ਇਕ ਰਾਤ
Ek Raat
ਰਾਤ ਦੇ ਕਰੀਬ 12 ਵਜ ਚੁੱਕੇ ਸਨ, ਅੱਜ ਬਾਹਰ ਪੈ ਰਹੀ ਕਹਿਰ ਦੀ ਠੰਢ ਨੇ ਸਾਰੇ ਸ਼ਹਿਰ ਨੂੰ ਆਪਣੇ ਲਪੇਟ ‘ਚ ਲਿਆ ਹੋਇਆ ਸੀ ਤੇ ਬਿਸਤਰੇ ‘ਚ ਬੈਠਣ ਤੋਂ ਬਗੈਰ ਸਰੀਰ ‘ਚ ਛਿੜੀ ਕੰਬਣੀ ਨੂੰ ਸ਼ਾਂਤ ਨਹੀਂ ਸੀ ਕੀਤਾ ਜਾ ਸਕਦਾ। ਪਰ ਆਪਣੇ ਸ਼ਹਿਰ ਦੇ ਇਕ ਛੋਟੇ ਜਿਹੇ ਹੋਟਲ ਦਾ ਇਕ ਕਰਿੰਦਾ ਰਾਜੇਸ਼ ਅਜੇ ਵੀ ਹੀਟਰ ਨੇ ਵੀ ਹੀਟਰ ਲਾਈ ਹੋਟਲ ਦਾ ਮੇਨ ਸ਼ਟਰ ਸੁੱਟੀ ਕਿਸੇ ਯਾਤਰੀ ਦੇ ਆਉਣ ਵਾਲੇ ਦਾ ਇੰਤਜ਼ਾਰ ਕਰ ਰਿਹਾ ਸੀ। ਉਸਨੂੰ ਇੱਥੇ ਪਹੁੰਚਦੀ ਆਖ਼ਰੀ ਐਕਸਪ੍ਰੈਸ ਗੱਡੀ ਦੇ ਪਹੁੰਚਣ ਤਕ ਸ਼ਾਇਦ ਇਸੇ ਹੀਟਰ ਸਹਾਰੇ ਉਡੀਕ ਕਰਨੀ ਸੀ।
ਉਸਨੂੰ ਆਪਣੇ ਮਾਲਕ ਤੋਂ ਰਾਤ ਦੇ ਕਰੀਬ 1 ਵਜੇ ਤੱਕ ਜਾਗਣ ਦੀ ਹਦਾਇਤ ਸੀ ਤਾਂ ਜੋ ਆਖ਼ਰੀ ਐਕਸਪ੍ਰੈਸ ਗੱਡੀ ਤੋਂ ਉਤਰਦੀ ਸਵਾਰੀ ਨੂੰ ਵੀ ਹੋਟਲ ‘ਚ ਰਹਿਣ ਵਾਸਤੇ ਜਗਾ ਮਿਲ ਸਕੇ ਤੇ ਕੋਈ ਕਮਰਾ ਦਾ ਕਿਰਾਇਆ ਬਣ ਸਕੇ। ਪਰ ਅੱਜ ਇਸ ਕਹਿਰ ਦੀ ਸਰਦੀ ਨੇ ਉਸਨੂੰ ਕੁਰਸੀ ਨਾਲ ਜੋੜ ਦਿੱਤਾ ਸੀ ਤੇ ਐਕਸਪ੍ਰੈਸ ਵੀ ਹੁਣ ਤਕ ਲੰਘ ਚੁੱਕੀ ਸੀ। ਮੇਜ਼ ‘ਤੇ ਪਈਆਂ ਪੁਰਾਣੀਆਂ ਅਖ਼ਬਾਰਾਂ ਵੀ ਹੁਣ ਠੰਢੀਆਂ ਹੋ ਚੁੱਕੀਆਂ ਸਨ, ਜਿਨ੍ਹਾਂ ਨੂੰ ਹੁਣ ਹੱਥ ਵੀ ਲਗਾਉਣਾ ਵੀ ਔਖਾ ਹੋਇਆ ਪਿਆ ਸੀ। ਉਹ ਐਂਟਰੀ ਰਜਿਸਟਰ ਦੀਆਂ ਪਿਛਲੀਆਂ ਹੋਈਆਂ ਐਂਟਰੀਆਂ ਨੂੰ ਦੇਖ ਰਿਹਾ ਸੀ। ਅੱਜ ਦਿਨੇ ਆਏ ਇਕ ਸ਼ਰਾਬੀ ਜਿਹੇ ਵਿਅਕਤੀ ਨੇ ਉਸ ਦਾ ਦਿਨ ਦਾ ਚੈਨ ਵੀ ਪੂਰੀ ਤਰ੍ਹਾਂ ਖਰਾਬ ਰੱਖਿਆ ਸੀ ਤੇ ਕਦੇ ਪਾਣੀ, ਕਦੇ ਰੋਟੀ, ਕਦੇ ਚਾਹ, ਕਦੇ ਸਿਗਰਟਾਂ ਆਦਿ ਲਿਆ ਲਿਆ ਕੇ ਉਹ ਥੱਕ ਗਿਆ ਸੀ।
