Punjabi Essay, Paragraph, Speech on “Bhagat Ravidas Ji” “ਭਗਤ ਰਵਿਦਾਸ ਜੀ” for Class 9, 10 and 12 Students in Punjabi Language.

ਭਗਤ ਰਵਿਦਾਸ ਜੀ

Bhagat Ravidas Ji

ਬੱਚਿਓ ! ਪੇਸ਼ ਹੈ ਭਗਤ ਰਵਿਦਾਸ ਦੀ ਰੌਚਕ ਜੀਵਨ ਕਹਾਣੀ।ਬੱਚਿਓ! ਭਗਤ ਰਵਿਦਾਸ ਜੀ ਦਾ ਜਨਮ ਕਾਂਸ਼ੀ ਵਿੱਚ ਹੋਇਆ। ਆਪ ਦੇ ਪਿਤਾ ਜੁੱਤੀਆਂ ਗੰਢਣ ਦਾ ਕੰਮ ਕਰਦੇ ਹਨ। ਆਪ ਦੇ ਖਿਆਲ ਸ਼ੁਰੂ ਤੋਂ ਹੀ ਭਗਤੀ ਵਾਲੇ ਅਤੇ ਵੈਰਾਗੀ ਸਨ। ਗਰੀਬੀ ਆਪ ਨੂੰ ਵਿਰਸੇ ਵਿੱਚ ਹੀ ਮਿਲੀ ਸੀ ਪਰ ਆਪ ਬਹੁਤ ਸੰਤੋਖੀ ਸਨ ਅਤੇ ਜੋ ਵੀ ਮਿਲਦਾ ਸੀ ਉਸੇ ਤੇ ਹੀ ਸਬਰ ਕਰ ਲੈਂਦੇ ਸਨ। ਪਰ ਬਿਰਤੀ ਵਿੱਚ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ ਸਨ।

ਕਿਹਾ ਜਾਂਦਾ ਹੈ ਕਿ ਆਪ ਪਹਿਲੇ ਜਨਮ ਵਿੱਚ ਰਾਮਾਨੰਦ ਜੀ ਦੇ ਚੇਲੇ ਸਨ ਜਦੋਂ ਰਾਮਾਨੰਦ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਗੁਆਂਢੀ ਦੇ ਘਰ ਜਨਮੇ ਇਸ ਬੱਚੇ ਨੂੰ ਆਪ ਜਾ ਕੇ ‘ਰਾਮ ਨਾਮ’ ਦਾ ਉਪਦੇਸ਼ ਦਿੱਤਾ ਸੀ। ਇਸ ਤਰ੍ਹਾਂ ਮਹਾਪੁਰਸ਼ ਦੀ ਇਸ ਗੁੜ੍ਹਤੀ ਨੇ ਹੀ ਰਵਿਦਾਸ ਜੀ ਨੂੰ ਲੋਹੇ ਤੋਂ ਕੰਚਨ ਕਰ ਦਿੱਤਾ ਸੀ। ਬਚਪਨ ਵਿੱਚ ਹੀ ਆਪ ਦੇ ਜੀਵਨ ਵਿੱਚ ਵੈਰਾਗ, ਪ੍ਰਭੂ-ਪ੍ਰੇਮ ਅਤੇ ਮਾਇਆ ਦਾ ਤਿਆਗ ਵਰਗੇ ਗੁਣ ਪੈਦਾ ਹੋ ਗਏ ਸਨ।

ਬੱਚਿਓ ! ਆਪ ਦੇ ਮਾਤਾ ਪਿਤਾ ਨੇ ਇਨ੍ਹਾਂ ਦਾ ਵਿਆਹ ਕਰ ਦਿੱਤਾ ਪਰ ਰਵਿਦਾਸ ਦੀ ਭਗਤੀ ਭਾਵ ਵਾਲੀ ਰੁਚੀ ਉਨ੍ਹਾਂ ਨੂੰ ਪਸੰਦ ਨਹੀਂ ਸੀ। ਇਸ ਕਰਕੇ ਮਾਤਾ ਪਿਤਾ ਨੇ ਆਪ ਨੂੰ ਵੱਖ ਕਰ ਦਿੱਤਾ। ਰਵਿਦਾਸ ਜੀ ਘਰ ਦੇ ਪਿਛਲੇ ਪਾਸੇ ਇਕ ਝੌਂਪੜੀ ਵਿੱਚ ਰਹਿਣ ਲੱਗ ਪਏ। ਜੁੱਤੀਆਂ ਗੰਢਣ ਦਾ ਕੰਮ ਕਰਨ ਲੱਗੇ। ਮਿੱਠਾ ਬੋਲਦੇ ਅਤੇ ਜੋ ਕੁਝ ਕੋਈ ਦਿੰਦਾ ਲੈ ਲੈਂਦੇ। ਪਰ ਕਿਸੇ ਸਾਧ ਸੰਤ ਦੀ ਜੁੱਤੀ ਗੰਢਣ ਦਾ ਕੁਝ ਨਾ ਲੈਂਦੇ। ਆਪ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਪਰ ਹਮੇਸ਼ਾ ਪ੍ਰਸੰਨ ਰਹਿੰਦੇ।

ਕਿਹਾ ਜਾਂਦਾ ਹੈ ਕਿ ਸੋਨੇ ਨੂੰ ਜਿੰਨਾ ਕੁਠਾਲੀ ਵਿੱਚ ਸੇਕ ਦਿਉ, ਉਹ ਸ਼ੁੱਧ ਹੁੰਦਾ ਜਾਂਦਾ ਹੈ। ਏਸੇ ਤਰ੍ਹਾਂ ਹੀ ਭਗਵਾਨ ਨੇ ਆਪਣੇ ਭਗਤ ਰਵਿਦਾਸ ਨੂੰ ਹੋਰ ਪੱਕਾ ਕਰਨ ਲਈ ਉਸਨੂੰ ਲੋਭ ਦਾ ਸੇਕ ਦੇਣਾ ਚਾਹਿਆ। ਇਕ ਦਿਨ ਭਗਵਾਨ ਮਨੁੱਖ ਬਣਕੇ ਰਵਿਦਾਸ ਜੀ ਕੋਲ ਆਏ। ਭਗਤ ਜੀ ਕੋਲੋਂ ਜੁੱਤੀ ਗੰਢਾਈ ਅਤੇ ਕਿਹਾ ਕਿ ਰਾਤ ਤੁਹਾਡੇ ਪਾਸ ਰਹਿਣਾ ਹੈ। ਰਵਿਦਾਸ ਜੀ ਨੇ ‘ਹਾਂ’ ਕਰ ਦਿੱਤੀ। ਖ਼ੂਬ ਸੇਵਾ ਕੀਤੀ। ਮਨੁੱਖ ਬਣੇ ਭਗਵਾਨ ਨੇ ਖੁਸ਼ ਹੋ ਕੇ ਭਗਤ ਜੀ ਨੂੰ ਆਖਿਆ ਕਿ ਤੁਸੀਂ ਬੜੇ ਗਰੀਬ ਹੈ। ਇਹ ਲਵੋ ਪਾਰਸ। ਇਸਨੂੰ ਲੋਹੇ ਨਾਲ ਛੁਹਾਓ, ਸੋਨਾ ਬਣ ਜਾਵੇਗਾ। ਇਸ ਤਰ੍ਹਾਂ ਜਿੰਨਾ ਚਾਹੋ ਧੰਨ ਪੈਦਾ ਕਰ ਲਵੋ।

ਪਰ ਬੱਚਿਓ ! ਭਗਤ ਜੀ ਨੇ ਕਿਹਾ ਕਿ ਅਸਲੀ ਧਨ ਤਾਂ ਰਾਮ ਦਾ ਨਾਮ ਹੈ। ਉਸਦੇ ਹੁੰਦਿਆਂ ਹੋਰ ਕਿਸੇ ਧਨ ਦੀ ਲੋੜ ਨਹੀਂ ਹੈ।

ਭਗਵਾਨ ਨੇ ਰਵਿਦਾਸ ਦਾ ਯਕੀਨ ਪਰਖਣ ਲਈ ਪਾਰਸ ਨੂੰ ਉਸਦੀ ਲੋਹੇ ਦੀ ਰੰਬੀ ਨਾਲ ਛੁਹਾ ਦਿੱਤਾ। ਉਹ ਸੋਨਾ ਬਣ ਗਈ। ਇਸਤੋਂ ਬਾਦ ਪਾਰਸ ਰਵਿਦਾਸ ਜੀ ਦੇ ਹੱਥ ਤੇ ਰੱਖਦਿਆਂ ਭਗਵਾਨ ਨੇ ਕਿਹਾ ਕਿ ਇਸ ਨੂੰ ਸੰਭਾਲ ਲਵੋ। ਘਰ ਦਾ ਗੁਜ਼ਾਰਾ ਤਾਂ ਚੰਗਾ ਚੱਲੇਗਾ। ਰਵਿਦਾਸ ਜੀ ਨਹੀਂ ਮੰਨੇ। ਭਗਵਾਨ ਨੇ ਕਿਹਾ ਕਿ ਚਲੋ ਰੱਖ ਲਵੋ, ਮੈਂ ਫਿਰ ਲੈ ਜਾਵਾਂਗਾ।

