Punjabi Essay on “Pahad di Sair”, “ਪਹਾੜ ਦੀ ਸੈਰ”, for Class 10, Class 12 ,B.A Students and Competitive Examinations.

ਪਹਾੜ ਦੀ ਸੈਰ

Pahad di Sair

ਰੂਪ-ਰੇਖਾ- ਜਾਣ-ਪਛਾਣ, ਡਲਹੋਜ਼ੀ ਤੱਕ ਦਾ ਰਸਤਾ, ਚਰਚ ਵੇਖਣਾ, ਸੱਤ ਧਰਾਵਾਂ, ਡਲਹੋਜੀ ਦੇ ਬਜ਼ਾਰ, ਖਜਿਆਰ ਤੇ ਕਾਲਾ ਟੌਪ, ਜੰਗਲ ਦਾ ਨਜ਼ਾਰਾ, ਡੈਨ ਕੁੰਡ ਚੋਟੀ, ਵਾਪਸੀ ਦੀ ਤਿਆਰੀ, ਸਾਰ-ਅੰਸ਼ |

ਜਾਣ-ਪਛਾਣ– ਹਰ ਮਨੁੱਖ ਨੂੰ ਤਕਰੀਬਨ ਘੁੰਮਣ-ਫਿਰਨ ਦੀ ਇੱਛਾ ਹੁੰਦੀ ਹੀ ਹੈ। ਘੁੰਮਣਾ-ਫਿਰਨਾ ਜ਼ਰੂਰੀ ਵੀ ਹੈ। ਇਸ ਨਾਲ ਜਾਣਕਾਰੀ ਤਾਂ ਵੱਧਦੀ ਹੀ ਹੈ। ਸਰੀਰ ਨੂੰ ਅਰਾਮ ਮਿਲਦਾ ਹੈ ਤੇ ਦੁਬਾਰਾ ਕੰਮ ਕਰਨ ਦੀ ਤਾਕਤ ਮਿਲਦੀ ਹੈ। ਪਹਾੜਾਂ ਦੀ ਸੈਰ ਬਹੁਤ ਲਾਭਕਾਰੀ ਹੈ। ਇਹ ਸ਼ਹਿਰ ਦੀ ਤਨਾਅ ਭਰੀ ਜਿੰਦਗੀ ਤੋਂ ਰਾਹਤ ਦੇਣ ਦਾ ਕੰਮ ਕਰਦੀ ਹੈ। ਕੁਦਰਤ ਦੇ ਨਜ਼ਾਰੇ, ਪਹਾੜ, ਚਸ਼ਮੇ, ਉੱਡਦੇ ਬੱਦਲ, ਦਿਮਾਗ਼ ਨੂੰ ਤਰੋ-ਤਾਜ਼ਾ ਕਰ ਦਿੰਦੇ ਹਨ। ਅਸੀਂ ਵੀ ਇੱਕ ਵਾਰੀ ਮਿਲ ਕੇ ਡਲਹੌਜ਼ੀ ਜਾਣ ਦੀ ਸਲਾਹ ਕੀਤੀ।

