Punjabi Essay on “IELTS ki Hai?”, “ਆਈਲਿਟਸ ਕੀ ਹੈ?”, Punjabi Essay for Class 10, Class 12 ,B.A Students and Competitive Examinations.

ਆਈਲਿਟਸ ਕੀ ਹੈ?

IELTS ki Hai?

 

ਰੂਪ-ਰੇਖਾ- ਭੂਮਿਕਾ, ਆਈਲਿਟਸ ਦੇ ਇਮਤਿਹਾਨਾਂ ਦੀ ਵੰਡ, ਪੜਨ ਦੀ ਯੋਗਤਾ, ਲਿਖਣ ਦੀ ਯੋਗਤਾ, ਸੁਣਨ ਯੋਗਤਾ, ਬੋਲਣ ਦੀ ਯੋਗਤਾ, ਮੁਲਾਂਕਣ, ਪ੍ਰੀਖਿਆ ਦਿਵਾਉਣ ਵਾਲੀਆਂ ਸੰਸਥਾਵਾਂ, ਸਾਰ-ਅੰਸ਼

 

ਭੂਮਿਕਾ- ਅੱਜ ਕੱਲ੍ਹ ਪੰਜਾਬੀਆਂ ਦੀ ਮਾਨਸਿਕ ਸੋਚ ਬਦਲ ਗਈ ਹੈ। ਬਾਹਰੋਂ ਆਏ ਵਿਅਕਤੀ ਕੋਲੋਂ ਵਿਦੇਸ਼ਾਂ ਦੇ ਕਿੱਸੇ, ਪੌਂਡਾ ਦਾ ਲਾਲਚ, ਚੰਗੇ , ਜੀਵਨ ਦੀ ਆਸ, ਆਪਣੇ ਬੱਚਿਆਂ ਦਾ ਰੌਸ਼ਨ ਭਵਿੱਖ ਸਭ ਨੂੰ ਬਾਹਰ ਜਾਣ ਲਈ ਪ੍ਰੇਰਨਾ ਦਿੰਦਾ ਹੈ | ਬਹੁਤ ਸਾਰੇ ਭਾਰਤੀ ਕਿਸੇ ਵੀ ਤਰੀਕੇ ਬਾਹਰ ਜਾਣ ਦੀ ਕੋਸ਼ਸ਼ ਵਿੱਚ ਰਹਿੰਦੇ ਹਨ। ਕਈ ਭੋਲੇ-ਭਾਲੇ ਲੋਕ ਤਾਂ ਏਜੰਟਾਂ ਦੇ ਹੱਥ ਚੜ੍ਹ ਕੇ ਆਪਣਾ ਭਵਿੱਖ ਖ਼ਰਾਬ ਕਰ ਲੈਂਦੇ ਹਨ। ਇਸ ਬਾਹਰ ਜਾਣ ਦੀ ਇੱਛਾ ਦੀ ਪੂਰਤੀ ਲਈ ਆਈਲਿਟਸ (IELTS) ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਅੱਜ ਕੱਲ੍ਹ ਅਖ਼ਬਾਰਾਂ ਭਰੀਆਂ ਹੁੰਦੀਆਂ ਹਨ-

IELTS ਪਾਸ ਕਰੋ ਮਹੀਨੇ ਵਿੱਚ ਅਮਰੀਕਾ ਪਹੁੰਚ ਜਾਂ ਕੈਨੇਡਾ ਪਹੁੰਚੇ। ਹਰ ਸੜਕ ਦੀ ਨੁੱਕਰ ਤੇ ਅਕੈਡਮੀ ਮਿਲ ਜਾਂਦੀ ਹੈ ਜੋ ਇਸ ਦਾ ਕੋਰਸ ਕਰਾਉਂਦੀ ਹੈ।

 

