇ ਅਸਰ- ਬੱਚੇ ਲਗਾਤਾਰ ਟੀ. ਵੀ. ਦੇਖਦੇ ਹਨ ਤੇ ਅਕਸਰ ਨੇੜੇ ਬੈਠ ਕੇ ਵੀ ਦੇਖਦੇ ਹਨ, ਜਿਸ ਨਾਲ ਅੱਖਾਂ ਦੀ ਨਜ਼ਰ ਤੇ ਬੁਰਾ ਪ੍ਰਭਾਵ ਪੈਂਦਾ ਹੈ।

 

ਆਪਸੀ ਮੇਲ-ਜੋਲ ਦਾ ਘਟਣਾ- ਅੱਜ ਕੱਲ ਲੋਕ ਸ਼ਾਮ ਨੂੰ ਕਿਸੇ ਨਾਲ ਮਿਲਣ-ਜੁਲਣ ਦੀ ਬਜਾਏ ਟੀ. ਵੀ. ਦੇਖਣਾ ਪਸੰਦ ਕਰਦੇ ਹਨ। ਜੇ ਕੋਈ ਕਿਸੇ ਘਰ ਮਿਲਣ ਵੀ ਜਾਵੇ ਤਾਂ ਲੜੀਵਾਰ ਨਾਟਕਾਂ ਦੇ ਵਿੱਚ ਮਗਨ ਹੋਏ ਲੋਕ ਉਸ ਦਾ ਆਉਣਾ ਵੀ ਪਸੰਦ ਨਹੀਂ ਕਰਦੇ।

 

ਭਾਵਨਾਵਾਂ ਨੂੰ ਭੜਕਾਉਣਾ ਕੇਬਲ ਟੀ. ਵੀ. ਉੱਤੇ ਆਉਣ ਵਾਲੇ ਖ਼ਬਰਾਂ ਦੇ ਚੈਨਲ ਖ਼ਬਰਾਂ ਨੂੰ ਵਧਾ-ਚੜਾ ਕੇ ਪੇਸ਼ ਕਰਦੇ ਹਨ। ਕਈ ਵਾਰ ਇਹਨਾਂ ਖ਼ਬਰਾਂ ਨਾਲ ਹੀ ਅਮਨ ਤੇ ਕਾਨੂੰਨ ਵਿਵਸਥਾ ਲਈ ਮਾੜੇ ਨਤੀਜੇ ਨਿਕਲਦੇ ਹਨ।

 

ਸਾਰ-ਅੰਸ਼- ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਆਧੁਨਿਕ ਵਿਗਿਆਨ ਦੀ ਅਦਭੁੱਤ ਤੇ ਵਿਸ਼ੇਸ਼ ਖੋਜ ਹੈ। ਇਹ ਵਰਤਮਾਨ ਮਨੁੱਖ ਦੇ ਮਨਪਰਚਾਵੇ ਦੇ ਸਾਧਨ ਤੋਂ ਇਲਾਵਾ ਜੀਵਨ ਦੀਆਂ ਹਰ ਲੋੜਾਂ ਪੂਰੀਆਂ ਕਰਨ ਦਾ ਜ਼ਰੂਰੀ ਸਾਧਨ ਹੈ। ਇਸ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਵਿਅਕਤੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਵੱਧ ਤੋਂ ਵੱਧ ਉਸਾਰੂ ਰੋਲ ਅਦਾ ਕਰਨ ਦੇ ਯੋਗ ਬਣਾਉਣ।

3 Comments

  1. Ramanjit October 9, 2019
  2. Ramanjit November 13, 2019
  3. Oni_onima October 6, 2021

Leave a Reply