ਡਲਹੋਜ਼ੀ ਤੱਕ ਦਾ ਰਸਤਾ ਡਲਹੌਜ਼ੀ ਹਿਮਾਚਲ ਪ੍ਰਦੇਸ਼ ਦੀ ਇੱਕ ਰਮਣੀਕ ਪਹਾੜੀ ਥਾਂ ਹੈ। ਅਸੀਂ ਕਿਰਾਏ ਤੇ ਟਾਟਾ ਸੂਮੋ ਕੀਤੀ ਤੇ ਸਵੇਰੇ-ਸਵੇਰੇ 6 ਵਜੇ ਘਰੋਂ ਚਲ ਪਏ । ਪਹਿਲਾਂ ਅਸੀਂ ਪਠਾਨਕੋਟ ਪੁੱਜੇ। ਉੱਥੋਂ ਡਲਹੌਜ਼ੀ ਨੇੜੇ ਹੈ। ਰਸਤੇ ਵਿੱਚ ਅਸੀਂ ਦੁਪਹਿਰ ਦਾ ਖਾਣਾ ਖਾਧਾ ਤੇ ਧਾਰ, ਬਨੀ ਖੇਤ ਹੁੰਦੇ ਹੋਏ ਸ਼ਾਮ ਨੂੰ ਡਲਹੋਜ਼ੀ ਪਹੁੰਚ ਗਏ। ਪਠਾਨਕੋਟ ਤੋਂ ਡਲਹੌਜ਼ੀ ਤੱਕ ਦਾ ਰਸਤਾ ਬੜਾ ਸੁਹਾਵਣਾ ਅਤੇ ਦਿਲ-ਖਿਚਵੇਂ ਨਜ਼ਾਰਿਆਂ ਨਾਲ ਭਰਪੂਰ ਸੀ। ਰਸਤੇ ਵਿੱਚ ਅਸੀਂ ਰਾਵੀ ਦਰਿਆ ਵੀ ਦੇਖਿਆ। ਅਸੀਂ ਰਾਤ ਇੱਕ ਹੋਟਲ ਵਿੱਚ ਠਹਿਰੇ। ਕਿਹਾ ਜਾਂਦਾ ਹੈ ਕਿ ਇਸ ਪਹਾੜੀ ਥਾਂ ਦਾ ਨਾਂ ਲਾਰਡ ਡਲਹੋਜ਼ੀ ਦੇ ਨਾਂ ਤੇ ਰੱਖਿਆ ਗਿਆ ਸੀ, ਇਹ ਅੰਗਰੇਜ਼ਾਂ ਦੇ ਸਮੇਂ ਦਾ ਇੱਕ ਜ਼ਾਲਮ ਗਵਰਨਰ ਸੀ। ਉਸ ਨੇ ਕਾਨੂੰਨ ਬਣਾ ਕੇ ਪੰਜਾਬ ਸਮੇਤ ਕਈ ਰਿਆਸਤਾਂ ਬ੍ਰਿਟਿਸ਼ ਰਾਜ ਵਿੱਚ ਮਿਲਾ ਲਈਆਂ ਸਨ। ਉਸ ਨੇ ਹੀ ਇਸ ਪਹਾੜੀ ਨੂੰ ਵਸਾਇਆ ਸੀ।

ਚਰਚ ਵੇਖਣਾ- ਡਲਹੋਜ਼ੀ ਇੱਕ ਛੋਟਾ ਜਿਹਾ ਸ਼ਹਿਰ ਹੈ। ਇੱਥੇ ਇੱਕ ਅੰਗਰੇਜ਼ਾਂ ਦੇ ਜ਼ਮਾਨੇ ਦਾ ਚਰਚ ਹੈ। ਉਸ ਦੇ ਰੰਗ-ਬਿਰੰਗੇ ਸ਼ੀਸ਼ੇ ਦਿਲ ਨੂੰ ਮੋਹ ਲੈਂਦੇ ਹਨ। ਇਹ ਚਰਚ ਮੁੱਖ ਬਜ਼ਾਰ ਦੇ ਨਾਲ ਹੀ ਸਥਿਤ ਹੈ।

ਸੱਤ ਧਰਾਵਾਂ- ਅਸੀਂ ਜਦੋਂ ਠੰਡੀ ਸੜਕ ਤੇ ਘੁੰਮ ਰਹੇ ਸੀ ਤਾਂ ਕਿਸੇ ਨੇ ਦੱਸਿਆ ਕਿ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਸੱਤ ਧਰਾਵਾਂ ਨਿਕਲਦੀਆਂ ਹਨ। ਅਸੀਂ ਉੱਥੋਂ ਪੈਦਲ ਹੀ ਤੁਰ ਪਏ। ਇੱਕ ਦੀਵਾਰ ਬਣੀ ਹੋਈ ਸੀ ਜਿਸ ਵਿੱਚੋਂ ਸੱਤ ਧਰਾਵਾਂ ਦੇ ਰੂਪ ਵਿੱਚ ਪਾਣੀ ਨਿਕਲ ਰਿਹਾ ਸੀ। ਇਹ ਨਜ਼ਾਰਾ ਵੀ ਦੇਖਣ ਯੋਗ ਸੀ।

