ਸਚਹੁ ਉਰੈ ਸਭ ਕੋ ਓਪਰਿ ਸਚੁ ਆਚਾਰ
Sachu ure sabh ko upri sachu aachar
ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁੱਕ ਹੈ। ਇਸ ਵਿੱਚ ਗੁਰੂ ਜੀ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਜੀਵਨ ਵਿੱਚ ਕੀਤੇ ਜਾਣ ਵਾਲੇ ਸਾਰੇ ਕੰਮ ਜਾਂ ਸਾਰੇ ਭਲੇ ਸੱਚ ਤੋਂ ਨੀਵੇਂ ਹਨ। ਪਰੰਤੂ ਸੱਚ ਨਾਲੋਂ ਉੱਪਰ ਇੱਕ ਚੀਜ਼ ਹੈ ਉਹ ਹੈ, ਉੱਚਾ-ਸੁੱਚਾ ਆਚਰਨ। ਸੱਚ ਦੀ ਹਮੇਸ਼ਾ ਬਹੁਤ ਮਹਾਨਤਾ ਦਰਸਾਈ ਜਾਂਦੀ ਹੈ ! ਗੁਰਬਾਣੀ ਵਿੱਚ ਵੀ ਇਸ ਨੂੰ ਉੱਤਮ ਕਿਹਾ ਗਿਆ ਹੈ, ਗੁਰੂ ਨਾਨਕ ਦੇਵ ਜੀ ਇੱਕ ਹੋਰ ਤੁੱਕ ਵਿੱਚ ਲਿਖਦੇ ਹਨ, “ਸੱਚ ਸਭਨਾ ਹੋਇ ਦਾਰੂ ਪਾਪ ਕਢੈ ਧੋਇ। ਜਿਹੜਾ ਮਨੁੱਖ ਸੱਚ ਨੂੰ ਆਪਣਾ ਅਧਾਰ ਬਣਾ ਲੈਂਦਾ ਹੈ ਉਹ ਕਦੇ ਕੋਈ ਝੂਠ ਨਹੀਂ ਬੋਲਦਾ ਤੇ ਪਾਪ ਤੋਂ ਵੀ ਦੂਰ ਰਹਿੰਦਾ ਹੈ। ਉਹ ਸੱਚੇ ਪ੍ਰਮਾਤਮਾ ਦੀ ਯਾਦ ਨੂੰ ਮਨ ਵਿੱਚ ਵਸਾਉਂਦਾ ਹੈ। ਉਹ ਸੱਚ ਦਾ ਆਸਰਾ ਲੈ ਕੇ ਸੱਚੇ-ਸੁੱਚੇ ਆਚਰਨ ਵਾਲਾ ਬਣ ਜਾਂਦਾ ਹੈ। ਉਸ ਦੇ ਮਨ ਵਿੱਚ ਖੁਦਗਰਜ਼ੀ ਤੇ ਲਾਲਚ ਨਹੀਂ ਹੁੰਦਾ। ਉਹ ਆਲੇ-ਦੁਆਲੇ ਸਭ ਨਾਲ ਹਮਦਰਦੀ ਕਰਦਾ ਹੈ। ਉਸ ਦੇ ਅੰਦਰ ਕਿਸੇ ਪ੍ਰਤੀ ਈਰਖਾ ਸਾੜਾ ਨਹੀਂ ਹੁੰਦਾ ਤੇ ਨਾ ਹੀ ਉਹ ਮੌਕਾਪ੍ਰਸਤ ਹੁੰਦਾ ਹੈ। ਉਹ ਕਦੇ ਵੀ ਆਪਣੇ ਲਾਭ ਲਈ ਕਿਸੇ ਦੂਸਰੇ ਦਾ ਨੁਕਸਾਨ ਨਹੀਂ ਕਰਦਾ। ਉਹ ਸੱਚੀ ਗੱਲ ਮੁੰਹ ਤੇ ਬੋਲਣ ਦੀ ਹਿੰਮਤ ਰੱਖਦਾ ਹੈ। ਉਹ ਨਿਡਰ ਹੋ ਕੇ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ। ਉਹ ਜਿਹੋ ਜਿਹਾ ਬਾਹਰੋਂ ਹੁੰਦਾ ਹੈ ਉਹੋ ਜਿਹਾ ਹੀ ਅੰਦਰੋਂ ਹੁੰਦਾ ਹੈ। ਉਸ ਦੇ ਸੱਚੇ-ਸੁੱਚੇ ਆਚਰਨ ਕਰਕੇ ਦੁਨੀਆਂ ਉਸ ਨੂੰ ਪੂਜਦੀ ਹੈ। ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਰਹਿੰਦਾ ਹੈ। ਇਸ ਪ੍ਰਕਾਰ ਸੱਚਾ ਆਚਰਨ ਸੱਚ ਤੋਂ ਵੀ ਉੱਪਰ ਹੈ। ਇਸ ਨੂੰ ਅਪਨਾਉਣ ਵਾਲਾ ਮਨੁੱਖ ਇਨਸਾਨੀਅਤ ਦੀ ਸਿਖਰ ਤੇ ਪਹੁੰਚ ਜਾਂਦਾ ਹੈ।