ਦਾਜ ਦੀ ਸਮੱਸਿਆ
Dahej Ki Samasya
ਦਾਜ ਤੋਂ ਭਾਵ : ਉਨ੍ਹਾਂ ਸਭ ਚੀਜ਼ਾਂ-ਵਸਤਾਂ ਨੂੰ ਜਿਹੜੀਆਂ ਮਾਪੇ ਆਪਣੀਆਂ ਬੱਚੀਆਂ ਨੂੰ ਵਿਆਹੇ ਜਾਣ ਤੇ ਸਹਾਇਤਾ ਜਾਂ ਦਾਨ। ਵਜੋਂ ਦਿੰਦੇ ਹਨ, ਦਾਜ ਕਿਹਾ ਜਾਂਦਾ ਹੈ। ਇਨ੍ਹਾਂ ਵਸਤਾਂ ਵਿਚ ਨਕਦੀ ਤੋਂ ਛੁੱਟ ਗਹਿਣੇ , ਕੱਪੜੇ, ਬਿਸਤਰੇ , ਫਰਨੀਚਰ, ਟੈਲੀਵਿਜ਼ਨ, ਸਕੂਟਰਕਾਰ ਆਦਿ ਆ ਜਾਂਦੇ ਹਨ।
ਇਸ ਪ੍ਰਥਾ ਦਾ ਪ੍ਰਾਚੀਨ ਰੂਪ : ਕੋਈ ਵੇਲਾ ਸੀ ਜਦ ਸਾਡੇ ਦੇਸ ਵਿਚ ਲੜਕੀ ਦੇ ਵਿਆਹ ਤੇ ਮਾਪੇ, ਅੰਗ-ਸਾਕ, ਗੁਆਂਢੀ ਤੇ ਦੋਸਤਮਿੱਤਰ ਆਪਣੀ ਵਿੱਤ ਅਨੁਸਾਰ ਕੁਝ ਸੁਗਾਤਾਂ ਵਿਆਹੀ ਜਾ ਰਹੀ ਨਵੀਂ ਜੋੜੀ ਨੂੰ ਦਿਆ ਕਰਦੇ ਸਨ ਤਾਂ ਜੋ ਇਹ ਆਪਣਾ ਘਰ ਅਰਾਮ ਨਾਲ ਸ਼ੁਰੂ ਕਰ ਸਕੇ। ਲੜਕੇ ਦੇ ਮਾਪੇ ਇਨ੍ਹਾਂ ਚੀਜ਼ਾਂ-ਵਸਤਾਂ ਨੂੰ ਖਿੜੇ-ਮੱਥੇ ਪ੍ਰਵਾਨ ਕਰਕੇ ਕਹਿ ਦਿੰਦੇ ਸਨ-ਜਿਨਾਂ ਧੀ ਦੇ ਦਿੱਤੀ, ਸਭ ਕੁਝ ਦੇ ਦਿੱਤਾ। ਲੜਕੀ ਦਾ ਵਿਆਹ ‘ਕੰਨਿਆ ਦਾਨ ਦਾ ਸਮਾਗਮ ਸਮਝਿਆ ਜਾਂਦਾ ਸੀ।
ਇਸ ਪ੍ਰਥਾ ਦਾ ਨਵੀਨ ਰੂਪ : ਸਾਡੇ ਦੇਸ਼ ਵਿਚ ਦਾਜ ਦੀ ਸਮੱਸਿਆ ਪੂੰਜੀਵਾਦੀ ਪ੍ਰਬੰਧ ਦੀ ਦੇਣ ਹੈ। ਇਹ ਹੁਣ ਅਤਿ-ਭਿਆਨਕ ਰੂਪ ਧਾਰ ਗਈ ਹੈ। ਲੜਕੇ ਵਾਲੇ ਲੜਕੀ ਦਾ ਘਰ-ਘਾਟ, ਖ਼ਾਨਦਾਨ, ਉਸ ਦੀ ਦਿੱਖ, ਵਿਦਿਅਕ ਯੋਗਤਾ ਤੇ ਹੋਰ ਗੁਣ ਵੇਖਣ ਨਾਲੋਂ ਦਿੱਤੇ ਜਾ ਰਹੇ ਦਾਜ ਦਾ ਵੇਰਵਾ ਵੇਖਦੇ ਹਨ। ਇਸ ਸਮਾਜਕ ਕੁਰੀਤੀ ਨੇ ਸੰਸਾਰ ਦੇ ਉੱਨਤ ਦੇਸਾਂ ਵਿਚ ਸਾਡਾ ਸਿਰ ਨਮੋਸ਼ੀ ਨਾਲ ਨਿਵਾ ਦਿੱਤਾ ਹੈ। ਦਾਜਪ੍ਰਥਾ ਸਮੇਂ ਦੇ ਬੀਤਣ ਨਾਲ ਭਿਆਨਕ ਤੇ ਹਾਨੀਕਾਰਕ ਰੂਪ ਧਾਰਨ ਕਰ ਗਈ ਹੈ। ਵਿਆਹ ਲੜਕੀ ਨਾਲ ਨਹੀਂ ਸਗੋਂ ਦਾਜ ਨਾਲ ਹੋਣ ਲੱਗ ਪਿਆ ਹੈ । ਲੜਕਿਆਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ ਹਨ। ਸਹੀ ਅਰਥਾਂ ਵਿਚ ਵਿਆਹ ਇਕ ਵਪਾਰ ਬਣ ਗਿਆ ਹੈ ਤੇ ਸੌਦੇਬਾਜ਼ੀ ਹੋਣ ਲੱਗ ਪਈ ਹੈ। ਲੜਕੇ ਵਾਲਿਆਂ ਵੱਲੋਂ ਦਾਜ ਮੂੰਹੋਂ ਮੰਗਿਆ ਜਾਣ ਲੱਗ ਪਿਆ ਹੈ।
