Punjabi Essay on “Bharat da Bhavishya ”, “ਭਾਰਤ ਦਾ ਭਵਿੱਖ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਭਾਰਤ ਦਾ ਭਵਿੱਖ

Bharat da Bhavishya 

 

ਜਾਣ-ਪਛਾਣ : ਅੱਜ ਜਦ ਕਿ 21ਵੀਂ ਸਦੀ ਆ ਗਈ ਹੈ ਭਾਰਤ ਦਾ ਭਵਿੱਖ ਬੜਾ ਉੱਜਲਾ ਪ੍ਰਤੀਤ ਹੁੰਦਾ ਹੈ। ਨਵੀਂ ਸਦੀ ਵਿਚ ਭਾਰਤ ਨੂੰ ਸਾਰੇ ਸੰਸਾਰ ਵਿਚ ਬੜਾ ਸਮਾਨਿਤ ਸਥਾਨ ਪ੍ਰਾਪਤ ਹੋਵੇਗਾ। ਸੰਸਾਰ ਦੇ ਸਾਰੇ ਦੇਸ਼ ਭਾਰਤ ਨਾਲ ਦੋਸਤਾਨਾ ਸੰਬੰਧ ਕਾਇਮ ਕਰਨ ਦਾ ਯਤਨ ਕਰਨਗੇ। ਭਾਰਤ ਨੂੰ ਏਸ਼ੀਆ ਦਾ ਸਭ ਤੋਂ ਅਗਾਂਹ ਵਧੂ ਦੇਸ਼ ਸਮਝਿਆ ਜਾਏਗਾ।

ਭਾਰਤ ਇਕ ਅਮਨ ਪਸੰਦ ਦੇਸ਼ : 21ਵੀਂ ਸਦੀ ਵਿਚ ਸੰਸਾਰ ਦੇ ਸਭ ਦੇਸ਼ਾਂ ਵਲੋਂ ਭਾਰਤ ਇਕ ਅਮਨ ਪਸੰਦ ਦੇਸ਼ ਮੰਨਿਆ ਜਾਏਗਾ। ਭਾਰਤ ਸਾਰੇ ਸੰਸਾਰ ਵਿਚ ਅਮਨ ਕਾਇਮ ਰੱਖਣ ਦੇ ਯਤਨ ਤੇਜ਼ ਕਰ ਦੇਵੇਗਾ।ਉਹ ਅਮਰੀਕਾ ਅਤੇ ਰੂਸ ਨੂੰ ਮਾਰੂ ਹਥਿਆਰਾਂ ਦੀ ਦੌੜ ਤਿਆਗ ਕੇ ਅਮਨ ਵਾਲੇ ਰਾਹ ਉੱਤੇ ਚੱਲਣ ਦੀ ਪ੍ਰੇਰਨਾ ਦਏਗਾ। ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਵੀ ਦੋਸਤਾਨਾ ਸੰਬੰਧ ਗੁੜੇ ਬਣਾਉਣ ਵਿਚ ਸਫਲ ਹੋਵੇਗਾ। ਉਹ ਪਾਕਿਸਤਾਨ ਨਾਲ ਸਾਰੀਆਂ ਸਮਸਿਆਵਾਂ ਦੋਸਤਾਨਾ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਚੀਨ ਨਾਲ ਵੀ ਸੀਮਾ ਸੰਬੰਧੀ ਸਾਰੇ ਝਗੜੇ ਅਮਨ ਅਤੇ ਦੋਸਤੀ ਭਾਵ ਨਾਲ ਨਜਿੱਠਣ ਦੇ ਯਤਨ ਕਰੇਗਾ। ਬੰਗਲਾ ਦੇਸ਼, ਨੇਪਾਲ ਆਦਿ ਦੇਸ਼ਾਂ ਨਾਲ ਵੀ ਉਹ ਆਪਣੇ ਦੋਸਤਾਨਾ ਸੰਬੰਧ ਕਾਇਮ ਰੱਖੇਗਾ। ਆਸ ਹੈ ਕਿ ਉਹ ਆਪਣੇ ਅਮਨ-ਭਰਪੂਰ ਯਤਨਾਂ ਨਾਲ ਲੰਕਾ ਅਤੇ ਉੱਥੋਂ ਦੇ ਤਾਮਲ ਵਸਨੀਕਾਂ ਵਿਚਕਾਰ ਕੋਈ ਸਮਝੌਤਾ ਕਰਾਉਣ ਵਿਚ ਸਫਲ ਹੋ ਜਾਏਗਾ। ਇਸ ਤਰ੍ਹਾਂ ਸੰਸਾਰ ਦੇ ਰਾਜਸੀ ਖੇਤਰ ਵਿਚ ਭਾਰਤ ਭਵਿੱਖ ਵਿਚ ਬੜਾ ਮਾਣ ਪ੍ਰਾਪਤ ਕਰੇਗਾ।

