ਜ਼ਿਲ੍ਹੇ ਦੇ ਮੱਛੀ-ਪਾਲਣ ਅਫ਼ਸਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਸਰਕਾਰ ਵੱਲੋਂ ਮਿਲਦੀ ਸਬਸਿਡੀ ਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪੱਤਰ

ਤੁਸੀਂ ਮੱਛੀ ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ। ਆਪਣੇ ਜ਼ਿਲ੍ਹੇ ਦੇ ਮੱਛੀ-ਪਾਲਣ ਅਫ਼ਸਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਸਰਕਾਰ ਵੱਲੋਂ ਮਿਲਦੀ ਸਬਸਿਡੀ ਤੇ ਹੋਰ ਸਹੂਲਤਾਂ ਬਾਰੇ ਪੱਤਰ ਰਾਹੀਂ ਜਾਣਕਾਰੀ ਪ੍ਰਾਪਤ ਕਰੋ।

ਪਿੰਡ ਤੇ ਡਾਕਘਰ ਜਨੇਰੀਆਂ,

ਜ਼ਿਲ੍ਹਾ ਮੁਕਤਸਰ।

ਮਿਤੀ :  14-07-20…..

ਸੇਵਾ ਵਿਖੇ,

ਜ਼ਿਲਾ ਮੱਛੀ-ਪਾਲਣ ਅਫ਼ਸਰ,

ਛੋਟੀ ਬਾਰਾਂਦਰੀ,

ਮੁਕਤਸਰ|

ਵਿਸ਼ਾ : ਮੱਛੀ ਪਾਲਣ ਦੇ ਕਾਰੋਬਾਰ ਤੇ ਮਿਲਦੀ ਸਬਸਿਡੀ ਸੰਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਬੀ.ਏ. ਪਾਸ ਨੌਜਵਾਨ ਹਾਂ। ਮੈਂ ਆਪਣੇ ਪਿਤਾ ਜੀ ਨਾਲ ਘਰ ਦੀ ਅੱਠ ਏਕੜ ਜ਼ਮੀਨ ‘ਤੇ ਖੇਤੀ ਕਰਦਾ ਹਾਂ। ਮੈਂ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਰਦਾ ਹਾਂ। ਪਿਛਲੇ ਕੁਝ ਸਮੇਂ ਤੋਂ ਮੈਂ ਵੇਖ ਤੇ ਪੜ੍ਹ ਰਿਹਾ ਹਾਂ ਕਿ ਪੰਜਾਬ ਵਿੱਚ ਮੱਛੀ ਪਾਲਣ ਦੇ ਧੰਦੇ ਦੇ ਪ੍ਰਫੁੱਲਤ ਹੋਣ ਦੀਆਂ ਅਸੀਮ ਸੰਭਾਵਨਾਵਾਂ ਹਨ। ਮੈਂ ਆਪਣੇ ਇਲਾਕੇ ਵਿੱਚ ਬਣੇ ਹੋਏ ਮੱਛੀ ਫ਼ਾਰਮਾਂ ਦੇ ਮਾਲਕਾਂ ਨਾਲ ਵੀ ਗੱਲ ਕੀਤੀ ਹੈ। ਉਹ ਆਖਦੇ ਹਨ ਕਿ ਇਹ ਕਿੱਤਾ ਬਹੁਤ ਲਾਹੇਵੰਦ ਹੈ, ਪਰ ਇਸ ਵਿੱਚ ਸਿਖਲਾਈ ਲੈਣੀ ਬਹੁਤ ਜ਼ਰੂਰੀ ਹੈ।

ਮੈਂ ਆਪ ਜੀ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਮੈਂ ਮੱਛੀ ਪਾਲਣ ਦਾ ਕੋਰਸ ਖੇਤੀ ਯੂਨੀਵਰਸਿਟੀ ਤੋਂ ਕਰ ਲਵਾਂ ਤਾਂ ਮੈਨੂੰ ਬੈਂਕ ਤੋਂ ਕਿੰਨਾ ਕਰਜ਼ਾ ਮਿਲ ਸਕਦਾ ਹੈ ਅਤੇ ਇਸ ਕਰਜ਼ੇ ‘ਤੇ ਕਿੰਨੀ ਸਬਸਿਡੀ ਮਿਲ ਸਕਦੀ ਹੈ। ਜੇਕਰ ਮੈਂ ਇੱਕ ਏਕੜ ਵਿੱਚ ਮੱਛੀ ਫ਼ਾਰਮ ਬਣਾਉਣਾ ਹੋਵੇ ਤਾਂ ਇਸ ‘ਤੇ ਅੰਦਾਜਨ ਕਿੰਨਾ ਕੁ ਖ਼ਰਚਾ ਆਵੇਗਾ। ਇਸ ਤੋਂ ਇਲਾਵਾ ਇਸ ਧੰਦੇ ਨਾਲ ਜੁੜਨ ‘ਤੇ ਜੇ ਕੋਈ ਹੋਰ ਸਹੂਲਤਾਂ ਵੀ ਮਿਲ ਸਕਦੀਆਂ ਹੋਣ ਤਾਂ ਉਹਨਾਂ ਬਾਰੇ ਵੀ ਜਾਣਕਾਰੀ ਚਾਹੁੰਦਾ ਹਾਂ।

ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਸ ਧੰਦੇ ਨੂੰ ਪੂਰੀ ਤਨਦੇਹੀ ਨਾਲ ਕਰਾਂਗਾ। ਮੈਨੂੰ ਪਤਾ ਹੈ ਕਿ ਸਾਡੇ ਇਲਾਕੇ ‘ਚ ਇਸ ਧੰਦੇ ਵਿੱਚ ਕਾਫ਼ੀ ਸੰਭਾਵਨਾਵਾਂ ਹਨ। ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਛੇਤੀ ਦਿੱਤੀ ਜਾਵੇ। ਜੇ ਕਿਸੇ ਅਧਿਕਾਰੀ ਤੋਂ ਮੈਨੂੰ ਇਹ ਜਾਣਕਾਰੀ ਮੋਬਾਇਲ ‘ਤੇ ਮਿਲ ਸਕਦੀ ਹੋਵੇ ਤਾਂ ਮੈਂ ਆਪਣਾ ਮੋਬਾਇਲ ਨੰਬਰ ਵੀ ਲਿਖ ਰਿਹਾ ਹਾਂ।

ਮੈਂ ਇਸ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗਾ।

ਧੰਨਵਾਦ ਸਹਿਤ,

ਤੁਹਾਡਾ ਹਿੱਤੂ,

ਸਿਮਰਜੋਤ ਸਿੰਘ

ਸਪੁੱਤਰ ਸ੍ਰ. ਜਸਕਰਨ ਸਿੰਘ

ਮੋਬਾਇਲ ਨੰਬਰ : 94168xxxxx

Leave a Reply