ਭਗਤ ਧੰਨਾ ਜੀ
Bhagat Dhanna Ji
ਪਿਆਰੇ ਬੱਚਿਓ! ਅੱਜ ਅਸੀਂ ਤੁਹਾਨੂੰ ਭਗਤ ਧੰਨਾ ਜੀ ਦੀ ਰੌਚਕ ਕਹਾਣੀ ਸੁਣਾਵਾਂਗੇ।
ਬੱਚਿਓ ! ਭਗਤ ਧੰਨਾ ਜੀ ਜੱਟ ਸਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਜਦੋਂ ਉਹ ਖੂਹ ਵਲ ਜਾਂਦੇ ਤਾਂ ਰਸਤੇ ਵਿੱਚ ਛੱਪੜ ਦੇ ਕਿਨਾਰੇ ਇਕ ਤਿਰਲੋਚਨ ਨਾਮ ਦੇ ਬ੍ਰਾਹਮਣ ਨੂੰ ਠਾਕੁਰਾਂ ਦੀ ਪੂਜਾ ਕਰਦੇ ਦੇਖਿਆ ਕਰਦੇ ਸਨ। ਭੋਲੇ ਭਾਲੇ ਜੱਟ ਧੰਨੇ ਨੇ ਪੰਡਤ ਨੂੰ ਅਕਸਰ ਪੁੱਛਣਾ ਕਿ ਇਹ ਕੀ ਕਰਦੇ?
ਪੰਡਤ ਨੇ ਕਹਿਣਾ ਕਿ ਮੈਂ ਠਾਕਰ ਦੀ ਪੂਜਾ ਕਰਦਾ ਹਾਂ। ਫਿਰ ਧੰਨੇ ਜੱਟ ਨੇ ਕਹਿਣਾ ਕਿ ਠਾਕੁਰ ਕੌਣ ਹੁੰਦਾ ਹੈ ? ਪੰਡਤ ਨੇ ਆਖਣਾ ਕਿ ਵਾਹ ! ਭੋਲੇ ਜੱਟਾ ਤੈਨੂੰ ਅਜੇ ਠਾਕੁਰ ਦਾ ਹੀ ਪਤਾ ਨਹੀਂ। ਠਾਕਰ ਤਾਂ ਸਭ ਦੁਨੀਆਂ ਦਾ ਕਰਤਾ ਧਰਤਾ, ਸੁੱਖਾਂ ਦਾ ਦਾਤਾ, ਸਰਬ ਪਦਾਰਥਾਂ ਦਾ ਮਾਲਕ ਹੀ ਤਾਂ ਹੈ। ਜਿਸ ਉੱਤੇ ਇਸ ਦੀ ਕਿਰਪਾ ਹੋ ਜਾਵੇ, ਉਹ ਤਰ ਜਾਂਦਾ ਹੈ।
ਬੱਚਿਓ ! ਧੰਨੇ ਜੱਟ ਨੇ ਪੁੱਛਣਾ ਕਿ ਕੀ ਇਹ ਮੰਗਿਆ ਕੋਈ ਪਦਾਰਥ ਦੇ ਦੇਂਦਾ ਹੈ ਤਾਂ ਅੱਗੋਂ ਪੰਡਤ ਨੇ ਆਖਿਆ ਕਿ ਧੰਨਿਆਂ ! ਇਸ ਦੀ ਪੂਜਾ ਕਰੇਂਗਾ ਤਾਂ ਪਤਾ ਲੱਗੇਗਾ।
