Punjabi Moral Story for Kids “Mehak Doabe Di ”, “ਮਹਿਕ ਦੁਆਬੇ ਦੀ” for Class 9, Class 10 and Class 12 PSEB.

ਮਹਿਕ ਦੁਆਬੇ ਦੀ

Mehak Doabe Di 

ਦਸ ਸਾਲ ਹੋ ਗਏ ਨੇ ਮੈਨੂੰ ਕੈਨੇਡਾ ਵਿਚ ਆ ਕੇ ਵਸੇ ਨੂੰ। ਚਾਰ-ਪੰਜ ਸਾਲ ਤਾਂ ਮੈਨੂੰ ਹੁਣ ਵਿਆਹ ਕਰਵਾਏ ਨੂੰ ਵੀ ਹੋ ਗਏ ਹਨ। ਬੜੇ ਧੱਕੇ ਖਾਧੇ ਜ਼ਮਾਨੇ ਦੇ ਇਥੇ ਸੈਟਲ ਹੋਣ ਲਈ। ਪਹਿਲਾਂ ਇੰਗਲੈਂਡ ਵਿਚ ਸੋਚਿਆ ਸੀ ਕਿ ਵਿਆਹ ਕਰਵਾ ਕੇ ਪੱਕਾ ਹੋ ਜਾਵਾਂਗਾ ਪਰ ਉਥੇ ਮੈਂ ਤਿੰਨੀਂ ਮਹੀਨੀਂ ਫੜਿਆ ਗਿਆ ਸੀ ਤੇ ਉਥੋਂ ਮੈਨੂੰ ਡਿਪੋਰਟ ਕਰ ਦਿੱਤਾ ਸੀ ਤੇ ਮੈਨੂੰ ਇਕ ਗੋਰਾ ਬਾਕਾਇਦਾ ਇੰਗਲੈਂਡ ਦੀ ਸਰਕਾਰ ਦੇ ਖ਼ਰਚੇ ‘ਤੇ ਦਿੱਲੀ ਏਅਰਪੋਰਟ ‘ਤੇ ਛੱਡ ਕੇ ਗਿਆ ਸੀ ਤੇ ਮੈਨੂੰ ਮੇਰੇ ਘਰ ਤਕ ਦਾ ਕਿਰਾਇਆ ਵੀ ਦੇ ਕੇ ਗਿਆ ਅਤੇ ਨਾਲੇ ਬਾਕਾਇਦਾ ਪੁੱਛਦਾ ਰਿਹਾ-“ਮਿ. ਸਿੰਘ ਆਰ. ਯੂ. ਓ. ਕੇ.? ਨਾਓ ਯੂ ਕੈਨ ਰੀਚ ਯੂਅਰ ਵਿਲੇਜ ਈਜ਼ੀਲੀ। ਇਫ ਯੂ ਹੈਵ ਐਨੀ ਪ੍ਰਾਬਲਮ, ਸੇਮੀ ਵਿਦਾਊਟ ਐਨੀ ਹੈਜ਼ੀਟੇਸ਼ਨ।” ਮੈਂ ਉਸ ਨੂੰ ਪੰਜਾਬੀ ਵਿਚ ਬਥੇਰੀਆਂ ਗਾਲਾਂ ਕੱਢੀਆਂ ਪਰ ਉਹ ਮੁਸਕਰਾਉਂਦਾ ਰਿਹਾ। ਜੇ ਉਸ ਨੂੰ ਸਮਝ ਆਉਂਦੀਆਂ ਤਾਂ ਸ਼ਾਇਦ ਉਹ ਮਰਨਮਾਰਨ ‘ਤੇ ਉਤਾਰੂ ਹੋ ਜਾਂਦਾ। ਅੰਗਰੇਜ਼ੀ ਵਿਚ ਤਾਂ ਮੈਂ ਉਸ ਨੂੰ ਬਹੁਤਾ ਬੈਂਕ ਯੂ-ਬੈਂਕ ਯੂ ਹੀ ਕਹਿੰਦਾ ਰਿਹਾ। ਛੇ ਮਹੀਨੇ ਕੱਟੇ ਸੀ ਪਿੰਡ ਵਿਚ ਬੜੀ ਮੁਸ਼ਕਿਲ ਨਾਲ।