ਆਈਲਿਟਸ ਕੀ ਹੈ – ਆਈਲਿਟਸ ਦਾ ਮਤਲਬ ਹੈ (International English Language Testing System) ਵਿਦੇਸ਼ ਵਿੱਚ ਜਾਣ ਲਈ ਇਹ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਕਿਸੇ ਵੀ ਵਿਦੇਸ਼ੀ ਮੁਲਕ ਵਿੱਚ ਜਾਣ ਲਈ ਉਥੋਂ ਦੀ ਬੋਲੀ ਦਾ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਇਸਦਾ ਇਮਤਿਹਾਨ ਸ਼ੁਰੂ ਕੀਤਾ ਗਿਆ ਕਿ ਉੱਚ ਪੱਧਰ ਦੇ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ੀ ਸਿੱਖਿਆ ਪ੍ਰਾਪਤ ਕਰ ਸਕਣ।

 

ਆਈਲਿਟਸ ਦੇ ਇਮਤਿਹਾਨਾਂ ਦੀ ਵੰਡ- ਇਸ ਇਮਤਿਹਾਨ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਸ ਨੂੰ ਸਕਿਲਜ਼ (Skills) ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਯੋਗਤਾਵਾਂ। ਇਹ ਯੋਗਤਾਵਾਂ ਹਨ- ਪੜ੍ਹਨਾ (Readking), ਲਿਖਣਾ (Writing), ਬੋਲਣਾ (Speaking), ਸੁਣਨਾ (Listening)।

 

ਪੜ੍ਹਨ ਦੀ ਯੋਗਤਾ- ਪੜ੍ਹਨ (Reading) ਵਿੱਚ ਸਭ ਤੋਂ ਪਹਿਲਾਂ ਸੌਖਾ ਅਣਡਿੱਠਾ ਪੈਰਾ (Comprehension) ਹੁੰਦਾ ਹੈ। ਹੌਲੀ-ਹੌਲੀ ਇਹ ਔਖਾ ਹੋ ਜਾਂਦਾ ਹੈ। ਇਸ ਵਿੱਚ ਵਿਦਿਆਰਥੀ ਦੀ ਇਹ ਪ੍ਰੀਖਿਆ ਹੁੰਦੀ ਹੈ ਕਿ ਉਹ ਲਿਖੀ ਹੋਈ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਨਹੀਂ। ਇਸ ਵਿੱਚ ਇੱਕ ਪ੍ਰਸ਼ਨ ਦੇ ਕੇ ਉਸ ਦੇ ਤਿੰਨ-ਚਾਰ ਉੱਤਰ ਦਿੱਤੇ ਹੁੰਦੇ ਹਨ। ਉਹ ਸਾਰੇ ਆਪਸ ਵਿੱਚ ਇੰਨੇ ਮਿਲਦੇ-ਜੁਲਦੇ ਹੁੰਦੇ ਹਨ ਕਿ ਸਾਰੇ ਹੀ ਸਹੀ ਲੱਗਦੇ ਹਨ।ਉਹਨਾਂ ਸਾਰਿਆਂ ਵਿੱਚੋਂ ਵਿਦਿਆਰਥੀ ਨੇ ਸਹੀ ਉੱਤਰ ਦੀ ਚੋਣ ਕਰਨੀ ਹੁੰਦੀ ਹੈ।

 

ਲਿਖਣ ਦੀ ਯੋਗਤਾ- ਇਸ ਤੋਂ ਬਾਅਦ ਲਿਖਣ ਦੀ ਯੋਗਤਾ (Writing Skills) ਪਰਖੀ ਜਾਂਦੀ ਹੈ। ਇਸ ਵਿੱਚ ਵਿਦਿਆਰਥੀ ਦੀ ਲਿਖਣ ਦੀ ਸਮਰੱਥਾ ਦਾ ਨਿਰੀਖਣ ਕੀਤਾ ਜਾਂਦਾ ਹੈ। ਇਸ ਵਿੱਚ ਪੈਰਾ ਜਾਂ ਚਿੱਠੀ-ਪੱਤਰ ਲਿਖਣ ਲਈ ਕਿਹਾ ਜਾਂਦਾ ਹੈ। ਵਿਦਿਆਰਥੀ ਦੀ ਸ਼ਬਦ ਸਮਰੱਥਾ (Vocabulary) ਵਿਸਰਾਮ ਚਿੰਨ੍ਹ (Puncuation)’ ਦੀ ਸਮਝ ਪਰਖੀ ਜਾਂਦੀ ਹੈ।