“ਮੈਨੇਜਰ ਸਾਹਿਬ! ਮੈਨੇਜਰ ਸਾਹਿਬ! ਦਰਵਾਜ਼ਾ ਖੋਲਿਓ ਜੀ!” ਅਚਾਨਕ ਇਕ ਵਿਅਕਤੀ ਦੀ ਆਵਾਜ਼ ਤੇ ਸ਼ਟਰ ਖੜਕਾਉਣ ਦੇ ਸ਼ੋਰ ਨੇ ਉਸਨੂੰ ਆਪਣੀਆਂ ਸੋਚਾਂ ‘ਚੋਂ ਬਾਹਰ ਕੱਢਿਆ।
ਬਾਹਰ ਜਾ ਕੇ ਜਦੋਂ ਰਾਜੇਸ਼ ਨੇ ਬਾਹਰਲਾ ਸ਼ਟਰ ਖੋਲਿਆ ਤੇ ਦੇਖਿਆ ਤਾਂ ਉਹ ਇਕ ਵਾਹਵਾ ਮੋਟਾ ਫੁੱਲਾ ਵਿਅਕਤੀ ਉਸਦੇ ਸਾਹਮਣੇ ਖੜਾ ਸੀ ਤੇ ਰਿਕਸ਼ੇ ਵਾਲਾ ਵੀ ਉਸਦੇ ਕੋਲ ਸਮਾਨ ਲਈ ਖੜਾ ਸੀ। ਉਸਨੇ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਤੇ ਉਸਨੇ ਸਮਾਨ ਅੰਦਰ ਰੱਖ ਦਿੱਤਾ। ਉਸਨੇ ਆਪਣਾ ਨਾਂ ਐਂਟਰੀ ਰਜਿਸਟਰ ‘ਤੇ ਨਾਂ ਦਰਜ ਕਰਵਾਇਆ। ਰਾਜੇਸ਼ ਨੇ ਉਸਦਾ ਸਮਾਨ ਚੁੱਕਿਆ ਤੇ ਚਾਬੀ ਲੈ ਕੇ ਖਾਲੀ ਪਏ ਕਮਰੇ ‘ਚ ਲੈ ਗਿਆ। “ਕਾਕਾ ਪਾਣੀ ਦਾ ਇਕ ਜੱਗ, ਇਕ ਗਲਾਸ ਤੇ ਇਕ ਕੱਪ ਚਾਹ ਲਿਆ ਕੇ ਦਈ।” ਉਸਨੇ ਰਾਜੇਸ਼ ਨੂੰ ਕਮਰੇ ਤੋਂ ਨਿਕਲਣ ਤੋਂ ਪਹਿਲਾਂ ਹੀ ਕਹਿ ਦਿੱਤਾ।
ਰਾਜੇਸ਼ ਹੌਲੀ-ਹੌਲੀ ਠੁਰ-ਠੁਰ ਕਰਦਾ ਕਮਰੇ ‘ਚੋਂ ਨਿਕਲਿਆ ਤੇ ਹੋਟਲ ਦੀ ਕਿਚਨ ‘ਚ ਜਾ ਵੜਿਆ। ਉਥੋਂ ਗੈਸ ਸਿਲੰਡਰ ਦਾ ਬਟਨ ਦਬਾਇਆ ਤੇ ਚਾਹ ਬਣਾਉਣ ਲੱਗ ਪਿਆ। ਕੁਝ ਸਮੇਂ ਬਾਅਦ ਉਸਨੇ ਚਾਹ ਤੇ ਨਾਲ ਟਰੇਅ ‘ਚ ਪਾਣੀ ਵਾਲਾ ਗਲਾਸ ਤੇ ਚਾਹ ਰੱਖ ਲਈ ਤੇ ਦੂਜੇ ਹੱਥ ‘ਚ | ਪਾਣੀ ਵਾਲਾ ਜੱਗ ਪਕੜ ਕੇ ਉਸੇ ਕਮਰੇ ‘ਚ ਜਾ ਵੜਿਆ।
