Punjabi Essay on “Cinema de Labh ate Haniya”, “ਸਿਨਮਾ ਦੇ ਲਾਭ ਅਤੇ ਹਾਨੀਆਂ”, Punjabi Essay for Class 10, Class 12 ,B.A Students and Competitive Examinations.

ਸਿਨਮਾ ਦੇ ਲਾਭ ਅਤੇ ਹਾਨੀਆਂ

Cinema de Labh ate Haniya

ਵਰਤਮਾਨ ਜੀਵਨ ਦਾ ਜ਼ਰੂਰੀ ਅੰਗ : ਸਿਨਮਾ ਅਜੋਕੇ ਮਨੁੱਖੀ ਜੀਵਨ ਦਾ ਇਕ ਲਾਜ਼ਮੀ ਅੰਗ ਬਣ ਚੁੱਕਾ ਹੈ। ਇਹ ਮਨੋਰੰਜਨ ਦਾ ਇਕ ਪ੍ਰਮੁੱਖ , ਸਸਤਾ ਤੇ ਵਧੀਆ ਸਾਧਨ ਹੈ। ਇਸਦੀ ਲੋਕਪ੍ਰਿਯਤਾ ਦਿਨੋ-ਦਿਨ ਵੱਧ ਰਹੀ ਹੈ। ਇਸ ਦੇ ਬਹੁਤ ਸਾਰੇ ਲਾਭ ਵੀ ਹਨ ਤੇ ਹਾਨੀਆਂ ਵੀ। ਇਸ ਦੇ ਲਾਭ ਹੇਠ ਲਿਖੇ ਹਨ

ਦਿਲ ਪਰਚਾਵੇ ਦਾ ਵਧੀਆ ਸਾਧਨ : ਸਿਨਮਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਲੋਕਾਂ ਦੇ ਮਨੋਰੰਜਨ ਦਾ ਸਭ ਤੋਂ ਵਧੀਆ ਸਾਧਨ ਹੈ। ਭਾਵੇਂ ਟੈਲੀਵਿਜ਼ਨ ਅਤੇ ਰੇਡੀਓ ਆਦਿ ਵਰਤਮਾਨ ਮਨੁੱਖ ਲਈ ਦਿਲ-ਪਰਚਾਵੇ ਦੇ ਸਾਧਨ ਹਨ, ਪਰ ਇਹ ਸਿਨਮੇ ਦੀ ਜਗਾ ਨਹੀਂ ਲੈ ਸਕਦੇ, ਕਿਉਂਕਿ ਇਹ ਸਿਨਮੇ ਜਿੰਨੇ ਸਸਤੇ ਨਹੀਂ। ਦਿਨ ਭਰ ਦਾ ਥੱਕਾ-ਟੁੱਟਾ ਅਤੇ ਰੇਬਾਨ ਆਦਮੀ ਥੋੜੇ ਜਿਹੇ ਪੈਸੇ ਖਰਚ ਕੇ ਢਾਈ ਤਿੰਨ ਘੰਟੇ ਸਿਨਮਾਘਰ ਵਿਚ ਆਪਣਾ ਮਨ ਪਰਚਾਅ ਲੈਂਦਾ ਹੈ ਅਤੇ ਹਲਕਾ ਫੁਲਕਾ ਹੋ ਜਾਂਦਾ ਹੈ।

ਗਿਆਨ ਵਿਚ ਵਾਧਾ : ਸਿਨਮੇ ਦਾ ਦੂਜਾ ਵੱਡਾ ਫਾਇਦਾ ਇਹ ਹੈ ਕਿ ਇਸ ਰਾਹੀਂ ਅਸੀਂ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਅਸੀਂ ਸਿਨਮਾ ਘਰ ਵਿਚ ਬੈਠ ਕੇ ਕਸ਼ਮੀਰ ਦੇ ਸੋਹਣੇ ਕੁਦਰਤੀ ਦ੍ਰਿਸ਼ਾਂ, ਦਿੱਲੀ, ਆਗਰਾ, ਅਜੰਤਾ ਅਤੇ ਏਲੋਰਾ ਵਰਗੇ ਇਤਿਹਾਸਕ ਸਥਾਨਾਂ, ਚਿੜੀਆ-ਘਰਾਂ, ਸਮੁੰਦਰਾਂ, ਦਰਿਆਵਾਂ, ਝੀਲਾਂ ਅਤੇ ਵਿਦੇਸ਼ਾਂ ਦੇ ਸ਼ਹਿਰਾਂ ਤੇ ਅਜੂਬਿਆਂ ਨੂੰ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਸਿਨਮੇ ਰਾਹੀਂ ਖੇਤੀਬਾੜੀ ਸਿਹਤ, ਪਰਿਵਾਰ-ਭਲਾਈ, ਸੁਰੱਖਿਆ ਅਤੇ ਵਿੱਦਿਆ ਦੇ ਵਿਭਾਗ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੱਖੋ-ਵੱਖ ਪ੍ਰਕਾਰ ਦੀ ਜਾਣਕਾਰੀ, ਸੱਭਿਅਤਾ, ਕਲਚਰ ਦਿੰਦੇ ਹਨ। ਖੇਤੀਬਾੜੀ ਮਹਿਕਮੇ ਵਾਲੇ ਹਲ ਚਲਾਉਣ, ਮਸ਼ੀਨਾਂ ਦਾ ਪ੍ਰਯੋਗ ਕਰਨ, ਖਾਦ ਪਾਉਣ ਅਤੇ ਬੀਜ ਬੀਜਣ ਬਾਰੇ ਸਿਨਮੇ ਰਾਹੀਂ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਂਦੇ ਹਨ। ਇਸ ਤਰਾਂ ਬਾਕੀ ਵਿਭਾਗਾਂ ਵਾਲੇ ਵੀ ਕਰਦੇ ਹਨ।

