Punjabi Essay on “Taj Mahal di Yatra”, “ਤਾਜ ਮਹੱਲ ਦੀ ਯਾਤਰਾ”, for Class 10, Class 12 ,B.A Students and Competitive Examinations.

ਤਾਜ ਮਹੱਲ ਦੀ ਯਾਤਰਾ

Taj Mahal di Yatra

ਰੂਪ-ਰੇਖਾ- ਜਾਣ-ਪਛਾਣ, ਤਾਜ ਮਹੱਲ ਦੇਖਣ ਲਈ ਜਾਣਾ, ਰਾਤ ਸਮੇਂ ਤਾਜ ਮਹੱਲ ਦਾ ਦ੍ਰਿਸ਼, ਬਾਗ ਦਾ ਨਜ਼ਾਰਾ, ਤਾਜ ਮਹੱਲ ਦੀ ਇਮਾਰਤ,ਇਤਿਹਾਸਿਕ ਪਿਛੋਕੜ, ਮੁਮਤਾਜ ਤੇ ਸ਼ਾਹ ਜਹਾਂ ਦੀਆਂ ਕਬਰਾਂ, ਵਾਪਸੀ,  ਸਾਰ-ਅੰਸ਼।

ਜਾਣ-ਪਛਾਣ- ਇਤਿਹਾਸਿਕ ਸਥਾਨਾਂ ਦੀ ਯਾਤਰਾ ਵਿਦਿਆਰਥੀਆਂ ਲਈ ਮਹੱਤਵਪੂਰਨ ਹੁੰਦੀ ਹੈ। ਇਹੋ ਜਿਹੀਆਂ ਯਾਤਰਾਵਾਂ ਨਾਲ ਵਿਦਿਆਰਥੀ ਦਾ ਗਿਆਨ ਤਾਂ ਵੱਧਦਾ ਹੀ ਹੈ, ਇਸ ਦੇ ਨਾਲ ਕਿਤਾਬੀ ਪੜਾਈ ਨਾਲ ਥੱਕਿਆ ਦਿਮਾਗ਼ ਵੀ ਤਾਜ਼ਾ ਹੋ ਜਾਂਦਾ ਹੈ।

ਤਾਜ ਮਹੱਲ ਦੇਖਣ ਲਈ ਜਾਣਾ- ਪਿਛਲੇ ਸਾਲ ਦਸਵੀਂ ਦੇ ਪੇਪਰ ਦੇਣ ਤੋਂ ਬਾਅਦ ਮੈਂ ਕੁੱਝ ਦੇਰ ਲਈ ਵਿਹਲਾ ਸੀ। ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੇਰਾ ਮਨ ਕਰਦਾ ਹੈ ਕਿ ਮੈਂ ਤਾਜ ਮਹੱਲ ਦੇਖਾਂ ਕਿਉਂਕਿ ਕਿਤਾਬਾਂ ਵਿੱਚ ਇਸਦੀ ਸੁੰਦਰਤਾਬਾਰੇ ਬਹੁਤ ਪੜਿਆ ਸੀ। ਮੇਰੇ ਪਿਤਾ ਜੀ ਨੇ ਮੈਨੂੰ ਜਾਣ ਦੀ ਸਹਿਮਤੀ ਵੀ ਦੇ ਦਿੱਤੀ ਤੇ ਮੇਰੇ ਨਾਲ ਚੱਲਣ ਲਈ ਵੀ ਤਿਆਰ ਹੋ ਗਏ। ਮੈਂ ਬੜਾ ਖੁਸ਼ ਸੀ ਤੇ ਮੈਂ ਜਲਦੀ ਨਾਲ ਆਪਣੇ ਤੇ ਪਿਤਾ ਜੀ ਦੇ ਕੱਪੜੇ ਇੱਕ ਅਟੈਚੀ ਵਿੱਚ ਪਾਏ। ਅਗਲੇ ਹੀ ਦਿਨ ਅਸੀਂ ਸ਼ਾਮ ਨੂੰ ਸੱਤ ਵਜੇ ਦੀ ਗੱਡੀ ਵਿੱਚ ਸਵਾਰ ਹੋ ਕੇ ਦੂਜੇ ਦਿਨ ਦੁਪਹਿਰ ਨੂੰ ਆਗਰੇ ਪਹੁੰਚ ਗਏ। ਅਸੀਂ ਰਾਤ ਨੂੰ ਠਹਿਰਨ ਲਈ ਹੋਟਲ ਵਿੱਚ ਇੱਕ ਕਮਰਾ ਲੈ ਲਿਆ।

