ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ
Jekar me Pradhan Mantri hova
ਰੂਪ-ਰੇਖਾ- ਭੂਮਿਕਾ, ਕਥਨੀ ਨੂੰ ਕਰਨੀ ਵਿੱਚ ਤਬਦੀਲ ਕਰਨਾ, ਭਾਰਤ ਦੀ ਸੁਰੱਖਿਆ, ਬੇਰੁਜ਼ਗਾਰੀ ਦੂਰ ਕਰਨਾ, ਅਬਾਦੀ ਨੂੰ ਠੱਲ ਪਾਉਣਾ, ਭ੍ਰਿਸ਼ਟਾਚਾਰ ਦਾ ਖ਼ਾਤਮਾ, ਰਾਜਨੀਤਿਕ ਪਾਰਟੀਆਂ ਵਿੱਚ ਸੁਧਾਰ, ਆਪਣੇ ਅਤੇ ਦੂਸਰੇ ਮੰਤਰੀਆਂ ਦੇ ਖਰਚੇ ਤੇ ਰੋਕ, ਦੂਜੇ ਦੇਸ਼ਾਂ ਨਾਲ ਸੰਬੰਧ, ਪਰਮਾਣੂ ਸ਼ਕਤੀ ਵਿੱਚ ਨਿਪੁੰਨਤਾ, ਗਰੀਬੀ ਦਾ ਖ਼ਾਤਮਾ ਤੇ ਵਿੱਦਿਆ ਦਾ ਪਸਾਰ, ਸਾਰ ਅੰਸ਼।
ਭੂਮਿਕਾ- ਸੁਪਨੇ ਵੇਖਣਾ ਸਭ ਨੂੰ ਚੰਗਾ ਲੱਗਦਾ ਹੈ। ਸੁਪਨੇ ਵੇਖਣੇ ਵੀ ਚਾਹਦੇ ਹਨ। ਸੁਪਨੇ ਕਈ ਵਾਰ ਕੁੱਝ ਕਰਨ ਦੀ ਪ੍ਰੇਰਨਾ ਵੀ ਦਿੰਦੇ ਹਨ। ਜੇਕਰ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਤਾਂ ਮੈਂ ਸਮਝਾਂਗਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਮੈਂ ਇਹੋ ਜਿਹੇ ਵਿਸ਼ਾਲ ਗਣਤੰਤਰ ਦਾ ਪ੍ਰਧਾਨ ਮੰਤਰੀ ਬਣਾਂਗਾ ਜਿਸ ਦੀ ਲੋਕਤੰਤਰ ਦੀ ਸ਼ਕਤੀ ਦਾ ਲੋਹਾ ਵਿਕਸਿਤ ਦੇਸ਼ ਵੀ ਮੰਨਦੇ ਹਨ, ਮੈਂ ਸੱਚੇ ਦਿਲੋਂ ਕਹਿੰਦਾ ਹਾਂ ਕਿ ਮੈਂ ਦੇਸ਼ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਸਾਡੇ ਦੇਸ਼ ਵਿੱਚ ਸਵਰਗ ਬਣਨ ਦੀਆਂ ਕਈ ਸੰਭਾਵਨਾਵਾਂ ਹਨ, ਪਰ ਉਹਨਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਜਤਨ ਕਰਨ ਦੀ ਲੋੜ ਹੈ।