ਬੱਚਿਓ! ਰਵਿਦਾਸ ਜੀ ਨੇ ਪਾਰਸ ਫੜ ਕੇ ਛੰਨ ਦੀ ਛੱਤ ਵਿੱਚ ਟੰਗ ਦਿੱਤਾ ਅਤੇ ਕਿਹਾ ਕਿ ਜਦੋਂ ਤੁਸੀਂ ਆਉਗੇ, ਇੱਥੋਂ ਆ ਕੇ ਕੱਢ ਲੈਣਾ । ਇੱਥੇ ਹੀ ਪਿਆ ਹੋਵੇਗਾ।

ਜਦੋਂ ਮਨੁੱਖ ਬਣਿਆ ਭਗਵਾਨ ਕੁਝ ਚਿਰ ਬਾਦ ਫਿਰ ਆਇਆ ਤਾਂ ਉਸਨੇ ਦੇਖਿਆ ਕਿ ਪਾਰਸ ਉਥੇ ਹੀ ਟੰਗਿਆ ਪਿਆ ਸੀ। ਏਸੇ ਗੱਲ ਤੋਂ ਭਗਵਾਨ ਬਹੁਤ ਖੁਸ਼ ਹੋਇਆ ਅਤੇ ਰਵਿਦਾਸ ਜੀ ਦੀ ਕੀਰਤੀ ਫੈਲਣੀ ਸ਼ੁਰੂ ਹੋ ਗਈ। ਭਗਵਾਨ ਨੇ ਵੀ ਆਪਣੇ ਪਿਆਰੇ ਭਗਤ ਦੀ ਪ੍ਰਸਿੱਧੀ ਕਰਨ ਦਾ ਫੈਸਲਾ ਕਰ ਲਿਆ।

ਫਿਰ ਕੁੰਭ ਦਾ ਮੇਲਾ ਆ ਗਿਆ। ਦੂਰੋਂ ਦੂਰੋਂ ਲੋਕ ਹਰਦਵਾਰ ਨੂੰ ਜਾ ਰਹੇ ਸਨ। ਕੁੰਭ ਤੇ ਜਾਣ ਵਾਲਾ ਇਕ ਭਗਤ, ਰਵਿਦਾਸ ਜੀ ਦੇ ਕੋਲੋਂ ਲੰਘਣ ਲੱਗਾ ਤਾਂ ਉਸਨੇ ਟੁੱਟੀ ਹੋਈ ਜੁੱਤੀ ਉਹਨਾਂ ਪਾਸੋਂ ਗੰਢਾਈ। ਰਵਿਦਾਸ ਜੀ ਦੇ ਪੁੱਛਣ ਤੇ ਉਸ ਆਦਮੀ ਨੇ ਦੱਸਿਆ ਕਿ ਉਹ ਕੁੰਭ ਤੇ ਜਾ ਰਿਹਾ ਹੈ। ਜੁੱਤੀ ਗੰਢ ਕੇ ਰਵਿਦਾਸ ਜੀ ਨੇ ਆਖਿਆ ਕਿ ਮੇਰਾ ਇਹ ਕੌਡੀਆਂ ਦਾ ਗੁੱਛਾ ਗੰਗਾ ਦੀ ਭੇਟਾ ਕਰ ਦੇਣਾ।

ਬੱਚਿਓ ! ਉਸ ਆਦਮੀ ਨੇ ਕਿਹਾ ਕਿ ਜੇ ਇਹ ਗੁੱਛਾ ਕਿਸੇ ਮੰਗਤੇ ਨੂੰ ਦੇ ਦਿਆਂ ਤਾਂ ਫਿਰ ਕੰਮ ਨਹੀਂ ਚੱਲੇਗਾ। ਰਵਿਦਾਸ ਜੀ ਨੇ ਕਿਹਾ ਕਿ ਮੰਗਤੇ ਨੂੰ ਨਹੀਂ ਦੇਣਾ ਸਗੋਂ ਗੰਗਾ ਦੀ ਭੇਟ ਕਰਨਾ ਹੈ।

