Punjabi Essay on “Atom Shakti da Shanti purvak istemal”, “ਐਟਮੀ ਸ਼ਕਤੀ ਦਾ ਸ਼ਾਂਤੀ ਭਰਪੂਰ ਇਸਤੇਮਾਲ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਐਟਮੀ ਸ਼ਕਤੀ ਦਾ ਸ਼ਾਂਤੀ ਭਰਪੂਰ ਇਸਤੇਮਾਲ

Atom Shakti da Shanti purvak istemal

 

ਅੱਜ ਦਾ ਯੁੱਗ : ਅੱਜ ਦਾ ਯੁੱਗ ਐਟਮੀ ਯੁੱਗ ਅਖਵਾਉਂਦਾ ਹੈ। ਦੁਨੀਆਂ ਦੇ ਉਹੀ ਦੇਸ਼ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ, ਜਿਨਾਂ ਕੋਲ ਐਟਮੀ ਸ਼ਕਤੀ ਹੈ। ਸੰਸਾਰ ਵਿਚ ਸੰਨ 1974 ਤੱਕ ਪੰਜ ਦੋਸ਼ਾਂ ਕੋਲ ਐਟਮੀ ਸ਼ਕਤੀ ਸੀ। ਇਹ ਦੇਸ਼ ਬਨ ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਅਤੇ ਚੀਨ।

ਭਾਰਤ ਛੇਵੀਂ ਪਰਮਾਣ ਸ਼ਕਤੀ : ਅਠਾਰਾਂ ਮਈ, ਸੰਨ 1974 ਦਾ ਦਿਨ ਭਾਰਤ ਦੇ ਇਤਿਹਾਸ ਵਿਚ ਉਹ ਮਹੱਤਵਪੂਰਣ ਦਿਨ ਹੈ ਜਦੋਂ ਭਾਰਤ ਦੇ ਵਿਗਿਆਨੀਆਂ ਨੇ ਸੰਸਾਰ ਵਿਚ ਭਾਰਤ ਨੂੰ ਐਟਮ ਸ਼ਕਤੀ ਰੱਖਣ ਵਾਲਾ ਛੇਵਾਂ ਦੇਸ਼ ਬਣਾ ਦਿੱਤਾ। ਭਾਰਤ ਨੂੰ ਇਸ ਗੱਲ ਉੱਤੇ ਮਾਣ ਹੈ ਕਿ ਇਸ ਦੇ ਵਿਗਿਆਨੀਆਂ ਨੇ ਕਿਸੇ ਹੋਰ ਦੇਸ਼ ਦੇ ਵਿਗਿਆਨੀਆਂ ਤੋਂ ਸਹਾਇਤਾ ਲਏ ਬਿਨਾਂ ਆਪਣੀ ਜਾਣਕਾਰੀ ਅਤੇ ਗਿਆਨ ਦੇ ਬਲ ਉੱਤੇ 18 ਮਈ ਨੂੰ ਰਾਜਸਥਾਨ ਦੇ ਪੋਖਾਰਨ ਸਥਾਨ ਉੱਤੇ ਪਰਮਾਣੂ ਸ਼ਕਤੀ ਦਾ ਸਫਲ ਪ੍ਰਯੋਗ ਕਰ ਕੇ ਵਿਖਾਇਆ। ਇਹ ਤਜ਼ਰਬਾ ਧਰਤੀ ਦੇ ਹੇਠਾਂ ਕੀਤਾ ਗਿਆ ਸੀ ਅਤੇ ਇਸ ਰਾਹੀਂ ਉੱਠਦੀ ਰੇਡੀਆਈ ਧੂੜ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਵਿਖਾਇਆ ਗਿਆ ਸੀ। ਸਾਰੇ ਭਾਰਤ ਵਿਚ ਇਸ ਮਹਾਨ ਤਜ਼ਰਬੇ ਉੱਤੇ ਖੁਸ਼ੀਆਂ ਮਨਾਈਆਂ ਗਈਆਂ ਸਨ, ਭਾਵੇਂ ਦੁਨੀਆਂ ਦੇ ਕਈ ਹੋਰ ਦੇਸ਼ ਇਸ ਸਫ਼ਲ ਤਜ਼ਰਬੇ ਦੀ ਖਬਰ ਸੁਣ ਕੇ ਈਰਖਾ ਨਾਲ ਸੜ ਬਲ ਗਏ ਸਨ।