ਡਲਹੋਜ਼ੀ ਦੇ ਬਜ਼ਾਰ- ਸ਼ਿਮਲਾ ਦੀ ਮਾਲ ਰੋਡ ਵਾਂਗ ਇੱਥੇ ਠੰਡੀ ਸੜਕ ਬੜੀ ਮਸ਼ਹੂਰ ਹੈ। ਇਸ ਸੜਕ ਤੇ ਹੀ ਛੋਟੀਆਂ-ਛੋਟੀਆਂ ਦੁਕਾਨਾਂ ਹਨ। ਜਦੋਂ ਪੰਜਾਬ ਵਿੱਚ ਅੱਤ ਦੀ ਗਰਮੀ ਪੈਂਦੀ ਹੈ ਤਾਂ ਇਹ ਬਜ਼ਾਰ ਖੱਚਾ-ਖਚ ਭਰੇ ਰਹਿੰਦੇ ਹਨ। ਅਕਸਰ ਯਾਤਰੀ ਇਹਨਾਂ ਦੁਕਾਨਾਂ ਤੋਂ ਸਮਾਨ ਖ਼ਰੀਦਦੇ ਦਿਖਾਈ ਦਿੰਦੇ ਹਨ। — ਅਸੀਂ ਸਾਰਿਆਂ ਨੇ ਵੀ ਲੱਕੜਾਂ ਦੀਆਂ ਬਣੀਆਂ ਕੁੱਝ ਖੂਬਸੂਰਤ ਚੀਜਾਂ ਖਰੀਦੀਆਂ।

ਖਜਿਆਰ ਤੇ ਕਾਲਾ ਟੌਪ ਜੰਗਲ ਦਾ ਨਜ਼ਾਰਾ- ਅਸੀਂ ਇੱਕ ਦਿਨ ਡਲਹੋਜ਼ੀ ਘੁੰਮ ਕੇ ਅਗਲੇ ਦਿਨ ਖਜਿਆਰ ਤੇ ਕਾਲਾ ਟੋਪ ਜੰਗਲ ਨੂੰ ਵੇਖਣ ਲਈ ਸਲਾਹ ਬਣਾਈ। ਕਾਲਾ ਟੋਪ ਖਜਿਆਰ ਤੋਂ ਪਹਿਲਾਂ ਹੈ। ਲਕੜ ਮੰਡੀ ਤੋਂ ਅਸੀਂ ਗਰਲ ਟਰੇਲ ਦਾ ਰਸਤਾ ਫੜਿਆ ਤੇ ਪੈਦਲ ਹੀ ਜੰਗਲਾਂ ਦੇ ਨਜ਼ਾਰਿਆਂ ਦੇ ਆਨੰਦ ਲੈਂਦਾ ਹੋਏ ‘ਕਾਲਾ ਟੋਪ’ ਵਣ ਵਿਭਾਗ ਦੇ ਰੈਸਟ ਹਾਉਸ ਪਹੁੰਚੇ। ਇਹ ਰੈਸਟ ਹਾਊਸ ਘਣੇ ਜੰਗਲਾਂ ਵਿੱਚ ਬਣਿਆ ਹੋਇਆ ਹੈ। ਅਸੀਂ ਰਾਤ ਜੰਗਲ ਵਿੱਚ ਹੀ ਠਹਿਰੇ। ਅਸੀਂ ਰਾਤ ਨੂੰ ਬੰਗਲੇ ਦੇ ਆਲੇ-ਦੁਆਲੇ ਸੈਰ ਕੀਤੀ। ਸਾਨੂੰ ਚੌਕੀਦਾਰ ਨੇ ਦੱਸਿਆ ਕਿ ਇੱਥੇ ਭਾਲੂ ਬਹੁਤ ਹੁੰਦੇ ਹਨ ਤੇ ਇਹ ਭਾਲ (ਗਿੱਛ ਕਈ ਵਾਰ ਰੱਸਟ ਹਾਉਸ ਵਿੱਚ ਵੀ ਆ ਜਾਂਦੇ ਹਨ।

