ਕੀਰਤਪੁਰ ਬਖ਼ਸ਼ਿਸ਼ਾਂ ਦਾ ਘਰ
Kiratpur Bakhshisha da Ghar
ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ, 1656 ਈਸਵੀ ਨੂੰ ਕੀਰਤਪੁਰ, ਜ਼ਿਲ੍ਹਾ ਰੋਪੜ ਵਿਖੇ ਹੋਇਆ । ਉਨਾਂ ਦੀ ਮਾਤਾ ਕ੍ਰਿਸ਼ਨ ਕੌਰ ਤੇ ਪਿਤਾ ਗੁਰੂ ਹਰਿ ਰਾਇ ਜੀ ਸਨ। ਗੁਰੂ ਹਰਿ ਰਾਇ ਜੀ ਨੇ ਉਨ੍ਹਾਂ ਨੂੰ ਹਰ ਤਰ੍ਹਾਂ ਗੁਰ-ਗੱਦੀ ਦੇ ਯੋਗ ਦੇਖ ਕੇ 6 ਅਕਤੂਬਰ, 1661 ਈਸਵੀ ਨੂੰ ਗੁਰ-ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਉਨਾਂ ਦੀ ਉਮਰ ਗੁਰ-ਗੱਦੀ ਦੀ ਬਖ਼ਸ਼ਿਸ਼ ਹੋਣ ਸਮੇਂ ਸਿਰਫ਼ ਪੰਜ ਸਾਲਾਂ ਦੀ ਸੀ।
ਗੁਰੂ ਹਰਿਕ੍ਰਿਸ਼ਨ ਜੀ ਦੇ ਵੱਡੇ ਭਾਈ ਬਾਬਾ ਰਾਮ ਰਾਇ ਜੀ, ਲਾਹੌਰ ਸਾਈਂ ਮੀਆਂ ਮੀਰ ਦੇ ਡੇਰੇ ਸਨ, ਜਦੋਂ ਉਨਾਂ ਨੂੰ ਗੁਰ-ਗੱਦੀ ਸ੍ਰੀ ਹਰਿਕ੍ਰਿਸ਼ਨ ਨੂੰ ਦਿੱਤੇ ਜਾਣ ਦੀ ਖ਼ਬਰ ਮਿਲੀ। ਗੁਰ-ਗੱਦੀ ਛੋਟੇ ਭਰਾ ਨੂੰ ਦਿੱਤੇ ਜਾਣ ਦਾ ਉਨਾਂ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਨਾਲ ਉਸ ਸਮੇਂ ਭਾਈ ਗੁਰਦਾਸ ਮਸੰਦ ਸੀ। ਉਸਨੇ ਕਿਹਾ, “ਮੇਂ ਆਪ ਦੇ ਨਾਲ ਹਾਂ। ਗੁਰੂ ਬਣਾਉਣਾ ਮਸੰਦਾਂ ਦੇ ਹੱਥ ਵਿਚ ਹੈ। ਜਿਸਨੂੰ ਮਸੰਦ ਚਾਹੁਣ, ਗੁਰੂ ