ਦੁੱਧ ਇਕੱਤਰ ਕੇਂਦਰਾਂ ਤੋਂ ਮਿਲਕ-ਪਲਾਂਟ ਤੱਕ ਟੈਂਕਰ ਦੁਆਰਾ ਦੁੱਧ ਦੀ ਢੁਆਈ ਸੰਬੰਧੀ ਪੱਤਰ।

ਤੁਸੀਂ ਇੱਕ ਸਧਾਰਨ ਕਿਸਾਨ ਦੇ ਪੁੱਤਰ ਹੋ, ਤੁਸੀਂ ਕਰਜ਼ਾ ਲੈ ਕੇ ਦੁੱਧ ਢੋਣ ਲਈ ਟੈਂਕਰ ਖ਼ਰੀਦਿਆ ਹੈ। ਆਪਣੇ ਨੇੜੇ ਦੇ ਮਿਲਕ- ਪਲਾਂਟ ਦੇ ਮੈਨੇਜਰ ਨੂੰ ਚਿੱਠੀ ਲਿਖੋ ਜਿਸ ਵਿੱਚ ਤੁਸੀਂ ਦੁੱਧ-ਇਕੱਤਰ ਕੇਂਦਰਾਂ ਤੋਂ ਮਿਲਕ-ਪਲਾਂਟ ਤੱਕ ਦੁੱਧ ਦੀ ਢੁਆਈ ਲਈ ਆਪਣੀ ਪੇਸ਼ਕਸ਼ ਕਰਦੇ ਹੋਏ ਇਸ ਸੰਬੰਧੀ ਉਹਨਾਂ ਦੇ ਰੇਟਾਂ, ਨਿਯਮਾਂ ਤੇ ਸ਼ਰਤਾਂ ਦੀ ਮੰਗ ਕਰੋ।

ਪਿੰਡ ਤੇ ਡਾਕਖ਼ਾਨਾ, ਪ੍ਰਤਾਪਪੁਰਾ

ਜ਼ਿਲ੍ਹਾ ਪਟਿਆਲਾ।

ਮਿਤੀ : 14-04-20…..

ਸੇਵਾ ਵਿਖੇ,

ਮੈਨੇਜਰ ਸਾਹਿਬ,

ਵੇਰਕਾ ਮਿਲਕ ਪਲਾਂਟ

ਰਾਜਪੁਰਾ ਰੋਡ, ਪਟਿਆਲਾ।

ਵਿਸ਼ਾ : ਦੁੱਧ ਇਕੱਤਰ ਕੇਂਦਰਾਂ ਤੋਂ ਮਿਲਕ-ਪਲਾਂਟ ਤੱਕ ਟੈਂਕਰ ਦੁਆਰਾ ਦੁੱਧ ਦੀ ਢੁਆਈ ਸੰਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਇੱਕ ਸਧਾਰਨ ਕਿਸਾਨ ਦਾ ਪੁੱਤਰ ਹਾਂ। 12 ਪਾਸ ਕਰਨ ਮਗਰੋਂ ਮੈਂ ਕੁਝ ਚਿਰ ਪਿਤਾ ਜੀ ਨਾਲ ਖੇਤੀ ਕਰਦਾ ਰਿਹਾ ਹਾਂ। ਫਿਰ ਮੈਂ ਦੋ ਸਾਲ ਟਰੱਕ ਡਰਾਈਵਰੀ ਸਿੱਖੀ ਤੇ ਕੁਝ ਮਹੀਨੇ ਪਹਿਲਾਂ ਹੀ ਮੈਂ ਦੁੱਧ ਢੋਣ ਵਾਲਾ ਤਿੰਨ ਹਜ਼ਾਰ ਲੀਟਰ ਵਾਲਾ ਟੈਂਕਰ ਖ਼ਰੀਦਿਆ ਸੀ। ਮੈਂ ਇਸ ਟੈਂਕਰ ਨਾਲ ਹਰਿਆਣੇ ਵਿੱਚ ਕੰਮ ਕਰਦਾ ਸਾਂ।

ਹੁਣ ਮੈਨੂੰ ਕੁਝ ਦਿਨ ਪਹਿਲਾਂ (10-04-20….) ਦੇ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ‘ਚੋਂ ਇਸ਼ਤਿਹਾਰ ਪੜ੍ਹ ਕੇ ਪਤਾ ਲੱਗਾ ਹੈ ਕਿ ਤੁਹਾਡੇ ਮਿਲਕ-ਪਲਾਂਟ ਵਿੱਚ ਅਜਿਹੇ ਟੈਂਕਰ ਦੀ ਲੋੜ ਹੈ। ਮੈਂ ਵੀ ਸੋਚਦਾ ਹਾਂ ਕਿ ਅਜਿਹਾ ਕੰਮ ਆਪਣੇ ਇਲਾਕੇ ‘ਚ ਹੀ ਕੀਤਾ ਜਾਵੇ। ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਦੁੱਧ ਇਕੱਤਰ ਕੇਂਦਰਾਂ ਤੋਂ ਮਿਲਕ ਪਲਾਂਟ ਤੱਕ ਟੈਂਕਰ ਰਾਹੀਂ ਦੁੱਧ ਢੋਣ ਵਾਸਤੇ ਕਿਹੜੀਆਂ ਸ਼ਰਤਾਂ ਤੇ ਕਿਰਾਏ ਦਾ ਕਿੰਨਾ ਤੇ ਕਿਵੇਂ ਭੁਗਤਾਨ ਕਰਦੇ ਹੋ। ਕਿਰਪਾ ਕਰਕੇ ਮੈਨੂੰ ਇਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਹ ਕੰਮ ਪੂਰੀ ਇਮਾਨਦਾਰੀ ਤੇ ਸਮੇਂ ਦੀ ਪਾਬੰਦੀ ਨਾਲ ਕਰਾਂਗਾ। ਇਹ ਜਾਣਕਾਰੀ ਦੇਣ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਧੰਨਵਾਦ ਸਹਿਤ,

ਤੁਹਾਡਾ ਹਿਤੂ,

ਰਮਨ ਕਪੂਰ

ਸਪੁੱਤਰ ਸ੍ਵਰਗਵਾਸੀ ਹੁਕਮ ਚੰਦ

Leave a Reply