“ਆ ਕਾਕਾ, ਆ ਜਾ… ਆ ਜਾ…।” ਉਸ ਵਿਅਕਤੀ ਨੇ ਉਸ ਨੂੰ ਕਮਰੇ ਦਾ ਬਹਾ ਖੋਲਦਿਆਂ ਤੱਕ ਕੇ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ।
ਰਾਜੇਸ਼ ਨੇ ਪਾਣੀ ਦਾ ਗਲਾਸ ਤੇ ਜੱਗ ਮੇਜ ‘ਤੇ ਟਿਕਾਇਆ ਤੇ ਟਰੇਅ ਵਾਲੀ ਚਾਹ ਉਸ ਵਿਅਕਤੀ ਵਲ ਵਧਾ ਦਿੱਤੀ। ਇੰਨੇ ਹੀ ਚਿਰ ‘ਚ ਬੈਂਡ ਕੋਲ | ਖੜੋਤੇ ਨੂੰ ਹੀ ਉਸਨੇ ਹੱਥ ਨਾਲ ਦੁਬਾਰਾ ਫਿਰ ਬੈਠਣ ਦਾ ਇਸ਼ਾਰਾ ਕੀਤਾ। ਰਾਜੇਸ਼ ਨੂੰ ਹੁਣ ਬੈਠਣ ਦਾ ਕਿੱਥੇ ਟਾਈਮ ਸੀ। ਸਾਰਾ ਦਿਨ ਦਾ ਥੱਕਿਆ । ਹੋਇਆ ਉਹ ਹੁਣ ਸੌਣਾ ਚਾਹੁੰਦਾ ਸੀ।
“ਬੈਠ ਜਾ ਕਾਕਾ, ਬੈਠ ਜਾ। ਬਾਹਰ ਬਹੁਤ ਠੰਡ ਏ, ਬੈਠ ਜਾ।” ਉਸਨੇ ਫਿਰ ਬੈਠਣ ਦੀ ਤਾਕੀਦ ਕੀਤੀ।ਰਾਜੇਸ਼ ਝਿਜਕਦਾ ਹੋਇਆ ਉਸਦੇ ਬੈਂਡ ਉਪਰ ਬੈਠ ਗਿਆ।
“ਸਰ ਜੇ ਕੁਝ ਚਾਹੀਦੈ ਤਾਂ ਮੈਨੂੰ ਹੁਣੇ ਹੀ ਦੱਸ ਦਿਉ ਮੈਂ ਸੌਣ ਜਾ ਰਿਹਾ ਹਾਂ, ਬਾਅਦ ਵਿਚ ਤੁਹਾਨੂੰ ਤਕਲੀਫ਼ ਹੋਵੇਗੀ।” ਰਾਜੇਸ਼ ਨੇ ਆਖਿਆ। “ਨਹੀਂ ਕਾਕਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹਾਂ ਤੇ ਤੂੰ ਦੱਸ ਸੌਣਾ ਫਿਰ ਕਿੱਥੇ ਹੈ… ਤੇ ਤੂੰ ਇੰਝ ਹੀ ਕਰ ਅੱਜ ਇਥੇ ਹੀ ਸੌਂ ਜਾ।” ਉਸਨੇ ਕਿਹਾ।
“ਨਹੀਂ ਜੀ, ਮੇਰਾ ਵੱਖਰਾ ਕਮਰਾ ਏ ਉਥੇ ਹੀ ਸੌਵਾਂਗਾ।” ਰਾਜੇਸ਼ ਨੇ ਨਿਮਰਤਾ ਨਾਲ ਕਿਹਾ।
“ਕਾਕਾ ਸ਼ਰਮਾਉਂਦਾ ਕਿਉਂ ਏ, ਸੌਂ ਜਾ, ਤੇਰਾ ਅੰਕਲ ਮੇਰੇ ਨਾਲ ਹੀ ਸੌਂਦਾ ਏ ਜਦ ਵੀ ਮੈਂ ਇਧਰ ਆਉਂਦਾ ਹਾਂ।” ਉਸਨੇ ਝੱਟ ਕਿਹਾ।