ਕਥਨੀ ਨੂੰ ਕਰਨੀ ਵਿੱਚ ਤਬਦੀਲੀ ਕਰਨਾ- ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅਹੁਦੇ ਦੀ ਪ੍ਰਾਪਤੀ ਤੋਂ ਪਹਿਲਾਂ ਸਭ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨਾਲੇ ਨਾਅਰੇ ਵੀ ਲਗਾਉਂਦੇ ਹਨ। ਗਰੀਬੀ ਮਿਟਾਉਣ ਦੇ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਵਾਇਦੇ ਵੀ ਕਰਦੇ ਹਨ ਪਰ ਬਾਅਦ ਵਿੱਚ ਸਭ ਭੁੱਲ ਜਾਂਦੇ ਹਨ। ਜੇ ਮੈਨੂੰ ਕਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਮੈਂ ਕਥਨੀ ਨੂੰ ਕਰਨੀ ਵਿੱਚ ਬਦਲ ਕੇ ਦੇਸ਼ ਕਾ ਨਕਸ਼ਾ ਤਬਦੀਲ ਕਰਨ ਦੀ ਕੋਸ਼ਸ਼ ਕਰਾਂਗਾ।
ਭਾਰਤ ਦੀ ਸੁਰੱਖਿਆ- ਸਭ ਤੋਂ ਪਹਿਲਾਂ ਮੈਂ ਜਿਹੜਾ ਕੰਮ ਕਰਾਂਗਾ ਉਹ ਹੈ ਭਾਰਤ ਦੀ ਸੁਰੱਖਿਆ ਅੰਦਰੂਨੀ ਤੇ ਬਾਹਰੀ) ਜਦ ਤੱਕ ਕੋਈ ਦੇਸ਼ ਸਥਿਰ ਨਹੀਂ।
ਦਾ ਉਹ ਉੱਨਤੀ ਨਹੀਂ ਕਰ ਸਕਦਾ। ਬਾਹਰਲੇ ਦੇਸ਼ਾਂ ਦੀ ਰੱਖਿਆ ਲਈ ਮੈਂ ਵਿਦੇਸ਼ ਨੀਤੀਆਂ ਉੱਪਰ ਜ਼ੋਰ ਦਿਆਂਗਾ। ਅੰਦਰੁਨੀ ਰੱਖਿਆ ਲਈ ਮੈਂ ਆਰਥਿਕ ਵਿਕਾਸ ਕਰਾਂਗਾ। ਭ੍ਰਿਸ਼ਟਾਚਾਰ ਦੇ ਵਿਰੁੱਧ ਠੋਸ ਕਦਮ ਚੁੱਕਾਂਗਾ। ਮੈਂ ਅਜਿਹੀਆਂ ਨੀਤੀਆਂ ਬਣਾਵਾਂਗਾ ਕਿ ਭਾਰਤ ਤਕਨਾਲੋਜੀ ਦੇ ਖੇਤਰ ਵਿੱਚ ਨੰਬਰ ਇੱਕ ਰਹੇ। ਭਾਰਤ ਇੰਨਾ ਸਵੈ-ਨਿਰਭਰ ਹੋਵੇ ਕਿ ਕੋਈ ਵੀ ਮੁਲਕ ਉਸ ਨਾਲ ਲੋੜਨ ਤੋਂ ਪਹਿਲਾਂ ਦੋ ਵਾਰ ਸੋਚੇ। ਭਾਰਤ ਦੇ ਅੰਦਰੂਨੀ ਖ਼ਤਰੇ ਜਿਵੇਂ ਕਸ਼ਮੀਰ ਸਮੱਸਿਆ, ਨਕਸਲੀ ਸਮੱਸਿਆ ਆਦਿ ਨੂੰ ਆਪਸੀ ਸਹਿਯੋਗ ਤੇ ਸੂਝਬੂਝ ਨਾਲ ਸੁਲਝਾਉਣ ਦੇ ਹੱਲ ਲਭਾਂਗਾ।