ਅੰਦਰਲੀਆਂ ਸਮੱਸਿਆਵਾਂ ਦਾ ਹੱਲ ਸਿਆਣਪ ਨਾਲ : ਆਉਣ ਵਾਲੇ ਸਮੇਂ ਵਿਚ ਆਪਣੀਆਂ ਅੰਦਰਲੀ ਸਮੱਸਿਆਵਾਂ ਨੂੰ ਵੀ ਭਾਰਤ ਸਰਕਾਰ ਬੜੀ ਸਿਆਣਪ ਨਾਲ ਹੱਲ ਕਰ ਲਏਗੀ। ਭਾਰਤ ਸਰਕਾਰ 21ਵੀਂ ਸਦੀ ਵਿਚ ਦੇਸ਼ ਦੀਆਂ ਸਮੱਸਿਆਵਾਂ, ਜਿਵੇਂ ਗੋਰਖਿਆਂ ਦੀ ਗੋਰਖਾਲੈਂਡ ਦੀ ਸਮੱਸਿਆ ਵੀ ਪੂਰੀ ਦਿਤਾ ਅਤੇ ਸਿਆਣਪ ਨਾਲ ਹੱਲ ਕਰ ਲਏਗੀ। ਪ੍ਰਧਾਨ ਮੰਤਰੀ ਗੋਰਖਿਆਂ ਦੇ ਮੁੱਖ ਨੇਤਾਵਾਂ ਨੂੰ ਇਸ ਗੱਲ ਉੱਤੇ ਮਨਾ ਲਏਗਾ ਕਿ ਉਹ ਹਰ ਤਰ੍ਹਾਂ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣਗੇ ਅਤੇ ਇਸ ਮਗਰੋਂ ਉਹ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਨ੍ਹਾਂ ਨਾਲ ਸਮਝੌਤਾ ਕਰ ਲਏਗਾ। ਇਉਂ, ਭਾਰਤ ਦੇਸ਼ ਆਪਣੀਆਂ ਅੰਦਰਲੀਆਂ ਸਮੱਸਿਆਵਾਂ ਨੂੰ ਸਿਆਣਪ ਨਾਲ ਹੱਲ ਕਰਨ ਪਿੱਛੋਂ ਹਰ ਤਰਾਂ ਦੀ ਉੱਨਤੀ ਕਰ ਕੇ ਵਿਖਾਏਗਾ।

ਵਿਗਿਆਨਕ ਖੇਤਰ ਵਿਚ ਵਿਕਾਸ : ਆਉਣ ਵਾਲੇ ਸਮੇਂ ਵਿਚ ਭਾਰਤ ਵਿਗਿਆਨਕ ਖੇਤਰ ਅਤੇ ਪਰਮਾਣੂ ਸ਼ਕਤੀ ਵਿਚ ਬੜਾ ਵਿਕਾਸ ਕਰੇਗਾ, ਪਰ ਉਸ ਨੂੰ ਕੇਵਲ ਸ਼ਾਤੀ ਮਨੋਰਥਾਂ ਲਈ ਵਰਤੇਗਾ। ਉਹ ਪੁਲਾੜੀ ਉਡਾਣਾਂ ਵਿਚ ਵਿਕਸਿਤ ਦੇਸ਼ਾਂ ਦੇ ਬਰਾਬਰ ਹੋ ਖਲੋਏਗਾ ਅਤੇ ਆਪਣੇ ਬਣਾਏ ਹੋਏ ਰਾਕਟ ਅਤੇ ਪੁਲਾੜੀ ਜਹਾਜ਼ ਪੁਲਾੜ ਵਿਚ ਛੱਡੇਗਾ।

