ਗੁਰਬਖ਼ਸ਼ ਸਿੰਘ ਪ੍ਰੀਤਲੜੀ
Gurbaksh Singh Pritladi
ਰੂਪ-ਰੇਖਾ- ਮਹਾਨ ਗੱਦਕਾਰ, ਜਨਮ ਅਤੇ ਵਿੱਦਿਆ, ਸਾਹਿਤ ਰਚਨਾ, ਅੰਗਰੇਜ਼ੀ ਦੇ ਲੇਖਕ ਰਸਕਿਨ ਦਾ ਅਸਰ, ਸੁਧਾਰਕ ਤੇ ਆਦਰਸ਼ਵਾਦੀ ਲੇਖਕ, ਪੱਤਰਕਾਰ ਲੇਖਕ, ਅਨੁਪੁਮ ਸ਼ੈਲੀ, ਸਾਰ-ਅੰਸ਼
ਮਹਾਨ ਗੱਦਕਾਰ- ਗੁਰਬਖ਼ਸ਼ ਸਿੰਘ ਪ੍ਰਤੀਲੜੀ ਆਧੁਨਿਕ ਪੰਜਾਬੀ ਗੱਦ ਦਾ ਮਹਾਨ ਲੇਖਕ ਹੋਇਆ ਹੈ। ਉਸ ਦੀ ਰਚਨਾ ਨਾਲ ਪੰਜਾਬੀ ਗੱਦ ਸਾਹਿਤ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਹੁੰਦਾ ਹੈ। ਉਸ ਨੇ ਪੰਜਾਬੀ ਨੂੰ ਜਾਦੂ ਭਰੀ ਸ਼ੈਲੀ ਦਿੱਤੀ। ਉਸ ਨੇ ਗੱਦ ਦੇ ਬਹੁਤ ਸਾਰੇ ਰੂਪਾਂ ਤੇ ਕਲਮ ਅਜ਼ਮਾਈ। ਉਸ ਨੇ ਆਪਣੇ ਮਾਸਕ ਪੱਤਰ ਪ੍ਰੀਤਲੜੀ ਰਾਹੀਂ ਮਣਾਂ-ਮਹੀਂ ਵਾਰਤਕ ਰਚਨਾ ਕੀਤੀ ਹੈ। ਉਸ ਦੀ ਮਹਾਨ ਰਚਨਾ ਦਾ ਮਾਣ ਕਰਦਿਆਂ ਹੀ ਪੰਜਾਬੀ ਮਹਿਕਮਾ ਪੈਪਸੂ ਨੇ ਉਸ ਨੂੰ ਮਾਣ-ਪੱਤਰ ਤੇ ਸਿਰੋਪਾ ਭੇਂਟ ਕੀਤਾ ਹੈ ਭਾਰਤ ਸਰਕਾਰ ਨੇ ਭਾਰਤੀ ਸਾਹਿਤ ਅਕਾਦਮੀ ਦਾ ਸਲਾਹਕਾਰ ਨਾਮਜ਼ਦ ਕੀਤਾ।
ਜਨਮ ਅਤੇ ਵਿੱਦਿਆ- ਗੁਰਬਖ਼ਸ਼ ਸਿੰਘ ਆਧੁਨਿਕ ਪੰਜਾਬੀ ਗਦ ਦਾ ਮਹਾਨ ਲੇਖਕ ਹੋਇਆ ਹੈ। ਆਪ ਦਾ ਜਨਮ 20 ਅਪ੍ਰੈਲ, 1895 ਈ: ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਸ: ਪਸੋਰਾ ਸਿੰਘ ਸੀ। ਆਪ ਨੇ ਮੁੱਢਲੀ ਵਿੱਦਿਆ ਇੱਥੇ ਹੀ ਪ੍ਰਾਪਤ ਕੀਤੀ। ਦਸਵੀਂ ਤੋਂ ਬਾਅਦ ਐਫ. ਸੀ. ਕਾਲਜ ਲਾਹੌਰ ਵਿੱਚ ਦਾਖਲਾ ਲਿਆ। ਆਰਥਿਕ ਮੁਸ਼ਕਲਾਂ ਕਰਕੇ ਪੜ੍ਹਾਈ ਛੱਡ ਕੇ ਟਰਾਂਸਪੋਰਟ ਮਹਿਕਮੇ ਵਿੱਚ ਕਲਰਕ ਦੀ ਨੌਕਰੀ ਕੀਤੀ।