ਮਾਮੂਲੀ ਜਿਹਾ ਗੁਛਾ ਦੇਖ ਕੇ ਆਦਮੀ ਹੈਰਾਨ ਹੋ ਗਿਆ ਕਿ ਇਸਨੂੰ ਗੰਗਾ ਦੀ ਭੇਟਾ ਕਰਨ ਦਾ ਕੀ ਫਾਇਦਾ ? ਅਜੇ ਉਹ ਸੋਚ ਹੀ ਰਿਹਾ ਸੀ ਕਿ ਰਵਿਦਾਸ ਜੀ ਫਿਰ ਬੋਲੇ ਕਿ ਇਹ ਮੇਰਾ ਕੌਡੀਆਂ ਦਾ ਗੁੱਛਾ ਗੰਗਾ ਦੇ ਪਾਣੀ ਵਿੱਚ ਸੁੱਟ ਨਹੀਂ ਦੇਣਾ, ਬਲਕਿ ਗੰਗਾ ਨੂੰ ਦੇਣਾ ਹੈ।

ਆਦਮੀ ਫਿਰ ਹੈਰਾਨ ਹੋਇਆ ਕਿ ਪਾਣੀ ਵਿੱਚ ਨਹੀਂ ਸੁੱਟਣਾ ਤਾਂ ਹੋਰ ਕਿਸਨੂੰ ਦੇਣਾ ਹੈ ? ਰਵਿਦਾਸ ਜੀ ਨੇ ਆਖਿਆ ਕਿ ਜੇ ਗੰਗਾ ਮਾਈ ਪਾਣੀ ਵਿੱਚੋਂ ਬਾਂਹ ਕੱਢ ਕੇ ਕੌਡੀਆਂ ਦਾ ਗੁੱਛਾ ਲਵੇ ਤਾਂ ਦੇ ਦੇਣਾ, ਨਹੀਂ ਤਾਂ ਮੋੜ ਲਿਆਉਣਾ। ਤੁਸੀਂ ਗੰਗਾ ਦੇ ਕੰਢੇ ਖਲੋ ਕੇ ਆਵਾਜ਼ ਦੇਣੀ। ਉਹ ਜ਼ਰੂਰ ਬਾਂਹ ਕੰਢੇਗੀ।

ਬੱਚਿਓ ! ਉਸ ਕੁੰਭ ਤੇ ਜਾਣ ਵਾਲੇ ਭਗਤ ਨੂੰ ਹੈਰਾਨੀ ਹੋ ਰਹੀ ਸੀ। ਉਹ ਮੁੜ-ਮੁੜ ਰਵਿਦਾਸ ਜੀ ਵੱਲ ਵੇਖ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਪਹਿਲਾਂ ਤਾਂ ਅੱਜ ਤੱਕ ਕੋਈ ਅਜਿਹੀ ਗੱਲ ਸੁਣੀ ਨਹੀਂ।

ਕੁੰਭ ਜਾਣ ਵਾਲਾ ਭਗਤ ਪਹਿਲਾਂ ਤਾਂ ਬਹੁਤ ਮਾਮੂਲੀ ਚੀਜ਼ ਸਮਝ ਕੇ ਕੌਡੀਆਂ ਦਾ ਗੁੱਛਾ ਲੈ ਜਾਣ ਤੋਂ ਝਿਜਕ ਰਿਹਾ ਸੀ ਪਰ ਹੁਣ ਕਹਿਣ ਲੱਗਾ ਕਿ ਚੰਗਾ ਭਗਤ ਜੀ, ਜੇ ਗੰਗਾ ਮਾਈ ਬਾਂਹ ਕੱਢ ਕੇ ਤੁਹਾਡੀ ਭੇਟਾ ਲਵੇਗੀ ਤਾਂ ਦਿਆਂਗਾ। ਨਹੀਂ ਤੇ ਨਹੀਂ ਦਿਆਂਗਾ।