ਬੇਰੁਜ਼ਗਾਰੀ ਦੂਰ ਕਰਨਾ- ਮੈਂ ਦੇਸ਼ ਭਰ ਵਿੱਚੋਂ ਬੇਰੁਜ਼ਗਾਰੀ ਦੂਰ ਕਰਾਂਗਾ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਮੈਂ ਵਿੱਦਿਅਕ ਪ੍ਰਣਾਲੀ ਵਿੱਚ ਸੁਧਾਰ ਕਰਾਂਗਾ। । ਸਕੂਲੀ ਸਿੱਖਿਆ ਨੂੰ ਕਿਸੇ ਕਿੱਤੇ ਜਾਂ ਉਦਯੋਗ ਨਾਲ ਜੋੜਾਂਗਾ ਤਾਂ ਜੋ ਨੌਜਵਾਨ । ਪੜ੍ਹਾਈ ਮੁਕੰਮਲ ਕਰਦੇ ਹੀ ਕੋਈ ਪੇਸ਼ਾ ਅਪਨਾ ਸਕਣ ਜਾਂ ਕੋਈ ਛੋਟਾ-ਮੋਟਾ । ਕਾਰਖ਼ਾਨਾ ਚਲਾ ਸਕਣ। ਮੈਂ ਦੇਸ਼ ਭਰ ਵਿੱਚ ਸਨਅਤ ਦਾ ਰਾਸ਼ਟਰੀਕਰਣ ਕਰਾਂਗਾ।
ਅਬਾਦੀ ਨੂੰ ਠੱਲ ਪਾਉਣਾ- ਭਾਰਤ ਦੀ ਅਬਾਦੀ ਦਿਨ-ਪ੍ਰਤੀਦਿਨ ਵੱਧਦੀ ਹੀ ਜਾ ਰਹੀ ਹੈ। ਇਸ ਅਬਾਦੀ ਨੇ ਭਾਰਤ ਦੀ ਵਿਕਾਸ ਦਰ ਤੇ ਰੋਕ ਲਗਾ ਦਿੱਤੀ ਹੈ। ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਟ੍ਰੈਫਿਕ, ਪ੍ਰਦੂਸ਼ਨ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਇਸ ਦੀ ਹੀ ਦੇਣ ਹਨ। ਮੈਂ ਇਹ ਕਾਨੂੰਨ ਬਣਾਵਾਂਗਾ ਕਿ ਦੋ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਵਾਲੇ ਦੰਪਤੀ ਨੂੰ ਕਠੋਰ ਸਜ਼ਾ ਦਿੱਤੀ ਜਾਵੇਗੀ ।
ਭ੍ਰਿਸ਼ਟਾਚਾਰ ਦਾ ਖ਼ਾਤਮਾ- ਮੈਂ ਪ੍ਰਧਾਨ ਮੰਤਰੀ ਬਣ ਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਉਠਾਵਾਂਗਾ। ਸਾਡੇ ਦੇਸ਼ ਦੇ ਸਭ ਲੋਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਸਰਕਾਰੀ ਦਫ਼ਤਰਾਂ ਵਿੱਚ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਕੰਮ ਨਹੀਂ ਹੁੰਦਾ। ਅਫ਼ਸਰ ਤੇ ਕਲਰਕ ਨਿੱਡਰ ਹੋ ਕੇ ਪੈਸੇ ਮੰਗਦੇ ਹਨ। ਜੇ ਉਹ ਕਦੇ ਗਲਤੀ ਨਾਲ ਫੜੇ ਜਾਣ ਤਾਂ ਰਾਜਸੀ ਆਗੂਆਂ ਤੇ ਮੰਤਰੀਆਂ ਦੀ ਸਹਾਇਤਾ ਨਾਲ ਬੱਚ ਜਾਂਦੇ ਹਨ। ਮੈਂ ਪ੍ਰਧਾਨ ਮੰਤਰੀ ਬਣਦਿਆਂ ਹੀ ਰਿਸ਼ਵਤ ਲੈਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਵਾਂਗਾ ਤਾਂ ਜੋ ਫੜੇ ਜਾਣ ਤੇ ਉਹ ਛੁੱਟ ਨਾ ਸਕਣ ।
