Punjabi Essay on “Samaj me Bujurgo ka Sthan ”, “ਸਮਾਜ ਵਿਚ ਬਜ਼ੁਰਗਾਂ ਦਾ ਸਥਾਨ”, Punjabi Essay for Class 10, Class 12 ,B.A Students and Competitive Examinations.

ਸਮਾਜ ਵਿਚ ਬਜ਼ੁਰਗਾਂ ਦਾ ਸਥਾਨ

Samaj me Bujurgo ka Sthan 

ਭੂਮਿਕਾ : ਫ਼ਾਰਸੀ ਵਿਚ ਬਜ਼ੁਰਗ ਲਫ਼ਜ਼ ਦਾ ਅਰਥ ਹੁੰਦਾ ਹੈ-ਵੱਡਾ। ਕੇਵਲ ਉਮਰ ਪੱਖੋਂ ਹੀ ਵਡੇਰਾ ਨਹੀਂ ਬਲਕਿ ਜੋ ਤਜਰਬੇਕਾਰ, ਸਿਆਣਾ ਤੇ ਸੂਝਵਾਨ ਹੋਵੇ, ਉਹ ਵਿਅਕਤੀ ਬਜ਼ੁਰਗ ਅਖਵਾਉਂਦਾ ਹੈ । ਬੁਢਾਪਾ ਜ਼ਿੰਦਗੀ ਦੇ ਆਖ਼ਰੀ ਪੜਾਅ ਦੀ ਨਿਸ਼ਾਨੀ ਹੈ। ਉਮਰ ਦੇ ਇਸ ਪੜਾਅ ਤੱਕ ਪਹੁੰਚਦਿਆਂ-ਪਹੁੰਚਦਿਆਂ ਵਿਅਕਤੀ ਆਪਣੀ ਜ਼ਿੰਦਗੀ ਵਿਚ ਆਏ ਉਤਰਾਅ-ਚੜ੍ਹਾਅ ਅਤੇ ਜ਼ਿੰਦਗੀ ਦੀਆਂ ਤਲਖ਼-ਹਕੀਕਤਾਂ ਨੂੰ ਹੰਢਾਉਂਦਿਆਂ ਹੋਇਆ ਸੂਝਵਾਨ ਹੋ ਜਾਂਦਾ ਹੈ। ਉਹ ਆਪਣੇ ਤਜਰਬਿਆਂ ਦੇ ਅਧਾਰ ‘ਤੇ ਆਪਣੇ ਪਰਿਵਾਰ ਨੂੰ ਸਲਾਹ-ਮਸ਼ਵਰੇ ਦਿੰਦਾ ਹੈ ਤਾਂ ਜੋ ਉਹ ਹੋਰ ਤਰੱਕੀ ਕਰ ਸਕਣ। ਉਮਰ ਦੇ ਲਿਹਾਜ਼ ਨਾਲ ਉਸ ਦੇ ਸੁਭਾਅ ਵਿਚ ਵੀ ਥੋੜੀ-ਬਹੁਤ ਤਬਦੀਲੀ ਆ ਹੀ ਜਾਂਦੀ ਹੈ। ਰ ਉਸ ਦੀਆਂ ਇਹ ਤਬਦੀਲੀਆਂ ਅਤੇ ਉਸ ਦੇ ਵਿਚਾਰ, ਉਸ ਦੇ ਪਰਿਵਾਰ ਨੂੰ ਅਖਰਦੇ ਹਨ ਜਿਸ ਨਾਲ ਉਨ੍ਹਾਂ ਦੇ ਵਿਚਾਰਾਂ ਵਿਚ ਟਾਕਰੇ ਪੈਦਾ ਹੋ ਜਾਂਦਾ ਹੈ। ਸਿੱਟੇ ਵਜੋਂ ਬਜ਼ੁਰਗਾਂ ਦੀ ਸ਼੍ਰੇਣੀ ਵੱਖਰੀ ਹੋ ਜਾਂਦੀ ਹੈ ਤੇ ਉਹ ਆਪਣੇ ਘਰ-ਪਰਿਵਾਰ ਵਿਚ ਰਹਿੰਦੇ ਹੋਏ ਵੀ ਡਾਲੀ। ਨਾਲੋਂ ਟੁੱਟੇ ਹੋਏ ਫੁੱਲ ਵਾਂਗ ਹੁੰਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਮਾਜ ਵਿਚ ਬਜ਼ੁਰਗਾਂ ਦਾ ਸਥਾਨ ਕਿਹੋ ਜਿਹਾ ਹੈ ਅਤੇ ਕਿਹੋ ਜਿਹਾ ਹੋਣਾ ਚਾਹੀਦਾ ਹੈ ?