ਆਪ ਨੇ 1917 ਵਿੱਚ ਟਾਮਸ ਇੰਜੀਨੀਅਰਿੰਗ ਕਾਲਜ ਰੁੜਕੀ ਤੋਂ ਓਵਰਸੀਅਰ ਦੀ ਡਿਗਰੀ ਪਾਸ ਕੀਤੀ ਤੇ ਫੌਜ ਵਿੱਚ ਭਰਤੀ ਹੋ ਗਏ।ਫਿਰ ਆਪ ਨੇ ਅਮਰੀਕਾ ਦੀ ਮਿਸ਼ੀਨਨ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਲਈ। ਭਾਰਤ ਵਾਪਸ ਆ ਕੇ ਰੇਲਵੇ ਵਿੱਚ ਇੰਜੀਨੀਅਰ ਦੀ ਨੌਕਰੀ ਕੀਤੀ। 1932 ਵਿੱਚ ਨੌਕਰੀ ਛੱਡ ਕੇ ਆਪ ਅਕਾਲੀ ਫੂਲਾ ਸਿੰਘ ਦੇ ਗੁਰਦੁਆਰੇ ਦੀ ਜ਼ਮੀਨ ਉੱਪਰ ਖੇਤੀ ਕਰਨ ਲੱਗੇ। ਇੱਥੇ ਹੀ ਆਪ ਨੇ 1933 ਵਿੱਚ ਪ੍ਰੀਤਲੜੀ ਜਾਰੀ ਕੀਤਾ। ਫਿਰ ਆਪ ਨੇ ਅੰਮ੍ਰਿਤਸਰ ਦੇ ਜ਼ਿਲੇ ਵਿੱਚ ਲੋਪੋਕੇ ਦੇ ਨੇੜੇ ਕੁਝ ਜ਼ਮੀਨ ਖ਼ਰੀਦ ਕੇ ਪ੍ਰੀਤ ਨਗਰ ਵਸਾਇਆ।
ਸਾਹਿਤ ਰਚਨਾ- ਆਪਣੇ ਸਮੁੱਚੇ ਜੀਵਨ ਕਾਲ ਵਿੱਚ ਆਪ ਨੇ ਪੰਜਾਬੀ ਸਾਹਿਤ ਨੂੰ ਬਹੁਤ ਧਨਵਾਨ ਕੀਤਾ। ਗੁਰਬਖ਼ਸ਼ ਸਿੰਘ ਨੇ ਸਾਹਿਤ ਰਚਨਾ ਦਾ ਕੰਮ ਅਮਰੀਕਾ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ‘ਮੇਰੀ ਦਾਦੀ ਜੀ, ਰਾਜ ਕੁਮਾਰੀ ਲਤਿਕਾ ਪਹਿਲਾ ਅਮਰੀਕਾ ਵਿੱਚ ਹੀ ਛਪੇ ਸਨ। ਪੰਜਾਬੀ ਵਿੱਚ ਆਪ ਦਾ ਸਾਹਿਤਕ ਜੀਵਨ 1933 ਵਿੱਚ ‘ਪ੍ਰੀਤਲੜੀ’ ਰਸਾਲਾ ਸ਼ੁਰੂ ਕਰਨ ਨਾਲ ਆਰੰਭ ਹੋਇਆ ਸੀ।
ਗੁਰਬਖ਼ਸ਼ ਸਿੰਘ ਦੇ ਦਰਜਨ ਕੁ ਕਹਾਣੀ ਸੰਗ੍ਰਹਿ ਹਨ, ਜਿਨ੍ਹਾਂ ਵਿੱਚੋਂ ‘ਵੀਣਾ ਵਿਨੋਦ’, ‘ਨਾਗ ਪ੍ਰੀਤ ਦਾ ਜਾਦੂ’, ‘ਭਾਬੀ ਮੈਨਾ’, ‘ਅਨੋਖੇ ਤੇ ਇਕੱਲੇ’, ‘ਪੀਤ ਕਹਾਣੀਆਂ, ਸ਼ਬਨਮ’, ‘ਮੇਰੀ ਗੁਲਬਦਨ’, ‘ਇਸ਼ਕ ਜਿਨਾਂ ਦੇ ਹੱਡੀ ਰਚਿਆ ਅਤੇ ‘ਰੰਗ ਸਹਿਕਦਾ ਦਿਲ ਪ੍ਰਸਿੱਧ ਹਨ।
