Punjabi Essay on “ਦੁਸਹਿਰਾ ਦਾ ਮੇਲ”, “Dussehra da Mela” Punjabi Essay, Paragraph, Speech for Class 8, 9, 10, 12 Students Examination.

ਦੁਸਹਿਰਾ ਦਾ ਮੇਲ

Dussehra da Mela

ਆ ਗਿਆ ਪਿਆਰਾ ਦੁਸਹਿਰਾ ਛਾ ਗਿਆ ਉਤਸਾਹ ਤੇ ਬਲ,

ਵੀਰ ਪੂਜਾ, ਸ਼ਕਤੀ ਪੂਜਾ ਵਧਦੇ ਜਾਓ ਜਿੱਤ ਦੇ ਵੱਲ।”

ਭੂਮਿਕਾ- ਭਾਰਤ ਵੀਰਾਂ ਅਤੇ ਪੀਰਾਂ ਦੀ ਧਰਤੀ ਹੈ।ਇਨ੍ਹਾਂ ਵੀਰਾਂ-ਪੀਰਾਂ ਨੇ ਹੀ ਸੰਸਾਰ ਜੇਤੂ ਰਾਹ ਨੂੰ ਹੀ ਸਦਾ ਅਪਣਾਇਆ ਹੈ। ਵੀਰਾਂ ਨੇ ਆਪਣੀ ਤਾਕਤ ਦੇ ਸਹਾਰੇ ਅਤੇ ਪੀਰਾਂ ਨੇ ਆਪਣੀ ਕੋਮਲਤਾ ਦੇ ਸਹਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦੇ ਯਤਨ ਕੀਤੇ। ਸਰਹੱਦਾਂ ਦੀ ਰੱਖਿਆ ਲਈ ਕਮਜ਼ੋਰਾਂ ਨੂੰ ਧਾੜਵੀ ਜਰਵਾਣਿਆਂ ਤੋਂ ਬਚਾਉਣ ਲਈ, ਧਰਮ ਦੀ ਰੱਖਿਆ ਲਈ, ਸਾਹਸੀ ਵੀਰਾਂ ਨੇ ਹਥਿਆਰ ਚੁੱਕੇ ਅਤੇ ਜਿੱਤ ਪ੍ਰਾਪਤ ਪਿੱਛੋਂ ਖੁਸ਼ੀਆਂ ਅਤੇ ਖੇੜ੍ਹਿਆਂ ਭਰੇ ਉਤਸਵ ਦਾ ਪ੍ਰਬੰਧ ਕੀਤਾ।

ਤਿਓਹਾਰ ਸਾਡੀ ਸਭਿਅਤਾ, ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਰਮਾਇਆ ਹੁੰਦੇ ਹਨ। ਇਹਨਾਂ ਦਾ ਸੰਬੰਧ ਸਾਡੇ ਇਤਿਹਾਸ, ਧਰਮ, ਸੱਭਿਆਚਾਰ ਅਤੇ ਰੁੱਤਾਂ ਆਦਿ ਨਾਲ ਹੁੰਦਾ ਹੈ। ਇਹ ਸਾਡੇ ਜੀਵਨ ਦੇ ਪ੍ਰੇਰਨਾ ਸਰੋਤ ਹਨ। ਇਹਨਾਂ ਦੁਆਰਾ ਹੀ ਅਸੀਂ ਮਾਨਸਿਕ ਤੌਰ ਤੇ ਬਲਵਾਨ ਅਤੇ ਜਾਗਰੂਕ ਹੁੰਦੇ ਹਾਂ। ਦੁਸਹਿਰੇ ਦਾ ਤਿਓਹਾਰ ਵੀ ਆਦਿ ਕਾਲ ਤੋਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣਿਆ ਆ ਰਿਹਾ ਹੈ। ਇਸ ਨੂੰ ‘ਵਿਜੇ ਦਸ਼ਮੀ’ ਦੇ ਰੂਪ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ।