 

ਬਜ਼ੁਰਗਾਂ ਦਾ ਆਸਰਾ : ਘਰਾਂ ਵਿਚ ਬਜ਼ੁਰਗਾਂ (ਮਾਪਿਆਂ) ਦਾ ਆਸਰਾ ਰੱਬ ਵਰਗਾ ਆਸਰਾ ਹੁੰਦਾ ਹੈ। ਬਜ਼ੁਰਗਾਂ ਦੇ ਘਰ ਵਿਚ ਮੌਜੂਦ ਹੋਣ ਨਾਲ ਹੀ ਸੰਨਾ ਘਰ ਭਰਿਆ-ਭਰਿਆ ਜਾਪਦਾ ਹੈ ਤੇ ਇਕੱਲਤਾ ਦਾ ਅਹਿਸਾਸ ਨਹੀਂ ਹੁੰਦਾ। ਇਨ੍ਹਾਂ ਦੇ ਆਸਰੇ ਹੀ ਅਸੀਂ ਦੁਨਿਆਵੀ ਕੰਮ ਨਿਪਟਾਉਣ ਲਈ ਘਰੋਂ ਬੇਫ਼ਿਕਰੇ ਹੋ ਕੇ ਚਲੇ ਜਾਂਦੇ ਹਾਂ ਅਤੇ ਕਈ ਘਰੇਲ ਤੇ ਸਮਾਜਕ ਜ਼ਿੰਮੇਵਾਰੀਆਂ ਤੋਂ ਵੀ ਮੁਕਤ ਹੋ ਜਾਂਦੇ ਹਾਂ। ਘਰ ਨੂੰ ਘਰ ਬਣਾਉਣ ਵਿਚ ਇਨ੍ਹਾਂ ਦਾ ਹੀ ਯੋਗਦਾਨ ਹੁੰਦਾ ਹੈ।

ਬਜ਼ੁਰਗਾਂ ਦੇ ਲਾਡ-ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ।ਉਨ੍ਹਾਂ ਵਿਚ ਆਪਣਾਪਣ, ਸਲੀਕਾ, ਸਤਿਕਾਰ ਤੇ ਮਿਲਵਰਤਨ ਦੀ ਭਾਵਨਾ ਆ ਜਾਂਦੀ ਹੈ। ਉਹ ਭੈੜੀਆਂ ਵਾਦੀਆਂ ਤੋਂ ਬਚੇ ਰਹਿੰਦੇ ਹਨ। ਇਨ੍ਹਾਂ ਦੀ ਸੰਗਤ ਨਾਲ ਬੱਚਿਆਂ ਦਾ ਸਰੀਰਕ, ਬੌਧਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ। ਬੱਚਿਆਂ ਦੇ ਬਚਪਨ ਨੂੰ ਸਾਰਥਕ ਬਣਾਉਣਾ ਤੇ ਉਨ੍ਹਾਂ ਨੂੰ ਨੇਕ ਤੇ ਇਮਾਨਦਾਰ ਬਣਾਉਣਾ ਕੇਵਲ ਬਜ਼ੁਰਗਾਂ (ਦਾਦੇ-ਦਾਦੀਆਂ) ਦੇ ਹੀ ਹਿੱਸੇ ਆਇਆ ਹੈ।