ਰਾਤ ਸਮੇਂ ਤਾਜ ਮਹੱਲ ਦਾ ਦ੍ਰਿਸ਼- ਰਾਤ ਨੂੰ ਅਸੀਂ ਤਾਜ ਮਹੱਲ ਦੇਖਣ ਲਈ ਚਲ ਪਏ। ਚਾਨਣੀ ਰਾਤ ਸੀ। ਅਸੀਂ ਇੱਕ ਉੱਚੇ ਜਿਹੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋ ਗਏ। ਸਾਹਮਣੇ ਹੀ ਤਾਜ ਮਹੱਲ ਦੀ ਸੁੰਦਰ ਇਮਾਰਤ ਦਿਖਾਈ ਦੇਣ ਲੱਗ ਪਈ। ਸੁਣਿਆ ਸੀ ਕਿ ਇਹ ਅਜੂਬਾ ਹੈ ਪਰ ਦੇਖਣ ਤੋਂ ਬਾਅਦ ਤਾਂ ਲੱਗਿਆ ਕਿ ਸ਼ਾਇਦ ਇਹ ਸਵਰਗ ਵੀ ਹੈ ਪ੍ਰੋ: ਮੋਹਨ ਸਿੰਘ ਨੇ ਠੀਕ ਹੀ ਕਿਹਾ ਸੀ

ਦੁੱਧ ਚਿੱਟੀਆਂ ਰਗ਼ਦਾਰ ਮਰਮਰਾਂ ਦੇ ਗੱਲ ਘੱਤ ਕੇ ਬਾਹੀ,

ਸੁਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ, ਸੱਤੁਈਂ ਬੇਪਰਵਾਹੀ।

ਬਾਗ ਦਾ ਨਜ਼ਾਰਾ- ਇਸ ਦੇ ਚਾਰੇ ਪਾਸੇ ਇੱਕ ਸੁੰਦਰ ਬਾਗ ਹੈ ਤੇ ਬਾਗ ਦੇ ਦੁਆਲੇ ਦੀਵਾਰ ਹੈ। ਦਰਵਾਜ਼ੇ ਤੋਂ ਤਾਜ ਮਹੱਲ ਤੱਕ ਛੁਹਾਰੇ ਲੱਗੇ ਹੋਏ ਹਨ ਅਤੇ ਉਹਨਾਂ ਦੇ ਦੋਨੋਂ ਪਾਸੇ ਸੰਗਮਰਮਰ ਦੇ ਰਸਤੇ ਬਣੇ ਹੋਏ ਹਨ। ਸਾਰੇ ਬਾਗ ਵਿੱਚ ਨਰਮ ਤੇ ਮੁਲਾਇਮ ਘਾਹ ਵਿੱਛੀ ਹੋਈ ਹੈ। ਰਸਤਿਆਂ ਦੇ ਦੋਨੋਂ ਪਾਸੇ ਪੌਦੇ ਲੱਗੇ ਹੋਏ ਹਨ ਜੋ ਬਾਗ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ। ਹੋਰ ਵੀ ਬਹੁਤ ਸਾਰੇ ਲੋਕ ਇਸ ਸੁੰਦਰ ਇਮਾਰਤ ਨੂੰ ਦੇਖਣ ਆਏ ਹੋਏ ਸਨ ਤੇ ਉਹ ਬਾਗ਼ ਵਿੱਚ ਲੱਗੇ ਬੈਂਚਾਂ ਤੇ ਬੈਠ ਕੇ ਇਸ ਸੁੰਦਰਤਾ ਦਾ ਆਨੰਦ ਮਾਣ ਰਹੇ ਸਨ। ਉਸ ਤੋਂ ਬਾਅਦ ਅਸੀਂ ਰੋਜ਼ੇ ਦੇ ਅੰਦਰ ਗਏ।ਉਸ ਦੇ ਅੰਦਰ ਮੀਨਾਕਾਰੀ ਤੇ ਜਾਲੀ ਦਾ ਕੰਮ ਦੇਖ ਕੇ ਮਨ ਗਦ-ਗਦ ਹੋ ਗਿਆ। ਅਸੀਂ ਸੋਚ ਰਹੇ ਸੀ ਕਿ ਉਹ ਕਾਰੀਗਰ ਕਿੰਨੇ ਮਹਾਨ ਹਨ ਜਿਨਾਂ ਨੇ ਪੱਥਰਾਂ ਨੂੰ ਵੀ ਫੁੱਲਾਂ ਤੋਂ ਵੱਧ ਸਜਾ ਦਿੱਤਾ ਸੀ ।