ਇਸ ਤੋਂ ਪਹਿਲਾਂ ਕਿ ਰਾਜੇਸ਼ ਕੁਝ ਕਹਿੰਦਾ, ਉਸਨੇ ਰਾਜੇਸ਼ ਦੇ ਪੱਟਾਂ ‘ਤੇ ਹੱਥ ਰੱਖ ਲਿਆ ਤੇ ਹੌਲੀ-ਹੌਲੀ ਉਸਨੂੰ ਉਤੇਜਿਤ ਕਰਨ ਲੱਗ ਪਿਆ।
ਰਾਜੇਸ਼ ਨੇ ਉਸਨੂੰ ਅਜਿਹਾ ਕਰਦਿਆਂ ਰੋਕਣਾ ਚਾਹਿਆ ਪਰ ਉਸਨੇ ਫਿਰ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਉਸਨੂੰ ਤੰਗ ਕਰਦਾ ਰਿਹਾ।
“ਅੱਛਾ ਅੰਕਲ ਜੀ, ਮੈਂ ਚਲਦਾਂ, ਮੈਂ ਸੌਣਾ ਏ।” ਰਾਜੇਸ਼ ਨੇ ਕਿਹਾ।
“ਨਹੀਂ ਕਾਕਾ, ਚੱਲਿਆ ਕਿੱਥੇ ਹੈ, ਮੇਰੇ ਕੋਲ ਸੌਂ ਜਾ, ਤੈਨੂੰ ਕੁਝ ਨੀ ਹੋਣ ਲੱਗਾ, ਮੇਰੇ ਨਾਲ ਸੌ ਜਾ। ਓਏ ਤੇਰਾ ਅੰਕਲ ਰਾਤ ਨੂੰ ਵੀ ਪੈਸੇ ਕਮਾਉਂਦੈ, ਉਏ ਰਾਤ ਦੇ ਪੈਸੇ ਕਮਾ ਲੈ… ਕਿਉਂ ਠੀਕ ਏ।”
“ਨਹੀਂ, ਨਹੀਂ, ਮੈਂ ਚੱਲਿਆਂ ਜੀ…।
“ਰਾਜੇਸ਼ ਨੇ ਆਪਾ ਬਚਾਉਂਦੇ ਹੋਏ ਕਿਹਾ।
ਉਸ ਨੇ ਉਸਦਾ ਹੱਥ ਪਕੜਿਆ ਤੇ ਉਸਨੂੰ ਆਪਣੇ ਨਾਲ ਲਟਾਉਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਇੰਨੇ ਨੂੰ ਉਸਦੇ ਦਿਮਾਗ ‘ਚ ਕਿਚਨ ‘ਚ ਆਪਣੇ ਲਈ ਬਣਾਈ ਚਾਹ ਦਾ ਖ਼ਿਆਲ ਆਇਆ। “ਅੱਛਾ ਅੰਕਲ ਮੇਰੀ ਚਾਹ ਕਿਚਨ ‘ਚ ਠੰਢੀ ਹੋ ਰਹੀ ਏ, ਮੈਂ ਚਾਹ ਪੀ ਕੇ ਆਇਆ।” “ਚਲ ਜਾ, ਆ ਜੀ, ਤੈਨੂੰ ਪੈਸੇ ਦਿਉਂਗਾ ਕੋਈ ਐਵੇਂ ਨਹੀਂ ਜਾਣ ਦਿੰਦਾ… ਤੇ ਤੇਰਾ ਵੀ ਜਾਂਦਾ ਕੀ ਏ। ਅੱਛਾ ਆ ਜੀ…।”