ਬਜ਼ੁਰਗਾਂ ਦੀ ਇਕੱਲਤਾ ਦੇ ਕਾਰਨ : ਪਰ ਅਫ਼ਸੋਸ ! ਅੱਜ ਵਕਤ ਬਦਲ ਗਿਆ ਹੈ, ਆਪਣੇ ਪਰਾਏ ਹੋ ਗਏ ਹਨ, ਖੂਨ ਸਫ਼ੈਦ ਹੋ ਗਿਆ ਹੈ, ਖੂਨ ਦੇ ਰਿਸ਼ਤੇ ਵੀ ਸਵਾਰਥੀ ਹੋ ਗਏ ਹਨ, ਇਨ੍ਹਾਂ ਵਿਚ ਤਰੇੜਾਂ ਪੈ ਗਈਆਂ ਹਨ। ਅੱਜ ਘਰਾਂ ਵਿਚ ਬਜ਼ੁਰਗਾਂ ਦੀ ਹੋਂਦ ਅਤੇ ਹਾਜ਼ਰੀ ਵਾਧੂ ਜਿਹੀ ਜਾਪਣ ਲੱਗ ਪਈ ਹੈ। ਇਹ ਤਬਦੀਲੀ ਕਿਉਂ ਤੇ ਕਿਵੇਂ ਆਈ ? ਇਸ ਦਾ ਇਕ ਕਾਰਨ ਤਾਂ ਸਪਸ਼ਟ ਹੈ-ਨਵੀਂ ਪੀੜੀ ਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਵਿਚ ਤਕਰਾਰ। ਬਜ਼ੁਰਗਾਂ ਦਾ ਪੁਰਾਤਨ-ਮੁਖੀ ਹੋਣਾ, ਹਰ ਗੱਲ ਵਿਚ ਨੁਕਤਾਚੀਨੀ ਕਰਨੀ ਤੇ ਆਪਣੇ ਜ਼ਮਾਨੇ ਦੀਆਂ ਗੱਲਾਂ ਨੂੰ ਦੁਹਰਾਉਣਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਬਦਲ ਰਹੇ ਸਮੇਂ ਦੇ ਨਾਲ ਆਪਣੇ-ਆਪ ਨੂੰ ਬਦਲਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਹੁੰਦਾ ਹੈ ਜਦੋਂ ਕਿ ਨਵੀਂ ਪੀੜੀ ਦੀ ਸੋਚ ਅਜ਼ਾਦ ਖ਼ਿਆਲਾਂ ਵਾਲੀ ਹੁੰਦੀ ਹੈ। ਉਹ ਬਜ਼ੁਰਗਾਂ ਦੀ ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰ ਸਕਦੇ।ਉਹ ਆਪਣੇ । ‘ਸੋਸ਼ਲ ਸਟੇਟਸ’ ਦੀ ਖ਼ਾਤਰ ਬਜ਼ੁਰਗਾਂ ਤੋਂ ਦੂਰੀਆਂ ਬਣਾਉਣਾ ਚਾਹੁੰਦੇ ਹਨ ਜਿਸ ਦੇ ਸਿੱਟੇ ਵਜੋਂ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ।

ਇਸ ਤੋਂ ਇਲਾਵਾ ਬਜ਼ੁਰਗਾਂ ਦੀ ਇਕੱਲਤਾ ਦਾ ਕਾਰਨ ਵਿਦੇਸ ਜਾ ਵੱਸੇ ਪੁੱਤਰਾਂ ਦੀ ਜੁਦਾਈ ਹੈ। ਵਧੇਰੇ ਪੈਸਾ ਕਮਾਉਣ ਦੇ ਲਾਲਚ ਜਾਂ ਕਿਸੇ ਹੋਰ ਮਜਬੂਰੀ-ਵੱਸ ਪੁੱਤਾਂ ਵੱਲੋਂ ਵਿਦੇਸ਼ ਜਾਣਾ ਅਤੇ ਫਿਰ ਪਰਿਵਾਰ ਸਮੇਤ ਉੱਥੇ ਹੀ ਪੱਕਾ ਵਸੇਬਾ ਬਣਾ ਲੈਣ ਨਾਲ ਪਿੱਛੇ ਰਹਿ ਗਏ। ਬਜ਼ੁਰਗ ਮਾਪਿਆਂ ਨੂੰ ਇਕੱਲਤਾ ਦਾ ਸੰਤਾਪ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀ ਔਲਾਦ ਦਾ ਸੁਖ ਨਸੀਬ ਨਹੀਂ ਹੁੰਦਾ।ਉਹ ਔਲਾਦ ਦੇ ਹੁੰਦੇ ਹੋਇਆਂ ਵੀ ਬੇਔਲਾਦੇ ਜਿਹੇ ਹੋ ਜਾਂਦੇ ਹਨ।