‘ਰਾਜ ਕੁਮਾਰੀ ਲਤਿਕਾ’, ‘ਪ੍ਰੀਤ ਮੁਕਟ’, ‘ਪ੍ਰੀਤ ਮਣੀ, “ਪੁਰਬ-ਪੱਛਮ ਤੇ ‘ਕੋਧਰੇ ਦੀ ਰੋਟੀ ਆਪ ਦੇ ਨਾਟਕ ਤੇ ਇਕਾਂਗੀ ਹਨ।
ਆਪ ਨੇ ਦੋ ਕੁ ਦਰਜਨ ਨਿਬੰਧ ਸੰਗ੍ਰਹਿ ਛਪਵਾਏ ਹਨ, ਜਿਨਾਂ ਵਿੱਚੋਂ ਮੇਰੀਆਂ ਅਭੁੱਲ ਯਾਦਾਂ’, ‘ਸਾਵੀ ਪਧਰੀ ਜ਼ਿੰਦਗੀ’, ‘ਸੁਖਾਵੀਂ` , ਸੁਧਰੀ ਜਿੰਦਗੀ, ਪਸੰਨ ਲੰਮੀ ਉਮਰ’, ‘ਭੱਖਦੀ ਜੀਵਨ ਚੰਗਿਆੜੀ’, ‘ਨਵਾਂ ਸ਼ਿਵਾਲਾ’, ‘ਖੁੱਲਾ ਦਰ’, ‘ਸਾਡੇ ਵਾਰਸ’, ‘ਸੈ-ਪੂਰਨਤਾ ਦੀ ਲਗਨ’, ਪਰਮ-ਮਨੁੱਖ ਤੇ ਬੰਦੀ ਛੋੜ ਗੁਰੂ ਨਾਨਕ ਪ੍ਰਸਿੱਧ ਹਨ। ਇਹਨਾਂ ਵਿੱਚ ਆਪ ਨੇ ਹਰ ਪ੍ਰਕਾਰ ਦੇ ਵਿਸ਼ੇ ਲਏ ਹਨ। ਆਪ ਨੇ ਆਪਣੀ ਸ਼ੈ-ਜੀਵਨੀ ਤਿੰਨ ਭਾਗਾਂ ਵਿੱਚ ਲਿਖੀ।
ਅੰਗਰੇਜ਼ੀ ਦੇ ਲੇਖਕ ਰਸਕਿਨ ਦਾ ਅਸਰ- ਆਪ ਦੇ ਜੀਵਨ ਤੇ ਅੰਗੇਰਜ਼ੀ ਲੇਖਕ ਰਸਕਿਨ ਦਾ ਕਾਫ਼ੀ ਪ੍ਰਭਾਵ ਸੀ। ਪੰਜਾਬੀ ਬੋਲੀ ਵਿੱਚ ਆਪ ਰਸਕਿਨ ਵਾਂਗ ਨਵੇਂ-ਨਵੇਂ ਸ਼ਬਦ ਘੜ ਕੇ ਪੇਸ਼ ਕਰਦੇ ਸਨ। ਇਸ ਲਈ ਆਪ ਨੂੰ ਸ਼ਬਦਾਂ ਦਾ ਜਾਦੂਗਰ ਅਤੇ ਬੋਲੀ ਦਾ ਉਸਤਾਦ ਆਖਿਆ ਜਾਂਦਾ ਹੈ।
ਸੁਧਾਰਕ ਅਤੇ ਆਦਰਸ਼ਵਾਦੀ ਲੇਖਕ- ਗੁਰਬਖ਼ਸ਼ ਸਿੰਘ ਨੇ ਇੱਕ ਸਿਆਣੇ ਸੂਝਵਾਨ ਲੇਖਕ ਵਾਂਗ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ। ਆਪ ਨੇ ਅਜਿਹਾ ਆਦਰਸ਼ ਭਾਈਚਾਰਾ ਸਥਾਪਤ ਕਰਨ ਦੀ ਕੋਸ਼ਸ਼ ਕੀਤੀ, ਜਿੱਥੇ ਸਾਰੇ ਸੁਖਾਵੀਂ ਤੇ ਪੱਧਰੀ ਜ਼ਿੰਦਗੀ ਜੀ ਸਕਣ। ਆਪ ਦੀਆਂ ਪਹਿਲੇ ਦੌਰ ਦੀਆਂ ਲਿਖਤਾਂ ਆਦਰਸ਼ਵਾਦੀ ਹਨ, ਪਰ ਮਗਰੋਂ ਆਪ ਉੱਪਰ ਸਮਾਜਵਾਦੀ ਵਿਚਾਰਧਾਰਾ ਦਾ ਅਸਰ ਪਿਆ। ਆਪ ਨੇ ਕਹਾਣੀਆਂ ਵਿੱਚ ਤੇ ਨਾਟਕਾਂ ਵਿੱਚ ‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਦਾ ਸਿਧਾਂਤ ਪੇਸ਼ ਕੀਤਾ।
