Punjabi Essay on “Holi da Tyohar”, “ਹੋਲੀ ਦਾ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਹੋਲੀ ਦਾ ਤਿਉਹਾਰ

Holi da Tyohar

 

ਜਾਣ-ਪਛਾਣ : ਹੋਲੀ ਦਾ ਤਿਉਹਾਰ ਸਾਡੇ ਦੇਸ਼ ਵਿਚ ਖਾਸ ਮਹੱਤਵ ਰੱਖਦਾ ਹੈ। ਇਹ ਤਿਉਹਾਰ ਭਾਰਤ ਦੇ ਮੁੱਖ ਤਿਉਹਾਰਾਂ ਵਿਚੋਂ ਇਕ ਹੈ। ਹੋਲੀ ਦੇ ਆਉਣ ਨਾਲ ਮਨੁੱਖ ਸਭ ਭੇਦਭਾਵ ਅਤੇ ਦੁਸ਼ਮਣੀ ਭੁਲਾ ਕੇ ਦੂਜਿਆਂ ਨੂੰ ਖੁਸ਼ੀ ਦਾ ਭਾਈਵਾਲ ਬਣਾਉਣ ਲਈ ਉਤਸੁਕ ਹੋ ਉੱਠਦਾ ਹੈ ਅਤੇ ਉਹਨਾਂ ਨਾਲ ਦੋਸਤਾਂ ਵਾਂਗ ਹੱਸਦਾ-ਟੱਪਦਾ ਅਤੇ ਖੁਸ਼ੀਆਂ ਮਨਾਉਂਦਾ ਹੈ।

ਸੋਹਣੀ ਰੁੱਤ : ਹਰ ਸਾਲ ਜਦੋਂ ਇਹ ਤਿਉਹਾਰ ਆਉਂਦਾ ਹੈ ਤਾਂ ਅਸੀਂ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਬੜੀ ਹੋਲੀ ਖੇਡਦੇ ਹਾਂ। ਹੋਲੀ ਦਾ ਤਿਉਹਾਰ ਉਸ ਮੌਸਮ ਵਿਚ ਆਉਂਦਾ ਹੈ, ਜਦੋਂ ਸਰਦੀ ਦਿਨੋ-ਦਿਨ ਖਤਮ ਹੋ ਰਹੀ ਹੁੰਦੀ ਹੈ ਤੇ ਗਰਮੀ ਵੱਧਦੀ ਹੈ। ਬਸੰਤ ਰੁੱਤ ਹੋਣ ਕਰ ਕੇ ਹਰ ਪਾਸੇ ਦਰੱਖ਼ਤਾਂ, ਬੂਟਿਆਂ ਅਤੇ ਛੋਟੇ ਪੌਦਿਆਂ ਉੱਤੇ ਹਰਿਆਲੀ ਛਾ ਰਹੀ ਹੁੰਦੀ ਹੈ। ਰੰਗ-ਬਰੰਗੇ ਫੁੱਲ ਖਿੜ ਰਹੇ ਹੁੰਦੇ ਹਨ। ਇਹਨਾਂ ਦਿਨਾਂ ਵਿਚ ਛੋਲਿਆਂ ਨੂੰ ਡੂਡ ਲੱਗ ਜਾਂਦੇ ਹਨ ਅਤੇ ਉਹਨਾਂ ਦੀਆਂ ਹੋਲਾਂ ਖਾਣ ਨੂੰ ਹਰ ਇਕ ਦੇ ਮੂੰਹ ਵਿਚ ਪਾਣੀ ਆਉਂਦਾ ਹੈ। ਸ਼ਾਇਦ ਛੋਲਿਆਂ ਦੀਆਂ ਹੋਲਾਂ ਦਾ ਨਾਂ ਵੀ ਹੋਲੀ ਤੋਂ ਹੀ ਪਿਆ ਹੈ।

