ਮਹਾਰਾਜਾ ਰਣਜੀਤ ਸਿੰਘ
Maharaja Ranjit Singh
ਦੁਜੀ ਜਨਮ ਸ਼ਤਾਬਦੀ: ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦੇ ਬਾਨੀ ਸਨ।ਉਹਨਾਂ ਦਾ ਰਾਜ ਅਸਲ ਵਿਚ ਪੰਜਾਬੀਆਂ ਦਾ ਰਾਜ ਸੀ। 2 ਨਵੰਬਰ, ਸੰਨ 1980 ਨੂੰ ਉਹਨਾਂ ਦੇ ਜਨਮ ਨੂੰ ਪੂਰੇ ਦੋ ਸੌ ਸਾਲ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਆਪ ਦੀ ਦੂਜੀ ਜਨਮ-ਸ਼ਤਾਬਦੀ ਨੂੰ ਸਰਕਾਰੀ ਪੱਧਰ ਤੇ ਮਨਾਇਆ ਗਿਆ ਸੀ। ਇਸ ਸੰਬੰਧੀ ਕੀਤੇ ਜਾ ਰਹੇ ਸਮਾਗਮ ਤੇ ਹੋਰ ਪ੍ਰੋਗਰਾਮ ਇਕ ਨਵੰਬਰ, 1981 ਤੱਕ ਜਾਰੀ ਰਹੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਸੰਬੰਧੀ ਬਹੁਤ ਸਾਰੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਸੀ। ਇਸ ਸੰਬੰਧ ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਨਿਜੀ ਵਸਤਾਂ ਇੰਗਲੈਂਡ ਤੋਂ ਮੰਗਵਾਈਆਂ ਗਈਆਂ ਅਤੇ ਪਾਕਿਸਤਾਨ ਸਰਕਾਰ ਦੀ ਮੱਦਦ ਵੀ ਲਈ ਗਈ। ਮਹਾਰਾਜਾ ਸਾਹਿਬ ਦੇ ਸ਼ਸ਼ਤਰਾਂ, ਪੁਸ਼ਾਕਾਂ ਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਅਨੇਕ ਵਸਤਾਂ ਦੀਆਂ ਥਾਂ-ਥਾਂ ‘ਤੇ ਖਾਸ ਕਰ ਅੰਮ੍ਰਿਤਸਰ ਅਤੇ ਦਿੱਲੀ ਵਿਚ ਪ੍ਰਦਰਸ਼ਨੀਆਂ ਲਾਉਣ ਦਾ ਪ੍ਰਬੰਧ ਕੀਤਾ ਗਿਆ। ਯੂਨੀਵਰਸਿਟੀਆਂ, ਵਿਦਵਾਨਾਂ ਅਤੇ ਸਰਕਾਰ ਵੱਲੋਂ ਮਹਾਰਾਜਾ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਅਤੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਉਹਨਾਂ ਦੇ ਜੀਵਨ ਤੋਂ ਪ੍ਰਾਪਤੀਆਂ ਸੰਬੰਧੀ ਖੋਜ ਭਰੇ ਲੇਖ ਛਾਪੇ ਗਏ।
ਬਚਪਨ : ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 2 ਨਵੰਬਰ, ਸੰਨ 1780 ਨੂੰ ਗੁਜਰਾਂਵਾਲਾ ਵਿਚ ਸ਼ੁਕਰਚੱਕੀਆ ਮਿਸਲ ਦੇ ਉੱਘੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ।