ਮਿਥਿਹਾਸ ਨਾਲ ਸੰਬੰਧ– ਇਸ ਤਿਓਹਾਰ ਦਾ ਸੰਬੰਧ ਦੇਵਤਿਆ ਤੇ ਰਾਖਸ਼ਾਂ ਦੇ ਯੁੱਧ ਨਾਲ ਵੀ ਜੋੜਿਆ ਜਾਂਦਾ ਹੈ। ਆਖਿਆ ਜਾਂਦਾ ਹੈ ਕਿ ਜਦੋਂ ਰਾਖਸ਼ਾਂ ਦੇ ਨੇਤਾ ਮਹਿਖਾਸੁਰ ਦੈਤ ਨੇ ਇੰਦਰ ਨੂੰ ਸਵਰਗ ਵਿਚੋਂ ਕੱਢ ਦਿੱਤਾ ਸੀ ਤਾਂ ਉਸ ਦੇ ਸਵਰਗ ਦੇ ਰਾਜ ਦੀ ਵਾਪਸੀ ਲਈ ਦੁਰਗਾ ਦੇਵੀ ਨੇ ਦੇਵਤਿਆਂ ਦੀ ਅਗਵਾਈ ਕਰਕੇ ਮਹਿਸਾਸੁਰ ਦੈਤ ਨਾਲ ਟੱਕਰ ਲਈ ਸੀ।ਲੜਾਈ ਵਿਚ ਸਾਰੇ ਰਾਥਸ਼ ਮਾਰੇ ਗਏ ਸਨ ਅਤੇ ਸਵਰਗ ਦਾ ਰਾਜ ਮੁੜ ਦੇਵਤਿਆਂ ਨੂੰ ਮਿਲ ਗਿਆ ਸੀ। ਇਸ ਜਿੱਤ ਦੀ ਖੁਸ਼ੀ ਵਿਚ ਇਸ ਨੂੰ ‘ਵਿਜੈ ਦਸ਼ਮੀ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਇਤਿਹਾਸਿਕ ਪਿਛੋਕੜ–ਦੁਸਹਿਰਾ ਹਿੰਦੂਆਂ ਦਾ ਪ੍ਰਸਿੱਧ ਤਿਓਹਾਰ ਹੈ। ਇਸ ਦਾ ਸੰਬੰਧ ਰਮਾਇਣ ਨਾਲ ਹੈ। ਰਾਮ ਚੰਦਰ ਜੀ ਨੇ ਆਪਣੇ ਪਿਤਾ ਰਾਜਾ ਦਸ਼ਰਥ ਦੀ ਆਗਿਆ ਮੰਨ ਕੇ 14 ਸਾਲ ਲਈ ਬਨਵਾਸ ਧਾਰਨ ਕਰ ਲਿਆ। ਰਾਮ ਚੰਦਰ ਦੇ ਨਾਲ ਉਸ ਦਾ ਭਰਾ ਲਛਮਣ ਅਤੇ ਪਤਨੀ ਸੀਤਾ ਵੀ ਸੀ। ਜੰਗਲ ਵਿਚ ਰਹਿੰਦਿਆਂ ਇਕ ਵਾਰ ਰਾਵਣ ਦੀ ਭੈਣ ਸਰੂਪਨਖਾ ਲਛਮਣ ਜਤੀ ਤੇ ਮੋਹਿਤ ਹੋ ਗਈ ਅਤੇ ਉਸ ਨਾਲ ਸ਼ਾਦੀ ਦੀ ਇੱਛਾ ਪ੍ਰਗਟਾਈ, ਪਰ ਲਛਮਣ ਨੇ ਕ੍ਰੋਧ ਵਿਚ ਆ ਕੇ ਉਸ ਦਾ ਨੱਕ ਕੱਟ ਦਿੱਤਾ, ਜਿਸ ਨਾਲ ਉਸ ਦੀ ਸੁੰਦਰਤਾ ਖਤਮ ਹੋ ਗਈ। ਸਰੂਪਨਖਾ ਆਪਣੇ ਭਰਾ ਰਾਵਣ ਪਾਸ ਪਹੁੰਚੀ ਅਤੇ ਆਪਣੇ ਹੋਏ ਅਪਮਾਨ ਬਾਰੇ ਦੱਸਿਆ। ਰਾਵਣ ਨੇ ਇਸ ਦਾ ਬਦਲਾ ਲੈਣ ਲਈ ਸੀਤਾ ਮਾਤਾ ਨੂੰ ਕੁਟੀਆ ਵਿਚੋਂ ਧੋਖੇ ਨਾਲ ਚੁੱਕ ਲਿਆਂਦਾ। ਰਾਮ ਚੰਦਰ ਜੀ ਅਤੇ ਲਛਮਣ ਜੀ ਨੇ ਹਨੂਮਾਨ ਜੀ ਦੀ ਸਹਾਇਤਾ ਨਾਲ ਲੰਕਾ ਉੱਤੇ ਹਮਲਾ ਕਰ ਦਿੱਤਾ। ਰਾਵਣ, ਉਸ ਦਾ ਪੁੱਤਰ ਅਤੇ ਸਾਥੀ ਲੜਾਈ ਵਿਚ ਮਾਰੇ ਗਏ। ਇਸ ਜਿੱਤ ਦੀ ਖ਼ੁਸ਼ੀ ਵਿਚ ਲੋਕ ਦੁਸਹਿਰੇ ਦੇ ਤਿਓਹਾਰ ਨੂੰ ਮਨਾਉਂਦੇ ਚਲੇ ਆ ਰਹੇ ਹਨ।