ਇਤਿਹਾਸਕ ਪਿਛੋਕੜ : ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਹੋਲੀ ਦਾ ਸੰਬੰਧ ਸੀ ਕ੍ਰਿਸ਼ਨ ਜੀ ਦੁਆਰਾ ਪੂਤਨਾ ਦਾਈ ਨੂੰ ਮਾਰਨ ਮਗਰੋਂ ਗੋਪੀਆਂ ਨਾਲ ਰੰਗ ਖੇਡ ਕੇ ਖੁਸ਼ੀ ਮਨਾਉਣ ਨਾਲ ਜੋੜਿਆ ਜਾਂਦਾ ਹੈ। ਪਰ ਕਈ ਲੋਕਾਂ ਦੁਆਰਾ ਹੋਲੀ ਦੇ ਤਿਉਹਾਰ ਦੀ ਇਤਿਹਾਸਕ ਪਿੱਠਭੂਮੀ ਪਹਿਲਾਦ ਭਗਤ ਨਾਲ ਜੋੜੀ ਜਾਂਦੀ ਹੈ। ਪ੍ਰਚੱਲਤ ਕਹਾਣੀ ਅਨੁਸਾਰ ਹਿਲਾਦ ਦੇ ਅਭਿਮਾਨੀ ਅਤੇ ਖੁਦਾਈ ਦਾ ਦਾਅਵਾ ਕਰਨ ਵਾਲੇ ਪਿਤਾ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਪ੍ਰਹਿਲਾਦ ਦੀ ਭੂਆ ਹੋਲਿਕਾ ਨੂੰ ਅੱਗ ਵਿਚ ਨਾ ਸੜਨ ਦਾ ਵਰਦਾਨ ਮਿਲਿਆ ਹੋਇਆ ਸੀ। ਉਹ ਪ੍ਰਹਿਲਾਦ ਨੂੰ ਚੁੱਕ ਕੇ ਅੱਗ ਵਿਚ ਬੈਠ ਗਈ। ਪ੍ਰਹਿਲਾਦ ਤਾਂ ਬੱਚ ਗਿਆ, ਪਰੰਤੂ ਹੋਲਿਕਾ ਸੜ ਕੇ ਮਰ ਗਈ। ਕਿਹਾ ਜਾਂਦਾ ਹੈ ਕਿ ਇਹ ਤਿਉਹਾਰ ਉਸ ਦਿਨ ਤੋਂ ਹੀ ਮਨਾਇਆ ਜਾਂਦਾ ਹੈ।

ਹੋਲੀ ਦਾ ਤਿਉਹਾਰ ਬਹੁਤਾ ਕਰ ਕੇ ਹਿੰਦੂਆਂ ਵਿਚ ਮਨਾਇਆ ਜਾਂਦਾ ਹੈ। ਸਿੱਖ ਇਸ ਤੋਂ ਅਗਲੇ ਦਿਨ ਹੋਲਾ ਮਨਾਉਂਦੇ ਹਨ। ਆਨੰਦਪੁਰ ਦਾ ਹੋਲਾ ਮੁਹੱਲਾ ਬੜਾ ਮਸ਼ਹੂਰ ਹੈ।

ਰੰਗ ਪਾਉਣ ਦੀ ਖੇਡ : ਹੋਲੀ ਵਾਲੇ ਦਿਨ ਮੈਂ ਅਜੇ ਸਵੇਰੇ ਉੱਠ ਕੇ ਨਹਾ-ਧੋ ਕੇ ਕੱਪੜੇ ਪਾਏ ਹੀ ਸਨ ਕਿ ਸਿਰ ਤੋਂ ਪੈਰਾਂ ਤੱਕ ਰੰਗ ਨਾਲ ਭਰੇ ਹੋਏ ਮੇਰੇ ਕੁਝ ਮਿੱਤਰ ਅਤੇ ਉਹਨਾਂ ਦੀਆਂ ਭੈਣਾਂ ਰੰਗ ਦੇ ਲਿਫਾਫੇ ਚੁੱਕੀ ਆ ਪਹੁੰਚੇ। ਉਹਨਾਂ ਆਉਂਦਿਆਂ ਹੀ ਮੇਰੇ ਉੱਪਰ ਕਈ ਤਰ੍ਹਾਂ ਦੇ ਰੰਗ ਸਿੱਟਣੇ ਸ਼ੁਰੂ ਕਰ ਦਿੱਤੇ । ਕੋਈ ਮੇਰੇ ਮੁੰਹ ਉੱਤੇ ਰੰਗ ਲਗਾ ਰਿਹਾ ਸੀ, ਕੋਈ ਵਾਲਾਂ ਵਿਚ ਤੇ ਕੋਈ ਕੱਪੜਿਆਂ ਉੱਤੇ। ਜਦੋਂ ਮੇਰੇ ਉੱਪਰ ਉਹ ਰੰਗ ਸੁੱਟ ਕੇ ਮਲ ਰਹੇ ਸਨ ਤਾਂ ਸਾਡੇ ਘਰ ਦੇ ਬਾਕੀ ਬੰਦਿਆਂ ਨੇ ਆਪਣੇ ਹੱਥਾਂ ਵਿਚ ਰੰਗ ਸੰਭਾਲ ਕੇ ਉਹਨਾਂ ਉੱਪਰ ਰੰਗ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਿੱਛੋਂ ਅਸੀਂ ਸਾਰੇ ਮਿਲ ਕੇ ਦੂਜੀ ਗਲੀ ਵਿਚ ਰਹਿੰਦੇ ਇਕ ਮਿੱਤਰ ਵੱਲ ਗਏ, ਪਰ ਉਹ ਸਾਨੂੰ ਰਾਹ ਵਿਚ ਹੀ ਕੁਝ ਹੋਰ ਦੋਸਤਾਂ ਨਾਲ ਹੋਲੀ ਖੇਡਦਾ ਮਿਲ ਪਿਆ। ਦੋਹਾਂ ਗਰੁੱਪਾਂ ਨੇ ਇਕ ਦੂਜੇ ਉੱਪਰ ਰੰਗ ਸੁੱਟ-ਸੁੱਟ ਕੇ ਖੂਬ ਦਿਲ ਪਰਚਾਵਾ ਕੀਤਾ। ਇਸ ਸਮੇਂ ਮੇਰੇ ਉੱਪਰ ਮੇਰੇ ਇਕ ਨਰਾਜ਼ ਹੋਏ ਮਿੱਤਰ ਨੇ ਅੱਗੇ ਵੱਧ ਕੇ ਰੰਗ ਸੁੱਟਿਆ ਅਤੇ ਮੈਂ ਵੀ ਉਸ ਉੱਤੇ ਰੰਗ ਸੁੱਟ ਦਿੱਤਾ। ਬੱਸ ਇੰਨੇ ਨਾਲ ਹੀ ਸਾਡੀ ਮੰਨ-ਮਨਾਈ ਹੋ ਗਈ। ਸਾਡੇ ਇਕ ਸਾਥੀ ਨੇ ਇਕ ਚਿੱਟ ਕੱਪੜੀਏ ਸਾਈਕਲ ਸਵਾਰ ਉੱਪਰ ਰੰਗ ਸੁੱਟਿਆ, ਜਿਸ ਤੇ ਅਸੀਂ ਸਾਰਿਆਂ ਨੇ ਉਸ ਨੂੰ ਵਰਜਿਆ ਕਿ ਉਹ ਕਿਸੇ ਓਪਰੇ ਉੱਪਰ ਰੰਗ ਨਾ ਸੁੱਟੇ। ਰਸਤੇ ਵਿਚ ਅਸੀਂ ਕੁਝ ਬੱਚਿਆਂ ਨੂੰ ਪਿਚਕਾਰੀਆਂ ਵਿਚ ਰੰਗਦਾਰ ਪਾਣੀ ਭਰ ਕੇ ਇਕ-ਦੂਜੇ ਉੱਤੇ ਸੁੱਟਦਿਆਂ ਦੇਖਿਆ। ਅਸੀਂ ਉਹਨਾਂ ਨਾਲ ਵੀ ਹੋਲੀ ਦਾ ਆਨੰਦ ਮਾਣਿਆ।

