ਗਲਾਧੜ ਕਛੂਆ
Batuni Kachua
ਇਕ ਛੱਪੜ ਦੇ ਕੰਢੇ ਇਕ ਕਛੁਆ ਰਹਿੰਦਾ ਸੀ। ਉਸਦੇ ਦੋ ਦੋਸਤ ਹੰਸ ਸਨ। ਉਹ ਵੀ ਹਰ ਰੋਜ਼ ਉਸ ਤਲਾਅ ਤੇ ਆਇਆ ਕਰਦੇ ਸਨ। ਇਕ ਵਾਰੀ ਮੀਂਹ ਨਾ ਪੈਣ ਕਰਕੇ ਉਸ ਤਲਾਅ ਦਾ ਪਾਣੀ ਸੁੱਕਣ ਤੇ ਆ ਗਿਆ। ਹੰਸਾਂ ਨੇ ਕਛੁਏ ਨੂੰ ਆਖਿਆ ਕਿ, “ਹੁਣ ਇਥੇ ਪਾਣੀ ਨਹੀਂ ਰਿਹਾ ਅਸੀਂ ਇੱਥੋਂ ਦੂਰ ਇਕ ਹੋਰ ਤਲਾਅ ਤੇ ਜਾ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਉਡ ਕੇ ਚਲੇ ਜਾਵਾਂਗੇ। ਪਰ ਤੇਰਾ ਕੀ ਹੋਵੇਗਾ। ਕਛੁਆ ਉਦਾਸ ਹੋ ਗਿਆ। ਉਸ ਨੇ ਕਿਹਾ, “ਅਸੀਂ ਤਿੰਨਾਂ ਨੇ ਇੱਥੇ ਬਹੁਤ ਲੰਮਾ ਸਮਾਂ ਇੱਕਠਿਆਂ ਗੁਜ਼ਾਰਿਆ ਹੈ। ਹੁਣ ਤੁਸੀ ਮੈਨੂੰ ਇੱਕਲਿਆਂ ਹੀ ਛੱਡ ਜਾਵੋਗੇ।” ਹੰਸਾਂ ਨੇ ਕਿਹਾ ਕਿ “ਤੈਨੂੰ ਉੱਥੇ ਕਿਵੇਂ ਲੈ ਜਾਈਏ?” ਕਛੁਏ ਨੇ ਕਿਹਾ ਕਿ ਇਕ ਸੁਝਾਅ ਹੈ। ਹੰਸਾਂ ਦੇ ਪੁੱਛਣ ਤੇ ਉਸ ਨੇ ਕਿਹਾ ਕਿ, “ਤੁਸੀਂ ਇਕ ਲੱਕੜੀ ਲਿਆਉ। ਮੈਂ ਉਸ ਨੂੰ ਵਿਚਾਲਿਓਂ ਆਪਣੇ ਦੰਦਾਂ ਨਾਲ ਫੜ ਲਵਾਂਗਾ। ਤੁਸੀਂ ਦੋਵੇਂ ਉਸ ਲੱਕੜੀ ਨੂੰ ਦੋਨਾਂ ਪਾਸਿਆਂ ਤੋਂ ਆਪਣੀਆਂ ਚੁੰਝਾਂ ਵਿਚ ਫੜ ਕੇ ਉੱਡ ਪੈਣਾ। ਇਸ ਤਰ੍ਹਾਂ ਅਸੀਂ ਤਿੰਨੇ ਉਸ ਤਲਾਅ ਤੇ ਪੁਹੰਚ ਜਾਵਾਂਗੇ।” ਹੰਸਾਂ ਨੂੰ ਕਛੁਏ ਦੀ ਇਹ ਵਿਉਂਤ ਬਹੁਤ ਪੰਸਦ ਆਈ।ਉਹਨਾਂ ਨੇ ਕਛੁਏ ਨੂੰ ਇਕ ਸਲਾਹ ਦਿੱਤੀ ਕਿ ਉਹ ਰਸਤੇ ਵਿਚ ਆਪਣਾ ਮੁੰਹ ਬਿਲਕੁਲ ਨਾ ਖੋਲ੍ਹੇ ਨਹੀਂ ਤਾਂ ਉਹ ਡਿੱਗ ਪਵੇਗਾ। ਕਛੁਆ ਮੰਨ ਗਿਆ।
