Punjabi Essay on “ਭਾਈ ਵੀਰ ਸਿੰਘ”, “Bhai Veer Singh” Punjabi Essay, Paragraph, Speech for Class 8, 9, 10, 12 Students Examination.

ਭਾਈ ਵੀਰ ਸਿੰਘ

ਜਾਂ

ਮੇਰਾ ਮਨ ਭਾਉਂਦਾ ਕਵੀ

“ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ,

ਨਿਹੁੰ ਵਾਲੇ ਨੈਣਾਂ ਦੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ।”

ਭੂਮਿਕਾ— 20 ਵੀਂ ਸਦੀ ਤੋਂ ਪਹਿਲਾਂ ਪੰਜਾਬੀ ਸਾਹਿਤ ਵਿਚ ਭਾਈ ਗੁਰਦਾਸ, ਗੁਰੂ ਗੋਬਿੰਦ ਸਿੰਘ ਆਦਿ ਸਾਰੇ ਉੱਚ ਕੋਟੀ ਦੇ ਕਵੀ ਹੋਏ ਹਨ, ਪਰ ਵੀਹਵੀਂ ਸਦੀ ਦੇ ਉਦੈ ਨਾਲ ਆਧੁਨਿਕ ਪੰਜਾਬੀ ਸਾਹਿਤ ਪੁੰਗਰਨਾ ਅਰੰਭ ਹੋਇਆ, ਜਿਸ ਨੂੰ ਪ੍ਰਫੁੱਲਤ ਕਰਨ ਵਿਚ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਅਮ੍ਰਿਤਾ ਪ੍ਰੀਤਮ, ਬਾਵਾ ਬਲਵੰਤ ਅਤੇ ਸ਼ਿਵ ਕੁਮਾਰ ਬਟਾਲਵੀ ਆਦਿ ਕਵੀਆਂ ਨੇ ਢੇਰ ਸਾਰਾ ਯੋਗਦਾਨ ਦਿੱਤਾ ਹੈ। ਮੈਂ ਇਨ੍ਹਾਂ ਸਾਰਿਆਂ ਵਿਚੋਂ ਭਾਈ ਵੀਰ ਸਿੰਘ ਨੂੰ ਆਪਣਾ ਮਨ ਭਾਉਂਦਾ ਕਵੀ ਸਮਝਦਾ ਹਾਂ, ਕਿਉਂਕਿ ਉਹ ਵੀਹਵੀਂ ਸਦੀ ਦਾ ਅਜਿਹਾ ਕਵੀ ਹੈ, ਜਿਸ ਨੇ ਪੰਜਾਬੀ ਕਵਿਤਾ ਨੂੰ ਕਿੱਸਾਕਾਰੀ ਦੀਆਂ ਲੀਹਾਂ ਵਿਚੋਂ ਕੱਢ ਕੇ ਅਤੇ ਵਾਰਤਕ ਨੂੰ ਪੁਰਾਤਨ ਆਧੁਨਿਕ ਲੀਹਾਂ ਤੇ ਤੋਰਿਆ। ਇਸ ਨੂੰ ਨਵਾਂ ਮੋੜ ਅਤੇ ਨਵੀਂ ਸ਼ੈਲੀ ਬਖਸ਼ੀ। ਇਸੇ ਲਈ ਆਪ ਜੀ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਆਖਿਆ ਜਾਂਦਾ ਹੈ।

ਜੀਵਨ ਬਾਰੇ ਜਾਣਕਾਰੀ— ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ, 1872 ਈ. ਵਿਚ ਦੀਵਾਨ ਕੌੜਾਮਲ ਖਾਨਦਾਨ ਦੀ ਅੱਠਵੀਂ ਪੀੜ੍ਹੀ ਵਿਚ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਆਪ ਜੀ ਦੇ ਪਿਤਾ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ ਸੰਸਕ੍ਰਿਤ, ਬ੍ਰਜ ਭਾਸ਼ਾ, ਉਰਦੂ, ਫਾਰਸੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਸਨ। ਆਪ ਨੇ ਕਈ ਭਾਸ਼ਾਵਾਂ ਦਾ ਗਿਆਨ ਘਰ ਵਿਚ ਹੀ ਪ੍ਰਾਪਤ ਕੀਤਾ। ਆਪ ਨੇ 1891 ਈ. ਵਿਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਦੀ ਪ੍ਰੀਖਿਆ ਜ਼ਿਲ੍ਹੇ ਭਰ ਵਿਚੋਂ ਅੱਵਲ ਰਹਿ ਕੇ ਪਾਸ ਕੀਤੀ। ਆਪ ਜੀ ਨੂੰ ਜ਼ਿਲ੍ਹਾ ਬੋਰਡ ਵੱਲੋਂ ਸੋਨੇ ਦਾ ਤਮਗਾ ਪ੍ਰਾਪਤ ਹੋਇਆ।