ਫਿਰ ਧੰਨੇ ਜੱਟ ਨੇ ਪੰਡਤ ਨੂੰ ਪੁੱਛਿਆ ਕਿ ਤੈਨੂੰ ਕੁਝ ਮਿਲਿਆ ਹੈ ਤਾਂ ਅੱਗੋਂ ਪੰਡਤ ਨੇ ਕਿਹਾ ਕਿ ਸਭ ਕੁਝ ਏਸੇ ਦਾ ਹੀ ਤਾਂ ਹੈ। ਏਸੇ ਨੇ ਸਭ ਕੁਝ ਦਿੱਤਾ ਹੈ। ਜਦੋਂ ਧੰਨੇ ਨੇ ਪੁੱਛਿਆ ਕਿ ਇਹ ਬੋਲਦਾ ਵੀ ਹੈ ਤਾਂ ਅੱਗੋਂ ਪੰਡਤ ਜੀ ਹੱਸ ਪਏ। ਜਦੋਂ ਧੰਨੇ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਅੱਗੋਂ ਪੰਡਤ ਨੇ ਦੱਸਿਆ ਕਿ ਭਲੇ ਜੱਟਾ ਇਹ ਠਾਕਰ ਗੱਲਾਂ ਸੁਣਦਾ ਵੀ ਹੈ ਅਤੇ ਕਰਦਾ ਵੀ ਹੈ।
ਬੱਚਿਓ ! ਧੰਨੇ ਜੱਟ ਨੇ ਕਿਹਾ ਕਿ ਇਕ ਠਾਕੁਰ ਮੈਨੂੰ ਵੀ ਦੇ ਦੋਵੇ| ਪੰਡਤ ਨੇ ਕਿਹਾ ਕਿ ਜੇਕਰ ਠਾਕਰ ਲੈਣਾ ਹੈ ਤਾਂ ਇਕ ਗਊ ਲੈ ਆ।
ਧੰਨਾ ਜੱਟ ਸੋਚਣ ਲੱਗਾ ਕਿ ਇਸ ਗਊ ਵੱਟੇ ਠਾਕੁਰ ਮਿਲ ਜਾਏ ਤਾਂ ਸੌਦਾ ਮਹਿੰਗਾ ਨਹੀਂ। ਧੰਨਾ ਖੂਹ ਤੋਂ ਇਕ ਸੱਜਰ ਸੂਈ ਗਊ ਦੇ ਕੇ ਪੰਡਤ ਕੋਲੋਂ ਇਕ ਠਾਕੁਰ (ਪੱਥਰ ਦਾ ਬੁੱਤ) ਲੈ ਗਿਆ। ਬਾਹਰ ਖੂਹ ਤੇ ਲਿਜਾ ਕੇ ਰੋਟੀ ਅੱਗੇ ਰੱਖੀ ਅਤੇ ਬੈਠ ਗਿਆ।ਲੱਗਾ ਬੇਨਤੀਆਂ ਕਰਨ ਕਿ ਠਾਕੁਰ ਜੀ ਤੁਸੀਂ ਕੁਝ ਖਾਓਗੇ ਤਾਂ ਮੈਂ ਖਾਵਾਂਗਾ ਨਹੀਂ ਤਾਂ ਮੈਂ ਵੀ ਨਹੀਂ ਖਾਵਾਂਗਾ।
ਬੱਚਿਓ ! ਹਮੇਸ਼ਾ ਭੋਲੇ ਭਾਵ ਅਤੇ ਸਿੱਧੇ ਸਾਦੇ ਬੰਦੇ ਉੱਤੇ ਪ੍ਰਮੇਸ਼ਵਰ ਰੀਝਦਾ ਹੈ। ਠਾਕੁਰ ਹਿੱਲਿਆ ਤੇ ਹੱਸ ਪਿਆ ਕਿ ਧੰਨਿਆ ਕੀ ਗੱਲ ਹੈ ?
ਧੰਨੇ ਨੇ ਆਖਿਆ ਕਿ ਰੋਟੀ ਖਾਓ ਜੀ, ਐਨਾ ਗੁੱਸਾ ਨਹੀਂ ਕਰੀਦਾ । ਨਾਲੇ ਆਪ ਚਾਰ ਪੰਜ ਦਿਨ ਭੁੱਖੇ ਰਹੇ, ਨਾਲੇ ਮੈਨੂੰ ਭੁਖੇ ਮਾਰਿਆ। ਕੀ ਫਾਇਦਾ ਹੋਇਆ ?