ਖੰਨੇ ਤੋਂ ਅੱਠ-ਦਸ ਕਿਲੋਮੀਟਰ ਦੂਰ ਪੈਂਦਾ ਹੋਵੇਗਾ ਮੇਰਾ ਪਿੰਡ ਪਰ ਹੁਣ ਮੈਂ ਬਹੁਤਾ ਸਮਾਂ ਆਪਣੇ ਮੰਡੀ ਗੋਬਿੰਦਗੜ੍ਹ ਲਾਗੇ ਨਾਨਕੇ ਪਿੰਡ ਹੀ ਰਿਹਾ। ਮੇਰਾ ਆਪਣੇ ਪਿੰਡ ਦਿਲ ਘੱਟ ਹੀ ਲੱਗਦਾ ਸੀ। ਸਾਡੇ ਪਿੰਡ ਤੋਂ ਪੰਦਰਾਂ-ਵੀਹ ਕਿਲੋਮੀਟਰ ਦੂਰ ਮਾਛੀਵਾੜਾ ਹੋਵੇਗਾ। ਉਸ ਤੋਂ ਅਗਾਂਹ 5-7 ਕਿਲੋਮੀਟਰ ਹੋਰ ਜਾ ਕੇ ਸਤਲੁਜ ਦਰਿਆ ਆ ਜਾਂਦਾ ਤੇ ਦਰਿਆਓਂ ਪਾਰ ਪੂਰਾ ਦੁਆਬਾ ਖੇਤਰ ਸ਼ੁਰੂ ਹੋ ਜਾਂਦਾ। ਇਸੇ ਦੁਆਬੇ ਦੇ ਰਾਹੋਂ ਨੇੜਲੇ ਪਿੰਡ ਦੀ ਕੁੜੀ ਸੀ ਉਹ, ਜਿਸ ਨੂੰ ਮੈਂ ਅੱਜ ਤਕ ਨਹੀਂ ਭੁੱਲ ਸਕਿਆ, ਜਿਸ ਦੇ ਦੀਦਾਰ ਕਰਨ ਲਈ ਮੈਂ ਬੇੜੀ ਵਿਚ ਬੈਠ ਕੇ ਦਰਿਆ ਪਾਰ ਕਰ ਕੇ ਉਸ ਦੇ ਪਿੰਡ ਜਾ ਪੁੱਜਾ ਸੀ। ਉਸ ਨੂੰ ਉਸ ਦੇ ਘਰਦਿਆਂ ਨੇ ਅਮਰੀਕਾ ਵਿਆਹ ਦਿੱਤਾ ਸੀ। ਮੇਰੇ ਕਰਮਾਂ ਵਿਚ ਅਮਰੀਕਾ ਜਾਣਾ ਨਹੀਂ ਸੀ ਲਿਖਿਆ। ਇਸ ਵਾਰ ਵੀ, ਦੂਜੀ ਵਾਰ ਕੈਨੇਡਾ ਦਾ ਕੰਮ ਬਣਿਆ ਸੀ।

ਇਸ ਵਾਰ ਬੜੇ ਔਖੇ ਹੋ ਕੇ ਸਾਢੇ ਪੰਜ ਲੱਖ ਦਿੱਤੇ ਸੀ ਮੇਰੇ ਬਾਪ ਨੇ ਏਜੰਟ ਨੂੰ। ਕੁਝ ਤਾਂ ਉਸ ਨੇ ਸਹਿਕਾਰੀ ਸਭਾ ਦੀ ਬੈਂਕ ‘ਚੋਂ ਚੁੱਕੇ ਸੀ ਅਤੇ ਕੁਝ ਆਪਣੇ ਪ੍ਰਾਵੀਡੈਂਟ ਫੰਡ ‘ਚੋਂ ਕਢਵਾਏ ਤੇ ਇਕ ਜ਼ਮੀਨ ਦਾ ਡੇਢ ਕੁ ਕਨਾਲ ਦਾ ਟੋਟਾ ਵੇਚਣਾ ਪਿਆ ਸੀ, ਪੈਸੇ ਇਕੱਤਰ ਕਰਨ ਲਈ। ਏਜੰਟ ਦੋ ਲੱਖ ਰੁਪਏ ਐਡਵਾਂਸ ਡਕਾਰ ਗਿਆ ਅਤੇ ਇਕ ਲੱਖ ਹੋਰ ਵੀਜ਼ਾ ਦਿਖਾਉਣ ਦਾ ਲੈ ਗਿਆ ਅਤੇ ਫਿਰ ਤਾਂ ਏਜੰਟ ਨੇ ਲਾਰੇ-ਲੱਪੇ ਜਿਹੇ ਹੀ ਲਾਏ। ਕਦੇ ਕੋਈ ਤਰੀਕ, ਕਦੇ ਕੋਈ ਅਤੇ ਕਦੇ ਕੋਈ ਬਹਾਨਾ ਤੇ ਕਦੇ ਕੋਈ।

ਮੇਰਾ ਬਾਪ ਤਾਂ ਢਿੱਲਾ ਜਿਹਾ ਰਹਿਣ ਲੱਗਾ ਕਿ ਪੈਸਾ ਡੁੱਬਿਆ ਕਿ ਡੁੱਬਿਆ। ਅਜੇ ਉਹ ਇੰਗਲੈਂਡ ਭੇਜਣ ਲਈ ਲਾਏ ਪੈਸਿਆਂ ਨੂੰ ਵੀ ਨਹੀਂ ਭੁੱਲਿਆ , ਸੀ। ਮੇਰੇ ਕੋਲੋਂ ਬਾਪ ਦੀ ਇਹ ਹਾਲਤ ਬਰਦਾਸ਼ਤ ਨਾ ਹੋਈ। ਮੈਂ ਆਪਣੇ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਦੋ-ਚਾਰ ਯਾਰਾਂ ਬੇਲੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਉਲਟਾ ਮੈਨੂੰ ਕਿਹਾ ਕਿ ਕਮਾਂਡਰਾ ਵਿਖਾ ਤਾਂ ਓਸ ਏਜੰਟ ਨੂੰ ਜ਼ਰਾ ਆਪਣਾ ਵਿਰਾਟ ਰੂਪ।ਫੇਰ ਦੇਖੀ ਕਿਵੇਂ ਪੈਰੀਂ ਪੈਂਦਾ ਭੈਣ….., ਮੇਰੇ ਯਾਰ ਬੇਲੀ ਮੈਨੂੰ ‘ਕਮਾਂਡਰ’ ਸ਼ਾਇਦ ਮੇਰੀ ਫ਼ੌਜੀਆਂ ਵਰਗੀ ਤੋਰ ਤੇ ਕਾਲਜ ਵਿਚ ਐ¤ਨ. ਸੀ. ਸੀ. ਦਾ ਕੈਡਿਟ ਹੋਣ ਕਰਕੇ ਸੱਦਦੇ ਸਨ ਪਰ ਮੈਂ ਕਦੇ ਕਿਸੇ ਨੂੰ ਨਹੀਂ ਟੋਕਿਆ। ਮੈਨੂੰ ਜਦੋਂ ਉਹ ਕਮਾਂਡਰ ਕਹਿੰਦੇ ਤਾਂ ਬੜਾ ਚੰਗਾ ਲੱਗਦਾ ਸੀ।