ਉਸਨੇ 500-500 ਦੇ ਨੋਟ ਦਿਖਾਉਂਦਿਆਂ ਕਿਹਾ। ਰਾਜੇਸ਼ ਬਹਾਨਾ ਲਗਾ ਕੇ ਕਿਚਨ ‘ਚ ਗਿਆ ਤੇ ਉਪਰੰਤ ਹੋਟਲ ਦਾ ਮੇਨ ਸ਼ਟਰ ਬੰਦ ਕਰਕੇ ਆਪਣੇ ਕਮਰੇ ‘ਚ ਕੁੰਡੀ ਲਗਾ ਕੇ ਸੌਂ ਗਿਆ। ਰਾਤ ਨੂੰ ਉਸਨੂੰ ਇੰਝ ਲੱਗਿਆ ਕਿ ਬੱਸ ਤਾਂ ਅੱਜ ਮੇਰੇ ਨਾਲ ਅੱਜ ਤਕ ਨਾ ਵਾਪਰਿਆ ਹਾਦਸਾ ਵਾਪਰ ਜਾਣਾ ਸੀ। ਉਸ ਦੀਆਂ ਸੋਚਾਂ ਦੇ ਘੋੜੇ ਕਿਧਰੇ ਦੂਰ ਖਲਾਅ ‘ਚ ਦੌੜੇ ਜਾ ਰਹੇ ਸਨ ਤੇ ਉਸਦੇ ਦਿਮਾਗ ‘ਚ ਵੱਖ-ਵੱਖ ਤਰ੍ਹਾਂ ਦੀਆਂ ਧਾਰਨਾਵਾਂ ਉਪਜ ਰਹੀਆਂ ਸਨ। “ਨਹੀਂ ਯਾਰ, ਇੰਝ ਨਹੀਂ ਕਰਨਾ ਚਾਹੀਦਾ ਮੈਂ ਤਾਂ ਕਿਤਾਬਾਂ ‘ਚ ਪੜਿਆ ਏ ਕਿ ਅਜਿਹਾ ਕਰਨ ਨਾਲ ਸੈਕਸਅਲ ਬਿਮਾਰੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਦਾ ਕੋਈ ਇਲਾਜ ਨਹੀਂ, ਚੱਲ ਪੈਸਿਆਂ ਦਾ ਕੀ ਏ, ਆਈ-ਜਾਈ ਜਾਂਦੇ ਨੇ। ਅਜਿਹਾ ਨਹੀਂ ਕਰਨਾ ਚਾਹੀਦਾ।… ਪਰ ਅੰਕਲ ਬਾਸੂ ਤਾਂ ਅਜਿਹਾ ਕਰਦਾ ਏ, ਕਿਉਂ?” ਉਸ ਦੀਆਂ ਸੋਚਾਂ ਨੇ ਪਾਸਾ ਪਲਟਿਆ। ਹੁਣ ਸੋਚਾਂ ਦੀਆਂ ਵਲਗਣਾਂ ‘ਚੋਂ ਨਿਕਲਦੇ-ਨਿਕਲਦੇ ਹੀ ਉਸਨੂੰ ਨੀਂਦ ਆ ਗਈ। ਸਵੇਰ ਮੋਬਾਇਲ ਦਾ ਅਲਾਰਮ ਖੜਕਿਆ ਤਾਂ ਉਸਨੇ ਦੇਖਿਆ ਕਿ ਸਵੇਰ ਹੋ ਗਈ ਏ ਤੇ ਇੰਨੇ ਨੂੰ ਬਾਹਰੋਂ ਸ਼ਟਰ ਨੂੰ ਖੜਕਾਉਣ ਦੀ ਆਵਾਜ਼ ਆਈ। “ਰਾਜੇਸ਼ ਜਲਦੀ ਬੂਹਾ ਖੋਲ੍ਹ, ਬਾਹਰ ਠੰਢ ਬਹੁਤ ਏ, ਜਲਦੀ ਕਰ।” ਅੰਕਲ ਬਾਸੂ ਨੇ ਹੇਕ ਨਾਲ ਆਵਾਜ਼ ਲਗਾਈ। ਰਾਜੇਸ਼ ਨੇ ਸ਼ਟਰ ਖੋਲ੍ਹਿਆ ਤਾਂ ਅੱਗੇ ਅੰਕਲ ਬਾਸੂ ਇਕ ਹੱਥ ‘ਚ ਦੁੱਧ ਪਕੜੀ ਖੜ੍ਹਾ ਸੀ।