ਪੱਛਮੀ ਦੇਸ਼ਾਂ ਤੋਂ ਬਾਜ਼ੀ: ਇਹ ਠੀਕ ਹੈ ਕਿ ਅੱਜ ਕਲ ਜਾਪਾਨ ਕੰਪਿਊਟਰ, ਮੋਟਰ ਸਾਈਕਲ, ਮੋਟਰਕਾਰਾਂ ਆਦਿ ਬਣਾਉਣ ਵਿਚ ਸਭ ਪੱਛਮੀ ਦੇਸ਼ਾਂ ਤੋਂ ਬਾਜ਼ੀ ਲੈ ਗਿਆ ਹੈ, ਪਰ 21ਵੀਂ ਸਦੀ ਵਿਚ ਭਾਰਤ ਵੀ ਇਸੇ ਤਰਾਂ ਪੱਛਮੀ ਦੇਸ਼ਾਂ ਤੋਂ ਇਹੋ ਜਿਹੀਆਂ ਸਭ ਚੀਜ਼ਾਂ ਬਣਾਉਣ ਵਿਚ ਬਾਜ਼ੀ ਲੈ ਕੇ ਵਿਖਾਏਗਾ| ਅੱਜ ਭਾਰਤ ਵਿਚ ਬਣੀ ਹੋਈ ਮਾਰੂਤੀ ਕਾਰ ਕਈ ਪੱਛਮੀ ਦੇਸ਼ਾਂ ਵਿਚ ਹਰਮਨ-ਪਿਆਰੀ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿਚ ਭਾਰਤ ਇਹੋ ਜਿਹੀਆਂ ਕਈ ਹੋਰ ਕਾਰਾਂ ਬਣਾ ਕੇ ਸੰਸਾਰ ਨੂੰ ਆਪਣੀ ਵਿਗਿਆਨਕ ਉੱਨਤੀ ਦਾ ਸਬੂਤ ਪੇਸ਼ ਕਰੇਗਾ।

ਆਰਥਿਕ ਖੇਤਰ ਵਿਚ ਸੁਧਾਰ : ਆਰਥਿਕ ਖੇਤਰ ਵਿਚ ਭਾਰਤ ਆਪਣੀ ਹਾਲਤ ਕਾਫੀ ਸੁਧਾਰ ਲਏਗਾ। ਖਾਣ-ਪੀਣ ਵਾਲੀਆਂ ਚੀਜ਼ਾਂ ਭਾਵੇਂ ਹੋਰ ਮਹਿੰਗੀਆਂ ਹੋ ਜਾਣਗੀਆਂ,ਪਰ ਲੋਕਾਂ ਦੀ ਆਮਦਨੀ ਇੰਨੀ ਵੱਧ ਜਾਏਗੀ ਕਿ ਉਹ ਇਸ ਮਹਿੰਗਾਈ ਦੀ ਪਰਵਾਹ ਨਹੀਂ ਕਰਨਗੇ। ਦੇਸ਼ ਵਿਚ ਵੱਡੇ-ਵੱਡੇ ਕਾਰਖਾਨਿਆਂ ਦਾ ਬੜਾ ਵਾਧਾ ਹੋ ਜਾਏਗਾ। ਭਾਰਤ 21 ਸਦੀ ਵਿਚ ਅੱਗੇ ਨਾਲੋਂ ਜ਼ਿਆਦਾ ਚੀਜ਼ਾਂ ਬਾਹਰਲੇ ਦੇਸ਼ਾਂ ਵਿਚ ਭੇਜੇਗਾ। ਅੱਜਕਲ੍ਹ ਉਹ ਵਧੇਰ ਚੀਜ਼ਾਂ ਬਾਹਰਲੇ ਦੇਸ਼ਾਂ ਵਿਚੋਂ ਮੰਗਵਾਉਂਦਾ ਹੈ ਅਤੇ ਉਸ ਨਾਲੋਂ ਬਹੁਤ ਘੱਟ ਬਾਹਰ ਭੇਜਦਾ ਹੈ, ਪਰ ਉਹ ਹੌਲੇ-ਹੌਲੇ ਆਪਣੀਆਂ ਬਾਹਰ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਵਿਚ ਵਾਧਾ ਕਰਦਾ ਜਾਏਗਾ।