ਖੇਤੀਬਾੜੀ ਕਾਲਜ ਵਿਚ ਪੜਦੇ ਮੇਰੇ ਯਾਰ ਬੇਲੀ ਵੀ ਰੂਰਲ ਏਰੀਏ ‘ਚੋਂ ਸਨ। ਸਾਡੇ ਬੈਚ ਲਈ ਰੂਰਲ ਏਰੀਏ ‘ਚੋਂ ਕਾਫੀ ਮੁੰਡੇ ਦਾਖ਼ਲ ਹੋਏ ਸੀ ਉਦੋਂ। ਦਸਵੀਂ ਤੋਂ ਬਾਅਦ ਐਂਟਰੈਂਸ ਟੈਸਟ ਦੇ ਕੇ ਪੰਜਾਬੀ ਮੀਡੀਅਮ ਤੋਂ ਬਾਅਦ ਸਿੱਧਾ ਠਾਹ ਅੰਗਰੇਜ਼ੀ ਮੀਡੀਅਮ ਨਾਲ ਵਾਹ ਪੈਂਦਾ ਸੀ। ਜਦੋਂ | ਕਲਾਸ ਵਿਚ ਪ੍ਰੋਫੈਸਰ ਸਾਹਿਬ ਨੇ ਆਉਣਾ ਤਾਂ ਅੰਗਰੇਜ਼ੀ ਵਿਚ ਭਾਸ਼ਣ ਦੇ ਕੇ ਤੁਰਦਾ ਬਣਨਾ। ਜਿਹੜੇ ਮੁੰਡੇ ਤਾਂ ਕਾਨਵੈਂਟ ਤੇ ਪਬਲਿਕ ਸਕੂਲਾਂ ‘ਚੋਂ | ਅੰਗਰੇਜ਼ੀ ਅੱਗੇ ਹੀ ਰਹਿੰਦੇ ਤੇ ਬਾਕੀ ਪੇਂਡੂਆਂ ‘ਚੋਂ ਸਾਰੇ ਪਿਛਲੇ ਬੈਂਚਾਂ ‘ਤੇ ਬੈਠਣ ਵਾਲੇ ਹੀ ਸਨ, ਸਿਰਫ਼ 50 ਜਣਿਆਂ ਦੀ ਕਲਾਸ ‘ਚੋਂ ਦੋ-ਤਿੰਨ ਪੇਂਡੂ ਮੁੰਡਿਆਂ ਨੂੰ ਛੱਡ ਕੇ।

ਮੈਂ ਪੜ੍ਹਾਈ ਵਿਚ ਪਹਿਲਾਂ ਤਾਂ ਜ਼ਰਾ ਢਿੱਲਾ ਹੀ ਰਿਹਾ ਪਰ ਜਦੋਂ ਸਾਲ ਕੁ ਬਾਅਦ ਅੰਗਰੇਜ਼ੀ ਦੇ ਲੈਕਚਰ ਸਮਝ ਪੈਣ ਲੱਗੇ ਤਾਂ ਫਿਰ ਬੱਸ-ਆਦਮੀ ਹਮ ਵੀ ਬੜੇ ਕਾਮ ਕੇ ਥੇ ਗਾਲਿਬ, ਇਸ਼ਕ ਨੇ ਬਸ ਨਿਕੰਮਾ ਕਰ ਦੀਆ।’ ਹੋਮ ਸਾਇੰਸ ਕਾਲਜ ਵਿਚ ਪੜ੍ਹਦੀ ਸੀ ਉਹ। ਉਹ ਆਪਣੀਆਂ ਸਾਰੀਆਂ | ਸਹੇਲੀਆਂ ‘ਚੋਂ ਸਿਰਕੱਢ, ਹੁੰਦਲਹੇੜ ਤੇ ਕੁੰਡਲੇ ਵਾਲਾਂ ਵਾਲੀ ਇਕ ਆਕਰਸ਼ਕ ਚਿਹਰੇ ਵਾਲੀ ਕੁੜੀ ਸੀ। ਹੋਮ ਸਾਇੰਸ ਕਾਲਜ ਵਿਚ ਹੀ ਬਠਿੰਡੇ ਦੀ ਇਕ ਕੁੜੀ, ਜਿਸ ਨੂੰ ਮੈਂ ਆਪਣੀ ਧਰਮ ਦੀ ਭੈਣ ਬਣਾਇਆ ਹੋਇਆ ਸੀ। ਉਸ ਨਾਲ ਹੀ ਮਿਲਿਆ ਸੀ ਮੈਂ ਉਸ ਨੂੰ ਪਹਿਲੀ ਵਾਰ। ਕਿੰਦਰ ਨਾਂ ਸੀ ਉਸ ਦਾ। ਕਿੰਦਰ ਨੇ ਉਦੋਂ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਸੀ, ਚਿੱਟਾ ਹੀ ਦੁਪੱਟਾ ਤੇ ਵਿਚ ਚਮਕਦਾਰ ਸਿਤਾਰਿਆਂ ਦੀ ਕਢਾਈ। ਬਿਲਕੁਲ ਪਰੀ ਜਿਹੀ ਲੱਗ ਰਹੀ ਸੀ ਉਹ। ਮੈਂ ਦੇਖਦੇ ਹੀ ਦੇਖਦੇ ਉਸ ਨੂੰ ਆਪਣੀ ਸੁਪਨਿਆਂ ਦੀ ਰਾਣੀ ਮੰਨ ਬੈਠਾ। ਉਸ ਨੂੰ ਕਦੇ ਇਕ ਟੱਕ ਤੇ ਕਦੇ ਚੋਰ ਅੱਖ ਨਾਲ ਆਪਣੇ ਵੱਲ ਤੱਕਦਾ ਵੇਖ ਕੇ ਮੈਨੂੰ ਇੰਝ ਮਹਿਸੂਸ ਹੋਇਆ ਸੀ ਜਿਵੇਂ ਮੈਂ ਅਤੇ ਉਹ ਜਨਮਾਂ-ਜਨਮਾਂ ਤੋਂ ਇਕ-ਦੂਜੇ ਨੂੰ ਜਾਣਦੇ ਹੋਈਏ। ਫਿਰ ਕੀ ਸੀ ਅਸੀਂ ਇਕ-ਦੂਜੇ ਨੂੰ ਤੱਕਣ ਤੇ ਮਿਲਣ ਲਈ ਕੋਈ ਨਾ ਕੋਈ ਬਹਾਨਾ ਕੱਢਣ ਲੱਗੇ।

