Punjabi Essay on “Dussehra da Tyohar”, “ਦੁਸਹਿਰੇ ਦਾ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਦੁਸਹਿਰੇ ਦਾ ਤਿਉਹਾਰ

Dussehra da Tyohar

 

ਜਾਣ-ਪਛਾਣ : ਸਾਡਾ ਦੇਸ਼ ਤਿਉਹਾਰਾਂ ਅਤੇ ਮੇਲਿਆਂ ਦਾ ਦੇਸ਼ ਹੈ। ਇਹਨਾਂ ਦਾ ਸੰਬੰਧ ਸਾਡੇ ਸੱਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਹੈ। ਦੁਸਹਿਰਾ ਭਾਰਤ ਵਿਚ ਇਕ ਬਹੁਤ ਹੀ ਪੁਰਾਣਾ ਤਿਉਹਾਰ ਹੈ ਅਤੇ ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਇਤਿਹਾਸਕ ਪਿਛੋਕੜ : ਦੁਸਹਿਰਾ ਸ਼ਬਦ ਦਾ ਮਤਲਬ ਹੈ ‘ਦਸ ਸਿਰਾਂ ਨੂੰ ਹਰਨ ਵਾਲਾ ਤਿਉਹਾਰ। ਕਿਹਾ ਜਾਂਦਾ ਹੈ ਕਿ ਲੰਕਾ ਦੇ ਰਾਜੇ ਰਾਵਣ ਦੇ ਦਸ ਸਿਰ ਸਨ । ਉਹ ਵਿਦਵਾਨ ਹੋਣ ਦੇ ਨਾਲ ਨਾਲ ਤਾਕਤਵਰ ਅਤੇ ਅਹੰਕਾਰੀ ਵੀ ਸੀ। ਜਦੋਂ ਸ੍ਰੀ ਰਾਮਚੰਦਰ ਜੀ ਬਨਵਾਸ ਕੱਟ ਰਹੇ ਸਨ ਤਾਂ ਉਹ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ, ਜਿਸ ਦੇ ਨਤੀਜੇ ਵਜੋਂ ਸ੍ਰੀ ਰਾਮਚੰਦਰ ਜੀ ਦੀ ਬਾਨਰ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ ਹੋਇਆ, ਜਿਸ ਵਿਚ ਰਾਵਣ ਮਾਰਿਆ ਗਿਆ। ਇਸੇ ਦਿਨ ਦੀ ਯਾਦ ਵਿਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਸ ਸਿਰਾਂ ਵਾਲਾ ਪੁਤਲਾ ਬਣਾ ਕੇ ਉਸ ਨੂੰ ਸਾੜਿਆ ਜਾਂਦਾ ਹੈ ਅਤੇ ਹਰ ਵਰੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਸਾਡੇ ਸ਼ਹਿਰ ਵਿਚ ਦੁਸਹਿਰਾ ਅਤੇ ਰਾਮ-ਲੀਲਾ : ਸਾਡੇ ਸ਼ਹਿਰ ਵਿਚ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ, ਜਿਨ੍ਹਾਂ ਵਿਚ ਸ਼ਹਿਰ ਵਿਚ ਥਾਂ-ਥਾਂ ਨਾਟ-ਮੰਡਲੀਆਂ ਰਾਮਲੀਲਾ ਕਰਦੀਆਂ ਹਨ, ਜਿਸ ਵਿਚ ਰਮਾਇਣ ਦੀ ਕਹਾਣੀ ਨੂੰ ਨਾਟਕੀ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਲੋਕ ਬੜੇ ਚਾਅ ਨਾਲ ਦੇਰ ਰਾਤ ਤੱਕ ਰਾਮਲੀਲਾ ਵੇਖਣ ਜਾਂਦੇ ਹਨ। ਲੋਕ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਣ, ਹਨੂੰਮਾਨ ਦੇ ਲੰਕਾ ਸਾੜਨ ਅਤੇ ਲਛਮਨ-ਮੁਰਛਾ ਆਦਿ ਘਟਨਾਵਾਂ ਨੂੰ ਬੜੀ ਦਿਲਚਸਪੀ ਨਾਲ ਦੇਖਦੇ ਹਨ। ਇਹਨਾਂ ਦਿਨਾਂ ਵਿਚ ਦਿਨ ਸਮੇਂ ਬਾਜ਼ਾਰਾਂ ਵਿਚ ਰਾਮ-ਲੀਲਾ ਦੀਆਂ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ।