ਬਜ਼ੁਰਗਾਂ ਦੀ ਵਰਤਮਾਨ ਯੁੱਗ ਵਿਚ ਸਥਿਤੀ : ਅੱਜ-ਕੱਲ ਇਹ ਵਿਸ਼ਾ ਵਧੇਰੇ ਚਰਚਾ ਵਿਚ ਹੈ ਕਿ ਘਰਾਂ ਵਿਚ ਜਾਂ ਸਮਾਜ ਵਿਚ ਬਜ਼ੁਰਗਾਂ ਨੂੰ ਉਹ ਮਾਣ-ਸਤਿਕਾਰ ਹਾਸਲ ਨਹੀਂ ਹੋ ਰਿਹਾ ਜਿਸ ਦੇ ਕਿ ਉਹ ਹੱਕਦਾਰ ਹੁੰਦੇ ਹਨ। ਉਨ੍ਹਾਂ ਦੀ ਅਜਿਹੀ ਅਪਮਾਨਜਨਕ ਸਥਿਤੀ ਉਨ੍ਹਾਂ ਦੇ ਆਪਣੇ ਹੀ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ। ਉਹ ਉਨ੍ਹਾਂ ਨੂੰ ਅਦਬ-ਸਤਿਕਾਰ ਨਹੀਂ ਦਿੰਦੇ। ਉਨ੍ਹਾਂ ਨਾਲ ਸਲੀਕੇ ਨਾਲ ਪੇਸ਼ ਨਹੀਂ। ਆਉਂਦੇ।ਉਨਾਂ ਦੀਆਂ ਲੋੜਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਬੱਚਿਆਂ ਨੂੰ ਉਨ੍ਹਾਂ ਦੇ ਕੋਲ ਜਾਣ ਤੋਂ ਰੋਕਿਆ ਜਾਂਦਾ ਹੈ। ਖਰਵੇ ਬੋਲ ਬੋਲੇ। ਜਾਂਦੇ ਹਨ । ਮਾਤਾ ਜੀ-ਪਿਤਾ ਜੀ ਕਹਿਣ ਦੀ ਬਜਾਏ ‘ਬੁੱਢਾ-ਬੁੱਢੀ ਕਿਹਾ ਜਾਂਦਾ ਹੈ | ਘਰ ਦੀ ਆਲੀਸ਼ਾਨ ਕੋਠੀ ਵਿਚ ਉਨਾਂ ਦੇ ਰਹਿਣ ਥਾਂ ਨਹੀਂ ਹੁੰਦੀ। ਇਸ ਲਈ ਕਿਸੇ ਨੁੱਕਰੇ ਹੀ ਉਨ੍ਹਾਂ ਦਾ ਬਿਸਤਰਾ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਖ਼ਰਚੇ ਬਰਦਾਸ਼ਤ ਨਹੀਂ ਕੀਤੇ ਜਾਂਦੇ ਅਤੇ ਜਾਇਦਾਦ ਦੇ ਨਾਲ-ਨਾਲ ਮਾਂ-ਬਾਪ ਨੂੰ ਵੀ ਵੰਡ ਲਿਆ ਜਾਂਦਾ ਹੈ।

ਮਾਪੇ ਤਾਂ ਧਰਤੀ ਹੇਠਲੇ ਬਲਦ ਹੁੰਦੇ ਹਨ ਤੇ ਫਿਰ ਇਹ ਧਰਤੀ ਹੇਠਲੇ ਬਲਦ ਅੱਜ ਆਪਣੇ ਹੀ ਧੀਆਂ-ਪੁੱਤਰਾਂ ‘ਤੇ ਬੋਝ ਕਿਉਂ ਬਣ ਗਏ ਹਨ? ਉਹ ਤਾਂ ਆਪਣੇ ਹਿੱਸੇ ਦੀ ਛਾਂ ਵੀ ਉਨ੍ਹਾਂ ਨੂੰ ਦੇ ਕੇ ਇਹੋ ਹੀ ਕਹਿੰਦੇ ਹਨ ਕਿ ਸਾਡੇ ਬੱਚਿਆਂ ਨੂੰ ਤੱਤੀ ਵਾ ਨਾ ਲੱਗੇ। ਧੀਆਂ-ਪੁੱਤਰ ਏਨੇ ਨਿਰਮੋਹੇ ਕਿਉਂ ਹੋ ਗਏ ਹਨ ? ਮਾਪੇ ਤਾਂ ਇਨ੍ਹਾਂ ਨੂੰ ਆਪਣੇ ਬੁਢਾਪੇ ਦੀ ਡੰਗੋਰੀ ਸਮਝ ਕੇ ਆਸਾਂ ਦੇ ਸਹਾਰੇ ਜਿਉਂਦੇ ਹਨ ਤੇ ਇਨ੍ਹਾਂ ਨਾ-ਸ਼ੁਕਰੇ ਅਹਿਸਾਨ-ਫਰਾਮੋਸ਼ਾਂ ਨੇ ਇਕ ਝਟਕੇ ਨਾਲ ਹੀ ਘਣਛਾਵਾਂ ਬੂਟਾ ਪੁੱਟ ਕੇ ਪਰ੍ਹਾਂ ਵਗਾਹ ਮਾਰਿਆ। ਕਾਸ਼ ! ਕਿਤੇ ਇਨ੍ਹਾਂ ਨੂੰ ਵੀ ਇਨ੍ਹਾਂ ਸਤਰਾਂ ਦੀ ਸਮਝ ਆ ਜਾਵੇ :

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ,

ਜਿਸ ਤੋਂ ਲੈ ਕੇ ਛਾਂ ਉਧਾਰੀ, ਰਬ ਨੇ ਸੁਰਗ ਬਣਾਏ।

ਬਜ਼ੁਰਗਾਂ ਦਾ ਅਪਮਾਨ ਕਰਨ ਵਿਚ ਨੂੰਹਾਂ-ਪੁੱਤਾਂ ਦਾ ਅਹਿਮ ਰੋਲ ਹੁੰਦਾ ਹੈ।ਨੂੰਹਾਂ ਦੇ ਖਰਵੇ ਬੋਲ ਅਤੇ ਅਣਮਨੁੱਖੀ ਵਤੀਰਾ, ਬਜ਼ੁਰਗਾਂ ਨੂੰ ਇਨਸਾਨ ਨਾ ਸਮਝਣਾ ਬਲਕਿ ਵਾਧੂ ਬੋਝ ਸਮਝ ਕੇ ਉਨਾਂ ਦਾ ਅਪਮਾਨ ਕਰਨਾ, ਇਨਸਾਨੀਅਤ ਦਾ ਘਾਣ ਹੈ। ਗੱਲ ਇਹ ਨਹੀਂ ਕਿ ਉਨਾਂ ਨੂੰ ਵੱਡਿਆਂ ਦੇ ਅਦਬ-ਸਤਿਕਾਰ ਦਾ ਵੱਲ ਨਹੀਂ ਆਉਂਦਾ ਪਰ ਸਾਡੇ ਸਮਾਜ ਵਿਚ ਇਹ ਇਕ ਹਨੇਰੀ ਜਿਹੀ ਭੁੱਲ ਗਈ ਹੈ ਕਿ ਆਪਣਿਆਂ ਦੇ ਮੈਂ ਗੱਟ ਭੰਨਾਂ, ਚੰਮਾਂ ਪੈਰ ਪਇਆਂ ਦੇ। ਲੋਕ ਵਿਖਾਵੇ ਖਾਤਰ ਸ਼ਰਧਾ ਦਾ ਢੰਗ ਰਚਾ ਕੇ ਧਾਰਮਕ ਅਸਥਾਨਾਂ ਤੇ ਜਾ ਕੇ ਸੇਵਾ ਕਰਨੀਂ ਪਰ ਘਰ ਵਿਚ ਬਜ਼ੁਰਗਾਂ ਦੀ ਸੇਵਾ ‘ਖਰਵੇ ਬੋਲਾਂ ਰਾਹੀਂ ਕਰਨੀ, ਇਨਾਂ ਦੀ ਤਾਂ ਜਿਵੇਂ ਫਿਤਰਤ ਹੀ ਬਣ ਗਈ ਹੈ। ਜ਼ਿੰਦਗੀ ਤੋਂ ਆਤੁਰ ਹੋਏ ਮਜਬਰ ਬਜ਼ੁਰਗ ਆਪਣੇ ਘਰ ਆਪਣਿਆਂ ਦੇ ਸਾਹਮਣੇ ਹੀ ਬੇਗਾਨੇ ਬਣ ਕੇ ਰਹਿ ਜਾਂਦੇ ਹਨ। ਪੁੱਤਰ ਵੀ ਬਜ਼ੁਰਗਾਂ ਨਾਲ ਆਪਣਿਆਂ ਵਰਗਾ ਸਲੂਕ ਨਹੀਂ ਕਰਦੇ। ਉਹ ਜਾਂ ਤਾਂ ਜਾਇਦਾਦ ਦੇ ਪਿੱਛੇ ਲੜਦੇ ਹਨ ਜਾਂ ਉਨ੍ਹਾਂ ਨਾਲ ਦੁਰਵਿਹਾਰ ਕਰਦੇ ਹਨ।

ਆਖ਼ਰੇ ਬਜ਼ੁਰਗਾਂ ਦਾ ਆਸਰਾ ਕੌਣ ਬਣੂ? ਕੁਝ ਇਕ ਸਮਾਜ-ਸੇਵੀ ਸੰਸਥਾਵਾਂ ਨੇ ਅਜਿਹੇ ਵਡਭਾਗੇ ਜਾਂ ਮੰਦਭਾਗੇ ਬਜ਼ੁਰਗਾਂ ਲਈ ਬਿਰਧ-ਆਸ਼ਰਮ ਬਣਾ ਕੇ ਜਿੱਥੇ ਇਨਾਂ ਨੂੰ ਕੁਝ ਰਾਹਤ ਦੇਣ ਦਾ ਉਪਰਾਲਾ ਕੀਤਾ ਹੈ, ਉੱਥੇ ਮਨੁੱਖ ਦੀ ਸੋਚ ਨੂੰ ਵੀ ਝੰਜੋੜ ਦਿੱਤਾ ਹੈ। ਆਪਣੇ ਉਨ੍ਹਾਂ ਮਜਬੂਰ ਮਾਪਿਆਂ ਨੂੰ ਜਿਨ੍ਹਾਂ ਦੇ ਸਾਹਾਂ ਦੀ ਡੋਰ ਅਜੇ ਟੱਟੀ ਨਹੀਂ, ਬਿਰਧ-ਆਸ਼ਰਮਾਂ ਵੱਲ ਤੋਰਨਾ ਸਾਡੇ ਆਚਰਨ ਦੀ ਸਭ ਤੋਂ ਵੱਡੀ। ਗਿਰਾਵਟ ਹੈ।