ਬਚਪਨ ਵਿਚ ਹੀ ਆਪ ਨੂੰ ਸੀਤਲਾ ਮਾਤਾ ਨਿਕਲ ਆਉਣ ਕਾਰਨ ਆਪ ਦੀ ਇਕ ਅੱਖ ਚਲੀ ਗਈ। ਆਪ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਾ ਮਿਲਿਆ।
ਪਿਤਾ ਦਾ ਸਵਰਗਵਾਸ : ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 12 ਸਾਲਾਂ ਦੀ ਹੀ ਸੀ ਕਿ ਆਪ ਦੇ ਪਿਤਾ ਜੀ ਸਵਰਗ ਸਿਧਾਰ ਗਏ। ਸ਼ੁਕਰਚੱਕੀਆ ਮਿਸਲ ਦੇ ਰਾਜ ਦਾ ਸਾਰਾ ਭਾਰ ਆਪ ਦੇ ਮੋਢਿਆਂ ਉਤੇ ਆ ਪਿਆ। ਆਪ ਦਾ ਵਿਆਹ ਕਨਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਸਪੁੱਤਰੀ ਮਹਿਤਾਬ ਕੌਰ ਨਾਲ ਹੋਇਆ। ਸਦਾ ਕੌਰ ਨੇ ਰਾਜਭਾਗ ਨੂੰ ਚਲਾਉਣ ਵਿਚ ਆਪ ਦੀ ਬਹੁਤ ਮਦਦ ਕੀਤੀ।
ਸ਼ਖਸੀਅਤ : ਕੁਝ ਸਮੇਂ ਬਾਅਦ ਕਈਆ ਮਿਸਲ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨਾਲ ਮਿਲਾ ਲਿਆ। ਆਪ ਦਾ ਸਰੀਰ ਉੱਚਾ ਲੰਮਾ ਸੀ। ਭਾਵੇਂ ਆਪ ਦੇ ਚਿਹਰੇ ਉੱਤੇ ਮਾਤਾ ਦੇ ਦਾਗ ਸਨ, ਪਰ ਫਿਰ ਵੀ ਆਪ ਦੇ ਚਿਹਰੇ ਉੱਤੇ ਇੰਨਾ ਜਲਾਲ ਸੀ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਸਨ। ਆਪ ਨੂੰ ਘੋੜ ਸਵਾਰੀ, ਸ਼ਿਕਾਰ ਤੇ ਸ਼ਸਤਰਵਿੱਦਿਆ ਦਾ ਬਹੁਤ ਸ਼ੌਕ ਸੀ। ਆਪ ਵਿਚ ਚੁਸਤੀ, ਬਹਾਦਰੀ ਅਤੇ ਸਿਆਣਪ ਕੁੱਟ-ਕੁੱਟ ਕੇ ਭਰੀ ਹੋਈ ਸੀ।
ਰਾਜ ਦਾ ਵਿਸਥਾਰ : ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦੀਆਂ ਭਿੰਨ-ਭਿੰਨ ਮਿਸਲਾਂ ਦੀ ਵੱਖਰੀ ਹੋਂਦ ਨੂੰ ਖ਼ਤਮ ਕਰ ਕੇ ਇਕ ਝੰਡੇ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ। ਆਪ ਨੇ ਲਾਹੌਰ, ਅੰਮ੍ਰਿਤਸਰ ਤੇ ਕਸੂਰ ਆਦਿ ਨੂੰ ਜਿੱਤ ਕੇ ਆਪਣੇ ਰਾਜ ਵਿਚ ਸ਼ਾਮਿਲ ਕਰ ਲਿਆ। ਸੰਨ 1802 ਵਿਚ ਆਪ ਨੇ ‘ਸ਼ੇਰੇ-ਪੰਜਾਬ’ ਦੀ ਉਪਾਧੀ ਪ੍ਰਾਪਤ ਕੀਤੀ। ਲਾਹੌਰ ਅਤੇ ਉਸਦੇ ਆਲੇ-ਦੁਆਲੇ ਨੂੰ ਜਿੱਤ ਕੇ ਆਪ ਨੇ ਮੁਲਤਾਨ ਵੱਲ ਮੂੰਹ ਕੀਤਾ। ਇਸ ਤੋਂ ਮਗਰੋਂ ਨੌਸ਼ਹਿਰਾ, ਬੰਨੂੰ, ਜਮਰੌਦ ਅਤੇ ਪੇਸ਼ਾਵਰ ਨੂੰ ਜਿੱਤਿਆ। ਸਰਦਾਰ ਹਰੀ ਸਿੰਘ ਨਲੂਏ ਦੀ ਕਮਾਨ ਹੇਠ ਆਪ ਦੀਆਂ ਫ਼ੌਜਾਂ ਨੇ ਹਰ ਮੈਦਾਨ ਵਿਚ ਜਿੱਤ ਪ੍ਰਾਪਤ ਕੀਤੀ। ਆਪ ਨੇ ਆਪਣੀਆਂ ਫ਼ੌਜਾਂ ਨੂੰ ਸਿਖਲਾਈ ਦੇਣ ਲਈ ਵਿਦੇਸ਼ੀ ਜਰਨੈਲਾਂ ਦੀ ਮਦਦ ਲਈ। ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਇਕ ਸਿੱਕਾ ਵੀ ਜਾਰੀ ਕੀਤਾ। ਆਪ ਦੀਆਂ ਜਿੱਤਾਂ ਨੂੰ ਦੇਖ ਕੇ ਅੰਗਰੇਜ਼ਾਂ ਨੇ ਵੀ ਆਪ ਨਾਲ ਅਮਨ ਤੇ ਦੋਸਤੀ ਦੀ ਸੰਧੀ ਕੀਤੀ।
ਲੋਕ ਸੇਵਕ ਅਤੇ ਧਰਮ ਨਿਰਪੱਖ ਸ਼ਾਸਕ : ਮਹਾਰਾਜਾ ਰਣਜੀਤ ਸਿੰਘ ਭਾਵੇਂ ਪੜੇਲਿਖੇ ਨਹੀਂ ਸਨ, ਪਰੰਤੁ ਵਿੱਦਿਆ ਦੇ ਬਹੁਤ ਪ੍ਰੇਮੀ ਸਨ। ਆਪ ਹਮੇਸ਼ਾ ਲੋਕਾਂ ਦੇ ਦੁੱਖ ਧਿਆਨ ਨਾਲ ਸੁਣਦੇ ਅਤੇ ਰਾਤ ਸਮੇਂ ਭੇਸ ਬਦਲ ਕੇ ਰਾਜ ਵਿਚ ਘੁੰਮਿਆ ਕਰਦੇ ਸਨ। ਉਹਨਾਂ ਦੇ ਰਾਜ ਵਿਚ ਲੋਕ ਬਹੁਤ ਸੁਖੀ ਸਨ। ਆਪ ਦੇ ਰਾਜ-ਕਾਲ ਵਿਚ ਮੰਦਰਾਂ, ਮਸੀਤਾਂ ਅਤੇ ਗੁਰਦਵਾਰਿਆਂ ਦੇ ਨਾਂ ਜਾਗੀਰਾਂ ਲੱਗੀਆਂ ਹੋਈਆਂ ਸਨ। ਆਪ ਦੇ ਦਰਬਾਰ ਵਿਚ ਹਰ ਧਰਮਾਂ ਦੇ ਲੋਕ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਲੱਗੇ ਹੋਏ ਸਨ। ਫ਼ਕੀਰ ਅਜ਼ੀਜ਼ਦੀਨ ਅਤੇ ਦੀਵਾਨ ਮੋਹਕਮ ਚੰਦ ਆਪ ਦੇ ਦਰਬਾਰ ਵਿਚ ਪ੍ਰਸਿੱਧ ਮੰਤਰੀ ਸਨ। ਇਹ ਕਹਾਵਤ ਬੜੀ ਪ੍ਰਸਿੱਧ ਹੈ ਕਿ ਆਪ ਦੇ ਰਾਜ ਵਿਚ ਸ਼ੇਰ ਤੇ ਬੱਕਰੀ ਇਕੋ ਘਾਟ ’ਤੇ ਪਾਣੀ ਪੀਂਦੇ ਸਨ।
ਰਾਜ-ਪ੍ਰਬੰਧ : ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਬਹੁਤ ਸ਼ਲਾਘਾ-ਯੋਗ ਸੀ। ਆਪ ਨੇ ਸਾਰੇ ਰਾਜ ਨੂੰ ਛੋਟੇ-ਛੋਟੇ ਹਲਕਿਆਂ ਵਿਚ ਵੰਡਿਆ ਹੋਇਆ ਸੀ। ਹਰ ਹਲਕੇ ਦਾ ਇਕ ਵੱਖਰਾ ਅਫ਼ਸਰ ਸੀ। ਜਦੋਂ ਕਦੇ ਕਿਸੇ ਇਲਾਕੇ ਵਿਚ ਕਾਲ ਪੈ ਜਾਂਦਾ ਸੀ, ਤਾਂ ਲੋਕਾਂ ਦਿੱਤੀ ਜਾਂਦੀ ਸੀ। ਦਾ ਲਗਾਨ ਮਾਫ਼ ਕਰ ਦਿੱਤਾ ਜਾਂਦਾ ਸੀ ਅਤੇ ਉਹਨਾਂ ਨੂੰ ਸ਼ਾਹੀ ਖ਼ਜ਼ਾਨੇ ਵਿਚੋਂ ਮੱਦਦ ਵੀ
ਅਕਾਲ ਚਲਾਣਾ : ਖ਼ਾਲਸਾ ਪੰਥ ਨੂੰ ਜੋਬਨ ਵਿਚ ਲਿਆਉਣ ਵਾਲਾ ਇਹ ਸੁਰਮਾ ਸੰਨ 1839 ਵਿਚ ਲਕਵੇ ਦੀ ਬੀਮਾਰੀ ਨਾਲ ਅਕਾਲ ਚਲਾਣਾ ਕਰ ਗਿਆ। ਪੰਜਾਬ ਦੇ ਇਸ ਸ਼ੇਰ ਦਾ ਨਾਂ ਭਾਰਤ ਦੇ ਇਤਿਹਾਸ ਵਿਚ ਸਦਾ ਸੂਰਜ ਵਾਂਗ ਚਮਕਦਾ ਰਹੇਗਾ।
Hari Singh Nalwa Biography