ਵਿੱਦਿਅਕ ਫਾਇਦੇ : ਸਿਨਮੇ ਦਾ ਦੇਸ਼ ਦੇ ਵਿੱਦਿਅਕ ਵਿਕਾਸ ਵਿਚ ਕਾਫੀ ਹਿੱਸਾ ਹੈ॥ ਸਿਨਮੇ ਰਾਹੀਂ ਵਿਦਿਆਰਥੀਆਂ ਨੂੰ ਕਾਫ਼ੀ ਫਾਇਦਾ ਪਹੁੰਚਾਇਆ ਜਾ ਸਕਦਾ ਹੈ।

ਵਪਾਰਕ ਲਾਭ : ਸਿਨਮੇ ਤੋਂ ਵਪਾਰੀ ਲੋਕ ਬਹੁਤ ਲਾਭ ਉਠਾਉਂਦੇ ਹਨ। ਉਹ ਆਪਣੀਆਂ ਕੰਪਨੀਆਂ ਅਤੇ ਫ਼ਰਮਾਂ ਦੁਆਰਾ ਤਿਆਰ ਕੀਤੀਆਂ ਚੀਜ਼ਾਂ ਦੀ ਸਿਨਮੇ ਜਾ ਮਸ਼ਹੂਰੀ ਕਰ ਕੇ ਫਾਇਦਾ ਉਠਾਉਂਦੇ ਹਨ, ਜਿਸ ਨਾਲ ਮੰਗ ਵੱਧਦੀ ਹੈ ਅਤੇ ਦੇਸ਼ ਵਿਚ ਪੈਦਾਵਾਰ ਨੂੰ ਬਹੁਤ ਲਾਭ ਪੁੱਜਦਾ ਹੈ।

ਰੋਜ਼ਗਾਰ ਦਾ ਸਾਧਨ : ਸਿਨਮੇ ਦਾ ਇਕ ਹੋਰ ਫਾਇਦਾ ਇਹ ਹੈ ਕਿ ਇਸ ਵਿਚ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਫ਼ਿਲਮ ਸਨਅਤ ਅਤੇ ਸਿਨਮਾਂ ਘਰਾਂ ਵਿਚ ਸੈਂਕੜੇ ਲੋਕ ਕੰਮ ਕਰ ਕੇ ਆਪਣਾ ਪੇਟ ਪਾਲ ਰਹੇ ਹਨ। ਇਸ ਤੋਂ ਇਲਾਵਾ ਸਿਨਮੇ ਰਾਹੀਂ ਦੇਸ਼ ਦੇ ਮਹਾਨ ਕਲਾਕਾਰਾਂ ਦਾ ਵੀ ਸਨਮਾਨ ਹੁੰਦਾ ਹੈ ਅਤੇ ਇਹ ਉਹਨਾਂ ਨੂੰ ਦੌਲਤ ਨਾਲ ਮਾਲਾ-ਮਾਲ ਕਰਦਾ ਹੈ।

