ਆਪਣੇ ਸ਼ਹਿਰ ਦੀ ਮਿਉਂਸਪਲ ਕਮੇਟੀ ਦੇ ਪ੍ਰਧਾਨ ਨੂੰ ਇਕ ਪੱਤਰ ਲਿਖੋ ਜਿਸ ਵਿਚ ਆਪਣੇ ਮੁਹੱਲੇ ਦੀਆਂ ਗਲੀਆਂ ਅਤੇ ਨਾਲੀਆਂ ਦੀ ਭੈੜੀ ਹਾਲਤ ਕਾਰਨ ਲੋਕਾਂ ਦੀਆਂ ਤਕਲੀਫਾਂ ਦੱਸਦੇ ਹੋਏ ਉਹਨਾਂ ਦੀ ਮੁਰੰਮਤ ਕਰਵਾਉਣ ਲਈ ਬੇਨਤੀ ਕਰੋ।
ਜਾਂ
ਸ਼ਹਿਰ ਦੇ ਸਿਹਤ ਅਧਿਕਾਰੀ ਨੂੰ ਮੁਹੱਲੇ ਦੀ ਸਫਾਈ ਦਾ ਪ੍ਰਬੰਧ ਠੀਕ ਨਾ ਹੋਣ ਦੀ ਸ਼ਿਕਾਇਤ ਲਈ ਚਿੱਠੀ ਲਿਖੋ।
ਸੇਵਾ ਵਿਖੇ
ਪ੍ਰਧਾਨ/ਸਿਹਤ ਅਧਿਕਾਰੀ,
ਮਿਉਂਸਪਲ ਕਮੇਟੀ,
ਪਠਾਨਕੋਟ ਸ਼ਹਿਰ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਮੁਹੱਲਾ ਕਰਮ ਸਿੰਘ ਦੀ ਦੁਰਦਸ਼ਾ ਬਾਰੇ ਪਹਿਲਾਂ ਵੀ ਆਪ ਦੀ ਸੇਵਾ ਵਿਚ ਬੇਨਤੀ ਕਰ ਚੁੱਕਾ ਹਾਂ। ਪਰ ਹੁਣ ਜਦੋਂ ਪਾਣੀ ਸਿਰੋਂ ਹੀ ਲੰਘ ਗਿਆ ਹੈ ਤਾਂ ਮੁੜ ਲਿਖਣ ਲਈ ਮਜ਼ਬੂਰ ਹੋਇਆ ਹਾਂ।
ਮੁਹੱਲੇ ਦੀਆਂ ਗਲੀਆਂ ਅਤੇ ਨਾਲੀਆਂ ਦੀ ਹਾਲਤ ਬਹੁਤ ਹੀ ਖਰਾਬ ਹੈ। ਗਲੀਆਂ ਵਿਚ ਥਾਂ-ਥਾਂ ਟੋਏ ਪਏ ਹੋਏ ਹਨ। ਇਹਨਾਂ ਟੋਇਆਂ ਵਿਚ ਬਰਸਾਤ ਦੇ ਦਿਨਾਂ ਵਿਚ ਪਾਣੀ ਖਲੋ ਜਾਂਦਾ ਹੈ। ਇੰਨਾ ਹੀ ਨਹੀਂ, ਜਮਾਂਦਾਰ ਇਹਨਾਂ ਟੋਇਆਂ ਨੂੰ ਕੁੜੇ-ਕਰਕਟ ਨਾਲ ਭਰ ਦਿੰਦੇ ਹਨ। ਨਾਲੀਆਂ ਨੇ ਟੁੱਟ ਕੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ। ਨਾਲੀਆਂ ਵੀ ਗੰਦ ਨਾਲ ਭਰੀਆਂ ਰਹਿੰਦੀਆਂ ਹਨ। ਮੁੱਖੀਆਂ ਦੀਆਂ ਹੋੜਾਂ ਦੀਆਂ ਹੇੜਾਂ ਹਰ ਵੇਲੇ ਇਹਨਾਂ ਉੱਤੇ ਭਿੰਨ-ਭਿੰਨ ਕਰਦੀਆਂ ਰਹਿੰਦੀਆਂ ਹਨ। ਖ਼ਤਰਨਾਕ ਬਦਬੂ ਨੇ ਹਰ ਕਿਸੇ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ।
ਉਂਜ ਤਾਂ ਕਮੇਟੀ ਵੱਲੋਂ ਸਫ਼ਾਈ ਕਰਨ ਲਈ ਜਮਾਂਦਾਰ ਵੀ ਨਿਯੁਕਤ ਕੀਤਾ ਹੋਇਆ ਹੈ ਪਰ ਉਹ ਆਪਣੀ ਡਿਊਟੀ ਨਾਂ ਨੂੰ ਹੀ ਕਰਦਾ ਹੈ। ਪਹਿਲਾਂ ਤਾਂ ਉਹ ਆਉਂਦਾ ਹੀ ਨਹੀਂ ਜਦੋਂ ਆਉਂਦਾ ਵੀ ਹੈ ਤਾਂ ਸਫ਼ਾਈ ਕਰਨ ਦੀ ਥਾਂ ਕੂੜੇ ਦੇ ਪਏ ਢੇਰਾਂ ਨੂੰ ਇੱਧਰ-ਉੱਧਰ ਕਰਕੇ
ਫਰੋਲ ਛੱਡਦਾ ਹੈ। ਕਈ ਵਾਰ ਮਹੱਲੇ ਵਾਲਿਆਂ ਨੇ ਉਸ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ‘ ਹੈ, ਪਰ ਉਸ ਦੇ ਕੰਨਾਂ ਉੱਤੇ ਜੰ ਨਹੀਂ ਸਰਕਦੀ ਸਗੋਂ ਗੱਲ ਨੂੰ ਹਾਸੇ ਵਿਚ ਟਾਲ ਛੱਡਦਾ ਹੈ।
ਅੱਗੋਂ ਵਰਖਾ ਰੁੱਤ ਆਉਣ ਵਾਲੀ ਹੈ। ਡਰ ਹੈ ਕਿ ਜੇਕਰ ਅਜਿਹੀ ਹਾਲਤ ਹੀ ਰਹੀ , ਤਾਂ ਮਲੇਰੀਏ ਅਤੇ ਹੈਜ਼ੇ ਵਰਗੀਆਂ ਨਾਮੁਰਾਦ ਬੀਮਾਰੀਆਂ ਨਾ ਫੈਲ ਜਾਣ।
ਇਸ ਦੇ ਨਾਲ ਸਾਡੇ ਮੁਹੱਲੇ ਦੀ ਸਫ਼ਾਈ ਕਰਨ ਵਾਲੇ ਜਮਾਂਦਾਰ ਨੂੰ ਵੀ ਤਾੜਨਾ ਕਰਨ ਦਾ ਕਸ਼ਟ ਕਰਨਾ, ਤਾਂ ਜੋ ਉਹ ਆਪਣੇ ਫ਼ਰਜ਼ ਨੂੰ ਸਮਝੇ ਅਤੇ ਠੀਕ ਢੰਗ ਨਾਲ ਕੰਮ ਕਰੇ। ਆਪ ਜੀ ਦੇ ਧਿਆਨ ਲਈ ਅਤਿ ਧੰਨਵਾਦੀ ਹੋਵਾਂਗਾ।
ਆਪ ਦਾ ਸ਼ੁਭ ਚਿੰਤਕ
ਅਮਨਪ੍ਰੀਤ ਸਿੰਘ।
ਮਿਤੀ 11 ਜੁਲਾਈ, 20 …..