ਰਾਜਨੀਤਿਕ ਪਾਰਟੀਆਂ ਵਿੱਚ ਸੁਧਾਰ- ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੈਂ ਭਾਰਤ ਦੀਆਂ ਰਾਜਨੀਤਿਕ ਪਾਰਟੀਆਂ ਵਿੱਚ ਸੁਧਾਰ ਲਿਆਉਣ ਦਾ ਜਤਨ ‘ ਕਰਾਂਗਾ। ਸੰਸਦ ਵਿੱਚ ਬਹੁਤ ਸਾਰੇ ਮੈਂਬਰ ਇਹੋ ਜਿਹੇ ਹਨ ਜਿਹਨਾਂ ਤੇ ਮੁਕਦਮੇ ਚੱਲ ਰਹੇ ਹਨ। ਇਹਨਾਂ ਸਾਰੇ ਕਾਰਨਾਂ ਕਰਕੇ ਹੀ ਚੋਰ ਬਜ਼ਾਰੀ, ਗੁੰਡਾਗਰਦੀ ਤੇ ਭਿਸ਼ਟਾਚਾਰ ਦਾ ਬੋਲ-ਬਾਲਾ ਹੈ। ਇਹ ਲੋਕ ਆਪਣੇ ਸੁਆਰਥ ਦੀ ਖ਼ਾਤਰ ਧਰਮ, ਤੇ ਜਾਤ ਦੇ ਨਾ ਤੇ ਦੰਗੇ ਕਰਾਵਾਉਂਦੇ ਹਨ। ਇਹ ਲੋਕਾਂ ਨੂੰ ਮੂਰਖ ਬਣਾਕੇ ਉਹਨਾਂ ਦਾ ਸ਼ੋਸ਼ਣ ਕਰਦੇ ਹਨ। ਮੈਂ ਲੋਕ ਸਭਾ ਵਿੱਚ ਇਹ ਕਾਨੂੰਨ ਪਾਸ ਕਰਾਂਵਾਂਗਾ ਕਿ ਇਹੋ ਜਿਹੇ ਲੋਕ ਚੋਣਾਂ ਨਾ ਲੜ ਸਕਣ।
ਆਪਣੇ ਤੇ ਦੂਸਰੇ ਮੰਤਰੀਆਂ ਦੇ ਖ਼ਰਚੇ ਤੇ ਰੋਕ- ਜੇ ਮੈਂ ਪ੍ਰਧਾਨ ਮੰਤਰੀ ਹੋਵਾਂ ਤਾਂ ਮੈਂ ਸਾਦਾ ਜੀਵਨ ਬਿਤਾਵਾਂਗਾ ਤੇ ਬਾਕੀ ਮੰਤਰੀਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਹਾਂਗਾ। ਮੈਂ ਏਅਰ ਕੰਡੀਸ਼ਨ ਗੱਡੀਆਂ ਵਿੱਚ ਨਹੀਂ ਬੈਠਾਂਗਾ ਤੇ ਨਾ ਹੀ ਬਾਕੀ ਮੰਤਰੀਆਂ ਨੂੰ ਬੈਠਣ ਦਿਆਂਗਾ। ਫ਼ਜੂਲ ਦੇ ਵਿਦੇਸ਼ੀ ਖ਼ਰਚਿਆਂ ਤੇ ਰੋਕ ਲਗਾਵਾਂਗਾ।