ਪਾਕਿਸਤਾਨ ਦਾ ਰੌਲਾ ਪਾਉਣਾ : ਪਾਕਿਸਤਾਨ ਨੇ ਭਾਰਤ ਦੇ ਐਟਮੀ ਤਜ਼ਰਬੇ ਵਿਰੁੱਧ ਬੜਾ ਸ਼ੋਰ ਮਚਾਇਆ ਕਿ ਇਸ ਨਾਲ ਪਾਕਿਸਤਾਨ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ, ਪਰ ਭਾਰਤੀ ਸਰਕਾਰ ਨੇ ਐਲਾਨ ਕੀਤਾ ਕਿ ਭਾਰਤ ਆਪਣੀ ਐਟਮੀ ਸ਼ਕਤੀ ਕੇਵਲ ਸ਼ਾਂਤੀ ਵਾਲੇ ਕਾਰਜਾਂ ਲਈ ਵਰਤੇਗਾ ਅਤੇ ਇਸ ਨੂੰ ਜੰਗ ਦੇ ਮਾਰੂ ਕੰਮਾਂ ਲਈ ਨਹੀਂ ਵਰਤੇਗਾ। ਭਾਰਤੀ ਸਰਕਾਰ ਨੇ ਪਾਕਿਸਤਾਨ ਅਤੇ ਸੰਸਾਰ ਦੇ ਹੋਰ ਸਭ ਦੇਸ਼ਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਭਾਵੇਂ ਭਾਰਤ ਪਰਮਾਣੂ ਬੰਬ ਬਣਾਉਣ ਦੀ ਸਮੱਰਥਾ ਰੱਖਦਾ ਹੈ ਪਰ ਇਹ ਪਰਮਾਣੂ ਬੰਬ ਨਹੀਂ ਬਣਾਏਗਾ। ਪਰਮਾਣੂ ਬੰਬਾਂ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਹੜੀਆਂ ਭਿਆਨਕ ਤਬਾਹੀਆਂ ਲਿਆਂਦੀਆਂ ਸਨ, ਭਾਰਤ ਉਨ੍ਹਾਂ ਨੂੰ ਮੁੱਖ ਰੱਖ ਕੇ ਹੋਰਨਾਂ ਦੇਸ਼ਾਂ ਨੂੰ ਵੀ ਪਰਮਾਣੂ ਬੰਬ ਬਣਾਉਣ ਤੋਂ ਰੋਕਣ ਦਾ ਯਤਨ ਕਰੇਗਾ ਅਤੇ ਆਪਣੀ ਐਟਮੀ ਸ਼ਕਤੀ ਕੇਵਲ ਆਪਣੇ ਦੇਸ਼ ਦੇ ਵਿਕਾਸਮਈ ਕਾਰਜਾਂ ਲਈ ਹੀ ਵਰਤੇਗਾ।