ਧੰਨਾ ਜੀ ਨਾਲ ਉਸ ਸਰਬ ਵਿਆਪਕ ਪ੍ਰਭੂ ਨੇ ਗੱਲਾਂ ਕੀਤੀਆਂ ਅਤੇ ਧੰਨਾ ਜੀ ਉੱਤੇ ਐਨਾ ਰੀਝਿਆ ਕਿ ਉਸਦੇ ਸਾਰੇ ਕੰਮ ਕਰਨ ਲੱਗ ਪਿਆ। ਪਰਮੇਸ਼ਵਰ ਦੀ ਕਿਰਪਾ ਨਾਲ ਉਸਦੀ ਦ੍ਰਿੜਤਾ ਅਤੇ ਭਰੋਸੇ ਦਾ ਫਲ ਉਸਨੂੰ ਗੂਹੜਾ ਭਗਤੀ-ਰੰਗ ਮਿਲ ਗਿਆ।ਆਏ ਗਏ ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਪਿਆ।
ਬੱਚਿਓ! ਜਿਸ ਪੰਡਤ ਨੇ ਭੋਲੇ ਧੰਨੇ ਨੂੰ ਠਾਕਰ ਦਿੱਤਾ ਸੀ ਉਸਨੇ ਜਦ ਧੰਨਾ ਜੀ ਨੂੰ ਦਿਨਾਂ ਵਿੱਚ ਹੀ ਉਹਨਾਂ ਦੀ ਦ੍ਰਿੜਤਾ ਦਾ ਫਲ ਮਿਲਿਆ ਦੇਖਿਆ ਤਾਂ ਹੈਰਾਨ ਰਹਿ ਗਿਆ। ਸਾਰੀ ਉਮਰ ਠਾਕੁਰ ਦੀ ਪੂਜਾ ਕਰਨ ਵਾਲੇ ਨੂੰ ਅੱਜ ਤੱਕ ਕੁਝ ਵੀ ਪ੍ਰਾਪਤ ਨਹੀਂ ਸੀ ਹੋਇਆ। ਪਰ ਧੰਨਾ ਜੀ ਦਾ ਠਾਕੁਰ ਹੱਲ ਵੀ ਵਾਹੁੰਦਾ ਸੀ। ਖੂਹ ਚਲਾਉਂਦਾ ਸੀ। ਸਾਰੇ ਕੰਮ ਕਰਦਾ ਸੀ। ਪੰਡਤ ਧੰਨਾ ਜੀ ਨੂੰ ਮਿਲਿਆ ਤੇ ਉਹਦੇ ਚਰਨੀਂ ਲਗ ਗਿਆ ਕਿ ਮੈਨੂੰ ਵੀ ਠਾਕਰ ਦੇ ਦਰਸ਼ਨ ਕਰਾਓ। ਮੇਰੇ ਤੇ ਵੀ ਕਿਰਪਾ ਕਰੋ।
ਧੰਨੇ ਨੇ ਹੈਰਾਨ ਹੋ ਕੇ ਆਖਿਆ ਕਿ ਤੈਨੂੰ ਅਜੇ ਤੱਕ ਦਰਸ਼ਨ ਨਹੀਂ ਹੋਏ। ਮੈਂ ਤੇਰੀਆਂ ਗੱਲਾਂ ਸੁਣ ਕੇ ਤਾਂ ਇਸ ਪਾਸੇ ਲੱਗਾ ਸੀ ਪਰ ਤੂੰ ਅਜੇ ਤੱਕ ਖਾਲੀ ਹੀ ਹੈਂ ?
ਪੰਡਤ ਨੇ ਦੱਸਿਆ ਕਿ ਧੰਨਾ ਜੀ, ਮੇਰੀਆਂ ਤਾਂ ਗੱਲਾਂ ਹੀ ਗੱਲਾਂ ਹਨ। ਇਹੀ ਗੱਲਾਂ ਅਸੀਂ ਲੋਕਾਂ ਨੂੰ ਸੁਣਾਉਂਦੇ ਹਾਂ ਪਰ ਸਾਨੂੰ ਪੇਸ਼ਾਵਰ ਲੋਕਾਂ ਨੂੰ ਠਾਕੁਰ ਦੇ ਦਰਸ਼ਨ ਕਿੱਥੋਂ ? ਸਾਡੇ ਵਿੱਚ ਭਾਵਨਾ ਵੀ ਗੱਲਾਂ ਵਾਲੀ ਹੈ ਅਤੇ ਦ੍ਰਿੜਤਾ ਅਤੇ ਅਡੋਲਤਾ ਤਾਂ ਹੈ ਹੀ ਨਹੀਂ। ਇਸ ਕਰਕੇ ਕਿਰਪਾ ਮੈਨੂੰ ਵੀ ਦਰਸ਼ਨ ਕਰਾਓ।
ਬੱਚਿਓ ! ਧੰਨਾ ਜੀ ਉਸ ਪੰਡਤ ਨੂੰ ਗਊਆਂ ਚਾਰਦੇ ਭਗਵਾਨ ਕੋਲ ਲੈ ਗਏ ਅਤੇ ਕਿਹਾ ਕਿ ਔਹ ਦੇਖ ਭਗਵਾਨ। ਕੈਸੀ ਸੁੰਦਰ ਸ਼ਕਲ ਵਾਲੇ ਹਨ। ਮੈਂ ਤਾਂ ਆਖਦਾ ਵੀ ਕੁਝ ਨਹੀਂ ਪਰ ਮੇਰੇ ਕੰਮ ਆਪ ਹੀ ਕਰ ਰਹੇ ਹਨ।
