Punjabi Essay on “ਚੰਡੀਗੜ੍ਹ”, “Chandigarh” Punjabi Essay, Paragraph, Speech for Class 8, 9, 10, 12 Students Examination.

ਚੰਡੀਗੜ੍ਹ

Chandigarh

ਭੂਮਿਕਾ— ਸਭਿਅਤਾ ਦੇ ਵਿਕਾਸ-ਕਾਲ ਤੋਂ ਹੀ ਆਪਣੇ ਰਹਿਣ ਲਈ ਸੁੱਖ-ਸਹੂਲਤ ਨਾਲ ਭਰਪੂਰ ਘਰ ਦੀ ਉਸਾਰੀ ਕਰਨੀ ਮਨੁੱਖ ਦੀ ਵਿਸ਼ੇਸ਼ ਰੁੱਚੀ ਰਹੀ ਹੈ। ਸਹਿਜੇ-ਸਹਿਜੇ ਇਸ ਵਿਚ ਕਲਾਤਮਕ ਸੁਧਾਰ ਵੀ ਹੁੰਦਾ ਰਹਿੰਦਾ ਹੈ। ਸ਼ਹਿਰਾਂ ਵਿਚ ਰਹਿਣ ਦਾ ਮਨੁੱਖੀ ਇਤਿਹਾਸ ਸਿੱਧੂ-ਘਾਟੀ ਸੱਭਿਅਤਾ ਤੋਂ ਹੀ ਅਰੰਭ ਹੋਇਆ। ਰਾਜਿਆਂ ਅਤੇ ਮਹਾਰਾਜਿਆਂ ਨੇ ਵੀ ਸ਼ਹਿਰ ਵਸਾਏ। ਅੱਜ ਵੀ ਸੰਸਾਰ ਵਿਚ ਸੁੰਦਰ-ਸ਼ਹਿਰ ਲੋਕਾਂ ਲਈ ਖਿੱਚ ਦਾ ਕਾਰਨ ਹੁੰਦੇ ਹਨ। ਭਾਰਤ ਦੇ ਵੱਡੇ ਸ਼ਹਿਰਾਂ ਵਿਚ ਮੁੰਬਈ, ਕੋਲਕਾਤਾ, ਚਿਨੈਈ, ਦਿੱਲੀ ਆਦਿ ਪ੍ਰਮੁੱਖ ਸ਼ਹਿਰ ਹਨ। ਇਹ ਸ਼ਹਿਰ ਆਧੁਨਿਕ ਅਤੇ ਪ੍ਰਾਚੀਨ ਕਲਾ ਅਤੇ ਜੀਵਨ ਦੇ ਅਤੇ ਆਧੁਨਿਕਤਾ ਦੇ ਸੰਗਮ ਅਤੇ ਪ੍ਰਤੀਕ ਬਣ ਗਏ ਹਨ। ਭਾਰਤ ਵਿਚੋਂ ਨਵੇਂ ਉਸਾਰੇ ਗਏ ਸ਼ਹਿਰਾਂ ਵਿਚ ਚੰਡੀਗੜ੍ਹ ਇਕ ਆਧੁਨਿਕ ਸ਼ਹਿਰ ਹੈ ਜੋ ਕਿ ਆਪਣੀਆਂ ਵਿਸ਼ੇਸਤਾਵਾਂ ਲਈ ਸੰਸਾਰ ਵਿਚ ਪ੍ਰਸਿੱਧ ਹੈ ਅਤੇ ਜਿਸ ਨੂੰ ਦੇਖਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਆਉਂਦੇ ਹਨ।