ਜਿੱਥੇ ਸਿਨਮੇ ਦੇ ਇੰਨੇ ਲਾਭ ਹਨ, ਉੱਥੇ ਇਸ ਦੀਆਂ ਕੁਝ ਹਾਨੀਆਂ ਹਨ, ਜੋ ਹੇਠ ਲਿਖੀਆਂ ਹਨ

ਵਿਹਾਰ ਉੱਤੇ ਬੁਰਾ ਪ੍ਰਭਾਵ : ਇਸ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਹੈ ਕਿ ਅਸ਼ਲੀਲ ਫ਼ਿਲਮਾਂ ਦਾ ਨੌਜਵਾਨਾਂ ਦੇ ਵਿਹਾਰ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਫ਼ਿਲਮਾਂ ਕੋਈ ਚੰਗੀਆਂ ਜਾਂ ਉਸਾਰੁ ਕਹਾਣੀਆਂ ਤੇ ਦ੍ਰਿਸ਼ ਪੇਸ਼ ਨਹੀਂ ਕਰਦੀਆਂ, ਸਗੋਂ ਮਨਚਲੇ ਮੁੰਡੇ ਕੁੜੀਆਂ ਦੀਆਂ ਇਸ਼ਕ ਦੀਆਂ ਕਹਾਣੀਆਂ ਨੂੰ ਪੇਸ਼ ਕਰਕੇ ਦੇਸ਼ ਦੇ ਨੌਜਵਾਨਾਂ ਅਤੇ ਮੁਟਿਆਰਾਂ ਦੇ ਆਚਰਨ ਨੂੰ ਵਿਗਾੜਦੀਆਂ ਹਨ। ਨੌਜਵਾਨ ਅਤੇ ਮੁਟਿਆਰਾਂ ਇਹਨਾਂ ਨੂੰ ਦੇਖ ਕੇ ਫੈਸ਼ਨਪ੍ਰਸਤੀ ਵਿੱਚ ਪੈ ਜਾਂਦੇ ਹਨ। ਅੱਜ ਕਲ ਬਹੁਤੀਆਂ ਫ਼ਿਲਮਾਂ ਕੇਵਲ ਬਾਲਗਾਂ ਲਈ ਆ ਰਹੀਆਂ ਹਨ, ਜਿਨ੍ਹਾਂ ਦਾ ਸਮਾਜ ਦੇ ਆਚਰਨ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਫ਼ਿਲਮਾਂ ਦੇਖਣ ਦੀ ਆਦਤ ਪੈ ਜਾਂਦੀ ਹੈ, ਉਹ ਚੋਰੀ ਆਦਿ ਕਰ ਕੇ ਵੀ ਸਿਨਮੇ ਜੋਗੇ ਪੈਸੇ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅੱਖਾਂ ਉੱਤੇ ਭੈੜਾ ਪ੍ਰਭਾਵ : ਬਹੁਤਾ ਸਿਨਮਾ ਦੇਖਣ ਨਾਲ ਸਿਨਮੇ ਦੇ ਪਰਦੇ ਉੱਪਰ ਪੈਂਦੀ ਤੇਜ਼ ਰੌਸ਼ਨੀ ਦਾ ਮਨੁੱਖੀ ਨਜ਼ਰ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।’

ਸਮੇਂ ਦਾ ਨਾਸ਼ : ਇਸ ਤੋਂ ਬਿਨਾਂ ਸਿਨਮਾ ਸਮਾਂ ਵੀ ਨਸ਼ਟ ਕਰਦਾ ਹੈ। ਜਿਨ੍ਹਾਂ ਨੂੰ ਬਹੁਤੀਆਂ ਫ਼ਿਲਮਾਂ ਦੇਖਣ ਦੀ ਆਦਤ ਪੈ ਜਾਂਦੀ ਹੈ, ਉਹ ਆਪਣੇ ਅਸਲ ਕੰਮਾਂ ਵਲੋਂ ਲਾਪਰਵਾਹ ਹੋ ਜਾਂਦੇ ਹਨ। ਉਹ ਕੇਵਲ ਸਿਨਮਾ ਵੇਖਣ ਉੱਪਰ ਹੀ ਨਹੀਂ, ਸਗੋਂ ਸਿਨਮੇ ਦੀਆਂ ਕਹਾਣੀਆਂ ਸੁਣਨ ਅਤੇ ਸੁਣਾਉਣ ਅਤੇ ਉਸ ਦੇ ਗਾਣਿਆਂ ਨੂੰ ਗਾਉਂਦੇ ਫਿਰਨ ਵਿਚ ਵੀ ਸਮਾਂ ਬਰਬਾਦ ਕਰਦੇ ਹਨ।

ਇਸ ਸਾਰੇ ਵਿਚਾਰ ਦਾ ਨਤੀਜਾ ਇਹ ਹੈ ਕਿ ਸਿਨਮਾ ਦਿਲ-ਪਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੈ, ਪਰ ਇਸ ਵਿਚ ਅਸ਼ਲੀਲ ਦ੍ਰਿਸ਼ਾਂ ਨੂੰ ਨਹੀਂ ਆਉਣ ਦੇਣਾ ਚਾਹੀਦਾ। ਸਰਕਾਰ ਨੂੰ ਇਹਨਾਂ ਉੱਪਰ ਰੋਕ ਲਾਉਣੀ ਚਾਹੀਦੀ ਹੈ। ਸਰਕਾਰ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਚਾਹੀਦਾ ਹੈ ਕਿ ਉਹ ਫ਼ਿਲਮਾਂ ਰਾਹੀ ਨੌਜਵਾਨਾਂ ਨੂੰ ਭਾਰਤ ਦੀ ਉਸਾਰੀ ਦਾ ਅਤੇ ਆਪਣਾ ਭਵਿੱਖ ਬਣਾਉਣ ਦਾ ਸੰਦੇਸ਼ ਦੇਣ।

Leave a Reply