ਦੂਜੇ ਦੇਸ਼ਾਂ ਨਾਲ ਸੰਬੰਧ- ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੰਸਾਰ ਦੇ ਸਾਰੇ ਦੂਸਰੇ ਦੇਸ਼ਾਂ ਨਾਲ ਮਿੱਤਰਤਾ ਭਰੇ ਸੰਬੰਧ ਕਾਇਮ ਕਰਾਂਗਾ। ਮੇਰੀ ਇਹੀ ਕੋਸ਼ਸ਼ ਹੋਏਗੀ ਕਿ ਮੇਰੇ ਦੇਸ਼ ਨੂੰ ਦੂਸਰੇ ਦੇਸ਼ਾਂ ਦੇ ਹਮਲੇ ਦਾ ਖ਼ਤਰਾ ਨਾ ਹੋਵੇ। ਮੈਂ ਆਪਣੇ ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗਾ। ਇਸ ਵੇਲੇ ਅਮਰੀਕਾ ਅਤੇ ਰੂਸ ਵੱਧ ਤੋਂ ਵੱਧ ਮਾਰੂ ਹਥਿਆਰ ਬਣਾ ਕੇ ਦੂਜੇ ਦੇਸ਼ਾਂ ਨੂੰ ਹਥਿਆਰ ਖਰੀਦਣ ਲਈ ਮਜਬੂਰ ਕਰ ਰਹੇ ਹਨ ਤੇ ਨਾਲ ਹੀ ਆਪਣੀਆਂ ਸ਼ਰਤਾਂ ਵੀ ਮੰਨਵਾਉਣ ਦੀ ਕੋਸ਼ਸ਼ ਕਰਦੇ ਹਨ। ਮੈਂ ਆਪਣੇ ਦੇਸ਼ ਨੂੰ ਇਸ ਯੋਗ ਬਣਾਵਾਂਗਾ ਕਿ ਉਹ ਆਧੁਨਿਕ ਹਥਿਆਰ ਲੋੜ ਅਨੁਸਾਰ ਆਪ ਬਣਾ ਸਕੇ।
ਪਰਮਾਣੂ ਸ਼ਕਤੀ ਵਿੱਚ ਨਿਪੁੰਨਤਾ- ਮੈਂ ਆਪਣੇ ਦੇਸ਼ ਨੂੰ ਪਰਮਾਣੂ ਸ਼ਕਤੀ ਤਿਆਰ ਕਰਨ ਵਿੱਚ ਨਿਪੁੰਨ ਬਣਾਵਾਂਗਾ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਪਰਮਾਣੂ ਬੰਬ ਬਣਾਉਣ ਦੀ ਖੁੱਲ ਦਿਆਂਗਾ। ਮੈਂ ਦੇਸ਼ ਦੀ ਪਰਮਾਣੂ ਸ਼ਕਤੀ ਨੂੰ ਸ਼ਾਂਤੀ ਉਦੇਸ਼ਾਂ ਲਈ ਵਰਤਾਂਗਾ। ਸਾਰੇ ਸੰਸਾਰ ਨੂੰ ਜਾਣਕਾਰੀ ਹੋਵੇਗੀ ਕਿ ਭਾਰਤ ਕੋਲ ਇੰਨੀ ਤਾਕਤ ਹੈ ਕਿ ਉਹ ਪਰਮਾਣੂ ਬੰਬ ਅਸਾਨੀ ਨਾਲ ਤਿਆਰ ਕਰ ਸਕਦਾ ਹੈ, ਪਰ ਜਾਣ ਬੁੱਝ ਕੇ ਤਿਆਰ ਨਹੀਂ ਕਰ ਰਿਹਾ। ਮੈਂ ਇਹ ਵੀ ਜਤਨ ਕਰਾਂਗਾ ਕਿ ਭਾਰਤ ਪੁਲਾੜੀ-ਤਕਨੀਕ ਵਿੱਚ ਨੰਬਰ ਇੱਕ ਬਣੇ ਤੇ ਪੁਲਾੜ ਵਿੱਚ ਅਜਿਹੇ ਰਾਕਟ ਅਤੇ ਪੁਲਾੜੀ ਉਪ-ਗ੍ਰਹਿ ਛੱਡੇ ਜਿਹੜੇ ਸੰਸਾਰ ਭਰ ਦੀ ਉੱਨਤੀ ਨੂੰ ਮਾਤ ਕਰ ਦੇਣ।
