ਖੁਸ਼ਾਮਦ
Khushamad
ਖੁਸ਼ਾਮਦ ਨੂੰ ਕਈ ਲੋਕ ਚਮਚੀ ਮਾਰਨਾ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ : ਨੂੰ Buttering ਕਿਹਾ ਜਾਂਦਾ ਹੈ ਪਰ ਖੁਸ਼ਾਮਦ ਵੀ ਇੱਕ ਕਲਾ ਹੈ। ਇਹ ਹਰ ਇੱਕ ਦੇ ਵਸ ਦਾ ਰੋਗ ਨਹੀਂ ਹੈ। ਹਰ ਆਦਮੀ ਇਸ ਕਲਾ ਨੂੰ ਨਹੀਂ ਅਪਣਾ ਸਕਦਾ। ਖੁਸ਼ਾਮਦੀ ਨੂੰ ਕਮੀਨਾ ਤੇ ਗਿਰਿਆ ਹੋਇਆ ਕਿਹਾ ਜਾਂਦਾ ਹੈ, ਖੁਸ਼ਾਮਦੀ ਨੂੰ ਬਿਨਾਂ ਰੀੜ੍ਹ ਦੀ ਹੱਡੀ ਵਾਲਾ ਮਨੁੱਖ ਕਿਹਾ ਜਾਂਦਾ ਹੈ। ਇਸ ਕਲਾ ਵਿੱਚ ਮਾਹਰ ਹੁੰਦਾ ਹੈ ਉਸਨੂੰ ਭਲੀ-ਭਾਂਤੀ ਪਤਾ ਹੁੰਦਾ ਹੈ ਕਿ ਉਸ ਨੇ ਕਿਸ ਦੀ ਖੁਸ਼ਮਦ ਕਦੋਂ ਕਰਨੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ। ਕਰਮਚਾਰੀਆਂ ਨੂੰ ਕਈ ਵਾਰ ਆਪਣੇ ਮੁੱਖੀ ਦੀ ਜਾਂ ਉਸ ਦੇ ਕੰਮਾਂ ਦੀ ਨਾ ਚਾਹੁੰਦੇ ਹੋਏ ਵੀ ਸ਼ਲਾਘਾ ਕਰਨੀ ਪੈਂਦੀ ਹੈ। ਇਹ ਵੀ ਖੁਸ਼ਾਮਦ ਹੀ ਹੈ। ਖੁਸ਼ਾਮਦੀ ਆਦਮੀ ਨੂੰ ਸੰਸਾਰਕ ਤੇ ਪਦਾਰਥਕ ਲਾਭ ਹੁੰਦਾ ਹੈ। ਇਸ ਦਾ ਸੁਆਦ ਜ਼ਿੰਦਗੀ ਵਿੱਚ ਸਭ ਨੂੰ ਚੱਖਣਾ ਹੀ ਪੈਂਦਾ ਹੈ। ਖੁਸ਼ਾਮਦੀ ਸਭ ਨੂੰ ਕਰਨੀ ਹੀ ਪੈਂਦੀ ਹੈ ਕਿਸੇ ਨੂੰ ਥੋੜੀ ਤੇ ਕਿਸੇ ਨੂੰ ਬਹੁਤੀ। ਕਾਂ ਤੇ ਲੂੰਬੜੀ ਦੀ ਕਹਾਣੀ ਵਿੱਚ ਲੂੰਬੜੀ ਨੇ ਕਾਂ ਨੂੰ ਸੁਰੀਲਾ ਕਹਿ ਕੇ ਉਸਦੀ ਤਾਰੀਫ਼ ਕੀਤੀ ਕਿਉਂਕਿ ਉਹ ਉਸ ਦੀ ਚੁੰਝ ਵਿਚਲਾ ਪਨੀਰ ਦਾ ਟੁਕੜਾ ਪ੍ਰਾਪਤ ਕਰਨਾ ਚਾਹੁੰਦੀ ਸੀ। ਕਈ ਵਾਰ ਜ਼ਿੰਦਗੀ ਵਿੱਚ ਇਹੋ ਜਿਹੇ ਇਨਸਾਨ ਮਿਲਦੇ ਹਨ ਜੋ ਖੁਸ਼ਾਮਦੀ ਹੀ ਪਸੰਦ ਕਰਦੇ ਹਨ। ਜੇ ਅਸੀਂ ਕਿਸੇ ਮਨੁੱਖ ਨੂੰ ਕਹੀਏ ਕਿ ਉਸ ਦੀ ਇਹ ਬੜੀ ਚੰਗੀ ਆਦਤ ਹੈ, ਉਹ ਖੁਸ਼ਾਮਦ ਵਿੱਚ ਨਹੀਂ ਆਉਂਦਾ ਤਾਂ ਇਹ ਕਹਿਣ ਨਾਲ ਹੀ ਉਹ ਖੁਸ਼ ਹੋ ਜਾਂਦਾ ਹੈ। ਇਹ ਵੀ ਇੱਕ ਤਰ੍ਹਾਂ ਦੀ ਖੁਸ਼ਾਮਦ ਹੀ ਹੈ। ਇੱਕ ਦੁਕਾਨ ਤੇ ਕੁੱਝ ਲੈਣ ਚਲੇ ਜਾਓ ਤਾਂ ਦੁਕਾਨਦਾਰ, ਤੁਹਾਡੀ ਇਸ ਢੰਗ ਨਾਲ ਪ੍ਰਸੰਸਾ ਕਰਦਾ ਹੈ ਤੇ ਤੁਸੀਂ ਉਸ ਦੀਆਂ ਗੱਲਾਂ ਵਿੱਚ ਆ ਕੇ ਨਾ-ਪਸੰਦ ਚੀਜ਼ ਵੀ ਲੈ ਲੈਂਦੇ ਹੋ ਤੇ ਉਹ ਤੁਹਾਡੀ ਖੁਸ਼ਾਮਦ ਕਰਕੇ ਪੈਸੇ ਬਟੋਰ ਲੈਂਦਾ ਹੈ। ਰਾਜੇ ਮਹਾਰਾਜੇ ਵੀ ਖੁਸ਼ਾਮਦ ਪਸੰਦ ਕਰਦੇ ਹਨ ਤੇ ਉਹਨਾਂ ਦੇ ਕਰਮਚਾਰੀ ਉਹਨਾਂ ਦੀਆਂ ਸਿਫ਼ਤਾਂ ਕਰਕੇ ਆਪਣਾ ਕੰਮ ਕਰਵਾ ਲੈਂਦੇ ਹਨ। ਖੁਸ਼ਾਮਦ ਕਰਨ ਵਾਲ ਵਿਅਕਤੀ ਜਿੱਤ ਹੀ ਪ੍ਰਾਪਤ ਕਰਦੇ ਹਨ। ਜੋ ਇਸ ਨੂੰ ਕਮੀਨੀ ਜਾਂ ਗਿਰੀ ਹੋਈ । ਹਰਕਤ ਕਹਿੰਦੇ ਹਨ, ਉਹ ਪਿੱਛੇ ਰਹਿ ਜਾਂਦੇ ਹਨ। ਅੱਜ ਕੱਲ ਦੇ ਜ਼ਮਾਨੇ ਵਿੱਚ। ਇਹ ਕਲਾ ਸਭ ਨੂੰ ਆਉਣੀ ਚਾਹੀਦੀ ਹੈ। ਘਰ-ਬਾਹਰ ਸਭ ਥਾਂ ਤੇ ਇਸ ਦੀ ਜ਼ਰੂਰਤ ਹੈ। ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਕਲਾ ਸਿਖਾਉਣੀ ਚਾਹੀਦੀ ਹੈ। ਮੈਂ ਤਾਂ ਇਹ ਕਹਾਂਗੀ ਕਿ ਇਹ ਕਲਾ ਸਿਖੋ ਤੇ ਸਭ ਥਾਂ ਤੇ ਸਫ਼ਲਤਾ ਹਾਸਲ ਕਰੋ |