ਦਾਜ ਦੀ ਬਲੀ ਦਾ ਸ਼ਿਕਾਰ : ਅਮੀਰ ਤੇ ਕਾਲੇ ਧਨ ਵਾਲੇ ਤਾਂ ਆਪਣੇ ਸਰਮਾਏ ਦੇ ਸਿਰ ‘ਤੇ ਆਪਣੀਆਂ ਧੀਆਂ ਨੂੰ ਚੰਗੇ ਕਮਾਉ ਮੁੰਡਿਆਂ ਨਾਲ ਵਿਆਹ ਰਹੇ ਹਨ ਪਰ ਗਰੀਬ ਤੇ ਮੱਧ ਸ਼੍ਰੇਣੀ ਵਾਲਿਆਂ ਲਈ ਤਾਂ ਧੀ ਦੇ ਹੱਥ ਪੀਲੇ ਕਰਨਾ ਤਕੜੀ ਸਮੱਸਿਆ ਬਣ ਗਈ ਹੈ।ਜੇ। ਉਹ ਕੁਝ ਪੇਟ ਕੱਟ ਕੇ ਤੇ ਕੁਝ ਕਰਜ਼ਾ ਚੁੱਕ ਕੇ ਜਿਵੇਂ-ਕਿਵੇਂ ਵਿਆਹ ਕਰ ਵੀ ਦਿੰਦੇ ਹਨ ਤਾਂ ਬਾਅਦ ਦੀਆਂ ਮੰਗਾਂ ਪੂਰੀਆਂ ਨਾ ਕਰ ਸਕਣ। ਕਰਕੇ ਮਾਨੋ ਲੜਕੀ ਦੇ ਜੀਵਨ ਨੂੰ ਨਰਕ ਦੀ ਭੱਠੀ ਵਿਚ ਝੋਕ ਦਿੰਦੇ ਹਨ। ਜੋ ਲੜਕੀ ਜੁਰਅਤ ਕਰਕੇ ਆਪਣਾ ਪੱਖ ਪੂਰਦੀ ਹੋਈ ਆਪਣਾ ਮੂੰਹ ਖੋਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੇ ਆਚਰਨ ‘ਤੇ ਉਨ੍ਹਾਂ ਲਾ ਕੇ ਉਸ ਨੂੰ ਭਾਈਚਾਰੇ ਵਿਚ ਭੰਡਿਆ ਜਾਂਦਾ ਹੈ। ਅਤਿ ਹੋਣ ‘ਤੇ ਲੜਕੀ ਨੂੰ। ਜਾਂ ਸਟੋਵ ਫਟਣ ਦੇ ਬਹਾਨੇ ਸਾੜਿਆ ਜਾਂਦਾ ਹੈ ਜਾਂ ਉਹ ਆਪ ਆਤਮਘਾਤ ਕਰ ਲੈਂਦੀ ਹੈ। ਅਜਿਹੀਆਂ ਖ਼ਬਰਾਂ ਅਸੀਂ ਆਏ ਦਿਨ ਅਖ਼ਬਾਰਾਂ। ਵਿਚ ਪੜਦੇ ਰਹਿੰਦੇ ਹਾਂ। ਨਿਰਸੰਦੇਹ ਹੁਣ ਤੱਕ ਅਣਗਿਣਤ ਲੜਕੀਆਂ ਇਸ ਕਲੇਸ਼ ਵਿਚ ਆਪਣੀ ਜਾਨ ਤੋਂ ਹੱਥ ਧੋ ਬੈਠੀਆਂ ਹਨ। ਹੱਤਿਆ ਦੇ ਵਾਧੇ ਦਾ ਵੀ ਇਹੋ ਹੀ ਕਾਰਨ ਹੈ।
ਸੁਝਾਅ : ਦਾਜ ਦੀ ਸਮੱਸਿਆ ਨਾਲ ਨਜਿੱਠਣ ਲਈ ਕੁਝ ਸੁਝਾਅ ਦਿੱਤੇ ਜਾਂਦੇ ਹਨ :