ਖੇਤੀਬਾੜੀ ਵਿਚ ਸੁਧਾਰ : ਖੇਤੀਬਾੜੀ ਦੇ ਖੇਤਰ ਵਿਚ ਭਾਰਤ 21ਵੀਂ ਸਦੀ ਵਿੱਚ ਬੜੀ ਤਰੱਕੀ ਕਰਕੇ ਵਿਖਾਏਗਾ। ਭਾਰਤ ਦੇ ਉਹ ਕਿਸਾਨ ਜਿਨ੍ਹਾਂ ਕੋਲ ਥੋੜੀਆਂ-ਥੋੜੀਆਂ ਜ਼ਮੀਨਾਂ ਹਨ, ਰਲ ਕੇ ਖੇਤੀਬਾੜੀ ਦੇ ਸਹਿਕਾਰੀ ਫਾਰਮ ਬਣਾ ਲੈਣਗੇ ਅਤੇ ਉਨ੍ਹਾਂ ਵਿਚ ਖੇਤੀਬਾੜੀ ਦੇ ਨਵੇਂ ਤਰੀਕੇ ਵਰਤਣਗੇ। ਇਉਂ ਇਸ ਦੇਸ਼ ਵਿਚ ਅਨਾਜ ਦੀ ਉਪਜ ਕਾਫੀ ਜ਼ਿਆਦਾ ਵੱਧ ਜਾਏਗੀ। ਇਹ ਠੀਕ ਹੈ ਕਿ ਭਾਰਤ ਦੀ ਆਬਾਦੀ ਵੀ ਨਾਲੋ-ਨਾਲ ਵੱਧਦੀ ਜਾਏਗੀ, ਪਰ ਭਾਰਤ ਸਰਕਾਰ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰੇਗੀ ਕਿ ਆਬਾਦੀ ਦਾ ਵਾਧਾ ਅਨਾਜ ਦੀ ਉਪਜ ਦੇ ਵਾਧੇ ਨਾਲੋਂ ਵਧੇਰੇ ਨਾ ਹੋਵੇ। ਭਾਰਤ ਸਰਕਾਰ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਵਰਤਣ ਲਈ ਭਰਪੂਰ ਪ੍ਰੇਰਨਾ ਦੇਵੇਗੀ ਅਤੇ ਲੋਕ ਵੀ ਸਰਕਾਰ ਨੂੰ ਇਸ ਕੰਮ ਵਿਚ ਪੁਰਾ ਸਹਿਯੋਗ ਦੇਣਗੇ।

ਵਿੱਦਿਅਕ ਖੇਤਰ ਵਿਚ ਤੱਰਕੀ : ਵਿੱਦਿਅਕ ਖੇਤਰ ਵਿਚ ਭਾਰਤ ਵਿਗਿਆਨਕ ਵਿੱਦਿਆ ਅਤੇ ਤਕਨੀਕੀ ਵਿੱਦਿਆ ਉੱਤੇ ਵਧੇਰੇ ਜ਼ੋਰ ਦੇਵੇਗਾ। 10+2+3 ਦਾ ਵਿੱਦਿਅਕ ਬੰਧ ਸਾਰੇ ਦੇਸ਼ ਦੇ ਰਾਜਾਂ ਵਿਚ ਚਾਲੂ ਹੋ ਜਾਏਗਾ ਅਤੇ ਸਾਡੇ ਪੜੇ ਲਿਖੇ ਨੌਜਵਾਨ ਸਕੂਲ ਵਿਚ ਹੀ ਕੋਈ ਨਾ ਕੋਈ ਪੇਸ਼ਾ ਸਿੱਖ ਕੇ ਆਪਣੇ ਹੱਥ ਨਾਲ ਕੰਮ ਕਰਨ ਦੇ ਯੋਗ ਬਣ ਜਾਣਗੇ। ਉਹ ਛੋਟੀਆਂ-ਛੋਟੀਆਂ ਨੌਕਰੀਆਂ ਪਿੱਛੇ ਦਫ਼ਤਰਾਂ ਦੇ ਗੇੜੇ ਕੱਢਣ ਤੋਂ ਆਜ਼ਾਦ ਹੋ ਜਾਣਗੇ। ਇਸ ਤਰਾਂ ਸਭ ਪਾਸਿਓਂ ਉੱਨਤੀ ਕਰ ਕੇ ਭਾਰਤ ਦੇਸ਼ 21ਵੀਂ ਸਦੀ ਵਿਚ ਵਿਕਸਿਤ ਦੇਸ਼ਾਂ ਦੀ ਕਤਾਰ ਵਿਚ ਖਲੋ ਸਕਣ ਦਾ ਮਾਣ ਪ੍ਰਾਪਤ ਕਰ ਲਏਗਾ ਅਤੇ ਆਪਣਾ ਭਵਿੱਖ ਉਜਲਾ ਬਣਾ ਕੇ ਵਿਖਾਏਗਾ।

Leave a Reply