ਜੋ ਵੀ ਹੈ, ਬਜ਼ੁਰਗਾਂ ਦੀ ਸਥਿਤੀ ਨਿਰਾਸ਼ਾਜਨਕ, ਅਪਮਾਨਜਨਕ ਤੇ ਉਨਾਂ ਦਾ ਭਵਿੱਖ ਧੁੰਦਲਾ ਹੈ। ਅੰਤ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ਬੁਢਾਪਾ ਤਾਂ ਕੁਦਰਤੀ ਪ੍ਰਕਿਰਿਆ ਅਨੁਸਾਰ ਹਰ ਇਕ ‘ਤੇ ਹੀ ਆਉਣਾ ਹੈ। ਜਿਵੇਂ ਅਸੀਂ ਬਚਪਨ ਨੂੰ ਮੋੜ ਕੇ ਨਹੀਂ ਲਿਆ ਸਕਦੇ ਤਿਵੇਂ ਹੀ ਬੁਢਾਪੇ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਤਾਂ ਉਮਰ ਦਾ ਇਕ ਪੜਾਅ ਹੈ। ਇਸ ਨਾਲ ਮਨੁੱਖ ਦਾ ਅਸਤਿੱਤਵ ‘ਖ਼ਤਮ’ ਜਾਂ ਵਾਧੂ ਨਹੀਂ ਹੋ ਜਾਂਦਾ। ਇਹ ਠੀਕ ਹੈ ਕਿ ਉਮਰ ਦੇ ਤਕਾਜ਼ੇ ਨਾਲ ਸੁਭਾਅ ਅਤੇ ਆਦਤਾਂ ਬਦਲ ਜਾਂਦੀਆਂ ਹਨ ਜਾਂ ਨਹੀਂ ਬਦਲੀਆਂ ਜਾ ਸਕਦੀਆਂ ਪਰ ਇਨ੍ਹਾਂ ਦੀਆਂ ਇੱਛਾਵਾਂ ਦਾ ਘਾਣ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਆਉਣ ਵਾਲੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਦੋਵਾਂ ਪੀੜੀਆਂ ਨੂੰ ਆਪੋ-ਆਪਣੀ ਸੋਚ ਬਦਲਣ ਦੀ ਲੋੜ ਹੈ, ਸਮਝੌਤੇ ਕਰਨ ਦੀ ਲੋੜ ਹੈ, ਕਿਸੇ ਨੂੰ ਕੁਝ ਛੱਡਣ ਤੇ ਕਿਸੇ ਨੂੰ ਕੁਝ ਅਪਣਾਉਣ ਦੀ ਲੋੜ ਹੈ । ਇਸ ਖ਼ਤਰਨਾਕ ਹਾਲਾਤ ਲਈ ਕੋਈ ਇਕ ਧਿਰ ਕਸੂਰਵਾਰ ਨਹੀਂ ਹੈ। ਕੇਵਲ ਅਸੀਂ ਬਜ਼ੁਰਗਾਂ ‘ਤੇ ਹੀ ਪੁਰਾਤਨ-ਮੁਖੀ ਹੋਣ ਦਾ ਲੇਬਲ ਨਹੀਂ ਲਾ ਸਕਦੇ ਕਿਉਂਕਿ ਜੋ ਅੱਜ ਨਵਾਂ ਜਾਪਦਾ ਹੈ, ਕੱਲ ਨੂੰ ਇਹ ਵੀ ਪੁਰਾਣਾ ਹੋ ਜਾਣਾ ਹੈ, ਸਾਡੇ ਅੱਜ ਦੇ ਵਿਚਾਰ ਵੀ ਪੁਰਾਤਨ ਹੋ ਜਾਣੇ ਹਨ, ਬੁਢਾਪਾ ਸਾਡੇ ‘ਤੇ ਵੀ ਆ ਰਿਹਾ ਹੈ । ਸਾਡਾ ਅੱਜ ਦਾ ‘ਸਟੇਟਸ’ ਬਜ਼ੁਰਗਾਂ ਤੋਂ ਮੂੰਹ ਮੋੜਨ ਨਾਲ ਨਹੀਂ ਬਲਕਿ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਨਾਲ ਹੀ ਰੋਸ਼ਨ ਹੋਣਾ ਹੈ। ਬਜ਼ੁਰਗ ਤਾਂ ਕੰਧੀ ਉੱਤੇ ਰੁੱਖੜਾ ਹੁੰਦੇ ਹਨ, ਉਹ ਬੇਵਕਤ ਭੁੱਲੀ ਹੋਈ ਅਪਮਾਨ ਦੀ ਤੇਜ਼ ਹਨੇਰੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ।

3 Comments

  1. Gouravpreet Singh March 31, 2020
  2. Gouravpreet Singh March 31, 2020
  3. Harshvir Singh April 24, 2020

Leave a Reply