ਰਵਿਦਾਸ ਦਾ ਗੁੱਛਾ ਲਿਜਾਣ ਵਾਲਾ ਆਦਮੀ ਗੰਗਾ ਕੋਲ ਪਹੁੰਚ ਗਿਆ। ਲੋਕ ਇਸ਼ਨਾਨ ਕਰ ਰਹੇ ਸਨ।ਉਸਨੇ ਕੰਢੇ ਤੇ ਖਲੋ ਕੇ ਉੱਚੀ ਆਵਾਜ਼ ਵਿੱਚ ਗੰਗਾ ਮਾਈ ਨੂੰ ਰਵਿਦਾਸ ਜੀ ਦਾ ਸੁਨੇਹਾ ਦਿੱਤਾ।

ਸਭ ਲੋਕਾਂ ਨੇ ਗੰਗਾ ਦਰਿਆ ਵਿੱਚੋਂ ਗੰਗਾ ਜੀ ਦੀ ਲੰਮੀ ਬਾਂਹ ਬਾਹਰ ਨਿਕਲਦੀ ਵੇਖੀ ਅਤੇ ਕੌਡੀਆਂ ਦਾ ਗੁੱਛਾ ਫੜ ਲਿਆ। ਫਿਰ ਗੰਗਾ ਜੀ ਦੀ ਆਵਾਜ਼ ਨੂੰ ਸਭ ਨੇ ਸੁਣਿਆ ਕਿ ਮੇਰੇ ਵੱਲੋਂ ਭਗਤ ਜੀ ਨੂੰ ਇਹ ਕੰਗਣ ਸਿਰੋਪਾ ਦੇਣਾ। ਗੁੱਛਾ ਭੇਟ ਕਰਨ ਵਾਲੇ ਨੇ ਕੰਗਣ ਫੜ ਲਿਆ। ਬਾਂਹ ਫਿਰ ਅਲੋਪ ਹੋ ਗਈ। ਕੰਗਣ ਵਿੱਚ ਲੱਖਾਂ ਰੁਪਏ ਦੇ ਕੀਮਤੀ ਨਗੀਨੇ ਲੱਗੇ ਹੋਏ ਸਨ ਜਿਹੜੇ ਰਾਤ ਵੇਲੇ ਬਿਜਲੀ ਵਾਂਗ ਲਿਸ਼ਕਦੇ ਸਨ। ਕੌਡੀਆਂ ਦਾ ਗੁਫਾ ਲੈ ਕੇ ਜਾਣ ਵਾਲੇ ਦਾ ਮਨ ਬੇਈਮਾਨ ਹੋ ਗਿਆ। ਉਸਨੇ ਕੰਗਣ ਰਵਿਦਾਸ ਜੀ ਨੂੰ ਦੇਣ ਦੀ ਬਿਜਾਏ ਰਾਜੇ ਕੋਲ ਵੇਚ ਦਿੱਤਾ।

ਪਰ ਬੱਚਿਓ ! ਜਦੋਂ ਰਾਜੇ ਦੀ ਰਾਣੀ ਨੇ ਦੂਜੇ ਕੰਗਣ ਦੀ ਮੰਗ ਕੀਤੀ ਤਾਂ ਉਹ ਆਦਮੀ ਫੜਿਆ ਗਿਆ।ਉਸਨੇ ਸਭ ਗੱਲਾਂ ਦੱਸ ਦਿੱਤੀਆਂ। ਰਾਜਾ ਰਾਣੀ ਰਵਿਦਾਸ ਜੀ ਕੋਲ ਆਏ। ਰਵਿਦਾਸ ਜੀ ਨੇ ਆਪਣੇ ਤੱਪੜ ਦੇ ਹੇਠੋਂ ਦੂਜਾ ਕੰਗਣ ਕੱਢ ਕੇ ਦੇ ਦਿੱਤਾ। ਬੱਸ ਫਿਰ ਕੀ ਸੀ। ਰਵਿਦਾਸ ਜੀ ਗੰਢਦੇ ਤਾਂ ਆਖੀਰ ਤੱਕ ਜੁੱਤੀਆਂ ਹੀ ਰਹੇ ਪਰ ਰਾਜੇ ਤੇ ਪੰਡਤ, ਸਭ ਵਿਦਵਾਨ ਲੋਕ ਆਪ ਦੇ ਸ਼ਰਧਾਲੂ ਬਣਦੇ ਗਏ। ਰਾਜੇ ਨੇ ਆਪ ਨੂੰ ਧਰਮਸ਼ਾਲਾ ਦਿੱਤੀ ਅਤੇ ਉੱਥੇ ਸਤਿਸੰਗ ਹੋਣ ਲੱਗ ਪਿਆ। ਇਸ ਤਰ੍ਹਾਂ ਰਵਿਦਾਸ ਜੀ ਪ੍ਰਭੂ ਰੰਗ ਵਿੱਚ ਰੰਗੇ ਗਏ ਅਤੇ ਇਹ ਗੱਲ ਪ੍ਰਗਟ ਹੋ ਗਈ ਕਿ ਰਵਿਦਾਸ ਜੀ ਅਤੇ ਪ੍ਰਭੂ ਵਿੱਚ ਕੋਈ ਭੇਦ ਨਹੀਂ।

