Punjabi Essay, Story on “Sacha Patshah”, “ਸੱਚਾ ਪਾਤਸ਼ਾਹ” for Class 6, 7, 8, 9, 10 and Class 12 ,B.A Students and Competitive Examinations.

ਸੱਚਾ ਪਾਤਸ਼ਾਹ

Sacha Patshah

ਜਹਾਂਗੀਰ ਬਾਦਸ਼ਾਹ , ਸਾਈਂ ਮੀਆਂ ਮੀਰ ਪਾਸੇ ਗੁਰੂ ਅਰਜਨ ਦੇਵ ਅਤੇ ਗੁਰੂ ਹਰਿਗੋਬਿੰਦ ਜੀ ਦੀ ਤਾਰੀਫ਼ ਸੁਣ ਕੇ ਬਹੁਤ ਹੈਰਾਨ ਹੋਇਆ। ਉਸਨੇ ਮਹਿਸੂਸ ਕੀਤਾ ਕਿ ਉਸਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਵਾ ਕ ਤੇ ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਬਣਾ ਕੇ ਬਹੁਤ ਵੱਡੀ ਭੁੱਲ ਕੀਤੀ ਸੀ। ਉਸਨੇ ਵਜ਼ੀਰ ਖ਼ਾਨ ਨੂੰ ਹੁਕਮ ਦਿੱਤਾ ਕਿ ਉਹ ਗਵਾਲੀਅਰ ਜਾ ਕੇ ਗੁਰੂ ਹਰਿਗੋਬਿੰਦ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਨਾਲ ਆਗਰੇ ਲੈ ਕੇ ਆਵੇ ਤਾਂ ਜੋ ਉਹ ਉਸ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਸਕੇ , ਜਿਸਦੇ ਦਰਸ਼ਨ ਕਰਨ ਲਈ ਦੇਸ਼ ਭਰ ਦੀ ਜਨਤਾ, ਗਵਾਲੀਅਰ ਦੇ ਕਿਲ੍ਹੇ ਦੀਆਂ ਕੰਧਾਂ ਨੂੰ ਨਮਸਕਾਰ ਕਰ ਕੇ ਮੁੜ ਜਾਂਦੀ ਸੀ।

ਵਜ਼ੀਰ ਖ਼ਾਨ, ਜਹਾਂਗੀਰ ਦਾ ਹੁਕਮ ਮੰਨਦਿਆਂ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਤੋਂ ਨਾਲ ਲੈ ਕੇ ਆਵੇ ਦਰਬਾਰ ਵਿਚ ਹਾਜ਼ਰ ਹੋਇਆ। ਜਹਾਂਗੀਰ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਪਾਸ ਚੰਦਨ ਦੀ ਚੌਕੀ ਉਪਰ ਬਿਠਾਇਆ। ਗੁਰੂ ਜੀ ਨੂੰ ਸ਼ਾਹੀ ਠਾਠ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਤੇ ਹੋਰ ਸ਼ਸਤਰ ਪਹਿਨੇ ਹੋਏ ਦੋਖ ਕੇ, ਉਸਦੇ ਮਨ ਦਾ ਸ਼ੰਕਾ ਦੂਰ ਹੋ ਗਿਆ ਕਿ ਉਨਾਂ ਨੂੰ ਡਰਾਇਆ ਧਮਕਾਇਆ ਨਹੀਂ ਜਾ ਸਕਦਾ। ਜਹਾਂਗੀਰ ਨੇ ਚੰਦੂ ਨੂੰ ਗੁਰੂ ਜੀ ਅੱਗੇ ਪੇਸ਼ ਕਰ ਕੇ ਕਿਹਾ, “ਇਹ ਦੋਸ਼ੀ ਆਪ ਦੇ ਅੱਗੇ ਹਾਜ਼ਰ ਹੈ, ਜਿਸਨੇ ਮੇਰੇ ਪਾਸ ਆਪ ਦੇ ਪਿਤਾ ਨੂੰ ਸਜ਼ਾ ਦੇਣ ਦਾ ਹੁਕਮ ਕਰਵਾਇਆ ਤੇ ਆਪ ਨੂੰ ਬੰਦੀ ਬਣਵਾਉਣ ਵਾਲਾ ਵੀ ਇਹ ਹੈ। ਗੁਰੂ ਜੀ ਨੇ ਚੰਦ ਦੀਆਂ ਮੁਸ਼ਕਾਂ ਖਵਾ ਕੇ ਉਸਨੂੰ ਭਾਈ ਬਿਧੀ ਚੰਦ ਤੇ ਭਾਈ ਜੇਠਾ ਜੀ ਦੇ ਹਵਾਲੇ ਕਰ ਦਿੱਤਾ ਤੇ ਜਹਾਂਗੀਰ ਨੂੰ ਕਿਹਾ, “ਪਿਤਾ ਦਾ ਦੋਸ਼ੀ ਕੌਣ ਸੀ, ਇਸਦਾ ਫ਼ੈਸਲਾ ਉਸ ਸਮੇਂ ਲੱਗ ਜਾਵੇਗਾ ਜਦੋਂ ਖ਼ੁਦਾ ਦੀ ਦਰਗਾਹ ਵਿਚ ਨਿਆਂ ਹੋਵੇਗਾ। ਗੁਰੂ ਜੀ ਦਾ ਫ਼ਕੀਰੀ ਸੁਭਾਅ ਤੇ ਸ਼ਾਹੀ ਰਹਿਣੀ ਦੇਖ ਕੇ ਜਹਾਂਗੀਰ ਬਹੁਤ ਪ੍ਰਭਾਵਿਤ ਹੋਇਆ। ਉਸਨੇ ਗੁਰੂ ਜੀ ਨੂੰ ਕੁਝ ਦਿਨ ਆਪਣੇ ਪਾਸ ਰਹਿਣ ਲਈ ਮਨਾ ਲਿਆ ।