ਚੰਡੀਗੜ੍ਹ ਦੀ ਸਥਾਪਨਾ— ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ। ਇਸ ਸ਼ਹਿਰ ਨੂੰ ਆਧੁਨਿਕ ਯੁੱਗ ਦੀ ਇਮਾਰਤ ਕਲਾ ਦਾ ਸਭ ਤੋਂ ਉੱਤਮ ਨਮੂਨਾ ਮੰਨਿਆ ਜਾਂਦਾ ਹੈ। 1947 ਈ: ਵਿਚ ਪੰਜਾਬ ਪ੍ਰਾਂਤ ਦੀ ਰਾਜਧਾਨੀ ਦੀ ਲੋੜ ਨੂੰ ਪੂਰਾ ਕਰਨ ਲਈ ਇਸ ਸ਼ਹਿਰ ਦੀ ਉਸਾਰੀ ਦਾ ਕੰਮ 1952 ਈ: ਵਿਚ ਅਰੰਭ ਹੋਇਆ। ਇਸ ਦਾ ਨਕਸ਼ਾ ਫਰਾਂਸੀਸੀ ਇੰਜੀਨੀਅਰ ਲੇ ਕਾਰਬੂਜ਼ੇ ਨੇ ਤਿਆਰ ਕੀਤਾ। ਇਸ ਸ਼ਹਿਰ ਦੀਆਂ ਇਮਾਰਤਾਂ ਬਣਾਉਣ ਲੱਗਿਆਂ ਆਧੁਨਿਕ ਉਸਾਰੀ ਕਲਾ ਨੂੰ ਧਿਆਨ ਵਿਚ ਰੱਖਿਆ ਗਿਆ। ਇਸ ਸ਼ਹਿਰ ਦੀ ਸੁੰਦਰਤਾ ਭਾਰਤ ਦੇ ਹੋਰ ਸ਼ਹਿਰਾਂ ਨਾਲੋਂ ਮਹਾਨ ਹੈ। ਸੱਚ ਤਾਂ ਇਹ ਹੈ ਕਿ ਸਾਰੇ ਏਸ਼ੀਆ ਮਹਾਂਦੀਪ ਵਿਚ ਇਸ ਦੇ ਨਾਲ ਦਾ ਨਵੀਨਤਮ, ਸੁੰਦਰ, ਸਾਫ਼ ਅਤੇ ਪੌਣਪਾਣੀ ਦੇ ਪੱਖੋਂ ਸੁੱਖਦਾਇਕ ਸ਼ਹਿਰ ਹੋਰ ਕੋਈ ਨਹੀਂ।

ਅਦਭੁਤ ਸ਼ਹਿਰ— ਚੰਡੀਗੜ੍ਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਬਹੁਤ ਹੀ ਸੁੰਦਰ ਅਤੇ ਰਮਣੀਕ ਸ਼ਹਿਰ ਹੈ। ਇਹ ਲਾਲ ਇੱਟਾਂ ਦਾ ਬਣਿਆ ਇਕ ਮਣਮੋਹਣਾ ਸ਼ਹਿਰ ਹੈ। ਯਾਤਰੀ ਦੂਰ-ਦੂਰ ਤੋਂ ਇਸ ਸ਼ਹਿਰ ਨੂੰ ਦੇਖਣ ਲਈ ਆਉਂਦੇ ਹਨ।ਇਸ ਦੀ ਸੁੰਦਰਤਾ ਸਾਰੇ ਭਾਰਤ ਦੇ ਸ਼ਹਿਰਾਂ ਨਾਲੇ ਮਹਾਨ ਹੈ। ਵਿਉਂਤਬੰਦੀ ਦੇ ਅਨੁਸਾਰ ਇਸ ਸ਼ਹਿਰ ਵਰਗਾ ਕੋਈ ਹੋਰ ਅਜਿਹਾ ਸ਼ਹਿਰ ਨਹੀਂ ਬਣਿਆ।

ਆਧੁਨਿਕ ਯੁੱਗ ਦੀ ਇਮਾਰਤ ਕਲਾ— ਇੱਥੋਂ ਦੀਆਂ ਇਮਾਰਤਾਂ ਕਲਾ ਦਾ ਉੱਤਮ ਨਮੂਨਾ ਹਨ। ਸਭ ਤੋਂ ਉੱਚੀ ਤੇ ਵਿਸ਼ਾਲ ਇਮਾਰਤ ਸਕੱਤਰੇਤ ਹੈ। ਇਹ ਨੌਂ- ਮੰਜਲੀ ਇਮਾਰਤ ਹੈ ਜਿਸ ਵਿਚ ਲਿਫਟਾਂ ਰਾਹੀਂ ਉੱਪਰ-ਹੇਠਾਂ ਆਇਆ ਜਾਇਆ ਜਾਂਦਾ ਹੈ। ਕਮਰੇ ਇਸ ਢੰਗ ਨਾਲ ਬਣਾਏ ਗਏ ਹਨ ਕਿ ਸੂਰਜ ਧੁਰ ਅੰਦਰਲਿਆਂ ਨੁੱਕਰਾਂ ਤੱਕ ਚਾਨਣ ਕਰਦਾ ਹੈ। ਇਸ ਦੇ ਲਾਗੇ ਹੀ ਵਿਧਾਨ ਸਭਾ ਭਵਨ ਇਕ ਵਧੀਆ ਨਮੂਨੇ ਦੀ ਇਮਾਰਤ ਹੈ। ਇਸ ਨੂੰ ਸੁੰਦਰ ਬਣਾਉਣ ਲਈ ਕਲਾ ਦਾ ਕਮਾਲ ਸਾਫ਼ ਪ੍ਰਗਟ ਹੁੰਦਾ ਹੈ। ਕੁਝ ਵਿੱਥ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ। ਇਹ ਇਕ ਵਿਸ਼ਾਲ ਅਤੇ ਦਰਸ਼ਨੀ ਇਮਾਰਤ ਹੈ।