ਅਗਲੇ ਦਿਨ ਅਸੀਂ ਖਜਿਆਰ ਜਾਣਾ ਸੀ। ਇਹ ਇੱਥੋਂ ਤਕਰੀਬਨ 11 ਕਿਲੋਮੀਟਰ ਦੀ ਦੂਰੀ ਤੇ ਸੀ। ਉੱਥੋਂ ਹੋਰ ਵੀ ਬਹੁਤ ਲੋਕ ਜਾ ਰਹੇ ਸਨ। ਅਸੀਂ ਉਹਨਾਂ ਦੇ ਸਾਥ ਨਾਲ ਹੀ ਟੈਕਸੀ ਵਿੱਚ ਖਜਿਆਰ ਪਹੁੰਚੇ।ਉੱਥੇ ਪਹੁੰਚਦਿਆਂ ਹੀ ਸਾਡੇ ਸਭ ਦੇ ਮੂੰਹ ਵਿੱਚੋਂ ਨਿਕਲਿਆ, “ਵਾਹ ਬਈ ਇਹ ਤਾਂ ਮਿੰਨੀ ਸਵਿਟਜ਼ਰਲੈਂਡ ਹੈ। ਇਹ ਘਾਟੀ ਹੈ ਤੇ ਇਸ ਦੇ ਆਸੇ ਪਾਸੇ ਉੱਚੇ-ਉੱਚੇ ਪਹਾੜ ਹਨ। ਦੇਵਦਾਰ ਦੇ ਦਰਖ਼ਤ ਇਸ ਦੀ ਸੁੰਦਰਤਾ ਨੂੰ ਹੋਰ ਵਧਾਉਂਦੇ ਹਨ। ਅਸੀਂ ਇੱਥੇ ਘੋੜ ਸਵਾਰੀ ਵੀ ਕੀਤੀ। ਇਸ ਦੇ ਵਿੱਚ ਹੀ ਨਾਗ ਦੇਵਤਾ ਦਾ ਇੱਕ ਲਕੜੀ ਦਾ ਪੁਰਾਣਾ । ਮੰਦਰ ਹੈ ਜਿਸ ਤੇ ਨੱਕਾਸ਼ੀ ਕੀਤੀ ਹੋਈ ਹੈ। ਇਸ ਮੰਦਰ ਦੀ ਖੂਬਸੂਰਤੀ ਦੇਖ ਕੇ ਅੱਖਾਂ ਉਸ ਤੋਂ ਹਟਾਉਣ ਤੇ ਦਿਲ ਹੀ ਨਹੀਂ ਕਰਦਾ। ਸਾਨੂੰ ਉੱਥੋਂ ਦੇ ਪੁਜਾਰੀ ਨੇ ਮੰਦਰ ਦੇ ਇਤਿਹਾਸ ਬਾਰੇ ਦੱਸਿਆ ਪਰ ਉਸ ਦੀ ਭਾਸ਼ਾ ਸਾਨੂੰ ਜ਼ਿਆਦਾ ਸਮਝ ਨਹੀਂ ਆਈ। ਅਸੀਂ ਰਾਤ ਉੱਥੇ ਹੀ ਬਿਤਾਉਣ ਦਾ ਫੈਸਲਾ ਕੀਤਾ| ਅਸੀਂ ਖਜਿਆਰ ਦੇ ਸਰਕਾਰੀ ਹੋਟਲ ਵਿੱਚ ਰਾਤ ਬਿਤਾਈ ਤੇ ਕਮਰੇ ਦੀਆਂ ਖਿੜਕੀਆਂ ਵਿੱਚੋਂ ਦੇਰ ਰਾਤ ਤੱਕ ਬਾਹਰ ਦੇਖਦੇ ਰਹੇ।

