Punjabi Letter “Police Adhikari nu Ilake vich vadh rahi Gundagardi te kabu paun layi Benati Patar”, “ਪੁਲਿਸ ਅਧਿਕਾਰੀ ਨੂੰ ਇਲਾਕੇ ਵਿਚ ਵੱਧ ਗਈ ਗੁੰਡਾਗਰਦੀ ਤੇ ਕਾਬੂ ਪਾਉਣ ਲਈ ਬੇਨਤੀ ਪੱਤਰ” for Class 6, 7, 8, 9, 10 and 12, PSEB Classes.

ਤੁਹਾਡੇ ਇਲਾਕੇ ਵਿਚ ਗੁੰਡਾਗਰਦੀ ਕਾਫ਼ੀ ਵੱਧ ਗਈ ਹੈ। ਆਪਣੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੂੰ ਇਸ ਤੇ ਕਾਬੂ ਪਾਉਣ ਲਈ ਬੇਨਤੀ ਪੱਤਰ ਲਿਖੋ।

 

ਸੇਵਾ ਵਿਖੇ

ਪੁਲਿਸ ਕਪਤਾਨ ਸਾਹਿਬ,

ਜ਼ਿਲ੍ਹਾ ਫਤਿਹਗੜ੍ਹ ਸਾਹਿਬ।

ਵਿਸ਼ਾ-ਇਲਾਕੇ ਵਿਚ ਫੈਲ ਰਹੀ ਗੁੰਡਾਗਰਦੀ ਦੀ ਰੋਕ-ਥਾਮ।

ਮਾਨ ਜੀਓ ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਮਹੱਲਾ ਪੇਮ ਨਗਰ , ਪਟਿਆਲਾ ਰੋਡ, ਫਤਿਹਗੜ੍ਹ ਸਾਹਿਬ ਦਾ ਨਿਵਾਸੀ ਹਾਂ। ਮੈਂ ਇਸ ਬਿਨੈ-ਪੱਤਰ ਰਾਹੀਂ ਆਪ ਦਾ ਧਿਆਨ ਇਸ ਮੁਹੱਲੇ ਵਿਚ ਅਤੇ ਆਲੇ-ਦੁਆਲੇ ਦਿਨ-ਬ-ਦਿਨ ਵੱਧ ਰਹੀ ਗੁੰਡਾਗਰਦੀ ਵੱਲ ਦਿਵਾਉਣਾ ਚਾਹੁੰਦਾ ਹਾਂ ਤਾਂ ਜੋ ਉਸ ਨੂੰ ਰੋਕਣ ਲਈ ਉੱਚਿਤ ਕਦਮ ਪੁੱਟੇ ਜਾ ਸਕਣ।

ਇਸ ਇਲਾਕੇ ਵਿਚ ਅੱਜਕੱਲ ਗੰਡੇ ਅਤੇ ਸ਼ਰਾਰਤੀ ਅਨਸਰਾਂ ਦਾ ਇਕ ਗਿਰੋਹ ਸਰਗਰਮ ਹੈ। ਜਿਸ ਨੇ ਆਲੇ-ਦੁਆਲੇ ਦੇ ਕਈ ਮੁਹੱਲਿਆਂ ਵਿਚ ਗੁੰਡਾ ਰਾਜ ਕਾਇਮ ਕੀਤਾ ਹੋਇਆ ਹੈ। ਇਹ ਲੋਕ ਦਿਨ ਦਿਹਾੜੇ ਆਉਂਦੀਆਂ ਜਾਂਦੀਆਂ ਧੀਆਂ ਭੈਣਾਂ ਨੂੰ ਛੇੜਦੇ ਅਤੇ ਸ਼ਰਾਬ ਪੀ ਕੇ ਸ਼ਰੀਫ ਲੋਕਾਂ ਨੂੰ ਤੰਗ ਕਰਦੇ ਅਤੇ ਆਉਂਦਿਆਂ ਜਾਂਦਿਆਂ ਨੂੰ ਧਮਕੀਆਂ ਦਿੰਦੇ ਹਨ।