ਭਾਰਤ ਦਾ ਪਰਮਾਣੂ ਸ਼ਕਤੀ ਬਾਰੇ ਸਮਝੌਤੇ ਤੇ ਦਸਤਖਤ ਕਰਨ ਤੋਂ ਇਨਕਾਰ : ਭਾਰਤ ਸਰਕਾਰ ਦੇ ਇਸ ਐਲਾਨ ਮਗਰੋਂ ਵੀ ਅਮਰੀਕਾ ਅਤੇ ਇੰਗਲੈਂਡ ਭਾਰਤ ਨੂੰ ਇਸ ਗੱਲ ਉੱਤੇ ਮਜ਼ਬੂਰ ਕਰਦੇ ਰਹੇ ਕਿ ਐਟਮੀ ਤਾਕਤ ਰੱਖਣ ਵਾਲੇ ਵਿਕਸਤ ਦੇਸ਼ਾਂ ਨੂੰ ਐਟਮੀ ਸ਼ਕਤੀ ਬਾਰੇ ਜੋ ਸਮਝੌਤਾ ਕੀਤਾ ਹੈ, ਭਾਰਤ ਉਸ ਉੱਤੇ ਦਸਤਖਤ ਕਰੇ। ਇਸ ਸਮਝੌਤੇ ਅਨੁਸਾਰ ਸੰਸਾਰ ਦੇ ਜਿਨ੍ਹਾਂ ਪੰਜ ਦੇਸ਼ਾਂ ਕੋਲ ਐਟਮੀ ਤਾਕਤ ਹੈ ਉਹ ਪਰਮਾਣੂ ਸ਼ਕਤੀ ਦੀ ਉਪਜ ਬਾਰੇ ਤਜ਼ਰਬੇ ਕਰ ਸਕਦੇ ਹਨ, ਕੋਈ ਹੋਰ ਦੇਸ਼ ਨਹੀਂ ਕਰ ਸਕਦਾ, ਪਰ ਭਾਰਤ ਨੇ ਇਸ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਭਾਰਤ ਸਰਕਾਰ ਇਸ ਗੱਲ ਉੱਤੇ ਅੜ ਗਈ ਕਿ ਜੇ ਅੱਗੇ ਤੋਂ ਐਟਮੀ ਸ਼ਕਤੀ ਨਾ ਉਪਜਾਉਣ ਬਾਰੇ ਅਤੇ ਐਟਮੀ ਸ਼ਕਤੀ ਦੇ ਤਜ਼ਰਬੇ ਨਾ ਕਰਨ ਬਾਰੇ ਬਾਕੀ ਦੇ ਸਾਰੇ ਐਟਮੀ ਸ਼ਕਤੀ ਵਾਲੇ ਦੇਸ਼ ਦਸਤਖਤ ਕਰਨ ਤਾਂ ਉਹ ਵੀ ਇਸ ਗੱਲ ਲਈ ਤਿਆਰ ਹੈ, ਪਰ ਉਹ ਪੰਜ ਦੇਸ਼ ਇਹੋ ਚਾਹੁੰਦੇ ਹਨ ਕਿ ਅਸੀਂ ਪਰਮਾਣੂ ਸ਼ਕਤੀ ਅਤੇ ਪਰਮਾਣੂ ਬੰਬਾਂ ਦੇ ਤਜ਼ਰਬੇ ਕਰਦੇ ਰਹੀਏ, ਕੋਈ ਹੋਰ ਦੇਸ਼ ਨਾ ਕਰੇ। ਪਰ ਭਾਰਤੀ ਵਿਗਿਆਨੀ ਐਟਮੀ ਸ਼ਕਤੀ ਨੂੰ ਅਮਨ ਭਰਪੂਰ ਅਤੇ ਵਿਕਾਸਮਈ ਕਾਰਜਾਂ ਲਈ ਵਰਤਣ ਦੇ ਤਜ਼ਰਬੇ ਕਰ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵਿਚ ਐਟਮੀ ਸ਼ਕਤੀ ਨੂੰ ਕਈ ਵਿਕਾਸਮਈ ਕਾਰਜਾਂ ਲਈ ਵਰਤਿਆ ਜਾਏਗਾ।

ਭਾਰਤ ਨੂੰ ਪਰਮਾਣੂ ਬੰਬ ਬਣਾਉਣ ਦੀ ਖੁੱਲ੍ਹ : ਅੱਜ ਪਾਕਿਸਤਾਨ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਅਤੇ ਹੋਰ ਯੋਗ ਅਤੇ ਅਯੋਗ ਤਰੀਕੇ ਵਰਤ ਕੇ ਐਟਮ ਬੰਬ ਬਣਾਉਣ ਦੇ ਯਤਨਕਰ ਰਿਹਾ ਹੈ। ਫਿਰ ਵੀ ਭਾਰਤੀ ਸਰਕਾਰ ਆਪਣੇ ਇਸ ਐਲਾਨ ਉੱਤੇ ਕਾਇਮ ਹੈ ਕਿ ਭਾਰਤ ਐਟਮ ਬੰਬ ਨਹੀਂ ਬਣਾਏਗਾ, ਪਰ ਇਹ ਮੰਨਣਾ ਪਏਗਾ ਕਿ ਭਾਰਤ ਨੇ ਪਰਮਾਣੂ ਸ਼ਕਤੀ ਦਾ ਜੋ ਸਫਲ ਤਜ਼ਰਬਾ ਕੀਤਾ ਹੈ, ਉਸ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਬੜਾ ਮਹੱਤਵ ਹੈ। ਭਾਰਤ ਦਾ ਗੁਆਂਢੀ ਦੇਸ਼ ਚੀਨ ਐਟਮ ਬੰਬ ਬਣਾ ਚੁੱਕਾ ਹੈ ਅਤੇ ਪਾਕਿਸਤਾਨ ਇਹ ਬੰਬ ਬਣਾ ਕੇ ਹੀ ਸਾਹ ਲਏਗਾ। ਇਸ ਹਾਲਤ ਵਿਚ ਭਾਰਤ ਨੂੰ ਆਪਣੀ ਐਟਮੀ ਤਾਕਤ ਵਿਚ ਵਾਧਾ ਕਰਨ ਦੀ ਪਰੀ ਖੁੱਲ ਹੈ। ਸਾਰੇ ਸੰਸਾਰ ਦੇ ਦੇਸ਼ ਜਾਣਦੇ ਹਨ ਕਿ ਭਾਰਤ ਐਟਮ ਬੰਬ ਬਣਾ ਸਕਦਾ ਹੈ। ਇਸ ਲਈ ਭਾਰਤ ਨੂੰ ਪਰਮਾਣ ਬੰਬ ਦੀ ਸ਼ਕਤੀ ਵਿਖਾ ਕੇ ਕੋਈ ਹੋਰ ਦੇਸ਼ ਡਰਾ ਨਹੀਂ ਸਕਦਾ। ਭਾਰਤ ਛੇਤੀ ਹੀ ਪੁਲਾੜ ਵਿਚ ਆਪਣੇ ਬਣੇ ਹੋਏ ਰਾਕਟ ਛੱਡ ਕੇ ਵਿਕਸਿਤ ਦੇਸ਼ਾਂ ਦੇ ਬਰਾਬਰ ਪਲਾੜੀ ਸ਼ਕਤੀ ਧਾਰਨ ਕਰ ਕੇ ਵਿਖਾਏਗਾ। ਇਸ ਨਾਲ ਹੀ ਸੰਸਾਰ ਦੇ ਸਭ ਦੇਸ਼ਾਂ ਨੂੰ ਭਾਰਤ ਦੇ ਵਿਗਿਆਨੀਆਂ ਦੀ ਧਾਂਕ ਮੰਨਣੀ ਪਏਗੀ।

