ਹੰਕਾਰ ਦਾ ਸਿਰ ਨੀਵਾਂ
Hankar da Sar Niva
ਇਕ ਵਾਰੀ ਦੀ ਗੱਲ ਹੈ ਕਿ ਕੁਦਰਤੀ ਤਾਕਤਾਂ ਵਿਚੋਂ ਹਵਾ ਆਪਣੇ ਆਪ ਨੂੰ ਮਹਾਂਸ਼ਕਤੀਸ਼ਾਲੀ ਸਮਝਣ ਲੱਗ ਪਈ। ਇਸੇ ਹੰਕਾਰੀ ਭਾਵਨਾ ਦੇ ਅਧੀਨ ਉਸ ਨੇ ਇਕ ਦਿਨ ਸੂਰਜ ਦੇ ਨਾਲ ਮੱਥਾ ਲਾ ਲਿਆ। ਸੂਰਜ ਵੀ ਡਰਣ ਵਾਲਾ ਨਹੀਂ ਸੀ। ਉਸ ਨੇ ਹਵਾ ਦੀ ਤਾਕਤ ਨੂੰ ਐਲਾਨਿਆ।
ਉਸੇ ਸਮੇਂ ਉਹਨਾਂ ਨੇ ਇਕ ਵਿਅਕਤੀ ਨੂੰ ਸੜਕ ਉੱਤੇ ਤੁਰੇ ਆਂਦੇ ਦੇਖਿਆ। ਦੋਹਾਂ ਨੇ ਉਸ ਵਿਅਕਤੀ ਤੇ ਆਪਣੀ ਸ਼ਕਤੀ ਦੀ ਪਰਖ ਕਰਨ ਦਾ ਫੈਸਲਾ ਕਰ ਲਿਆ। ਸਭ ਤੋਂ ਵੱਧ ਸ਼ਕਤੀਸ਼ਾਲੀ ਹੋਣ ਦਾ ਫੈਸਲਾ ਇਸ ਗੱਲ ਤੇ ਹੋਣਾ ਪ੍ਰਵਾਨ ਕੀਤਾ ਗਿਆ ਕਿ ਦੋਹਾਂ ਵਿਚੋਂ ਕੌਣ ਉਸ ਦੇ ਸਰੀਰ ਤੋਂ ਕੱਪੜੇ ਉਤਰਵਾਉਣ ਵਿਚ ਸਫਲ ਹੁੰਦਾ ਹੈ।
ਪਹਿਲੇ ਹਵਾ ਨੇ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ। ਪਹਿਲਾਂ ਤਾਂ ਉਹ ਹੌਲੀਹੌਲੀ ਚੱਲੀ। ਮੁਸਾਫਰ ਨੂੰ ਠੰਢੀ-ਠੰਢੀ ਹਵਾ ਬਹੁਤ ਵਧੀਆ ਲੱਗੀ। ਉਸ ਤੋਂ ਪਿੱਛੋਂ ਹਵਾ ਨੇ ਤੇਜ਼-ਤੇਜ਼ ਵੱਗਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੁਸਾਫਰ ਠੰਢ ਮਹਿਸੂਸ ਕਰਨ ਲੱਗਾ।
ਉਸ ਨੇ ਸਿਰ ’ਤੇ ਚੁੱਕੀ ਪੰਡ ਵਿੱਚੋਂ ਕੱਪੜਾ ਕੱਢ ਕੇ ਆਪਣੇ ਸਰੀਰ ਦੇ ਦੁਆਲੇ ਲਪੇਟ ਲਿਆ। ਜਿਵੇਂ-ਜਿਵੇਂ ਹਵਾ ਤੇਜ਼ ਵੱਗਦੀ ਗਈ, ਤਿਵੇਂ-ਤਿਵੇਂ ਹੀ ਮੁਸਾਫਰ ਆਪਣੇ ਸਰੀਰ ਤੇ ਹੋਰ ਕੱਪੜੇ ਲਪੇਟਣ ਲੱਗ ਪਿਆ। ਹਵਾ ਮੁਸਾਫਰ ਦੇ ਕੱਪੜੇ ਉਤਾਰਨ ਵਿਚ ਨਾਕਾਮ ਰਹੀ ਅਤੇ ਉਹ ਰੁੱਕ ਗਈ।
ਹੁਣ ਸਰਜ ਦੀ ਵਾਰੀ ਆਈ। ਸੂਰਜ ਨੇ ਨਿੱਘੀਆਂ-ਨਿੱਘੀਆਂ ਕਿਰਨਾਂ ਧਰਤੀ ਉੱਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਠੰਢ ਨਾਲ ਕੰਬਦੇ ਹੋਏ ਮੁਸਾਫਰ ਨੇ ਸੁੱਖ ਦਾ ਸਾਹ ਲਿਆ। ਉਸ ਨੇ ਆਪਣੇ ਸਰੀਰ ਉੱਪਰ ਲਪੇਟੇ ਹੋਏ ਕੱਪੜੇ ਵਾਰੀ-ਵਾਰੀ ਕਰ ਕੇ ਉਤਾਰ ਕੇ ਪੰਡ ਵਿਚ ਬੰਨ੍ਹ ਲਏ।
ਜਦੋਂ ਸੂਰਜ ਗੁੱਸੇ ਵਿਚ ਆ ਕੇ ਲਾਲ-ਪੀਲਾ ਹੋ ਕੇ ਚਮਕਿਆ ਤਾਂ ਮੁਸਾਫਰ ਨੇ ਨਿੱਘ ਮਹਿਸੂਸ ਕੀਤਾ। ਉਸ ਨੇ ਆਪਣਾ ਕੋਟ ਉਤਾਰ ਲਿਆ। ਉਸ ਤੋਂ ਪਿੱਛੋਂ ਸੂਰਜ ਦੀਆਂ ਕਿਰਨਾਂ ਹੋਰ ਤੇਜ਼ ਹੋ ਕੇ ਗਰਮ ਹੋ ਗਈਆਂ। ਗਰਮ ਕਿਰਨਾਂ ਨੇ ਮੁਸਾਫਰ ਦਾ ਸਰੀਰ ਲੂਹ ਸੁੱਟਿਆ। ਉਹ ਪਾਣੀ-ਪਾਣੀ ਹੋ ਗਿਆ। ਉਸਨੇ ਆਪਣੀ ਕਮੀਜ਼ ਵੀ ਉਤਾਰ ਲਈ।
ਇਹ ਵੇਖ ਕੇ ਹਵਾ ਨੇ ਆਪਣੀ ਹਾਰ ਮੰਨ ਲਈ। ਸੂਰਜ ਦੀ ਤਾਕਤ ਅੱਗੇ ਗੋਡੇ ਟੇਕ ਦਿੱਤੇ ਅਤੇ ਈਨ ਮੰਨ ਲਈ।
ਸਿੱਖਿਆ-ਹੰਕਾਰ ਦਾ ਸਿਰ ਨੀਵਾਂ