ਤਾਜ ਮਹੱਲ ਦੀ ਇਮਾਰਤ- ਇਸ ਬਾਗ਼ ਦੀ ਸਤਹ ਤੋਂ ਕੋਈ ਛੇ ਮੀਟਰ ਉੱਚੇ ਸੰਗਮਰਮਰ ਦੇ ਇੱਕ ਚਬੂਤਰੇ ਉੱਪਰ ਤਾਜ ਮਹੱਲ ਖੜਾ ਹੈ। ਅਸੀਂ ਹੋਰ ਯਾਤਰੀਆਂ ਵਾਂਗ ਆਪਣੀਆਂ ਜੁੱਤੀਆਂ ਇਸ ਚਬੂਤਰੇ ਦੇ ਹੇਠਾਂ ਹੀ ਲਾਹ ਦਿੱਤੀਆਂ ਤੇ ਉਸ ਉੱਪਰ ਚੜ੍ਹ ਗਏ। ਚਬੂਤਰੇ ਦੇ ਦੋਨਾਂ ਕੋਨਿਆਂ ਉੱਪਰ ਚਾਰ ਉੱਚੇ ਮੀਨਾਰ ਬਣੇ ਹੋਏ ਹਨ। ਇਹ 50-50 ਮੀਟਰ ਉੱਚੇ ਹਨ। ਇਹਨਾਂ ਦੇ ਉੱਤੇ ਚੜ੍ਹਨ ਲਈ ਪੌੜੀਆਂ ਤੇ ਛੱਜੇ ਬਣੇ ਹੋਏ ਹਨ।

 

ਇਤਿਹਾਸਿਕ ਪਿਛੋਕੜ- ਸਾਨੂੰ ਇੱਕ ਗਾਈਡ ਨੇ ਦੱਸਿਆ ਕਿ ਤਾਜ ਮਹੱਲ ਇੱਕ ਮਕਬਰਾ ਹੈ। ਇਸ ਨੂੰ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੀ ਪਿਆਰੀ ਬੇਗਮ ਮੁਮਤਾਜ਼ ਮਹੱਲ ਦੀ ਯਾਦ ਵਿੱਚ ਬਣਵਾਇਆ ਸੀ। ਮੁਮਤਾਜ ਮਹੱਲ ਦੀ ਇਹ ਆਖਰੀ ਇੱਛਾ ਸੀ ਕਿ ਬਾਦਸ਼ਾਹ ਉਸ ਦੀ ਯਾਦ ਵਿੱਚ ਇਹੋ ਜਿਹਾ ਮਕਬਰਾ ਬਣਾਵੇ, ਜਿਹੜਾ ਦੁਨੀਆਂ ਵਿੱਚ ਉਸ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖੇ। ਇਹ ਸਾਰੀ ਇਮਾਰਤ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ। ਇਸ ਨੂੰ 20,000 ਮਜ਼ਦੂਰਾਂ ਨੇ ਰਾਤ ਦਿਨ ਕੰਮ ਕਰਕੇ 20 ਸਾਲ ਵਿੱਚ ਬਣਾਇਆ ਸੀ ਤੇ ਇਸ ਉੱਤੇ ਕਈ ਕਰੋੜ ਰੁਪਏ ਖ਼ਰਚ ਹੋਏ ਸਨ।