ਦੇਖਣਯੋਗ ਥਾਂਵਾਂ— ਚੰਡੀਗੜ੍ਹ ਵਿਚ ਦੇਖਣਯੋਗ ਕਈ ਥਾਂਵਾਂ ਹਨ: ਜਿਵੇਂ-ਰੋਜ਼ ਗਾਰਡਨ, ਰਾਕ ਗਾਰਡਨ, ਮਿਊਜ਼ੀਅਮ, ਆਰਟ ਗੈਲਰੀ ਅਤੇ ਝੀਲ। ਇਹ ਝੀਲ ਬਹੁਤ ਹੀ ਸੁੰਦਰ ਹੈ। ਇਸ ਦੀ ਸੈਰ ਮਨ ਨੂੰ ਬੜਾ ਸੁੱਖ ਦਿੰਦੀ ਹੈ। ਇਹ ਝੀਲ ਕੁਦਰਤੀ ਨਹੀਂ, ਬਨਾਵਟੀ ਹੈ, ਪਰ ਰੌਣਕ ਤੋਂ ਛੱਬ ਕੁਦਰਤੀ ਪ੍ਰਤੀਤ ਹੁੰਦੀ ਹੈ। ਝੀਲ ਵਿਚ ਸੈਰ ਕਰਨ ਲਈ ਕਿਸ਼ਤੀਆਂ ਵੀ ਤਿਆਰ ਰਹਿੰਦੀਆਂ ਹਨ। ਚੰਡੀਗੜ੍ਹ ਵਿਚ ਪੀ.ਜੀ.ਆਈ. ਹਸਪਤਾਲ ਸਭ ਤੋਂ ਵੱਡਾ ਹਸਪਤਾਲ ਹੈ। ਇਸ ਦੀ ਇਮਾਰਤ ਬਹੁਤ ਵੱਡੀ ਅਤੇ ਦੇਖਣਯੋਗ ਹੈ। ਇੱਥੋਂ ਦੇ ਡਾਕਟਰ ਬਹੁਤ ਯੋਗ ਅਤੇ ਨਿਪੁੰਨ ਹਨ। ਬੀਮਾਰੀ ਦਾ ਇਲਾਜ ਬੜੇ ਉੱਤਮ ਢੰਗ ਨਾਲ ਹੁੰਦਾ ਹੈ।