ਆਪ ਧਾਰਮਿਕ ਅਤੇ ਸਾਹਿਤਕ ਵਿਚ ਜਨਮੇਂ ਅਤੇ ਇਸੇ ਵਿਚ ਪਲੇ ਤੇ ਜਵਾਨ ਹੋਏ। ਆਪ ਜੀ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਦਰਸ਼ਨ ਦਾ ਡੂੰਘਾ ਅਧਿਐਨ ਕੀਤਾ।

ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ— ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਸਨ। ਆਪ ਨੇ ਆਧੁਨਿਕ ਨਾਵਲ, ਨਾਟਕ, ਕਵਿਤਾ ਅਤੇ ਵਾਰਤਕ ਦਾ ਮੁੱਢ ਬੰਨ੍ਹਿਆ। ਆਪ ਨੇ ਵੱਖ-ਵੱਖ ਕਿਸਮ ਦਾ ਉੱਤਮ ਸਾਹਿਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਇਆ। ਆਪ ਨੇ ਛੋਟੀ ਪੰਜਾਬੀ ਕਵਿਤਾ ਦੀ ਲੀਹ ਪਾਈ। ਆਪ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਹਨ— ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਕੰਬਦੀ ਕਲਾਈ ਅਤੇ ਪ੍ਰੀਤ ਵੀਣਾ। ਇਹਨਾਂ ਵਿਚੋਂ ਛੋਟੇ ਅਤੇ ਵੱਡੇ ਅਕਾਰ ਦੀਆਂ ਬਹੁਤ ਸੁੰਦਰ ਅਤੇ ਰਸ ਭਰਪੂਰ ਕਵਿਤਾਵਾਂ ਹਨ। ਵਾਰਤਕ ਦੇ ਖੇਤਰ ਵਿਚ ਆਪ ਨੇ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਅਤੇ ਅਸ਼ਟ ਗੁਰੂ ਚਮਤਕਾਰ ਰਚੇ। ਇਹ ਸਿੱਖ ਗੁਰੂਆਂ ਦੀਆਂ ਪ੍ਰਸਿੱਧ ਜੀਵਨੀਆਂ ਹਨ।ਇਹਨਾਂ ਤੋਂ ਬਿਨਾਂ ਆਪ ਨੇ ਪੰਜਾਬੀ ਵਿਚ ਸੁੰਦਰੀ, ਵਿਜੈ ਸਿੰਘ, ਸਤਵੰਤ ਕੌਰ,ਬਾਬਾ ਨੌਧ ਸਿੰਘ ਨਾਂ ਦੇ ਨਾਵਲ ਵੀ ਲਿਖੇ ਹਨ। ਪਹਿਲੀ ਵਾਰ ਪੰਜਾਬੀ ਵਿਚ ਖੋਜ ਪੁਸਤਕ ਲਿੱਖਣ ਦਾ ਮਾਣ ਵੀ ਆਪ ਜੀ ਨੂੰ ਹੀ ਪ੍ਰਾਪਤ ਹੋਇਆ।

ਕੁਦਰਤ ਤੇ ਦੇਸ ਪਿਆਰ ਦੇ ਕਵੀ— ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਮੁੱਖ ਵਿਸ਼ਾ ਕੁਦਰਤ ਵਿਚ ਵਸੇ ਹੋਏ ਕਾਦਰ ਦੀ ਝਲਕ ਦਾ ਪੇਸ਼ ਕਰਨਾ ਹੈ। ਆਪ ਜੀ ਨੇ ਗੁਰਬਾਣੀ ਦੇ ਉੱਚੇ ਆਦਰਸ਼ ਨੂੰ ਨਵੀਨ ਢੰਗਾਂ ਰਾਹੀਂ ਬਿਆਨ ਕੀਤਾ। ਕੁਦਰਤ ਦੀ ਸੁੰਦਰਤਾ ਆਪ ਜੀ ਨੂੰ ਪ੍ਰਭੂ ਦਾ ਹੀ ਰੂਪ ਨਜ਼ਰ ਆਉਂਦਾ ਹੈ। ਕਸ਼ਮੀਰ ਦੇ ਚਸ਼ਮੇ ‘ਵੈਰੀ ਨਾਗ’ ਨੂੰ ਆਪ ਦੇਖਦੇ ਹੀ ਕਹਿ ਉੱਠਦੇ ਹਨ-

ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵਜਦਾ,

ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇਕ ਸਿਜਦਾ।”

ਆਪ ਜੀ ਦੀਆਂ ਕਵਿਤਾਵਾਂ ਵਿਚ ਦੇਸ ਪਿਆਰ ਦੀ ਝਲਕ ਵੀ ਦਿਖਾਈ ਦਿੰਦੀ ਹੈ। ਆਪ ਦੁੱਖੀਆਂ ਅਤੇ ਗ਼ਰੀਬਾਂ ਦੇ ਦੁੱਖਾਂ ਨੂੰ ਤੱਕ ਕੇ ਦੁੱਖੀ ਹੁੰਦੇ ਹਨ। ਮਾਰਤੰਡ ਦੇ ਤਬਾਹ ਹੋਏ ਖੰਡਰਾਂ ਤੇ ਹੰਝੂ ਕਰਦੇ ਹੋਏ ਆਪ ਇੰਝ ਹਉਕੇ ਭਰਦੇ ਹਨ-