ਸਾਡਾ ਇਕ ਦੋਸਤ ਅਚਾਨਕ ਸਾਡੇ ਕਾਬੂ ਆ ਗਿਆ। ਉਸਨੇ ਸੋਹਣੇ ਕੱਪੜੇ ਪਾਏ ਹੋਏ ਸਨ, ਪਰ ਅਸੀਂ ਉਸ ਦਾ ਥੋੜਾ ਵੀ ਲਿਹਾਜ਼ ਨਾ ਕੀਤਾ, ਜਿਸ ਤੋਂ ਉਹ ਥੋੜਾ ਗੁੱਸੇ ਵਿਚ ਆ ਗਿਆ, ਪਰ ਜਦੋਂ ਅਸੀਂ ਉਸ ਨੂੰ ਦੱਸਿਆ ਕਿ ਹੋਲੀ ਤਾਂ ਸਾਡੇ ਸਰਦੇ-ਪੁੱਜਦੇ ਲੀਡਰ ਵੀ ਖੇਡਦੇ ਹਨ ਅਤੇ ਇਸ ਵਿਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਵਿਦੇਸ਼ੀ ਮਹਿਮਾਨ ਵੀ ਸ਼ਾਮਲ ਹੁੰਦੇ ਹਨ, ਤਾਂ ਉਸ ਦਾ ਗੁੱਸਾ ਠੰਡਾ ਹੋ ਗਿਆ ਅਤੇ ਉਹ ਵੀ ਸਾਡੇ ਨਾਲ ਰੰਗ ਲੈ ਕੇ ਹੋਲੀ ਖੇਡਣ ਲੱਗ ਪਿਆ।

ਰਾਗ-ਰੰਗ : ਵਾਪਸ ਆ ਕੇ ਅਸੀਂ ਆਪਣੇ ਘਰ ਹੋਲਿਕਾ ਅਤੇ ਪ੍ਰਹਿਲਾਦ ਭਗਤ ਨੂੰ ਚੇਤੇ ਕਰ ਕੇ ਪ੍ਰਭੂ ਦੇ ਗੁਣ ਗਾਏ। ਰਾਤ ਨੂੰ ਅਸੀਂ ਇਕ ਸੰਗੀਤ ਸਮਾਰੋਹ ਦਾ ਇੰਤਜ਼ਾਮ ਕੀਤਾ।

ਇਸ ਤਰ੍ਹਾਂ ਹੋਲੀ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ ਅਤੇ ਇਹ ਵੈਰ-ਵਿਰੋਧ ਮਿਟਾਉਣ ਅਤੇ ਦੋਸਤੀ ਦੀ ਭਾਵਨਾ ਪੈਦਾ ਕਰਨ ਵਿਚ ਕਾਫੀ ਮੱਦਦਗਾਰ ਹੈ।

Leave a Reply