ਪਰਮਾਣੂ ਸ਼ਕਤੀ ਦਾ ਵਿਕਾਸ ਕਾਰਜ ਲਈ ਪਯੋਗ : ਹੁਣ ਇਹ ਵੇਖਣਾ ਹੈ ਕਿ ਭਾਰਤ ਆਪਣੀ ਪਰਮਾਣੂ ਸ਼ਕਤੀ ਨੂੰ ਕਿਹੜੇ-ਕਿਹੜੇ ਵਿਕਾਸ ਕੰਮਾਂ ਲਈ ਵਰਤਣ ਦਾ ਯਤਨ ਰੱਖਦਾ ਹੈ। ਭਾਰਤ ਆਪਣੀ ਐਟਮੀ ਸ਼ਕਤੀ ਨੂੰ ਦੇਸ਼ ਦੀ ਖੁਸ਼ਹਾਲੀ ਲਈ ਵਰਤ ਕੇ ਵਿਖਾਏਗਾ। ਇਸ ਤਾਕਤ ਨਾਲ ਪਹਾੜਾਂ ਨੂੰ ਉਡਾ ਕੇ ਪੱਧਰਾ ਕੀਤਾ ਜਾਏਗਾ, ਦਰਿਆਵਾਂ ਨੂੰ ਇਕ ਦੂਜੇ ਨਾਲ ਜੋੜਿਆ ਜਾਏਗਾ ਅਤੇ ਧਰਤੀ ਵਿਚ ਲੁਕੇ ਹੋਏ ਖਣਿਜ ਪਦਾਰਥਾਂ ਅਤੇ ਤੇਲਾਂ ਨੂੰ ਬਾਹਰ ਕੱਢਿਆ ਜਾਏਗਾ। ਇਸ ਨਾਲ ਰਾਜਸਥਾਨ ਵਰਗੇ ਮਾਰੂਥਲਾਂ ਨੂੰ ਝੀਲਾਂ ਭਰੀ ਉਪਜਾਊ ਸ਼ਕਤੀ ਵਿਚ ਬਦਲ ਦਿੱਤਾ ਜਾਏਗਾ। ਦੇਸ਼ ਦੇ ਦਰਿਆਵਾਂ ਦੇ ਵਾਧੂ ਪਾਣੀ ਨੂੰ ਜਿੱਥੇ ਲੋੜ ਪਈ ਪਹੁੰਚਾਇਆ ਜਾਏਗਾ। ਉੱਚੇ ਪਹਾੜ, ਸਖਤ ਚੱਟਾਨਾਂ ਅਤੇ ਰੇਗਿਸਤਾਨ ਪਾਣੀ ਨੂੰ ਇਕ ਥਾਂ ਤੋਂ ਦੂਜੀ ਥਾਂ ਉੱਤੇ ਲੈ ਜਾਣ ਦੇ ਕੰਮ ਵਿਚ ਕੋਈ ਰੁਕਾਵਟ ਨਹੀਂ ਪਾ ਸਕਣਗੇ। ਪਰਮਾਣੂ ਸ਼ਕਤੀ ਦੀ ਉਚਿਤ ਵਰਤੋਂ ਰਾਹੀਂ ਭਾਰਤ ਆਰਥਿਕ ਤੌਰ ਤੇ ਆਤਮ-ਨਿਰਭਰ ਹੋ ਜਾਏਗਾ ਅਤੇ ਉਸ ਨੂੰ ਕਿਸੇ ਬਾਹਰਲੇ ਦੇਸ਼ ਤੋਂ ਕਰਜ਼ਾ ਲੈਣ ਦੀ ਲੋੜ ਨਹੀਂ ਰਹੇਗੀ। ਭਾਰਤ ਦੀ ਖੇਤੀਬਾੜੀ ਮੌਨਸੂਨ ਪੌਣਾਂ ਦੀ ਮੁਥਾਜ਼ ਨਹੀਂ ਰਹੇਗੀ, ਕਿਉਂ ਜੁ ਪਰਮਾਣੂ ਸ਼ਕਤੀ ਦੀ ਵਰਤੋਂ ਨਾਲ ਦੇਸ਼ ਦੇ ਕਿਸੇ ਕੋਨੇ ਵਿਚ ਵੀ ਪਾਣੀ ਦੀ ਕਮੀ ਨਹੀਂ ਰਹਿਣ ਦਿੱਤੀ ਜਾਏਗੀ।