ਪੱਤਰਕਾਰ ਲੇਖਕ- ਗੁਰਬਖ਼ਸ਼ ਸਿੰਘ ਪੱਤਰਕਾਰ ਲੇਖਕ ਸੀ। ਆਪ ਨੇ ਜੋ ਕੁਝ ਲਿਖਿਆ ‘ਪ੍ਰੀਤ-ਲੜੀ’ ਲਈ ਲਿਖਿਆ। ਜਿੰਨੇ ਵੀ ਲੇਖ ਆਦਿ ਲਿਖੇ ਉਹ ਪ੍ਰੀਤ ਲੜੀ ਦੇ ਪਾਠਕਾਂ ਲਈ ਲਿਖੇ। ਪਾਠਕਾਂ ਦੀ ਮੰਗ ਦੇ ਅਧਾਰ ਤੇ ਆਪ ਨੇ ਹਰ ਵਿਸ਼ੇ ਉੱਤੇ ਲੇਖ ਲਿਖੇ। ਆਪ ਨੇ ਜੀਵਨ ਦੇ ਹਰ ਇੱਕ ਪੱਖ ਨੂੰ ਆਪਣੀ ਕਲਮ ਦੀ ਛੋਹ ਦਿੱਤੀ।
ਅਨੂਪਮ ਸ਼ੈਲੀ- ਗੁਰਬਖਸ਼ ਸਿੰਘ ਦੀ ਅਸਲ ਮਹਾਨਤਾ ਉਸ ਦੀ ਅਨੂਪਮ ਸ਼ੈਲੀ ਕਰਕੇ ਹੈ। ਵਲਵਲੇ ਦੀ ਤੀਖਣਤਾ, ਸ਼ਬਦਾਂ ਦਾ ਤੇਜ਼ ਵਹਾਓ, ਸਰਲ ਭਾਸ਼ਾ, ਢੁੱਕਵੇਂ ਅਲੰਕਾਰ, ਬੁੱਧੀ ਤੇ ਆਤਮਾ ਨੂੰ ਸੰਤੁਸ਼ਟ ਕਰਦੀ ਜਾਦੂ ਭਰੀ ਸ਼ਕਤੀ ਆਦਿ ਉਸ ਦੀ ਸ਼ੈਲੀ ਦੇ ਵਿਸ਼ੇਸ਼ ਗੁਣ ਹਨ।
ਸਾਰ-ਅੰਸ਼- ਸਮੁੱਚੇ ਤੌਰ ਤੇ ਗੁਰਬਖ਼ਸ਼ ਸਿੰਘ ਆਧੁਨਿਕ ਪੰਜਾਬੀ ਸਾਹਿਤ ਦਾ ਪ੍ਰਮੁੱਖ ਵਾਰਤਕਕਾਰ ਹੋਇਆ ਹੈ। ਆਧੁਨਿਕ ਪੀੜ੍ਹੀ ਦਾ ਕੋਈ ਹੀ ਅਜਿਹਾ ਲੇਖਕ ਹੋਵੇਗਾ, ਜਿਸ ਨੇ ਉਸ ਦਾ ਪ੍ਰਭਾਵ ਨਾ ਹਿਣ ਕੀਤਾ ਹੋਵੇ। ਉਹ ਇੱਕ ਵਿਚਾਰਵਾਨ ਸਾਹਿਤਕਾਰ ਤੇ ਉਪਦੇਸ਼ਕ ਸੀ। ਉਹ ਪੰਜਾਬੀ ਸਾਹਿਤ ਦਾ ਇੱਕ ਯੁੱਗ-ਸਿਰਜਕ ਸੀ। ਇਹ ਮਹਾਨ ਇਨਸਾਨ 1977 ਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਿਆ।
This app is brilliant thanks I was not getting answer of my search on this app I got it thankyou so much to this app