ਮਹੀਨੇ ਵਿਚ ਦੋ-ਚਾਰ ਮੁਲਾਕਾਤਾਂ ਮਹੀਨੇ ਦੀਆਂ ਤੀਹ ਮੁਲਾਕਾਤਾਂ ਤਕ ਜਾ ਪੁੱਜੀਆਂ। ਫਿਰ ਅਸੀਂ ਯੂਨੀਵਰਸਿਟੀ ਵਿਚ ਹੀ ਬਣਾਏ ਅੰਗੂਰਾਂ ਦੇ ਓਰਚਰਡ ਵਿਚ ਲੁਕ-ਛਿਪ ਕੇ ਬੈਠੇ ਰਹਿਣਾ, ਪੜ੍ਹਾਈ ਦੀ ਤਾਂ ਜਿਵੇਂ ਸਾਨੂੰ ਲੋੜ ਹੀ ਨਾ ਰਹੀ ਹੋਵੇ। ਜਿਵੇਂ ਇਕ ਅਲੱਗ ਜਿਹੀ ਦੁਨੀਆ ਮਿਲ ਗਈ ਸੀ, ਜਿਥੇ ਕੋਈ ਫਿਕਰ-ਫਾਕਾ ਨਹੀਂ ਸੀ, ਬਸ ਪਿਆਰ ਹੀ ਪਿਆਰ ਸੀ।
ਕਹਿੰਦੇ ਨੇ ਇਹ ਪਿਆਰ ਕਿਸੇ-ਕਿਸੇ ਦਾ ਹੀ ਧੁਰ ਚੜ੍ਹਦਾ ਹੈ। ਜੇ ਮਿਲ ਜਾਵੇ ਤਾਂ ਇਹ ਬੰਦੇ ਨੂੰ ਤਾਰ ਦਿੰਦਾ ਹੈ, ਜੇ ਨਾ ਮਿਲੇ ਤਾਂ ਦਰ-ਦਰ ਭੀਖ ਮੰਗਣ ਨੂੰ ਮਜਬੂਰ ਕਰ ਦਿੰਦਾ ਹੈ, ਮਤਲਬ ਬੰਦਾ ਇਕ ਭਿਖਾਰੀ ਤੋਂ ਵੀ ਵੱਧ ਕੰਗਲਾ ਹੋ ਜਾਂਦਾ ਹੈ। ਮੇਰੇ ਨਾਲ ਵੀ ਇੰਝ ਹੀ ਹੋਇਆ। ਇਸ ਵਿਚ ਜੇ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤਾਂ ਕੈਦੋਂ ਝਿਆਂ ਦੀ ਵੀ ਕਮੀ ਨਹੀਂ ਦੇ ਝਿਆਂ ਦੀ ਵੀ ਕਮੀ ਨਹੀ। ਸਾਧਾਂ ਵਰਗੀ ਰੂਹ ਤਾਂ ਕਿਸੇ-ਕਿਸੇ ਵਿਚ ਹੀ ਹੁੰਦੀ ਹੈ, ਨਹੀਂ ਤਾਂ ਆਦਮੀ ਅੰਦਰ ਤਾਂ ਹਰ ਵੇਲੇ ਸ਼ੈਤਾਨ ਦਾ ਰਾਜ ਰਹਿੰਦਾ ਹੈ। ਉਸ ਨੂੰ ਦੋ ਦਿਲ ਮਿਲਾ ਕੇ ਨਹੀਂ, ਉਨ੍ਹਾਂ ਵਿਚ ਪਾੜ ਪਾ ਕੇ ਮਜ਼ਾ ਆਉਂਦਾ ਹੈ ਤੇ ਫੇਰ ਉਹ ਅੰਦਰ ਹੀ ਅੰਦਰ ਸ਼ੈਤਾਨੀ ਹਾਸਾ ਹੱਸਦਾ ਹੈ ਆਪਣੀਆਂ ਕਰਤੂਤਾਂ ਨੂੰ ਅੰਜਾਮ ਦੇ ਕੇ।

