Punjabi Essay on “Hockey Match ”, “ਹਾਕੀ ਮੈਚ ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਹਾਕੀ ਮੈਚ 

Hockey Match 

 

ਹਾਕੀ ਦਾ ਫਾਈਨਲ ਮੈਚ : ਪਿਛਲੇ ਐਤਵਾਰ ਸਾਡੇ ਕਾਲਜ ਅਤੇ ਗੌਰਮਿੰਟ ਕਾਲਜ ਜਲੰਧਰ ਦੀ ਟੀਮ ਵਿਚਕਾਰ ਇਕ ਮੈਚ ਹੋਇਆ। ਸੈਂਕੜੇ ਦਰਸ਼ਕ ਇਹ ਮੈਚ ਦੇਖਣ ਆਏ ਹੋਏ ਸਨ। ਖੇਡ ਦੇ ਮੈਦਾਨ ਵਿਚ ਚੰਗੀ ਤਰ੍ਹਾਂ ਸਜਾਵਟ ਕੀਤੀ ਗਈ ਸੀ। ਮੈਦਾਨ ਦੀ ਹੱਦਬੰਦੀ ਚੂਨੇ ਨਾਲ ਕੀਤੀ ਹੋਈ ਸੀ। ਮੈਦਾਨ ਦੇ ਚਹੁੰਪਾਸੀਂ ਰੰਗ-ਬਰੰਗੀਆਂ ਝੰਡੀਆਂ ਸਜੀਆਂ ਹੋਈਆਂ ਸਨ।

ਖਿਡਾਰੀਆਂ ਦਾ ਮੈਦਾਨ ਵਿਚ ਆਉਣਾ : ਦਰਸ਼ਕ ਦਿਲਚਸਪੀ ਨਾਲ ਖਿਡਾਰੀਆਂ ਨੂੰ ਉਡੀਕ ਰਹੇ ਸਨ। ਇਸੇ ਸਮੇਂ ਹੀ ਸਾਡੇ ਕਾਲਜ ਦੇ ਵਿਦਿਆਰਥੀ ਚੁਸਤੀ ਨਾਲ ਦੌੜਦੇ ਹੋਏ ਖੇਡ ਦੇ ਮੈਦਾਨ ਵਿਚ ਆਏ। ਉਹਨਾਂ ਨੇ ਸਫ਼ੈਦ ਨਿੱਕਰਾਂ ਤੇ ਗੁੜੇ ਲਾਲ ਅਤੇ ਜਰਦ ਰੰਗ ਦੀਆਂ ਕਮੀਜ਼ਾਂ ਪਾਈਆਂ ਹੋਈਆਂ ਸਨ। ਛੇਤੀ ਹੀ ਗੌਰਮਿੰਟ ਕਾਲਜ ਦੇ ਖਿਡਾਰੀ ਵੀ ਆ ਗਏ। ਉਹਨਾਂ ਨੇ ਹਰੀਆਂ ਕਮੀਜ਼ਾਂ ਤੇ ਨੀਲੀਆਂ ਨਿੱਕਰਾਂ ਪਾਈਆਂ ਹੋਈਆਂ ਸਨ।

ਰੈਫ਼ਰੀ ਦੀ ਸੀਟੀ : ਥੋੜੀ ਦੇਰ ਬਾਅਦ ਰੈਫ਼ਰੀ ਨੇ ਲੰਮੀ ਸੀਟੀ ਮਾਰੀ। ਦੋਹਾਂ ਟੀਮਾਂ ਦੇ ਕਪਤਾਨ ਰੈਫ਼ਰੀ ਕੋਲ ਪੁੱਜੇ। ਦੋਹਾਂ ਨੇ ਆਪਸ ਵਿਚ ਹੱਥ ਮਿਲਾਇਆ। ਫਿਰ ਦੂਜੀ ਲੰਮੀ ਸੀਟੀ ਵੱਜੀ ਤੇ ਖਿਡਾਰੀ ਆਪੋ-ਆਪਣੇ ਥਾਵਾਂ ਤੇ ਡੱਟ ਗਏ। ਦੋਹਾਂ ਟੀਮਾਂ ਦੇ ਸੈਂਟਰ ਫਾਰਵਰਡਾਂ ਨੇ ‘ਬੱਲੋਂ ਕੀਤੀ ਅਤੇ ਖੇਡ ਸ਼ੁਰੂ ਹੋ ਗਈ।

ਪਹਿਲੇ ਅੱਧ ਦੀ ਖੇਡ : ਸਾਡੇ ਕਾਲਜ ਦੇ ਫਾਰਵਰਡਾਂ ਨੇ ਬੜਾ ਤਾਲਮੇਲ ਦਿਖਾਇਆ। ਉਹ ਛੋਟੇ ਅਤੇ ਚੁਸਤ ਪਾਸ ਦਿੰਦੇ ਹੋਏ ਗੇਂਦ ਨੂੰ ਪਲਾਂ ਵਿਚ ਵਿਰੋਧੀਆਂ ਦੀ ‘ਡੀ ਵਿਚ ਲੈ ਗਏ। ਦਰਸ਼ਕ ਉਤਸ਼ਾਹ ਦੇਣ ਲੱਗੇ, ਪਰੰਤੂ ਤੇਜ਼ ਦੌੜਦੇ ਜੈ ਕਿਸ਼ਨ ਦੇ ਪੈਰ ਨਾਲ ਗੇਂਦ ਲੱਗ ਗਈ, ਰੈਫ਼ਰੀ ਨੇ ਫਾਊਲ ਦੇ ਦਿੱਤਾ। ਗੌਰਮਿੰਟ ਕਾਲਜ ਨੂੰ ਵੀ ਹਿੱਟ ਮਿਲ ਗਈ ਅਤੇ ਗੇਂਦ ਇਕ ਵਾਰ ਫਿਰ ਮੈਦਾਨ ਵਿਚ ਆ ਗਈ। ਹੁਣ ਗੌਰਮਿੰਟ ਕਾਲਜ ਦਾ ਤੇਜਪਾਲ ਗੇਂਦ ਨੂੰ ਸਾਡੇ ਪਾਸੇ ਦੀ ‘ਡੀ ਵਿਚ ਲੈ ਗਿਆ। ਇੱਥੇ ਸਾਡੇ ਖਿਡਾਰੀ ਦਾ ਇਕ ਫਾਉਲ ਹੋਣ ਕਰਕੇ ਗੌਰਮਿੰਟ ਕਾਲਜ ਨੂੰ ਛੋਟੀ ਕਾਰਨਰ ਹਿੱਟ ਮਿਲ ਗਈ। ਹੁਣ ਲੱਗਦਾ ਸੀ ਕਿ ਸਾਡੇ ਕਾਲਜ ਸਿਰ ਗੋਲ ਹੋ ਜਾਵੇਗਾ, ਪਰ ਹਿੱਟ ਨੂੰ ਗੌਰਮਿੰਟ ਕਾਲਜ ਦਾ ਖਿਡਾਰੀ ਰੋਕ ਨਾ ਸਕਿਆ, ਜਿਸ ਕਰਕੇ ਇਹ ਸੰਕਟ ਵੀ ਟਲ ਗਿਆ।

ਉੱਚੇ ਦਰਜ਼ੇ ਦੀ ਖੇਡ : ਇਸ ਪ੍ਰਕਾਰ ਕਦੇ ਕਿਸੇ ਦਾ ਪਲੜਾ ਭਾਰੀ ਹੋ ਜਾਂਦਾ ਸੀ ਅਤੇ ਕਦੇ ਕਿਸੇ ਦਾ। ਇਹ ਖੇਡ ਉੱਚੇ ਦਰਜੇ ਦੀ ਸੀ। ਖਿਡਾਰੀਆਂ ਦਾ ਆਪਸ ਵਿਚ ਤਾਲਮੇਲ ਪਸ਼ੰਸਾਯੋਗ ਸੀ। ਸਾਰੇ ਖਿਡਾਰੀ ਰੈਫ਼ਰੀ ਦੀ ਆਗਿਆ ਦਾ ਪਾਲਣ ਕਰ ਰਹੇ ਸਨ।