ਗਰੀਬੀ ਦਾ ਖ਼ਾਤਮਾ ਤੇ ਵਿੱਦਿਆ ਦਾ ਪਸਾਰ- ਮੈਂ ਗਰੀਬੀ ਵਰਗੇ ਘੁਣ ਦਾ ਖ਼ਾਤਮਾ ਕਰਨ ਦਾ ਜਤਨ ਕਰਾਂਗਾ ਤੇ ਇਹ ਚਾਹਾਂਗਾ ਕਿ ਭਾਰਤ ਦੇਸ਼ ਦਾ ਹਰ ਵਿਅਕਤੀ ਪੜਿਆ-ਲਿਖਿਆ ਹੋਵੇ। ਦਸਵੀਂ ਤੋਂ ਬਾਅਦ ਕਿੱਤਾ ਮੁੱਖੀ ਵਿੱਦਿਆ ਉੱਪਰ ਜ਼ੋਰ ਦਿਆਂਗਾ। ਵਿੱਦਿਆ ਨੂੰ ਸਸਤੀ ਕਰਨ ਦੀ ਕੋਸ਼ਸ਼ ਕਰਾਂਗਾ ਤਾਂ ਜੋ ਇਸ ਤੋਂ ਕੋਈ ਵੀ ਵਾਂਝਾ ਨਾ ਰਹਿ ਸਕੇ। ਸਾਡੇ ਦੇਸ਼ ਦੇ ਕਈ ਬੱਚੇ ਬੜੇ ਗਿਆਨਵਾਨ। ਹੁੰਦੇ ਹੋਏ ਵੀ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂ ਕਿ ਉਹਨਾਂ ਦੇ ਮਾਂਬਾਪ ਕੋਲ ਪੜ੍ਹਾਉਣ ਲਈ ਪੈਸੇ ਨਹੀਂ ਹੁੰਦੇ। ਭਾਰਤ ਦੇਸ਼ ਦੇ ਨੌਜੁਆਨ ਪੜ੍ਹ-ਲਿਖ ਕੇ ਵਿਦੇਸ਼ਾਂ ਨੂੰ ਭੱਜਦੇ ਹਨ। ਮੈਂ ਇਸ ਚੀਜ਼ ਤੇ ਵੀ ਰੋਕ ਲਗਾਵਾਂਗਾ ਤੇ ਪੜੇਲਿਖੇ ਨੌਜੁਆਨ ਨੂੰ ਸਹੂਲਤਾਂ ਮੁਹੱਈਆ ਕਰਾਵਾਂਗਾ ਤਾਂ ਕਿ ਉਹ ਆਪਣੇ ਦੇਸ਼ ਦੀ ਹੀ ਸੇਵਾ ਕਰਨ।
ਸਾਰ ਅੰਸ਼- ਮੈਂ ਭਾਰਤ ਵਿਚਲੀਆਂ ਕੁਰਤੀਆਂ- ਭਰੂਣ ਹੱਤਿਆ, ਨਸ਼ਾਖੋਰੀ ਚੋਰੀ ਅਤੇ ਕਾਲਾ ਬਜ਼ਾਰ ਆਦਿ ਨੂੰ ਜੜੋਂ ਖ਼ਤਮ ਕਰਨ ਦੀ ਮੁਹਿੰਮ ਚਲਾਵਾਂਗਾ। ਲੋਕਾਂ ਵਿੱਚ ਜਾਗ੍ਰਿਤੀ ਲਿਆਵਾਂਗਾ। ਸਭ ਧਰਮਾਂ, ਜਾਤੀਆਂ ਅਤੇ ਸਮਾਜਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਭਾਰਤੀ ਬਣਾਉਣ ਉੱਪਰ ਜ਼ੋਰ ਦਿਆਂਗਾ। ਮੈਂ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ ਅਤੇ ਨੇਤਾ ਜੀ ਵਰਗੇ ਮਹਾਨ ਨੇਤਾਵਾਂ ਦੇ ਸੁਪਨਿਆਂ ਨੂੰ ਸਾਕਾਰ ਕਰਾਂਗਾ। ਮੈਂ ਭਾਰਤ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਮਜ਼ਬੂਤ ਅਤੇ ਅਖੰਡ ਬਣਾਵਾਂਗਾ। ਮੈਂ ਭਾਰਤ ਨੂੰ ਸਵਰਗ ਬਣਾਉਣ ਦੀ ਕੋਸ਼ਸ਼ ਕਰਾਂਗਾ। ਕਾਸ਼ ! ਮੇਰਾ ਇਹ ਸੁਪਨਾ ਪੂਰਾ ਹੋਵੇ ।