“ਦੁਨੀਆਂ ਦਾ ਦੁੱਖ, ਦੇਖ ਦੇਖ ਦਿਲ ਦਬਦਾ ਦਬਦਾ ਜਾਵੇ,

ਹਾਇ ਹੁਨਰ ਤੇ ਹਾਇ ਵਿਦਿਆ, ਹਾਇ ਦੇਸ ਦੀ ਹਾਲਤ,

ਹਾਇ ਹਿੰਦ ਫਲ ਫਾੜੀਆਂ ਵਾਲੇ, ਹਰ ਸਿਲ ਕਹਿੰਦੀ ਰੋਈ”

ਆਪ ਦੀਆਂ ਨਿੱਕੀਆਂ ਸਰੋਦੀ ਕਵਿਤਾਵਾਂ ਆਪ ਦੀਆਂ ਵੱਡੀਆਂ ਬਿਰਤਾਂਤਕ ਕਵਿਤਾਵਾਂ ਨਾਲੋਂ ਕਲਾ ਦੇ ਪੱਖੋਂ ਬੜੀਆਂ ਹੀ ਪ੍ਰਭਾਵਸ਼ਾਲੀ ਹਨ। ਪ੍ਰਭਾਵ ਇੰਨਾ ਤੇਜ਼ ਹੈ ਕਿ ਪੜ੍ਹਦਿਆਂ ਹੀ ਦਿਲ ਨੂੰ ਟੁੰਬ ਕੇ ਕੀਲ ਲੈਂਦੀਆਂ ਹਨ। ਜਿਵੇਂ-

ਹਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ।

ਮੋੜ ਨੈਣਾਂ ਦੀ ਵਾਗ ਵੇ, ਮਨ ਮੋੜ ਨੈਣਾਂ ਦੀ ਵਾਗ।”

ਪ੍ਰਕਿਰਤੀ ਵਰਨਣ– ਆਪ ਨੂੰ ਕੁਦਰਤ ਨਾਲ ਅਮੁੱਕ ਪਿਆਰ ਸੀ। ਵਰਡਜ਼ਵਰਥ ਵਾਂਗ ਆਪ ਕੁਦਰਤ ਵਿਚੋਂ ਹੀ ਖੜਾ ਲੱਭਦੇ ਸਨ। ਇਸ ਵਿਚੋਂ ਨਿੱਧ ਤੇ ਸ਼ਾਂਤੀ ਪ੍ਰਾਪਤ ਕਰਦੇ ਸਨ। ਆਪ ਕਾਦਰ ਦਾ ਜਲਵਾ ਵੀ ਕੁਦਰਤ ਵਿਚੋਂ ਹੀ ਦੇਖਦੇ ਸਨ—

“ਰੱਤ ਉਦਾਸੀ ਦੇ ਵਿਚ ਖਿੜ ਕੇ ਪਦਮ ਕੂਕ ਪਏ ਕਹਿੰਦੇ,

ਸਦਾ ਬਹਾਰ ਉਨ੍ਹਾਂ ਤੇ ਜਿਹੜੇ ਹੋ ਦਿਲਗੀਰ ਨਾ ਬਹਿੰਦੇ।”

ਦੇਹਾਂਤ- ਭਾਈ ਵੀਰ ਸਿੰਘ ਨੇ ਨਾ ਕੇਵਲ ਸਾਹਿਤ ਦੀ ਸੇਵਾ ਹੀ ਕੀਤੀ ਸਗੋਂ ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ ਅਤੇ ਕਈ ਹੋਰ ਚੋਟੀ ਦੇ ਲੇਖਕਾਂ ਨੂੰ ਵੀ ਪੰਜਾਬੀ ਵਿਚ ਲਿਖਣ ਦੀ ਪ੍ਰੇਰਨਾ ਦਿੱਤੀ। 1949 ਈ. ਵਿਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ਼ ਲਿਟਰੇਟਰ ਦੀ ਆਨਰੇਰੀ ਡਿਗਰੀ ਦਿੱਤੀ। ਆਪ 10 ਜੂਨ, 1957 ਈ: ਨੂੰ ਅਕਾਲ ਚਲਾਣਾ ਕਰ ਗਏ। ਆਪ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਸੀ।

ਸਾਰਾਂਸ਼- ਭਾਈ ਵੀਰ ਸਿੰਘ ਕਲਮ ਦੇ ਧਨੀ ਸਨ। ਆਪ ਜੀ ਨੇ ਪੰਜਾਬੀ ਮਾਂ ਬੋਲੀ ਦੀ ਭਰਪੂਰ ਸੇਵਾ ਕੀਤੀ। ਆਪ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ।

Leave a Reply