ਪੰਡਤ ਨੇ ਕਿਹਾ ਕਿ ਮੈਨੂੰ ਤਾਂ ਨਜ਼ਰ ਨਹੀਂ ਆਉਂਦੇ। ਇਸ ਲਈ ਭਗਵਾਨ ਨੂੰ ਬੇਨਤੀ ਕਰੋ ਕਿ ਉਹ ਦਰਸ਼ਨ ਦੇਣ ਵਾਲੇ ਨੇਤਰ ਮੈਨੂੰ ਵੀ ਦੇ ਦੇਵੇ। ਇਹ ਕਹਿ ਕੇ ਪੰਡਤ ਫਿਰ ਧੰਨਾ ਜੀ ਦੇ ਚਰਨ ਫੜ ਕੇ ਬਹਿ ਗਿਆ।
ਬੱਚਿਓ ! ਧੰਨਾ ਜੀ ਨੇ ਠਾਕੁਰ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ ਤਾਂ ਠਾਕੁਰ ਜੀ ਨੇ ਕਿਹਾ ਕਿ ਧੰਨਿਆਂ। ਇਹ ਪੰਡਤ ਦਰਸ਼ਨ ਦੇਣ ਦੇ ਲਾਇਕ ਨਹੀਂ ਹੈ। ਇਸ ਦਾ ਮਨ ਤਾਂ ਪਾਪਾਂ ਤੇ ਠੱਗੀਆਂ ਨਾਲ ਭਰਿਆ ਪਿਆ ਹੈ। ਇਸਨੇ ਤਾਂ ਤੇਰੇ ਨਾਲ ਵੀ ਠੱਗੀ ਕੀਤੀ ਸੀ। ਗਊ ਲੈ ਕੇ ਤੈਨੂੰ ਲੂਣ ਮਿਰਚਾਂ ਕੁੱਟਣ ਵਾਲਾ ਪੱਥਰ ਦੇ ਦਿੱਤਾ। ਇਹ ਤੈਨੂੰ ਕਮਲਾ ਤੇ ਸ਼ਦਾਈ ਸਮਝਦਾ ਸੀ। ਕੀ ਮੈਂ ਆਪਣੇ ਭਗਤ ਨੂੰ ਮੂਰਖ ਸਮਝਣ ਵਾਲੇ ਨੂੰ ਆਪਣੇ ਦਰਸ਼ਨ ਦੇ ਦਿਆਂ। ਇਹ ਨਹੀਂ ਹੋ ਸਕਦਾ।
ਪਰ ਧੰਨਾ ਜੀ ਦੇ ਬੇਨਤੀਆਂ ਕਰਨ ਤੇ ਉਸ ਪਰਮੇਸ਼ਰ ਨੇ ਪੰਡਤ ਨੂੰ ਦਰਸ਼ਨ ਦਿੱਤੇ। ਦਰਸ਼ਨ ਦੇ ਕੇ ਉਸ ਦੀ ਕਾਇਆ ਕਲਪ ਕਰ ਦਿੱਤੀ। ਜਨਮਾਂ- ਜਨਮਾਂਤਰਾਂ ਦੀ ਮੈਲ ਨੂੰ ਉਸਦੇ ਹਿਰਦੇ ਤੋਂ ਦੂਰ ਕਰ ਦਿੱਤਾ।
ਬੱਚਿਓ ! ਭਗਤ ਧੰਨਾ ਜੀ ਦਾ ਜਸ ਸਾਰੀ ਦੁਨੀਆਂ ਤੇ ਫ਼ੈਲ ਗਿਆ। ਧੰਨਾ ਜੀ ਐਸੇ ਸਿਮਰਨ ਤੇ ਸੇਵਾ ਵਿੱਚ ਲੱਗੇ ਕਿ ਦੂਰ-ਦੂਰ ਤੋਂ ਸਾਧੂ ਸੰਤ ਆਪਦੇ ਦਰਸ਼ਨ ਕਰਨ ਆਉਂਦੇ। ਧੰਨਾ ਜੀ ਦੇ ਮਨ ਵਿੱਚ ਐਨਾ ਚਾਨਣ ਹੋ ਗਿਆ ਕਿ ਉਹ ਭਵਿੱਖ ਦੇ ਜਾਣੂ ਬ੍ਰਹਮ ਗਿਆਨੀ ਹੋ ਗਏ।
ਧੰਨਾ ਜੀ ਕਾਂਸ਼ੀ ਗਏ। ਉਥੇ ਜਾ ਕੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਅਤੇ ਮਗਰੋਂ ਪੂਰੇ ਸੰਤ ਭਗਤ ਦੇ ਦਰਜੇ ਤੱਕ ਜਾ ਪੁੱਜੇ।