ਮੈਂ ਆਪਣੇ ਯਾਰਾਂ ਬੇਲੀਆਂ ‘ਚੋਂ ਇਕ-ਦੋ ਨੂੰ ਨਾਲ ਲੈ ਜਾਣ ਵਿਚ ਕਾਮਯਾਬ ਹੋ ਹੀ ਗਿਆ। ਏਜੰਟ ਬੜੀ ਬਹਾਨੇਬਾਜ਼ੀ ਕਰ ਚੁੱਕਾ ਸੀ। ਮੈਂ ਆਪਣੇ ਪੁਰਾਣੇ ਰੂਪ ਵਿਚ ਆ ਚੁੱਕਾ ਸੀ। ਮੇਰੇ ਇਸ ਰੂਪ ਦਾ ਏਜੰਟ ਨੂੰ ਅੰਦਾਜ਼ਾ ਨਹੀਂ ਸੀ। ਗੱਡੀ ‘ਚੋਂ ਉਤਰਦਿਆਂ ਸਾਰ ਮੈਂ ਏਜੰਟ ਨੂੰ ਢਾਹਿਆ ਹੋਇਆ ਸੀ ਤੇ ਉਸ ਦੇ ਮੂੰਹ ਵਿਚ ਪਿਸਤੌਲ ਦੀ ਨਾਲੀ ਪਾ ਕੇ ਮੈਂ ਉਸ ਨੂੰ ਪੁੱਛਿਆ, “ਦਸ, ਬਾਹਰ ਭੇਜੇਂਗਾ, ਪੈਸੇ ਮੋੜੋਗਾ ਜਾਂ ਗੋਲੀ ਕੱਢਦਿਆਂ ਗਿੱਚੀ ਵਿਚ ਦੀ। ਉਸ ਨੇ ਤਾਂ ਬਸ ਮੇਰੇ ਅੱਗੇ ਹੱਥ ਜੋੜ ਦਿੱਤੇ। ਮੇਰੇ ਪੈਰ ਫੜਨ ਲੱਗ ਪਿਆ। ਮੈਂ ਪਿਸਤੌਲ ਦੀ ਨਾਲੀ ਉਸ ਦੇ ਮੂੰਹ ‘ਚੋਂ ਬਾਹਰ ਕੱਢੀ ਤਾਂ ਉਹ ਸਹਿਮਿਆ ਹੋਇਆ ਕਹਿ ਰਿਹਾ ਸੀ-“ਭਾਜੀ, ਤੁਸੀਂ ਫਲਾਣੀ ਤਰੀਕ ਨੂੰ ਕੰਮ ਪੱਕਾ ਸਮਝਣਾ। ਆਪਾਂ ਫਲਾਣੀ ਤਰੀਕ ਨੂੰ ਦਿੱਲੀ ਪੁੱਜਣਾ ਹੈ ਤੇ . ਫਲਾਣੀ ਤਰੀਕ ਨੂੰ ਫਲਾਈਟ ਬੁੱਕ ਹੋਵੇਗੀ। ਮੇਰਾ ਗੁੱਸਾ ਮਸਾਂ ਸ਼ਾਂਤ ਹੋਇਆ। ਪਿਸਤੌਲ ਮੇਰੇ ਦੋਸਤ ਦੀ ਸੀ, ਜੋ ਉਸ ਦੇ ਡੀ. ਐਸ. ਪੀ. ਪਿਤਾ ਨੇ ਉਸ ਨੂੰ ਸੇਫਟੀ ਲਈ ਲੈ ਕੇ ਦਿੱਤੀ ਸੀ। ਅੱਤਵਾਦ ਦਾ ਬੜਾ ਜ਼ੋਰ ਸੀ ਉਦੋਂ। ਕਾਲਜ ਮਹੀਨੇ ‘ਚੋਂ ਪੰਦਰਾਂ-ਵੀਹ ਕੁ ਦਿਨ ਹੀ ਲੱਗਦਾ ਸੀ। ਚਾਰ ਐਤਵਾਰ ਤੇ ਅੱਠ-ਦਸ ਸਟਰਾਈਕਾਂ। ਕਿਤੇ ਵੀ ਕੋਈ ਅੱਤਵਾਦੀ ਮੁਕਾਬਲੇ ਵਿਚ ਮਾਰਿਆ ਜਾਂਦਾ ਤਾਂ ਸਾਡੇ ਕਾਲਜਾਂ ਮੂਹਰੇ ਅੱਤਵਾਦੀ ਜਥੇਬੰਦੀਆਂ ਜਾਂ ਸਿੱਖ ਫੈਡਰੇਸ਼ਨਾਂ ਦੇ ਲੈਟਰ ਪੈਡ ਲੱਗ ਜਾਂਦੇ ਕਿ ਮੌਜੂਦਾ ਸੰਘਰਸ਼ ਦੌਰਾਨ ਫਲਾਣਾ ਸਿੰਘ ਸ਼ਹੀਦ ਹੋ ਗਿਆ ਹੈ। ਇਸ ਲਈ ਅੱਜ ਪੂਰਾ ਦਿਨ ਕਲਾਸਾਂ ਤੇ ਪੇਪਰਾਂ ਆਦਿ ਦਾ ਬਾਈਕਾਟ ਰਹੇਗਾ। ਪੇਪਰ ਵਗੈਰਾ ਤਾਂ ਉਥੇ ਆਮ ਰੋਜ਼ ਹੀ ਚੱਲਦੇ ਰਹਿੰਦੇ ਸੀ। ਕਦੇ ਕਿਸੇ ਕਲਾਸ ਦੇ, ਕਦੇ ਕਿਸੇ ਕਲਾਸ ਦੇ। ਅਮਰੀਕਾ ਦੇ ਪੜ੍ਹਾਈ ਦੇ ‘ਟਰਾਈਮੈਸਟਰ ਸਿਸਟਮ ਨਾਲ ਉਥੇ ਪੜ੍ਹਾਈ ਹੁੰਦੀ ਸੀ। ਅਸੀਂ ਉਥੇ ਪਦੇ ਆਪਣੇ-ਆਪ ਨੂੰ ਅਮਰੀਕਾ ਵਿਚ ਪੜਦੇ ਮਹਿਸੂਸ ਕਰਦੇ ਸੀ।