ਇਕ ਦਿਨ ਜਹਾਂਗੀਰ ਨੇ ਗੁਰੂ ਜੀ ਨੂੰ ਪੁੱਛਿਆ, “ਆਪ ਨੂੰ ਸਿੱਖ ‘ਸੱਚਾ ਪਾਤਸ਼ਾਹ’ਕਿਉਂ ਕਹਿੰਦੇ ਹਨ ਤੇ ਮੈਨੂੰ ਸਿਰਫ਼ ਪਾਤਸ਼ਾਹ ਹੀ ਕਹਿੰਦੇ ਹਨ ?” ਗੁਰੂ ਜੀ ਨੇ ਉੱਤਰ ਦਿੱਤਾ, “ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ । ਜਿਸ ਤਰ੍ਹਾਂ ਦੇ ਅਸੀਂ ਲੋਕਾਂ ਨੂੰ ਨਜ਼ਰ ਆਉਂਦੇ ਹਾਂ, ਉਸੇ ਤਰ੍ਹਾਂ ਦਾ ਉਹ ਸਾਨੂੰ ਕਹਿ ਦਿੰਦੇ ਹਨ। ਇਸ ਉੱਤਰ ਨਾਲ ਜਹਾਂਗੀਰ ਦੀ ਤਸੱਲੀ ਨਾ ਹੋਈ। ਦੂਜੇ ਦਿਨ, ਗੁਰੂ ਜੀ ਤੇ ਜਹਾਂਗੀਰ ਸ਼ਿਕਾਰ ਖੇਡਣ ਲਈ ਗਏ । ਦੁਪਹਿਰ ਵਲ ਗੁਰੂ ਜੀ ਇਕ ਦਰੱਖ਼ਤ ਦੀ ਛਾਂ ਹੇਠ ਆਰਾਮ ਕਰਨ ਲਈ ਰੁਕ ਗਏ ਤੇ ਨਾਲ ਦੇ ਇਕ ਹੋਰ ਦਰੱਖ਼ਤ ਥੱਲੇ ਜਹਾਂਗੀਰ ਨੇ ਡੇਰਾ ਲਾ ਲਿਆ।

ਇਕ ਘਾਹੀ ਨੇ ਸੁਣਿਆ ਹੋਇਆ ਸੀ ਕਿ ਗੁਰੂ ਜੀ ਜੰਗਲ ਵਿਚ ਸ਼ਿਕਾਰ ਖੇਡਣ ਆਉਂਦੇ ਹਨ। ਉਸਨੇ ਜਹਾਂਗੀਰ ਨੂੰ ਹੀ ਗੁਰੂ ਜੀ ਸਮਝ ਕੇ, ਇਕ ਘਾਹ ਦੀ ਪੰਡ ਤੇ ਇਕ ਟਕਾ ਉਸ ਅੱਗੇ ਰੱਖਦਿਆਂ, ਮੱਥਾ ਟੇਕ ਕੇ ਬਨਤੀ ਕੀਤੀ, “ਸੱਚੇ ਪਾਤਸ਼ਾਹ, ਮੇਰੀ ਅੰਤ ਸਮੇਂ ਸਹਾਇਤਾ ਕਰਨੀ।” ਜਹਾਂਗੀਰ ਨੇ ਉਸਨੂੰ ਕਿਹਾ, “ਮੈਂ ਤਾਂ ਦੁਨੀਆ ਦਾ ਪਾਤਸ਼ਾਹ ਹਾਂ , ਮੈਂ ਪਦਾਰਥ ਦੇ ਸਕਦਾ ਹਾਂ ਪਰ ਅੰਤ ਸਮੇਂ ਸਹਾਈ ਨਹੀਂ ਹੋ ਸਕਦਾ। ਤੋਰਾ ਸੱਚਾ ਪਾਤਸ਼ਾਹ ਉਸ ਦਰੱਖ਼ਤ ਦੀ ਛਾਂ ਹੇਠ ਹੈ।“ ਘਾਹੀ ਨੂੰ ਜਹਾਂਗੀਰ ਦੇ ਇਹ ਬੋਲ ਸੁਣ ਕੇ ਆਪਣੇ ਘਾਹ ਦੀ ਪੰਡ ਤੇ ਟਕਾ ਚੁਕਿਆ ਤੇ ਜਾ ਕੇ ਗੁਰੂ ਜੀ ਅੱਗ ਰੱਖ ਕੇ ਅਰਦਾਸ ਕੀਤੀ। ਉਸ ਪਿੱਛੇ, ਜਹਾਂਗੀਰ ਨੇ ਕਦੇ ਨਾ ਪੁੱਛਿਆ ਕਿ ਸਿੱਖ ਉਨਾਂ ਨੂੰ “ਸੱਚਾ ਪਾਤਸ਼ਾਹ’ ਕਿਉਂ ਕਹਿੰਦੇ ਸਨ।

Leave a Reply