ਪੰਜਾਬ ਯੂਨੀਵਰਸਿਟੀ— ਚੌਦਾਂ ਸੈਕਟਰ ਵਿਚ ਪੰਜਾਬ ਯੂਨੀਵਰਸਿਟੀ ਦੀ ਇਮਾਰਤ ਹੈ ਜਿਸ ਨੂੰ ਦੇਖਣ ਨਾਲ ਭੁੱਖ ਲੱਥਦੀ ਹੈ। ਵੱਖ-ਵੱਖ ਡਿਪਾਰਟਮੈਂਟਾਂ ਲਈ ਵੱਖ-ਵੱਖ ਸੁੰਦਰ ਇਮਾਰਤਾਂ ਬਣੀਆਂ ਹੋਈਆਂ ਹਨ। ਇੱਥੋਂ ਦੀ ਲਾਇਬਰੇਰੀ ਅਤੇ ਸਵੀਮਿੰਗ ਪੂਲ ਦੇਖਣਯੋਗ ਹਨ। ਇਸ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿਚ ਵੰਡਿਆ ਹੋਇਆ ਹੈ। ਵਿਉਂਤਬੰਦੀ ਇੰਝ ਕੀਤੀ ਗਈ ਹੈ ਕਿ ਹਰ ਸੈਕਟਰ ਵਿਚ ਵੱਖਰੀ ਮਾਰਕੀਟ, ਸਕੂਲ, ਹਸਪਤਾਲ, ਡਾਕਘਰ ਆਦਿ ਲੋੜਾਂ ਦੀ ਪ੍ਰਾਪਤੀ ਲਈ ਬਣਾਏ ਗਏ ਹਨ। ਅਸੀਂ ਇੰਝ ਆਖ ਸਕਦੇ ਹਾਂ ਕਿ ਹਰ ਇਕ ਸੈਕਟਰ ਆਪਣੇ ਆਪ ਵਿਚ ਇਕ ਨਿੱਕਾ ਜਿਹਾ ਨਗਰ ਹੈ ਜੋ ਵੱਡੇ ਨਗਰ ਦਾ ਇਕ ਭਾਗ ਹੈ। ਰਾਜਧਾਨੀ ਦਾ ਬੱਸ ਸਟੈਂਡ ਸੈਕਟਰ 17 ਵਿਚ ਹੈ। ਇਹ ਸ਼ਹਿਰ ਦੇ ਵਿਚਕਾਰ ਹੈ। ਇਸ ਸੈਕਟਰ ਵਿਚ ਪ੍ਰਬੰਧਕੀ ਦਫ਼ਤਰ, ਬੈਂਕ, ਸਿਨੇਮਾ ਘਰ, ਡਾਕ ਤੇ ਤਾਰ ਦਾ ਮੁੱਖ ਦਫ਼ਤਰ ਅਤੇ ਹੋਰ ਕਈ ਦਫ਼ਤਰ ਹਨ। ਇਸ ਸੈਕਟਰ ਵਿਚ ਹੇਠਲੀ ਮੰਜ਼ਲ ਵਿਚ ਵਿਸ਼ਾਲ ਦੁਕਾਨਾਂ ਤੇ ਉੱਪਰਲੀਆਂ ਮੰਜ਼ਲਾਂ ਵਿਚ ਦਫ਼ਤਰ ਹਨ। ਇੱਥੇ ਇਕ ਫ਼ੁਆਰਾ ਸੁੰਦਰਤਾ ਦਾ ਪ੍ਰਤੀਕ ਹੈ।

ਦੋ ਰਾਜਾਂ ਦੀ ਰਾਜਧਾਨੀ— ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੇ ਰਾਜਾਂ ਦੀ ਰਾਜਧਾਨੀ ਹੈ। ਕੇਂਦਰੀ ਸਕਰਾਰ ਨੇ ਇਸ ਨੂੰ ਆਪਣੇ ਅਧੀਨ ਯੂਨੀਅਨ ਟੈਰੀਟਰੀ ਦੇ ਤੌਰ ਤੇ ਰੱਖਿਆ ਹੋਇਆ ਹੈ।

ਸਾਰਾਂਸ਼—ਅਸਲ ਵਿਚ ਚੰਡੀਗੜ੍ਹ ਭਾਰਤ ਲਈ ਮਾਣ ਦਾ ਪ੍ਰਤੀਕ ਹੈ। ਚੰਡੀਗੜ੍ਹ ਦੇ ਬਾਰੇ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਸੀ- ਚੰਡੀਗੜ੍ਹ ਅਤੀਤ ਪਰੰਪਰਾਵਾਂ ਤੋਂ ਮੁਕਤ ਨਵੇਂ ਭਾਰਤ ਦੀ ਸੁਤੰਤਰਤਾ ਦਾ ਪ੍ਰਤੀਕ ਹੈ।” ਅੱਜਕਲ੍ਹ ਲੋਕ ਰਿਟਾਇਰ ਹੋਣ ਦੇ ਪਿਛੋਂ ਇਸੇ ਸ਼ਹਿਰ ਵਿਚ ਵਸ ਜਾਂਦੇ ਹਨ। ਇਕ ਬੰਨੇ ਪੰਜਾਬ ਅਤੇ ਹਰਿਆਣਾ ਸਰਕਾਰ ਇਸ ਦੀ ਦੇਖ-ਭਾਲ ਕਰਦੀ ਹੈ ਤੇ ਦੂਜੇ ਬੰਨੇ ਕੇਂਦਰੀ ਸਰਕਾਰ ਇਸ ਦੇ ਵਿਕਾਸ ਅਤੇ ਸੁੰਦਰਤਾ ਦਾ ਧਿਆਨ ਰੱਖਦੀ ਹੈ।

Leave a Reply