ਇਸ ਵਾਰ ਏਜੰਟ ਨੇ ਸਾਡੇ ਨਾਲ ਕੋਈ ਚਲਾਕੀ ਨਹੀਂ ਕੀਤੀ। ਉਹ ਡਰ ਗਿਆ ਸੀ ਕਿ ਖ਼ਬਰੇ ਇਹ ਅੱਤਵਾਦੀ ਹੀ ਨਾ ਹੋਣ। ਨਾਲੇ ਮੈਂ ਉਸ ਦੇ ਨਾਲ ਪੇਸ਼ ਹੀ ਇਸ ਤਰੀਕੇ ਨਾਲ ਆਇਆ ਕਿ ਉਹ ਸਮਝੇ ਹੀ ਇਹੋ। ਉਸ ਨੇ ਮੈਨੂੰ ਕੈਨੇਡਾ ਦੀ ਫਲਾਈਟ ਕਰਵਾ ਦਿੱਤੀ। ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਉਤਰਨਾ ਸੀ ਜਾ ਕੇ ਮੈਂ। ਕਈ ਘੰਟਿਆਂ ਦੀ ਫਲਾਈਟ ਤੋਂ ਬਾਅਦ ਜਹਾਜ਼ ਵੈਨਕੂਵਰ ਸ਼ਹਿਰ ਦੇ ਉਪਰ ਛਾਏ ਹੋਏ ਤਿੱਤਰਖੰਭੀ ਬੱਦਲਾਂ ‘ਤੇ ਮੰਡਰਾਅ ਰਿਹਾ ਸੀ ਤੇ ਨਿਵਾਣ ਫੜ ਰਿਹਾ ਸੀ।

ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਏਜੰਟ ਦਾ ਉਥੇ ਰਹਿੰਦਾ ਬੰਦਾ ਮੈਨੂੰ ਲੈਣ ਪੁੱਜਾ ਹੋਇਆ ਸੀ। ਉਸ ਨੇ ਮੈਨੂੰ ਦੋ ਟੈਕਸੀ ਵਾਲੇ ਪੰਜਾਬੀਆਂ . ਨਾਲ ਮਿਲਵਾ ਦਿੱਤਾ ਤੇ ਉਥੇ ਹੀ ਮਹੀਨੇ ਕੁ ਲਈ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕਰਵਾ ਦਿੱਤਾ। ਟੈਕਸੀ ਵਾਲੇ ਦੋਵੇਂ ਅਜੇ ਕੁਆਰੇ ਸਨ। ਉਹ ਆਪਣੇ ਪਰਿਵਾਰ ਨਾਲ ਨਹੀਂ ਰਹਿੰਦੇ ਸੀ ਤੇ ਉਨ੍ਹਾਂ ਨੂੰ ਵੀ ਕੋਈ ਜ਼ਿਆਦਾ ਸਮਾਂ ਨਹੀਂ ਸੀ ਹੋਇਆ ਕੈਨੇਡਾ ਆਇਆਂ। ਇਕ ਜਧਰ ਦਾ ਸੀ ਤੇ ਦੂਜਾ ਹੁਸ਼ਿਆਰਪੁਰੀਆ। ਮੈਂ ਟੈਕਸੀ ਚਲਾਉਣ ਨਾਲੋਂ ਵੱਡਾ ਹੈਵੀ ਟਰੱਕ ਚਲਾਉਣਾ ਜ਼ਿਆਦਾ ਪਸੰਦ ਕੀਤਾ ਤੇ ਸਿੱਖ ਕੇ ਜਧਰੀਆ ਟੁੱਟ ਬ੍ਰਦਰਜ਼ ਦੀ ਟਰਾਂਸਪੋਰਟ ਕੰਪਨੀ ਵਿਚ ਡਰਾਈਵਰ ਲੱਗ ਗਿਆ। ਤਨਖਾਹ ਤਾਂ ਠੀਕ-ਠਾਕ ਸੀ ਪਰ ਮੇਰੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਰਹੀ ਸੀ। ਇਸ ਕਰਕੇ ਥੋੜਾ-ਬਹੁਤ ਮਾਲ ਇਧਰ-ਓਧਰ ਖਿਸਕਾਉਣ ਲੱਗਾ। ਬਸ ਫਿਰ ਕੀ ਸੀ। ਸਾਲ-ਡੇਢ ਸਾਲ ਵਿਚ ਹੀ ਮੈਂ ਆਪਣਾ ਟਰੱਕ ਲੈ ਲਿਆ ਤੇ ਛੋਟਾ ਜਿਹਾ ਘਰ ਵੀ ਖ਼ਰੀਦ ਲਿਆ। ਲੁਧਿਆਣੇ ਦੇ ਡੇਹਲੋਂ ਦੇ ਮੁੰਡੇ ਨੂੰ ਮੈਂ ਆਪਣਾ ਕਲੀਨਰ ਰੱਖ ਲਿਆ, ਜਿਹੜਾ ਮੇਰੇ ਨਾਲ ਹੀ ਰਹਿਣ ਲੱਗਾ।