ਰਾਜੇਸ਼ ਨੇ ਸ਼ਟਰ ਖੋਲ੍ਹਣ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਬਾਹਰਲਾ ਬੋਰਡ ਲਗਾਇਆ ਤੇ ਹੋਰ ਕੰਮਕਾਰ ਕਰਨ ਲੱਗ ਪਿਆ। ਇੰਨੇ ਨੂੰ ਅੰਕਲ ਬਾਸੂ ਨੇ ਚਾਹ ਪੀਣ ਲਈ ਰਾਜੇਸ਼ ਨੂੰ ਹਾਕ ਮਾਰੀ। ਅੰਕਲ ਅੱਜ ਕੁਸ਼ ਖੁਸ਼ ਦਿਖਾਈ ਦੇ ਰਿਹਾ ਸੀ।ਰਾਜੇਸ਼ ਦੇ ਪੁੱਛਣ ‘ਤੇ ਉਸਨੇ ਦੱਸਿਆ।
“ਕਾਕਾ ਰਾਤ ਕੀ ਹੋਇਆ, ਮੋਟੂ ਕਹਿੰਦਾ ਰਾਤ ਮੁੰਡੇ ਨੇ ਖਰਾਬ ਕੀਤੈ, ਕੀ ਕਰਤਾ ਕੰਜਰਾ ਉਹਦੇ ਨਾਲ।” ਅੰਕਲ ਨੇ ਮਸ਼ਕਰੀ ਜਿਹੀ ਨਾਲ ਪੁੱਛਿਆ।
ਕੁਝ ਨਹੀਂ, ਉਹ ਕਹਿੰਦਾ ਮੇਰੇ ਕੋਲ ਸੌ ਮੈਂ ਨਹੀਂ ਸੁੱਤਾ ਹੋਰ ਕੁਝ ਵੀ ਨਹੀਂ।” ਰਾਜੇਸ਼ ਨੇ ਕਿਹਾ। “ਕਿਉਂ ਘੰਟਾ ਸੌਂ ਜਾਂਦਾ ਤਾਂ ਤੇਰਾ ਕੀ ਜਾਂਦਾ ਸੀ ਅਗਲੇ ਨੇ ਪੈਸੇ ਦੇਣੇ ਸੀ, ਪੈਸੇ ਲੈ ਲੈਂਦਾ।” “ਨਹੀਂ ਅੰਕਲ ਮੈਨੂੰ ਇਹੋ ਜਿਹੇ ਕੰਮ ਤੋਂ ਪੈਸੇ ਲੈਣ ਦੀ ਜ਼ਰੂਰਤ ਨਹੀਂ, ਭਾਵੇਂ ਮੈਂ ਗ਼ਰੀਬ ਹਾਂ ਪਰ ਫਿਰ ਵੀ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਾਂਗਾ।” “ਇਹਦੇ ਨਾਲ ਤੇਰਾ ਕੀ ਵਿਗੜ ਜਾਣਾ ਸੀ, ਉਹ ਤਾਂ ਮੇਰੇ ਨਾਲ ਨਰਾਜ਼ ਹੋ ਗਿਆ। ਕਹਿੰਦਾ ਇਸ ਵਾਰ ਮੇਰਾ ਇਥੇ ਠਹਿਰਣ ਦਾ ਕੋਈ ਫ਼ਾਇਦਾ ਨਹੀਂ ਹੋਇਆ। ਅੰਕਲ ਨੇ ਗੱਲ ਅੱਗੇ ਤੋਰੀ। ਇੰਨੇ ਨੂੰ ਉਹੀ ਆਦਮੀ ਬੈਗ ਚੁੱਕੀ ਬਾਹਰ ਨਿਕਲਿਆ ਤੇ ਰਾਜੇਸ਼ ਨੂੰ ਮਸ਼ਕਰੀ ਨਾਲ ਕਹਿਣ ਲੱਗਾ, “ਕਾਕਾ, ਹੁਣ ਆਪਣੇ ਅੰਕਲ ਦੀ ਤਰ੍ਹਾਂ ਵਿਵਹਾਰ ਕਰਨਾ ਸਿੱਖ ਲੈ। ਆਈ ਸਮਝ।” ਰਾਜੇਸ਼ ਅੰਕਲ ਤੇ ਉਹਦੀ ਗੱਲ ਸੁਣ ਕੇ ਅਵਾਕ ਹੋ ਗਿਆ ਤੇ ਉਸਨੂੰ ਅੱਗੇ ਗੱਲ ਕਰਨ ਲਈ ਕੋਈ ਸੁੱਝੀ ਹੀ ਨਾ।