  

ਸੁਣਨ ਯੋਗਤਾ- ਇਸ ਤੋਂ ਬਾਅਦ ਸੁਣਨ ਯੋਗਤਾ (Listening Skill) ਦਾ ਪੇਪਰ ਹੁੰਦਾ ਹੈ । ਇਸ ਵਿੱਚ ਵਿਦਿਆਰਥੀਆਂ ਨੂੰ ਸੁਣਨ ਯੰਤਰਾਂ (Head Phones) ਰਾਹੀਂ ਕੋਈ ਵਾਰਤਾਲਾਪ ਸੁਣਾ ਕੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਜਾਂਦਾ ਹੈ। ਇਸ ਵਿੱਚ ਵਿਦਿਆਰਥੀ ਦਾ ਭਾਸ਼ਾ ਨੂੰ ਸਮਝਣ ਦਾ ਗਿਆਨ ਪਰਖਿਆ ਜਾਂਦਾ ਹੈ ।

 

ਬੋਲਣ ਦੀ ਯੋਗਤਾ- ਇਸ ਤੋਂ ਬਾਅਦ ਬੋਲਣ ਦੀ ਯੋਗਤਾ ਆਉਂਦੀ ਹੈ। ਜਿਸ ਨੂੰ ਅਸੀਂ ਸਾਖਿਆਤਕਾਰ (Interview) ਕਹਿੰਦੇ ਹਾਂ । ਇਸ ਵਿੱਚ ਵਿਦਿਆਰਥੀ ਦੀ ਅੰਗੇਰਜ਼ੀ ਭਾਸ਼ਾ ਬੋਲਣ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਇਸ ਵਿੱਚ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਬੋਲਣ ਦਾ ਗਿਆਨ, ਵਿਚਾਰਾਂ ਨੂੰ ਪ੍ਰਗਟ ਕਰਨ ਦੀ ਤਾਕਤ ਤੇ ਉਸ ਭਾਸ਼ਾ ਉੱਪਰ ਉਸ ਦੀ ਪਕੜ ਦਾ ਮੁਲਾਂਕਣ ਕੀਤਾ ਜਾਂਦਾ ਹੈ।

 

ਮੁਲਾਂਕਣ- ਇਸ ਪ੍ਰੀਖਿਆ ਵਿੱਚ 9 ਬੈਂਡ ਪਾਪਤ ਕਰਨ ਵਾਲਾ ਵਿਅਕਤੀ ਨਿਪੁੰਨ ਉਪਯੋਗੀ ਮੰਨਿਆ ਜਾਂਦਾ ਹੈ! 8 ਬੈਂਡ ਲੈਣ ਵਾਲਾ ਬਹੁਤ ਚੰਗਾ ਉਪਯੋਗੀ, 7 ਬੈਂਡ ਲੈਣ ਵਾਲਾ ਚੰਗਾ ਉਪਯੋਗੀ ਮੰਨਿਆ ਜਾਂਦਾ ਹੈ। 6 ਬੈਂਡ ਪ੍ਰਾਪਤ ਕਰਨ ਵਾਲਾ ਵਿਅਕਤੀ ਵੀ ਬਾਹਰ ਜਾਣ ਦੇ ਯੋਗ ਮੰਨਿਆ ਜਾਂਦਾ ਹੈ। ਜੇ ਇਸ ਤੋਂ ਘੱਟ ਬੈਂਡ ਮਿਲਣ ਤਾਂ ਦੁਬਾਰਾ ਪ੍ਰੀਖਿਆ ਦੇਣੀ ਪੈਂਦੀ ਹੈ।

 