ਪਾਕਿਸਤਾਨ ਪਰਮਾਣੂ ਬੰਬ ਨਾ ਚਲਾਉਣ ਦਾ ਪ੍ਰਣ ਕਰੇ : ਭਾਰਤ ਨੂੰ ਇਸ ਗੱਲ ਵਿਰੁੱਧ ਕੋਈ ਰੋਸ ਨਹੀਂ ਕਿ ਪਾਕਿਸਤਾਨ ਦੀ ਐਟਮੀ ਸ਼ਕਤੀ ਪ੍ਰਾਪਤ ਕਰ ਕੇ ਵਿਖਾਵੇ, ਪਰ ਭਾਰਤ ਇਹ ਗੱਲ ਜ਼ਰੂਰ ਚਾਹੁੰਦਾ ਹੈ ਕਿ ਪਾਕਿਸਤਾਨ ਆਪਣੀ ਐਟਮੀ ਸ਼ਕਤੀ ਨੂੰ ਅਮਨ-ਭਰਪੂਰ ਕਾਰਜਾਂ ਲਈ ਵਰਤੇ ਅਤੇ ਐਟਮ ਬੰਬ ਨਾ ਚਲਾਉਣ ਦਾ ਪ੍ਰਣ ਕਰੇ। ਜੋ ਪਾਕਿਸਤਾਨ ਪਰਮਾਣੂ ਬੰਬ ਬਣਾਉਣ ਲੱਗ ਗਿਆ ਤਾਂ ਭਾਰਤ ਨੂੰ ਵੀ ਆਪਣੇ ਗੁਆਂਢੀ ਦੇਸ਼ ਦੇ ਮੁਕਾਬਲੇ ਐਟਮ ਬੰਬ ਬਣਾਉਣ ਲਈ ਮਜ਼ਬੂਰ ਹੋਣਾ ਪਏਗਾ। ਇਕ ਪਾਸੇ ਪਰਮਾਣੂ ਸ਼ਕਤੀ ਸਾਰੇ ਸੰਸਾਰ ਨੂੰ ਖੁਸ਼ਹਾਲ ਬਣਾ ਸਕਦੀ ਹੈ, ਪਰ ਦੂਜੇ ਪਾਸੇ ਬਿਲਕੁਲ ਤਬਾਹ ਕਰ ਕੇ ਰੱਖ ਸਕਦੀ ਹੈ। ਭਾਰਤ ਨੇ ਇਸ ਸ਼ਕਤੀ ਨੂੰ ਖੁਸ਼ਹਾਲੀ ਲਈ ਵਰਤਣ ਦਾ ਪਾਸਾ ਚੁਣਿਆ ਹੈ।

Leave a Reply