ਇਕ ਰਾਤ ਉਸ ਨੂੰ ਮੈਂ ਆਪਣੀ ਪ੍ਰੇਮ ਕਹਾਣੀ ਸੁਣਾ ਰਿਹਾ ਸੀ ਕਿ ਉਹ ਉਛਲ ਪਿਆ। ਉਹ ਉਛਲਿਆ ਇਸ ਲਈ ਕਿ ਕਿੰਦਰ ਦੇ ਪਿੰਡ ਨਾਲ ਉਸ ਦੀ ਭੂਆ ਦਾ ਪਿੰਡ ਸੀ ਤੇ ਉਸ ਦੀ ਭੂਆ ਦਾ ਮੁੰਡਾ ਸੀ ਅਮਰੀਕਾ ਵਿਚ। ਬਸ ਓਸੇ ਜ਼ਰੀਏ ਉਸ ਨੇ ਕੁਝ ਘੰਟਿਆਂ ‘ਚ ਪਤਾ ਲਾ ਲਿਆ ਕਿ ਕਿੰਦਰ ਕੈਲੀਫੋਰਨੀਆ ਸਟੇਟ ਦੇ ਸੈਨਹੋਜ਼ੇ ਸ਼ਹਿਰ ਵਿਚ ਰਹਿੰਦੀ ਹੈ। ਬਸ ਫਿਰ ਕੀ ਸੀ। ਹਫ਼ਤੇ ਤਕ ਅਸੀਂ ਸੈਨਹੋਜ਼ੇ ਜਾਣ ਦੀ ਤਿਆਰੀ ਕੱਸ ਲਈ। ਇਕ ਹਫ਼ਤਾਵਾਰੀ ਪੰਜਾਬੀ ਅਖ਼ਬਾਰ ਵਿਚ ਪੜਿਆ ਸੀ ਕਿ ਸੈਨਹੋਜ਼ੇ ਦਾ ਵਿਸਾਖੀ ਮੇਲਾ ਸੈਂਟਾ ਕਲਾਰਾ ਕਾਉਂਟੀ ਦੀ ਗਰਾਉਂਡ ਵਿਚ ਹੋ ਰਿਹੈ।7-8 ਸੌ ਕਿਲੋਮੀਟਰ ਦੂਰ ਹੋਵੇਗਾ ਸੈਨਹੋਜ਼ੇ ਸਾਡੇ ਤੋਂ।

ਅਖੀਰ ਉਹ ਦਿਨ ਵੀ ਆ ਗਿਆ। ਅਸੀਂ ਬੈਗਾਂ ‘ਚ ਲੋੜੀਂਦਾ ਸਾਮਾਨ ਰੱਖ ਕੇ ਸੈਨਹੋਜ਼ੇ ਜਾਣ ਲਈ ਵੈਨਕੂਵਰ ਦੇ ਏਅਰਪੋਰਟ ‘ਤੇ ਆ ਗਏ। ਅਸੀਂ ਸਾਨਫਰਾਂਸਿਸਕੋ ਉਤਰਨਾ ਸੀ ਅਤੇ ਉਥੋਂ ਕਾਰ ਰਾਹੀਂ ਇਕ ਘੰਟੇ ਦਾ ਰਸਤਾ ਸੀ ਸੈਨਹੋਜ਼ੇ ਲਈ। ਅਸੀਂ ਇਸੇ ਉਮੀਦ ਨਾਲ ਫਲਾਈਟ ਫੜੀ ਕਿ ਕੱਲ ਸ਼ਾਇਦ ਕਿੰਦਰ ਵੀ ਵਿਸਾਖੀ ਦਾ ਮੇਲਾ ਦੇਖਣ ਆਈ ਹੋਵੇ। ਸਵੇਰੇ 6-7 ਵਜੇ ਅਸੀਂ ਕੈਲੀਫੋਰਨੀਆ ਦੇ ਬੇਅ ਏਰੀਏ ਦੇ ਉਪਰ ਪੁੱਜ ਚੁੱਕੇ ਸਾਂ। ਜਹਾਜ਼ ਸਾਨਫਰਾਂਸਿਸਕੋ ਦੇ ਹਵਾਈ ਅੱਡੇ ‘ਤੇ ਉਤਰਿਆ। ਸੈਨਹੋਜ਼ੇ ਜਾਣ ਲਈ ਅਸੀਂ ਟੈਕਸੀ ਕਰ ਲਈ।ਟੈਕਸੀ ਜਦੋਂ ਗੋਲਡਨ ਬ੍ਰਿਜ ਪਾਰ ਕਰ ਰਹੀ ਸੀ ਤਾਂ ਹਵਾ ਦੇ ਬੁੱਲਿਆਂ ਨੇ ਮੈਨੂੰ ਇਕ ਅਦੁੱਤਾ ਜਿਹਾ ਅਹਿਸਾਸ ਕਰਵਾਇਆ। ਮੈਨੂੰ ਲੱਗਾ ਜਿਵੇਂ ਮੈਂ ਸਤਲੁਜ ਦਰਿਆ ਪਾਰ ਕਰ ਰਿਹਾ ਹੋਵਾਂ। ਤੇ ਦੂਜੇ ਪਾਸੇ ਤੋਂ ਦੁਆਬੇ ਦੀ ਮਹਿਕ ਆ ਰਹੀ ਸੀ।

ਕਪਾਹ ਦੀਆਂ ਫੁੱਟੀਆਂ ਵਾਂਗ ਦੁੱਧ ਚਿੱਟਾ ਖਿੜਿਆ ਹੋਇਆ ਸ਼ਨੀਵਾਰ ਦਾ ਦਿਨ ਸੀ। ਸੈਂਟਾ ਕਲਾਰਾ ਕਾਉਂਟੀ ਦੀ ਖੁੱਲੀ ਗਰਾਊਂਡ ਵਿਚ ਸਜਿਆ ਹੋਇਆ ਸੀ ਪੰਜਾਬੀਆਂ ਦੇ ਦਿਲਾਂ ਦਾ ਜਾਨੀ ਵਿਸਾਖੀ ਮੇਲਾ। ਪਾਰਕਿੰਗ ਵਿਚ ਟੈਕਸੀ ਵਾਲੇ ਨੂੰ ਭੇਜ ਕੇ ਕਾਹਲੀ-ਕਾਹਲੀ ਜਾ ਰਹੇ ਲੋਕਾਂ ਨਾਲ ਅਸੀਂ ਵੀ ਹੋ ਤੁਰੇ। ਚੁਫੇਰੇ ਇਕੱਤਰ ਹੋਏ ਪੰਜਾਬੀ ਇਉਂ ਭੁਲੇਖਾ ਪਾਉਂਦੇ ਸਨ ਜਿਵੇਂ ਕਿਤੇ ਇਹ ਸੱਤ ਸਮੁੰਦਰੋਂ ਪਾਰ ਦੀ ਧਰਤੀ ਨਹੀਂ, ਸਗੋਂ ਛਪਾਰ ਦਾ ਮੇਲਾ ਜਾਂ ਜਗਰਾਵਾਂ ਦੀ ਰੋਸ਼ਨੀ ਹੋਵੇ ਪਰ ਮੈਨੂੰ ਤਾਂ ਕਿੰਦਰ ਦੇ ਉਥੇ ਹੋਣ ਦਾ ਅਹਿਸਾਸ ਕਰਕੇ ਦੁਆਬੇ ਦੀ ਮਹਿਕ ਆ ਰਹੀ ਸੀ।