ਰਾਮ ਲੀਲ੍ਹਾ— ਦੁਸਹਿਰੇ ਦੇ ਮੇਲੇ ਤੋਂ ਕਈ ਦਿਨ ਪਹਿਲਾਂ ਰਾਮ ਲੀਲਾ ਖੇਡੀ ਜਾਂਦੀ ਹੈ। ਰਾਮ ਚੰਦਰ ਜੀ ਦੇ ਜੀਵਨ ਨੂੰ ਦਸਾਂ ਦਿਨਾਂ ਵਿਚ ਦਸ ਨਾਟਕਾਂ ਦੇ ਰੂਪ ਵਿਚ ਸਟੇਜ ਤੇ ਖੇਡਿਆ ਜਾਂਦਾ ਹੈ। ਇਨ੍ਹਾਂ ਡਰਾਮਿਆਂ ਨੂੰ ਲੋਕ ਰਾਮ-ਲੀਲ੍ਹਾ ਕਹਿੰਦੇ ਹਨ।

ਦੁਸਹਿਰੇ ਦਾ ਮੇਲਾ— ਦੁਸਹਿਰੇ ਵਾਲੇ ਦਿਨ ਇਕ ਖੁਲ੍ਹੇ ਮੈਦਾਨ ਵਿਚ ਮੇਲੇ ਦੇ ਰੂਪ ਵਿਚ ਲੋਕ ਇਕੱਤਰ ਹੁੰਦੇ ਹਨ। ਇਕ ਖੁਲ੍ਹੇ ਮੈਦਾਨ ਵਿਚ ਮੇਘਨਾਦ, ਰਾਵਣ ਅਤੇ ਕੁੰਭਕਰਨ ਦੇ ਕਾਗਜ਼ੀ- ਬੁੱਤ ਲਗਾਏ ਜਾਂਦੇ ਹਨ, ਜਿਨ੍ਹਾਂ ਨੂੰ ਜਲਾਉਣਾ ਹੁੰਦਾ ਹੈ। ਖੁਲ੍ਹੇ ਮੈਦਾਨ ਦੇ ਆਸ-ਪਾਸ ਹਲਵਾਈ ਆਪਣੀਆਂ ਦੁਕਾਨਾਂ ਖੂਬ ਸਜਾ ਲੈਂਦੇ ਹਨ। ਕਈ ਲੋਕ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਿਤ ਕੈਲੰਡਰ ਵੇਚ ਰਹੇ ਹੁੰਦੇ ਹਨ। ਖੁਲ੍ਹੇ ਮੈਦਾਨ ਦੇ ਇਕ ਪਾਸੇ ਪਹਿਲਵਾਨ ਕੁਸ਼ਤੀਆਂ ਵੀ ਕਰਿਆ ਕਰਦੇ ਹਨ। ਨੌਜਵਾਨ ਕਈ ਖੇਡਾਂ ਖੇਡਦੇ ਹਨ। ਇਸੇ ਦਿਨ ਨੌਜਵਾਨ ਮੁੰਡੇ ਅਤੇ ਕੁੜੀ ਨੂੰ ਰਾਮ ਚੰਦਰ ਅਤੇ ਸੀਤਾ ਦਾ ਰੂਪ ਦੇ ਕੇ ਪਾਲਕੀ ਵਿਚ ਬਿਠਾ ਕੇ ਸਾਰੇ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਕੁਝ ਮੁੰਡੇ ਹਨੁਮਾਨ ਅਤੇ ਲਛਮਣ ਦਾ ਵੀ ਰੂਪ ਧਾਰਨ ਕਰਦੇ ਹਨ। ਲੋਕ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕਰਦੇ ਹਨ ਅਤੇ ਮੱਥਾ ਟੇਕਦੇ ਹਨ। ਸ਼ਾਮ ਨੂੰ ਇਹੋ ਪਾਲਕੀ ਮੇਲੇ ਵਾਲੀ ਥਾਂ ਤੇ ਪਹੁੰਚ ਜਾਂਦੀ ਹੈ। ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਜਿਉਂ ਹੀ ਸੂਰਜ ਡੁੱਬਣ ਲੱਗਦਾ ਹੈ, ਰਾਮ ਚੰਦਰ, ਲਛਮਣ ਅਤੇ ਹਨੂਮਾਨ, ਰਾਵਣ ਅਤੇ ਉਸ ਦੇ ਨਾਲ ਦੇ ਬੁੱਤਾਂ ਉੱਤੇ ਤੀਰਾਂ ਦੀ ਵਰਖਾ ਕਰਦੇ ਹਨ। ਸੂਰਜ ਛਿਪਦਿਆਂ ਹੀ ਇੰਨ੍ਹਾਂ ਆਤਸ਼ਬਾਜ਼ੀਆਂ ਅਤੇ ਪਟਾਖਿਆਂ ਨਾਲ ਭਰੇ ਬੁੱਤਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ।ਅੰਤ ਲੋਕ ਘਰਾਂ ਨੂੰ ਵਾਪਸ ਆ ਜਾਂਦੇ ਹਨ।

