ਮਨ ਜੀਤੈ ਜਗੁ ਜੀਤੁ
Mann Jite Jag Jitu
ਇਹ ਤੱਕ ਗੁਰੂ ਨਾਨਕ ਦੇਵ ਜੀ ਦੁਆਰਾ ‘ਜਪੁਜੀ ਸਾਹਿਬ’ ਵਿੱਚ ਉਚਾਰੀ ਗਈ ਹੈ। ਇਹ ਅਟੱਲ ਸੱਚਾਈ ਨਾਲ ਭਰਪੂਰ ਹੈ। ਇਹ ਹਰ ਮਨੁੱਖ ਤੇ ਲਾਗੂ ਹੁੰਦੀ ਹੈ। ਜਿਹੜਾ ਮਨੁੱਖ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ, ਉਹ ਸਾਰੇ ਸੰਸਾਰ ਨੂੰ , ਜਿੱਤ ਲੈਂਦਾ ਹੈ। ਮਨ ਨੂੰ ਅਜਿਹੇ ਰਸਤੇ ਤੇ ਚਲਾਉਣਾ ਚਾਹੀਦਾ ਹੈ ਕਿ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਮਨੁੱਖ ਤੋਂ ਬੁਰੇ ਕੰਮ- ਚੋਰੀ-ਠੱਗੀ, ਬੇਈਮਾਨੀ, ਝੂਠ, ਫਰੇਬ ਤੇ ਜ਼ੁਲਮ ਨਾ ਕਰਾਏ। ਮਨੁੱਖ ਸੰਸਾਰ ਵਿੱਚ ਇਹੋ ਜਿਹੇ ਕੰਮ ਕਰੇ ਜੋ ਸਾਰੇ ਸਮਾਜ ਲਈ ਕਲਿਆਣਕਾਰੀ ਹੋਣ। ਉਹ ਹਮੇਸ਼ਾ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਦੂਜਿਆਂ ਦੇ ਲਾਭ ਬਾਰੇ ਵੀ ਸੋਚੇ। ਕਿਸੇ ਦੂਸਰੇ ਨੂੰ ਦੁੱਖ ਦੇ ਕੇ ਪ੍ਰਾਪਤ ਕੀਤਾ ਲਾਭ ਕਿਸੇ ਕੰਮ ਦਾ ਨਹੀਂ। ਕਈ ਵਾਰ ਮਨ ਵਿੱਚ ਇਹੋ ਜਿਹੀਆਂ ਸ਼ੈਤਾਨੀਆਂ ਘਰ ਕਰ ਜਾਂਦੀਆਂ ਹਨ ਜੋ ਮਨੁੱਖ ਨੂੰ ਭਟਕਾ ਦਿੰਦੀਆਂ ਹਨ ਤੇ ਉਸ ਦੇ ਮਨ ਵਿੱਚ ਅਸ਼ਾਂਤੀ ਤੇ ਅਸੰਤੁਸ਼ਟੀ ਪੈਦਾ ਕਰਦੀਆਂ ਹਨ। ਜੋ ਮਨੁੱਖ ਸਹੀ ਰਸਤੇ ਤੇ ਚਲ ਕੇ ਤੇ ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਦੁੱਖਾਂ ਵਿੱਚੋਂ ਵੀ ਸੁੱਖ ਭਾਲ ਲੈਂਦਾ ਹੈ। ਅਜਿਹਾ ਮਨੁੱਖ ਦੁਨੀਆਂ ਨੂੰ ਜਿੱਤ ਲੈਂਦਾ ਹੈ। ਉਸ ਦੇ ਅੰਦਰ ਸੰਸਾਰਕ ਪਦਾਰਥਾਂ ਦਾ ਲੋਭ ਖ਼ਤਮ ਹੋ ਜਾਂਦਾ ਹੈ ਤੇ ਉਹ ਸੁਖ-ਸ਼ਾਂਤੀ ਵਿੱਚ ਨਿਵਾਸ ਕਰਦਾ ਹੈ। ਸੋ ਅਸੀਂ ਇਹ ਕਹਿ । ਸਕਦੇ ਹਾਂ ਕਿ ਆਪਣੇ ਮਨ ਨੂੰ ਜਿੱਤਣ ਵਾਲਾ ਮਨੁੱਖ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਇਸ ਲਈ ਸੰਸਾਰ ਦੇ ਸਭ ਮਨੁੱਖ ਅਤੇ ਪਸ਼ੂ-ਪੰਛੀ ਉਸ ਦੀ ਮਾਨਸਿਕ । ਤਾਕਤ ਦੇ ਅਧੀਨ ਰਹਿੰਦੇ ਹਨ ਅਤੇ ਉਸ ਦੇ ਇਸ਼ਾਰਿਆਂ ਤੇ ਚਲਦੇ ਹਨ। ਉਹ ਆਪਣੇ ਮਨ ਦਾ ਜੇਤੂ ਬਣ ਕੇ ਸਾਰੇ ਸੰਸਾਰ ਦਾ ਜੇਤੂ ਬਣ ਜਾਂਦਾ ਹੈ।