ਅਚਾਨਕ ਤੁਰਿਆ ਜਾਂਦਾ ਮੈਂ ਇਕਦਮ ਸੁੰਨ ਹੋ ਗਿਆ। ਸਟੇਜ ਲਾਗੇ ਮੂਹਰਲੀ ਕਤਾਰ ਵਾਲੀਆਂ ਕੁਰਸੀਆਂ ‘ਤੇ ਹੀ ਤਾਂ ਬੈਠੀ ਸੀ ਕਿੰਦਰ। ਮੈਂ ਜਾਣ-ਬੁੱਝ ਕੇ ਉਸ ਅੱਗੋਂ ਦੀ (ਘਿਆ ਤੇ ਦੇਖਿਆ ਕਿ ਉਹ ਮੈਨੂੰ ਪਛਾਣਦੀ ਹੈ ਕਿ ਨਹੀਂ। ਮੈਂ ਦਾੜੀ ਰੱਖ ਕੇ ਤੇ ਪੱਗ ਬੰਨ੍ਹ ਕੇ ਬਿਲਕੁਲ ਉਸੇ ਤਰ੍ਹਾਂ । ਬਣਿਆ ਹੋਇਆ ਸੀ, ਜਿਸ ਤਰ੍ਹਾਂ ਉਸ ਨੇ ਮੈਨੂੰ ਆਖਰੀ ਵਾਰ ਤੱਕਿਆ ਸੀ। ਸਾਡੀਆਂ ਅੱਖਾਂ ਜਦ ਚਾਰ ਹੋਈਆਂ ਤਾਂ ਦੋਵਾਂ ਦੀਆਂ ਅੱਖਾਂ ‘ਚੋਂ ਅੱਥਰੂ ਆਪ-ਮੁਹਾਰੇ ਵਗ ਤੁਰੇ। ਉਹ ਬੇਵੱਸ ਸੀ। ਮੈਨੂੰ ਲੱਗਾ ਕਿ ਉਹ ਵੀ ਮੇਰੇ ਵਾਂਗ ਜਿਗਰ ਦਾ ਕੋਈ ਵੱਡਾ ਫੱਟ ਲੈ ਕੇ ਜਿਊ ਰਹੀ ਹੈ। ਜਿਗਰ ਦਾ ਉਹ ਫੱਟ ਜੋ ਮੈਂ ਨਹੀਂ ਚਾਹੁੰਦਾ ਕਿ ਕਦੇ ਭਰੇ। ਜ਼ਿੰਦਗੀ ਦੀਆਂ ਆਖਰੀ ਸਾਹਾਂ ਤਕ ਉਸ ਫੁੱਟ ਦਾ ਦਰਦ ਤਾਜ਼ਾ ਰਹੇ। ਮੈਨੂੰ ਮੇਰੀ ਬਠਿੰਡੇ ਵਾਲੀ ਧਰਮ ਦੀ । ਭੈਣ ਨੇ ਇਹ ਤਾਂ ਦੱਸ ਦਿੱਤਾ ਸੀ ਕਿ ਕਿੰਦਰ ਨੇ ਤੈਨੂੰ ਇਸ ਕਰਕੇ ਛੱਡਿਆ ਕਿਉਂਕਿ ਉਸ ਦੇ ਭਰਾਵਾਂ ਨੇ ਕਿੰਦਰ ਨੂੰ ਕਿਹਾ ਸੀ ਕਿ ਜੇ ਤੂੰ ਉਸ ਨੂੰ ਨਾ ਭੁੱਲੀ ਤਾਂ ਉਸ ਨੂੰ ਅਸੀਂ ਜਾਨੋਂ ਮਾਰ ਮੁਕਾਉਣਾ ਹੈ ਪਰ ਮੈਨੂੰ ਸਬਰ ਕਿੱਥੇ? ਮੈਨੂੰ ਤਾਂ ਇਹ ਯਕੀਨ ਕਿੰਦਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਹੀ ਹੋ ਸਕਦਾ ਸੀ, ਜੋ ਮੈਨੂੰ ਅੱਜ ਹੋ ਚੁੱਕਾ ਸੀ। ਬਸ ਉਸ ਦਿਨ ਤੋਂ ਬਾਅਦ ਮੈਂ ਕਿੰਦਰ ਦਾ ਖਿਆਲ ਛੱਡ ਦਿੱਤਾ ਬਸ ਤਿਆਗ ਦਿੱਤਾ ਉਸ ਨੂੰ ਤਿਆਗ ਹੀ ਤਾਂ ਪਿਆਰ ਦਾ ਦੂਜਾ ਨਾਂ ਹੈ। ਇਹ ਗੱਲ ਮੈਨੂੰ ਅੱਜ ਸੋਲਾਂ ਆਨੇ ਸੱਚ ਜਾਪ ਰਹੀ ਸੀ।

Leave a Reply