ਸੁਨੇਹਾ— ਦੁਸਹਿਰੇ ਦਾ ਇਹ ਤਿਓਹਾਰ ਸਾਨੂੰ ਕਈ ਕਿਸਮ ਦੇ ਸੁਨੇਹੇ ਵੀ ਦਿੰਦਾ ਹੈ। ਆਦਰਸ਼ ਰਾਜਾ, ਆਗਿਆਕਾਰੀ ਪੁੱਤਰ, ਭਰਾ ਲਈ ਆਪਣੇ ਸੁੱਖਾਂ ਨੂੰ ਕੁਰਬਾਨ ਕਰਨ ਵਾਲੇ ਭਰਾ, ਆਦਰਸ਼ ਪਤਨੀ ਅਤੇ ਸਭ ਕੁਝ ਦੇਣ ਵਾਲੇ ਸੇਵਕ ਦਾ ਰੂਪ ਅਸੀਂ ਇਸ ਵਿਚ ਹਨੂਮਾਨ ਜੀ ਵਿਚ ਦੇਖਦੇ ਹਾਂ। ਦੁਸਹਿਰਾ ਸਾਨੂੰ ਇਹ ਵੀ ਸੁਨੇਹਾ ਦਿੰਦਾ ਹੈ ਕਿ ਹਰ ਭੈੜੇ ਕੰਮ ਦਾ ਨਤੀਜਾ ਸਦਾ ਭੈੜਾ ਹੀ ਹੁੰਦਾ ਹੈ।ਜਿਵੇਂ ਰਾਵਣ ਨੇ ਧੋਖੇ ਅਤੇ ਫਰੇਬ ਨਾਲ ਸੀਤਾ ਜੀ ਦਾ ਹਰਨ ਕੀਤਾ।ਉਸ ਦੇ ਬਦਲੇ ਉਸ ਨੂੰ ਆਪਣੇ ਰਾਜ ਅਤੇ ਸਾਰੇ ਪਰਿਵਾਰ ਤੋਂ ਹੱਥ ਧੋਣੇ ਪਏ ਸਨ। ਦੁਸਹਿਰਾ ਸਾਨੂੰ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਵੀ ਪ੍ਰੇਰਨਾ ਦਿੰਦਾ ਹੈ। ਇਹ ਸਾਨੂੰ ਕਰੱਤਵ ਪਾਲਣ ਅਤੇ ਸੇਵਾ ਦਾ ਸੁਨੇਹਾ ਦਿੰਦਾ ਹੈ।

ਸਾਰਾਂਸ਼— ਦੁਸਹਿਰਾ ਜਿੱਤ, ਖੁਸ਼ੀਆਂ, ਖੇੜਿਆਂ ਅਤੇ ਅਨੰਦ ਦਾ ਤਿਓਹਾਰ ਹੈ। ਮਨੁੱਖ ਆਪਣੇ ਜੀਵਨ ਦੇ ਰੁਝੇਵਿਆਂ ਨੂੰ ਕੁਝ ਪਲਾਂ ਲਈ ਭੁੱਲ ਜਾਂਦੇ ਹਨ ਅਤੇ ਉਹਨਾਂ ਦੇ ਮਨਾਂ ਵਿਚ ਇਹ ਤਿਓਹਾਰ ਖੇੜਾ, ਖੁਸ਼ੀ, ਤਾਜ਼ਗੀ ਅਤੇ ਪ੍ਰਸੰਨਤਾ ਲੈ ਕੇ ਆਉਂਦਾ ਹੈ।

Leave a Reply