ਮਿੱਥੇ ਸਮੇਂ ਤੇ ਇਹ ਯਾਤਰਾ ਸ਼ੁਰੂ ਹੋਈ। ਜਿਸ ਵੀ ਮੁਹੱਲੇ ਉੱਪਰੋਂ ਉਹ ਲੰਘਣ ਲੋਕ ਉਹਨਾਂ ਬਾਰੇ ਗੱਲਾਂ ਕਰਨ। ਕੋਈ ਕਹੇ ਕਿੰਨਾ ਵਧੀਆ ਦਿਸ਼ ਏ ? ਇਸ ਤਰ੍ਹਾਂ ਤਾਂ ਪਹਿਲਾਂ ਨਾ ਕਦੇ ਵੇਖਿਆ ਅਤੇ ਨਾ ਬਣਿਆ ਹੈ। ਹਰ ਕੋਈ ਉਹਨਾਂ ਦੀ ਦੋਸਤੀ ਅਤੇ ਕਛੁਏ ਦੀ ਮੱਦਦ ਦੀ ਗੱਲ ਕਰਨ ਲੱਗਾ। ਉਹ ਉੱਡਦੇ ਜਾ ਰਹੇ ਸਨ। ਇਕ ਨਹਿਰ ਤੇ ਕੁਝ ਔਰਤਾਂ ਨਹਾ ਰਹੀਆਂ ਸਨ। ਉਹ ਇਹ ਅਜੀਬ ਨਜ਼ਾਰਾ ਵੇਖ ਕੇ ਖਿੜ-ਖਿੜਾ ਕੇ ਹੱਸ ਪਈਆਂ। ਕਛੁਆ ਬਹੁਤ ਦੇਰ ਤੋਂ ਲੋਕਾਂ ਦੀਆਂ ਚੰਗੀਆਂ ਮੰਦੀਆਂ ਗੱਲਾਂ ਸੁਣ ਰਿਹਾ ਸੀ। ਉਹ ਲੋਕਾਂ ਦੀ ਮੂਰਖਤਾ ਦੀ ਗੱਲ ਆਪਣੇ ਦੋਸਤ ਹੰਸਾਂ ਨੂੰ ਦੱਸਣਾ ਚਾਹੁੰਦਾ ਸੀ। ਔਰਤਾਂ ਦਾ ਹਾਸਾ ਵੇਖ ਕੇ ਉਸ ਤੋਂ ਰਿਹਾ ਨਾ ਗਿਆ। ਉਸ ਨੇ ਕਿਹਾ, “ਵੇਖੋ ਮਿੱਤਰੋ….. ਪਰ ਵੇਖੋ ਸ਼ਬਦ ਦੇ ਆਖਦੇ ਹੀ ਲੱਕੜੀ ਕਛੁਏ ਦੇ ਮੂੰਹ ਵਿਚੋਂ ਛੁੱਟ ਗਈ। ਕਛੂਆ ਧੜਾਮ ਕਰਦਾ ਥੱਲੇ ਡਿੱਗ ਪਿਆ ਤੇ ਮਰ ਗਿਆ। ਹੰਸਾਂ ਨੂੰ ਆਪਣੇ ਗਲਾਧੜ ਮਿੱਤਰ ਦੀ ਮੌਤ ਤੇ ਬਹੁਤ ਅਫਸੋਸ ਹੋਇਆ ਪਰ ਹੁਣ ਹੋ ਕੀ ਸਕਦਾ ਸੀ।