ਰਾਣੀ ਝਾਲੀ ਦੀ ਵਾਰਤਾ ਨੇ ਇਸ ਗੱਲ ਦਾ ਨਿਤਾਰਾ ਛੇਤੀ ਹੀ ਕਰ ਦਿੱਤਾ। ਉਸਨੇ ਬ੍ਰਹਮ-ਭੋਜ ਕੀਤਾ। ਉਹ ਭਗਤ ਰਵਿਦਾਸ ਜੀ ਦੀ ਸ਼ਰਧਾਲੂ ਸੀ। ਇਸ ਲਈ ਹੋਰ ਪੰਡਤਾਂ ਅਤੇ ਉੱਚੀ ਜਾਤੀ ਦੇ ਲੋਕਾਂ ਨੂੰ ਸੱਦੇ ਭੇਜੇ ਅਤੇ ਨਾਲ ਹੀ ਰਵਿਦਾਸ ਦੀ ਨੂੰ ਵੀ ਸੱਦਾ ਦਿੱਤਾ। ਨਿਯਤ ਦਿਨ ਤੇ ਜਦੋਂ ਸਾਰੇ ਲੋਕ ਪੁੱਜੇ ਤਾਂ ਸੰਨਿਆਸੀਆਂ, ਜੋਗੀਆਂ ਅਤੇ ਹੋਰ ਪੰਡਤਾਂ ਨੂੰ ਪਤਾ ਲੱਗਾ ਕਿ ਬ੍ਰਹਮ-ਭੋਜ ਵਿੱਚ ਰਵਿਦਾਸ ਵੀ ਆਇਆ ਹੈ। ਸਭ ਨੇ ਕਿਹਾ ਕਿ ਜੇ ਰਵਿਦਾਸ ਸਾਡੇ ਵਿੱਚ ਆ ਕੇ ਬੈਠੇਗਾ ਤਾਂ ਅਸੀਂ ਭੋਜਨ ਨਹੀਂ ਛਕਾਂਗੇ।

ਬੱਚਿਓ ! ਰਾਣੀ ਚਿੰਤਾ ਵਿੱਚ ਪੈ ਗਈ ਕਿ ਕੀ ਕੀਤਾ ਜਾਵੇ? ਬੇਰਸੀ ਜਿਹੀ ਹੋ ਗਈ। ਪਰ ਛੇਤੀ ਹੀ ਉਹਦੀ ਸਮੱਸਿਆ ਹੱਲ ਹੋ ਗਈ। ਜਦੋਂ ਰਵਿਦਾਸ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਰਾਣੀ ਨੂੰ ਕਿਹਾ ਕਿ ਬੇਟੀ ! ਤੂੰ ਪਹਿਲਾਂ ਇਨ੍ਹਾਂ ਪੰਡਤਾਂ ਨੂੰ ਭੋਜਨ ਛਕਾ ਦੇ ਅਸੀਂ ਮਗਰੋਂ ਛਕ ਲਵਾਂਗੇ।

ਸਾਰਿਆਂ ਦੀਆਂ ਪੰਗਤੀਆਂ ਲੱਗ ਗਈਆਂ। ਰਵਿਦਾਸ ਜੀ ਇਕ ਪਾਸੇ ਬੈਠ ਗਏ। ਪਰ ਭਗਵਾਨ ਨੇ ਫਿਰ ਆਪਣੇ ਭਗਤ ਨੂੰ ਵਡਿਆਈ ਦੇਣੀ ਚਾਹੀ। ਜਦੋਂ ਸਭ ਨੇ ਭੋਜਨ ਛਕਣਾ ਸ਼ੁਰੂ ਕੀਤਾ ਤਾਂ ਸਾਰੇ ਆਪ ਹੀ ਬੋਲ ਪਏ ਕਿ ਰਵਿਦਾਸ ਮੇਰੇ ਨਾਲ ਖਾ ਰਿਹਾ ਹੈ।