ਅੱਧਾ ਸਮਾਂ : ਅੱਧਾ ਸਮਾਂ ਹੋਣ ਤੱਕ ਕੋਈ ਟੀਮ ਵੀ ਗੋਲ ਨਾ ਕਰ ਸਕੀ। ਅੱਧੇ ਸਮੇਂ ਵਿਚ ਖੇਡ ਪੰਜ ਮਿੰਟ ਲਈ ਰੁਕੀ। ਖਿਡਾਰੀਆਂ ਨੇ ਪਾਣੀ ਪੀਤਾ। ਦੋਹਾਂ ਟੀਮਾਂ ਦੇ ਪ੍ਰਸ਼ੰਸਕਾਂ ਨੂੰ। ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਖੇਡ ਜਿੱਤਣ ਲਈ ਕੁਝ ਨੁਕਤੇ ਸਮਝਾਏ

ਦੂਜੇ ਅੱਧ ਦੀ ਖੇਡ : ਪੰਜ ਮਿੰਟ ਮਗਰੋਂ ਖੇਡ ਦੁਬਾਰਾ ਆਰੰਭ ਹੋਈ। ਹੁਣ ਦੋਵੇਂ ਧਿਰਾਂ ਸੰਭਲ ਕੇ ਖੇਡ ਰਹੀਆਂ ਸਨ। ਕੁਝ ਦੇਰ ਮਗਰੋਂ ਸਾਡੀ ਟੀਮ ਦੇ ਰਾਈਟ ਹਾਫ ਨੇ ਦੂਜੀ ਧਿਰ ਦੀ ਬਚਾਓ ਪੰਕਤੀ ਨੂੰ ਤੋੜ ਕੇ ਗੇਂਦ ਬੜੀ ਚੁਸਤੀ ਨਾਲ ਆਪਣੇ ਸਾਥੀ ਨੂੰ ਦਿੱਤੀ। ਉਸ ਨੇ ਵਿਰੋਧੀਆਂ ਦੀ ‘ਡੀ’ ਵਿਚ ਜਾ ਕੇ ਐਸੀ ਹਿੱਟ ਮਾਰੀ ਕਿ ਗੋਲ ਹੋ ਗਿਆ।

ਮੈਚ ਜਿੱਤਣਾ: ਬੱਸ ਫਿਰ ਕੀ ਸੀ ? ਦਰਸ਼ਕ ਤਾੜੀਆਂ ਅਤੇ ਸੀਟੀਆਂ ਮਾਰ ਕੇ ਖੁਸ਼ੀ ਦਾ ਇਜ਼ਹਾਰ ਕਰਨ ਲੱਗੇ। ਰੈਫ਼ਰੀ ਦੀ ਵਿਸਲ ਨਾਲ ਖੇਡ ਸ਼ੁਰੂ ਹੋਈ। ਗੌਰਮਿੰਟ ਕਾਲਜ ਵਾਲੇ ਗੋਲ ਉਤਾਰਨ ਅਤੇ ਸਾਡੇ ਕਾਲਜ ਵਾਲੇ ਗੋਲ ਬਚਾਉਣ ਲਈ ਜ਼ੋਰ ਲਾਉਂਦੇ ਰਹੇ। ਗੌਰਮਿੰਟ ਕਾਲਜ ਵਾਲੇ ਗੋਲ ਨਾ ਉਤਾਰ ਸਕੇ। ਅੰਤ ਖੇਡ ਸਮਾਪਤ ਹੋਣ ਦੀ ਸੀਟੀ ਵੱਜ ਗਈ।

ਸਮਾਪਤੀ: ਖੇਡ ਦੀ ਸਮਾਪਤੀ ਉੱਤੇ ਸਾਡੇ ਕਾਲਜ ਵਾਲਿਆਂ ਨੇ ਹਿੱਪ-ਹਿੱਪ ਹੱਰੋ ਕੀਤੀ ਅਤੇ ਦੋਹਾਂ ਟੀਮਾਂ ਦੇ ਕਪਤਾਨ ਇਕ ਦੂਜੇ ਨੂੰ ਗਲ ਲੱਗ ਕੇ ਮਿਲੇ।

Leave a Reply