ਰਾਵਣ ਨੂੰ ਜਲਾਉਣਾ: ਦਸਵੀਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲੇ ਥਾਂ ਵਿਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਖੜੇ ਕਰ ਦਿੱਤੇ ਜਾਂਦੇ ਹਨ। ਆਲੇ-ਦੁਆਲੇ ਮਠਿਆਈਆਂ ਤੇ ਖਿਡਾਉਣਿਆਂ ਦੀਆਂ ਦੁਕਾਨਾਂ ਸੱਜ ਜਾਂਦੀਆਂ ਹਨ। ਸਾਰੇ ਸ਼ਹਿਰ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਰਾਵਣ ਨੂੰ ਜਲਾਉਣ ਦਾ ਦ੍ਰਿਸ਼ ਵੇਖਣ ਲਈ ਟੁੱਟ ਪੈਂਦੇ ਹਨ। ਭੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਪੁਲਿਸ ਲਈ ਉਸਦੀ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ। ਲੋਕਾਂ ਨੂੰ ਪੁਤਲਿਆਂ ਦੇ ਆਲੇ-ਦੁਆਲੇ ਇਕ ਗੋਲ ਦਾਇਰੇ ਵਿਚ ਖੜਾ ਰੱਖਣਾ ਦਾ ਯਤਨ ਕੀਤਾ ਜਾਂਦਾ ਹੈ। ਦਾਇਰੇ ਦੇ ਅੰਦਰ ਆਤਸ਼ਬਾਜ਼ੀ ਚਲਾਈ ਜਾਂਦੀ ਹੈ , ਪਟਾਕੇ ਵੱਟਦੇ ਹਨ ਅਤੇ ਗੁਬਾਰੇ ਉਡਾਏ ਜਾਂਦੇ ਹਨ। ਇਸ ਸਮੇਂ ਸ੍ਰੀ ਰਾਮ ਚੰਦਰ ਵਾਜਿਆਂ ਦੀ ਅਗਵਾਈ ਵਿਚ ਆਪਣੀਆਂ ਫ਼ੌਜਾਂ ਸਮੇਤ ਅੱਗੇ ਵੱਧਦੇ ਹਨ ਤੇ ਰਾਵਣ ਨੂੰ ਮਾਰਦੇ ਹਨ। ਇਸ ਸਮੇਂ ਸੂਰਜ ਡੁੱਬਣ ਵਾਲਾ ਹੁੰਦਾ ਹੈ ਤਾਂ ਰਾਵਣ ਅਤੇ ਬਾਕੀ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪੁਤਲਿਆਂ ਵਿਚ ਰੱਖੇ ਪਟਾਕੇ ਧਮਾਕੇਦਾਰ ਆਵਾਜ਼ ਨਾਲ ਫੱਟਦੇ ਹਨ। ਉਹਨਾਂ ਦੇ ਸਿਰਾਂ ਵਿਚ ਰੱਖੀਆਂ ਆਤਿਸ਼ਬਾਜ਼ੀਆਂ ਵੱਡੀ ਗਿਣਤੀ ਵਿਚ ਇੱਧਰ-ਉੱਧਰਕਦੀਆਂ ਹਨ। ਇਸ ਸਮੇਂ ਲੋਕਾਂ ਵਿਚ ਭਗਦੜ ਮੱਚ ਜਾਂਦੀ ਹੈ ਅਤੇ ਉਹ ਤੇਜ਼ੀ ਨਾਲ ਘਰਾਂ ਵੱਲ ਚੱਲ ਪੈਂਦੇ ਹਨ। ਕਈ ਵਾਰ ਆਤਸ਼ਬਾਜ਼ੀਆਂ ਦੇ ਭੀੜ ਵਿਚ ਆ ਵੜਨ ਨਾਲ ਜਾਂ ਲੋਕਾਂ ਦੀ ਭੀੜ ਵਿਚ ਕਿਸੇ ਦੇ ਡਿੱਗ ਪੈਣ ਨਾਲ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ।

ਲੋਕਾਂ ਦੀ ਵਾਪਸੀ : ਵਾਪਸੀ ਤੇ ਲੋਕ ਬਾਜ਼ਾਰਾਂ ਵਿਚੋਂ ਮਠਿਆਈਆਂ ਦੀਆਂ ਦੁਕਾਨਾਂ ਦੁਆਲੇ ਘੇਰਾ ਪਾ ਲੈਂਦੇ ਹਨ। ਉਹ ਮਠਿਆਈਆਂ ਖਰੀਦ ਕੇ ਘਰਾਂ ਨੂੰ ਜਾਂਦੇ ਹਨ ਅਤੇ ਰਾਤੀਂ ਖਾ-ਪੀ ਕੇ ਸੌਂਦੇ ਹਨ।

ਇਸ ਤਰਾਂ ਇਹ ਤਿਉਹਾਰ ਬੜਾ ਦਿਲ-ਪਰਚਾਵੇ ਦਾ ਤਿਉਹਾਰ ਹੈ। ਇਹ ਵਿਅਕਤੀ ਦੇ ਮਨ ਨੂੰ ਖੇੜਾ ਅਤੇ ਦਿਮਾਗ ਦੀ ਤਾਜ਼ਗੀ ਦਿੰਦਾ ਹੈ ਅਤੇ ਨਾਲ ਹੀ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਾਸਤ ਪ੍ਰਤੀ ਉਸ ਦੇ ਸਨਮਾਨ ਨੂੰ ਪ੍ਰਗਟ ਕਰਦਾ ਹੈ।

Leave a Reply