ਸਾਰੇ ਖਾਣੋਂ ਹੱਟ ਗਏ ਪਰ ਦੂਜੇ ਬੰਨੇ ਜਦੋਂ ਰਵਿਦਾਸ ਜੀ ਨੂੰ ਕਮਰੇ ਵਿੱਚ ਬੈਠੇ ਵੇਖਣ ਤਾਂ ਕੁਝ ਸਮਝ ਵੀ ਨਾ ਸਕਣ ਕਿ ਇਹ ਕੀ ਗੱਲ ਹੋਈ। ਜਦੋਂ ਦੋ ਤਿੰਨ ਵਾਰ ਏਸੇ ਤਰ੍ਹਾਂ ਹੋਇਆ ਤਾਂ ਸਭ ਹੱਥ ਜੋੜ ਕੇ ਰਵਿਦਾਸ ਜੀ ਤੋਂ ਮਾਫੀ ਮੰਗਣ ਲੱਗੇ।

ਰਵਿਦਾਸ ਜੀ ਨੇ ਕਿਹਾ ਕਿ ਮੈਨੂੰ ਤਾਂ ਇਸ ਗੱਲ ਦਾ ਕੋਈ ਗਿਲਾ ਨਹੀਂ ਪਰ ਭਗਵਾਨ ਨੂੰ ਇਹ ਗੱਲ ਨਹੀਂ ਭਾਉਂਦੀ। ਕਿਉਂਕਿ ਉਹ ਭਗਵਾਨ ਅੰਤਰਯਾਮੀ ਸਭ ਕੁਝ ਜਾਣਦਾ ਹੈ। ਉਸ ਤੋਂ ਕੋਈ ਗੱਲ ਭੁੱਲੀ ਨਹੀਂ। ਉਹ ਸਭ ਦੇ ਅੰਦਰ ਵਸਦਾ ਹੈ। ਉਸਨੂੰ ਕੋਈ ਚਲਾਕੀ ਨਾਲ ਮੱਥੇ ਤੇ ਤਿਲਕ ਲਾ ਕੇ ਨਿਰੀ ਤੋਤਾ-ਰਟਨੀ ਨਾਲ ਭਰਮਾ ਨਹੀਂ ਸਕਦਾ।

ਆਖਰ ਰਵਿਦਾਸ ਜੀ ਨੂੰ ਪੰਗਤ ਵਿੱਚ ਬੈਠ ਕੇ ਭੋਜਨ ਛਕਣ ਲਈ ਲਿਆਂਦਾ ਗਿਆ। ਭਗਵਾਨ ਨੇ ਉੱਚੀ ਜਾਤੀ ਦਾ ਮਾਣ ਕਰਨ ਦਾ ਹੰਕਾਰ ਚੂਰ-ਚੂਰ ਕਰਕੇ ਰੱਖ ਦਿੱਤਾ। ਭਗਤ ਰਵਿਦਾਸ ਜੀ ਨੇ ਬਾਣੀ ਰਚੀ ਜਿਸਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੋਣ ਦਾ ਮਾਣ ਪ੍ਰਾਪਤ ਹੋਇਆ। ਆਪ ਜੀ ਭਗਤ ਕਬੀਰ ਜੀ ਦੇ ਲਗਭਗ ਸਮਕਾਲੀ ਹੀ ਸਨ ਇਸ ਕਰਕੇ ਆਪ ਨੇ ਆਪਣੀ ਬਾਣੀ ਵਿੱਚ ਭਗਤ ਨਾਮਦੇਵ, ਕਬੀਰ ਜੀ, ਸਧਨਾ ਜੀ, ਸੈਨ ਜੀ, ਤ੍ਰਿਲੋਚਨ ਜੀ ਦਾ ਜ਼ਿਕਰ ਕੀਤਾ ਹੈ। ਬੱਚਿਓ! ਇਹਨਾਂ ਦੀ ਯਾਦ ਵਿੱਚ ਅੱਜ ਵੀ ਕਈ ਗੁਰਦੁਆਰੇ ਮੌਜੂਦ ਹਨ।

Leave a Reply