ਡੈਨ ਕੁੰਡ ਚੋਟੀ- ਅਗਲੇ ਦਿਨ ਸਵੇਰੇ ਅਸੀਂ ਟਰੇਨਿੰਗ ਕਰਦੇ ਹੋਏ ਸਭ ਤੋਂ ਉੱਚੀ ਚੋਟੀ ਡੈਨ ਕੁੰਡ ਤੇ ਗਏ। ਇੱਥੇ ਸੂਰਜ ਦੀ ਰੋਸ਼ਨੀ ਬੜੀ ਤੇਜ਼ ਹੈ। ਇੱਥੋਂ ਹਿਮਾਲਾ ਦੀਆਂ ਚੋਟੀਆਂ, ਪੀਰਪੰਜਾਲ ਸੰਖਲਾਵਾਂ ਦਿਸਦੀਆਂ ਹਨ। ਇੱਥੇ ਅਸੀਂ ਭੁਲਾਣੀ ਦੇਵੀ ਮੰਦਰ ਦੇ ਦਰਸ਼ਨ ਵੀ ਕੀਤੇ।

ਵਾਪਸੀ ਦੀ ਤਿਆਰੀ- ਅਸੀਂ ਸ਼ਾਮ ਤੱਕ ਖਜਿਆਰ ਵਾਪਸ ਆ ਗਏ ਤੇ ਟੈਕਸੀ ਰਾਹੀਂ ਡਲਹੋਜ਼ੀ ਵਾਪਸ ਹੋਟਲ ਵਿੱਚ ਆ ਗਏ । ਅਸੀਂ ਥੱਕ ਚੁੱਕੇ ਸੀ ਪਰ ਅਸੀਂ ਇਹ ਸੋਚ ਕੇ ਖੁਸ਼ ਸੀ ਕਿ ਅਸੀਂ ਉੱਥੋਂ ਦੇ ਅਦਭੁਤ ਨਜ਼ਾਰਿਆਂ, ਕਾਲੇ ਟੋਪ ਜੰਗਲ, ਖਜਿਆਰ ਦੀ ਖੂਬਸੂਰਤੀ ਤੇ ਡੈਨ ਕੁੰਡ ਦੀ ਉਚਾਈ ਨੂੰ ਆਪਣੇ ਕੈਮਰਿਆਂ ਵਿੱਚ ਬੰਦ ਕਰ ਲਿਆ ਸੀ। ਤਿੰਨ ਦਿਨ ਕਿਵੇਂ ਬੀਤੇ ਸਾਨੂੰ ਪਤਾ ਹੀ ਨਹੀਂ ਲੱਗਿਆ। ਅਸੀਂ ਰਾਤ ਨੂੰ ਸੁਪਨਿਆਂ ਵਿੱਚ ਵੀ ਉਹਨਾਂ ਨਜ਼ਾਰਿਆਂ ਦੇ ਆਨੰਦ ਮਾਣ ਰਹੇ ਸੀ। ਘਰ ਵਾਪਸ ਆਉਣ ਤੋਂ ਬਾਅਦ ਵੀ ਇਹ ਸਾਰਾ ਕੁੱਝ ਸਾਡੀਆਂ ਅੱਖਾਂ ਅੱਗੇ ਘੁੰਮਦਾ ਹੀ ਰਿਹਾ।

ਸਾਰ-ਅੰਸ਼- ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਸੈਰ-ਸਪਾਟਾ ਮਨੁੱਖੀ ਜੀਵਨ ਲਈ ਜ਼ਰੂਰੀ ਹੈ। ਇਹ ਥਕੇਵਿਆਂ ਤੇ ਰੁਝੇਵਿਆਂ ਭਰੇ ਜੀਵਨ ਨੂੰ ਰਾਹਤ ਦਿੰਦਾ ਹੈ ਤੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ।

2 Comments

  1. Barbie June 7, 2021
  2. Mannat February 24, 2023

Leave a Reply