- ਸਭ ਭਾਰਤੀਆਂ ਨੂੰ ਇਕਮੁੱਠ ਹੋ ਕੇ ਇਸ ਪ੍ਰਥਾ ਵਿਰੁੱਧ ਅੰਦੋਲਨ ਕਰਨਾ ਚਾਹੀਦਾ ਹੈ। ਸਮਾਜ ਵਿਚ ਜਾਗਰੂਕਤਾ ਲਿਆ ਕੇ ਇਸ ਲਾਹਨਤ ‘ਤੇ ਠੱਲ ਪਾਈ ਜਾ ਸਕਦੀ ਹੈ। ਨੌਜਵਾਨ ਮੁੰਡੇ-ਕੁੜੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਨਾ ਆਪਣੇ ਵਿਆਹ ਤੇ ਦਾਜ ਲੈਣਗੇ ਅਤੇ ਨਾ ਹੀ ਆਪਣੀ ਭੈਣ ਦੇ ਵਿਆਹ ਤੇ ਦਾਜ ਦੇਣਗੇ। ਇਹ ਤਾਂ ਹੀ ਹੋ ਸਕਦਾ ਹੈ ਜੋ ਮੁੰਡੇ-ਕੁੜੀਆਂ ਆਤਮ ਨਿਰਭਰ ਹੋਣ।
- ਇਸ ਵਿਸ਼ੇ ‘ਤੇ ਟੀ. ਵੀ., ਰੇਡੀਓ ਤੇ ਅਖ਼ਬਾਰਾਂ ਰਾਹੀਂ ਪ੍ਰਚਾਰ ਤੋਂ ਛੁੱਟ ਨਾਟਕ, ਲੇਖ, ਕਹਾਣੀਆਂ, ਨਾਵਲ ਤੇ ਕਵਿਤਾਵਾਂ ਵੀ ਲਿਖੀਆਂ ਜਾਣ। ਫ਼ਿਲਮਾਂ ਬਣਾਉਣ ਵਾਲਿਆਂ ਨੂੰ ਵੀ ਇਸ ਵਿਸ਼ੇ ‘ਤੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ।
- ਇਸਤਰੀ ਨੂੰ ਮਰਦ ਦੇ ਬਰਾਬਰ ਸਨਮਾਨ-ਪੁਨ ਦਰਜਾ ਦੇਣਾ ਚਾਹੀਦਾ ਹੈ। ਜਿੰਨੀ ਦੇਰ ਤੱਕ ਇਹ ਸਮਾਨਤਾ ਨਹੀਂ ਦਿੱਤੀ ਜਾਂਦੀ, ਇਹ ਸਮੱਸਿਆ ਬਣੀ ਰਹੇਗੀ। ਨਿਰਸੰਦੇਹ ਭਾਰਤ ਦੇ ਸੰਵਿਧਾਨ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ: ਵਿੱਦਿਆ ਵਿਚ ਵੀ ਵਿਕਾਸ ਹੋਇਆ ਹੈ , ਕਾਨੂੰਨ ਵੀ ਬਣਾਏ ਗਏ ਹਨ ਪਰ ਸਮੱਸਿਆ ਦੀ ਭਿਆਨਕਤਾ ਵਿਚ ਕੋਈ ਫ਼ਰਕ ਨਹੀਂ ਪਿਆ। ਇਸ ਦਾ ਕਾਰਨ ਸਰਮਾਏਦਾਰੀ ਦੇ ਵਿਕਾਸ, ਭਿਸ਼ਟਾਚਾਰ ਦੇ ਵਾਧੇ ਅਤੇ ਮੱਧ-ਵਰਗੀ ਲੋਕਾਂ ਦੇ ਵੱਡਿਆਂ ਨਾਲ ਮੱਥਾ ਲਾਉਣ ਦੀ ਰੀਝ ਵਿਚ ਵੇਖਿਆ ਜਾ ਸਕਦਾ ਹੈ।
- ਇਸ ਕੰਮ ਲਈ ਅਤਿ-ਸੁਲਝੇ ਤੇ ਨੇਕ-ਨੀਤੀ ਵਾਲੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
- ਭ੍ਰਿਸ਼ਟਾਚਾਰ, ਤਸਕਰੀ ਤੇ ਚੋਰ-ਬਜ਼ਾਰੀ ‘ਤੇ ਰੋਕ ਲੱਗਣੀ ਚਾਹੀਦੀ ਹੈ।
- ਜਨਤਾ ਵਿਚ ਰਾਸ਼ਟਰੀ ਭਾਵਨਾ ਦਾ ਬੋਲਬਾਲਾ ਹੋਣਾ ਚਾਹੀਦਾ ਹੈ।
- ਲੜਕੀਆਂ ਦੀ ਵਿੱਦਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ‘ਤੇ ਆਪ ਖੜੀਆਂ ਹੋ ਸਕਣ।