ਇਹਨਾਂ ਅਨਸਰਾਂ ਨੇ ਕਈ ਥਾਵਾਂ ‘ਤੇ ਚੁਬਾਰਿਆਂ ਵਿਚ ਜੂਏ ਦੇ ਅੱਡੇ ਵੀ ਕਾਇਮ ਕੀਤੇ ਹੋਏ ਹਨ। ਸ਼ਰੀਫ਼ ਅਤੇ ਪੱਤਵੰਤੇ ਲੋਕਾਂ ਦਾ ਤਾਂ ਇਹਨਾਂ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਹਨਾਂ ਤੋਂ ਡਰਦੇ ਲੋਕ ਇਹਨਾਂ ਦੀ ਥਾਣੇ ਜਾ ਕੇ ਰਿਪੋਰਟ ਲਿਖਵਾਉਣ ਤੋਂ ਵੀ ਝਿਜਕਦੇ ਅਤੇ ਕੰਨੀਂ ਕਤਰਾਉਂਦੇ ਹਨ। ਉਹਨਾਂ ਦੀ ਹਿੰਮਤ ਇੰਨੀ ਵੱਧ ਗਈ ਹੈ ਕਿ ਸ਼ਿਕਾਇਤ ਕਰਨ ਵਾਲੇ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹਨ।

ਸ੍ਰੀਮਾਨ ਜੀ, ਕਿਹੜੀ-ਕਿਹੜੀ ਗੱਲ ਦੇ ਰੋਣੇ ਇਸ ਪੱਤਰ ਰਾਹੀਂ ਰੋਈਏ। ਸਾਡੀ ਤਾਂ ਹਾਲਤ ਸੱਪ ਦੇ ਮੂੰਹ ਵਿਚ ਆਈ ਕੋਹੜ ਕਿਰਲੀ ਵਾਲੀ ਹੈ। ਜੇਕਰ ਖਾਵੇ ਤਾਂ ਕੋਹੜੀ ਅਤੇ ਛੱਡੇ ਤਾਂ ਕਲੰਕੀ। ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਾਨੂੰਨ ਨਾਂ ਦੀ ਕੋਈ ਚੀਜ਼ ਦਾ ਇੱਥੇ ਥਹੁ-ਪਤਾ ਹੀ ਨਹੀਂ ਹੈ।

ਮੈਨੂੰ ਪੂਰਾ ਵਿਸ਼ਵਾਸ ਅਤੇ ਭਰੋਸਾ ਹੈ ਕਿ ਤੁਸੀਂ ਲੋਕਾਂ ਦੀ ਇਸ ਬੇਚੈਨੀ ਦਾ ਖ਼ਿਆਲ ਕਰਦੇ ਹੋਏ ਯੋਗ ਕਾਰਵਾਈ ਕਰਕੇ ਅਮਨ ਬਹਾਲੀ ਅਤੇ ਸੁੱਖ ਸ਼ਾਂਤੀ ਦਾ ਵਾਤਾਵਰਣ ਪੈਦਾ ਕਰਨ ਦਾ ਪ੍ਰਬੰਧ ਕਰੋਗੇ। ਅਸੀਂ ਸਾਰੇ ਮੁਹੱਲਾ ਨਿਵਾਸੀ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ।

ਆਪ ਦਾ ਸ਼ੁਭਚਿੰਤਕ,

ਲਖਵਿੰਦਰ,

ਪ੍ਰੇਮ ਨਗਰ,

ਪਟਿਆਲਾ ਰੋਡ, ਫਤਿਹਗੜ੍ਹ ਸਾਹਿਬ।

ਮਿਤੀ 22 ਮਾਰਚ, 20 …..

Leave a Reply