ਇਹ ਪ੍ਰੀਖਿਆ ਦੋ ਤਰ੍ਹਾਂ ਦੀ ਹੁੰਦੀ ਹੈ- ਜਨਰਲ ਅਤੇ ਅਕਾਦਮਿਕ । ਜਨਰਲ ਅਕਾਦਮਿਕ ਦੇ ਮੁਕਾਬਲੇ ਕੁਝ ਸੌਖੀ ਹੁੰਦੀ ਹੈ। ਜਿਹੜੇ ਵਿਅਕਤੀ ਪੜ੍ਹਾਉਣ ਲਈ ਬਾਹਰ ਜਾ ਰਹੇ ਹੋਣ ਉਹਨਾਂ ਨੂੰ ਅਕਾਦਮਿਕ ਵਿੱਚ ਜ਼ਿਆਦਾ ਅੰਕ ਪ੍ਰਾਪਤ ਕਰਨੇ ਪੈਂਦੇ ਹਨ।

 

ਪ੍ਰੀਖਿਆ ਦਿਵਾਉਣ ਵਾਲੀਆਂ ਸੰਸਥਾਵਾਂ- ਦੋ ਸੰਸਥਾਵਾਂ ਇਸ ਪੇਪਰ ਨੂੰ ਕਰਵਾਉਂਦੀਆਂ ਹਨ। ਬ੍ਰਿਟਿਸ਼ ਕੌਂਸਲ (British Council) ਅਤੇ ਆਈ. ਡੀ. ! ਐਫ ., ਆਸਟਰੇਲੀਆ (IDF Australia) ਇਹਨਾਂ ਦੇ ਨਤੀਜਿਆਂ ਦਾ ਐਲਾਨ ਤਕਰੀਬਨ 15 ਦਿਨਾਂ ਵਿੱਚ ਕਰ ਦਿੱਤਾ ਜਾਂਦਾ ਹੈ। ਇਸ ਦੀ ਫੀਸ ਭਾਰਤ ਵਿੱਚ 7200 ਰੁਪਏ ਹੈ। ਇਸਦੇ ਪੇਪਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਚੰਡੀਗੜ ਵਿੱਚ ਲਏ ਜਾਂਦੇ ਹਨ।

 

ਸਾਰ-ਅੰਸ਼- ਆਈਲਿਟਸ ਦਾ ਮਤਲਬ ਹੈ ਕਿ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਯੋਗਤਾ ਦਾ ਮੁਲਾਂਕਣ ਕਰਨਾ ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ ਭਾਸ਼ਾ ਨੂੰ ਸਮਝਣ ਸਮੇਂ ਕੋਈ ਕਠਿਨਾਈ ਨਾ ਹੋਵੇ। ਅੱਜ ਕੱਲ੍ਹ ਇਹ ਇਮਤਿਹਾਨ ਮਜ਼ਾਕ ਹੀ ਬਣਦੇ ਜਾ ਰਹੇ ਹਨ। ਹੁਣ ਤਾਂ ਪੈਸੇ ਦੇ ਜ਼ੋਰ ਨਾਲ ਸਭ ਕੁਝ ਹੋ ਰਿਹਾ ਹੈ । ਥਾਂ-ਥਾਂ ਤੇ ਕੋਚਿੰਗ ਸੈਂਟਰ ਖੁੱਲੇ ਹੋਏ ਹਨ।ਉਥੇ ਸਿੱਖਿਆ ਦੇਣ ਵਾਲੇ ਵੀ ਕਈ ਵਾਰ ਪੂਰੀ ਤਰਾਂ ਸਿਖਿੱਅਤ ਨਹੀਂ ਹੁੰਦੇ। ਇਹ ਸੈਂਟਰ ਕਮਾਈ ਦੇ ਅੱਡੇ ਬਣੇ ਹੋਏ ਹਨ। ਸੋ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਚੰਗੀ ਕੋਚਿੰਗ ਲੈਣ ਤੇ ਆਪਣੀ ਮਿਹਨਤ ਨਾਲ ਚੰਗੇ ਅੰਕ ਪ੍ਰਾਪਤ ਕਰਨ।

Leave a Reply