ਮੁਮਤਾਜ ਤੇ ਸ਼ਾਹ ਜਹਾਨ ਦੀਆਂ ਕਬਰਾਂ ਅਸੀਂ ਮੁਮਤਾਜ ਮਹੱਲ ਤੇ ਸ਼ਾਹ ਜਹਾਨ ਦੀਆਂ ਕਬਰਾਂ ਵੀ ਦੇਖੀਆਂ। ਮੁਮਤਾਜ ਮਹੱਲ ਦੀ ਕਬਰ ਰੋਜੇ ਦੇ ਅੰਦਰ ਇੱਕ ਵੱਡੇ ਅੱਠ ਕੋਨੇ ਕਮਰੇ ਵਿੱਚ ਹੈ ਤੇ ਉਸ ਦੇ ਨਾਲ ਹੀ ਬਾਦਸ਼ਾਹ ਸ਼ਾਹ ਜਹਾਨ ਦੀ ਕਬਰ ਹੈ। ਇੱਥੋਂ ਦੀਆਂ ਦੀਵਾਰਾਂ ਤੇ ਗੁੰਬਦ ਦੀ ਮੀਨਾਕਾਰੀ ਦੇਖ ਕੇ ਦਿਲ ਅਸ਼-ਅਸ਼ ਕਰ ਉੱਠਿਆ। ਰੰਗ-ਬਿਰੰਗੇ ਪੱਥਰ ਇਸ ਤਰ੍ਹਾਂ ਲੱਗ ਰਹੇ ਸਨ ਕਿ ਜਿਵੇਂ ਤਾਰੇ ਚਮਕ ਰਹੇ ਹੋਣ। ਦਰਵਾਜ਼ਿਆਂ ਦੀਆਂ ਚੁਗਾਠਾਂ ਤੇ ਕੰਧਾਂ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ।

ਵਾਪਸੀ- ਅਗਲੇ ਦਿਨ ਅਸੀਂ ਫ਼ਤਿਹਪੁਰ ਸੀਕਰੀ ਦੀਆਂ ਸੁੰਦਰ ਇਮਾਰਤਾਂ ਦੇਖੀਆਂ। ਮੈਂ ਤੇ ਮੇਰੇ ਪਿਤਾ ਜੀ ਇਹੀ ਗੱਲਾਂ ਕਰਦੇ ਰਹੇ ਕਿ ਤਾਜ ਮਹੱਲ ਨੂੰ ਬਣਿਆ ਕਿੰਨੇ ਸਾਲ ਬੀਤ ਗਏ ਹਨ ਪਰ ਇਸ ਦੀ ਸੁੰਦਰਤਾ ਵਿੱਚ ਕੋਈ ਫਰਕ ਨਹੀਂ ਪਿਆ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇੱਕ ਵਾਰ ਦੁਬਾਰਾ ਤਾਜ ਮਹੱਲ ਦੇਖਣ ਜਾਵਾਂ ਪਰ ਵਾਪਸ ਤਾਂ ਆਉਣਾ ਸੀ। ਅਸੀਂ ਸ਼ਾਮ ਦੀ ਗੱਡੀ ਫੜੀ ਤੇ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ।

ਸਾਰ-ਅੰਸ਼- ਇੰਨੀ ਅਦਭੁੱਤ ਤੇ ਸੁੰਦਰ ਇਮਾਰਤ ਦੇਖ ਕੇ ਮਨ ਇੰਨਾ ਖੁਸ਼ ਹੋਇਆ ਕਿ ਕਿੰਨੇ ਦਿਨ ਤੱਕ ਉਸ ਦਾ ਨਜ਼ਾਰਾ ਅੱਖਾਂ ਅੱਗੇ ਘੁੰਮਦਾ ਰਿਹਾ। ਸੱਚੀ ਗੱਲ ਹੈ ਸੁਣਨ ਤੇ ਦੇਖਣ ਵਿੱਚ ਬੜਾ ਅੰਤਰ ਹੁੰਦਾ ਹੈ। ਕਾਸ਼ ! ਇਹੋ ਜਿਹੀ ਖੂਬਸੂਰਤ ਇਮਾਰਤ ਹਰ ਸ਼ਹਿਰ ਵਿੱਚ ਹੋਵੇ।

Leave a Reply