ਬਸੰਤ ਰੁੱਤ
Basant Ritu
ਭਾਰਤ ਦਾ ਪੌਣ ਪਾਣੀ ਇਸ ਪ੍ਰਕਾਰ ਦਾ ਹੈ ਕਿ ਇੱਥੇ ਕਦੀ ਸਰਦੀ, ਕਦੀ ਗਰਮੀ, ਕਦੀ ਬਰਸਾਤ, ਕਦੀ ਪਤਝੜ ਤੇ ਕਦੀ ਬਸੰਤ ਦਾ ਮੌਸਮ ਹੁੰਦਾ ਹੈ । ਬਸੰਤ ਦਾ ਜਦੋਂ ਮੌਸਮ ਹੁੰਦਾ ਹੈ ਤਾਂ ਨਾ ਸਰਦੀ ਹੀ ਠੁਰ -ਠੁਰ ਕਰਵਾਉਂਦੀ ਹੈ ਤੇ ਨਾ ਹੀ ਗਰਮੀ ਦੀ ਲੁ ਹੀ ਤਨ ਮਨ ਸਾੜ ਰਹੀ ਹੁੰਦੀ ਹੈ, ਬਸੰਤ ਦਾ ਮੌਸਮ ਅਤਿ ਦੀ ਸਰਦੀ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ । ਇਸੇ ਕਰਕੇ ਇਹ ਬਹੁਤ ਹੀ ਸੁਹਾਵਣਾ ਮੌਸਮ ਲੱਗਦਾ ਹੈ ।
ਬਸੰਤ ਵਾਲੇ ਦਿਨ ਸਭ ਦਾ ਮਨ ‘ਆਈ ਬਸੰਤ ਪਾਲਾ ਉਡੰਤ’ ਬਾਰੇ ਸੋਚ ਸੋਚ ਕੇ ਖੁਸ਼ੀਆਂ ਨਾਲ ਭਰ ਜਾਂਦਾ ਹੈ । ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ, ਪੀਲੇ ਚੌਲ ਬਣਾਉਂਦੇ ਤੇ ਮਠਿਆਈਆਂ ਖਾਂਦੇ ਹਨ । ਰੰਗ ਬਿਰੰਗੇ ਪਤੰਗਾਂ ਨਾਲ ਆਕਾਸ਼ ਭਰਿਆ ਪਿਆ ਹੁੰਦਾ ਹੈ ।
ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਦੀ ਸ਼ਹੀਦੀ ਨਾਲ ਵੀ ਹੈ । ਇਸ ਦਿਨ ਇਸ ਬਹਾਦਰ ਬਾਲਕ ਨੂੰ ਧਰਮ ਵਿਚ ਪੱਕਾ ਰਹਿਣ ਕਾਰਨ ਮੌਤ ਦੀ ਸਜ਼ਾ ਮਿਲੀ ਸੀ। ਇਸ ਦਿਨ ਕਵੀ ਦਰਬਾਰਾਂ ਆਦਿ ਦਾ ਪ੍ਰਬੰਧ ਵੀ ਹਕੀਕਤ ਰਾਏ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੀਤਾ ਜਾਂਦਾ ਹੈ ।
ਇਸ ਸਮੇਂ ਤੋਂ ਅੰਬਾ ਨੂੰ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ । ਕੋਇਲਾਂ ਦੀ ਕੁ – ਕੂ ਦੀ ਅਵਾਜ਼ ਨਾਲ ਵਾਤਾਵਰਣ ਸੰਗੀਤਮਈ ਹੋ ਜਾਂਦਾ ਹੈ । ਹਰ ਪਾਸੇ ਹਰਿਆਲੀ ਕਾਰਨ ਆਲਾ-ਦੁਆਲਾ ਹਰਿਆ-ਭਰਿਆ ਲੱਗਦਾ ਹੈ । ਮੱਲੋ ਮੱਲੀ ਮਨ, ਉਸ ਸਿਰਜਨਹਾਰ ਦੀ ਕੁਦਰਤ ਤੇ ਬਲਿਹਾਰ ਹੋ ਜਾਂਦਾ ਹੈ ।
ਭਾਰਤ ਦੀ ਕੋਈ ਹੀ ਅਜਿਹੀ ਭਾਸ਼ਾ ਹੋਵੇਗੀ ਜਿਸ ਵਿਚ ਇਸ ਸੁਹਾਵਣੀ ਰੁੱਤ ਬਾਰੇ ਕਵੀਆਂ ਦੀ ਕਲਪਨਾ ਨੇ ਕਵਿਤਾਵਾਂ, ਨਾਟਕਕਾਰਾਂ ਨੇ ਨਾਟਕ ਤੇ ਕਹਾਣੀਕਾਰਾਂ ਨੇ ਕਹਾਣੀਆਂ ਨਾ। ਲਿਖੀਆਂ ਹੋਣ ।
Good job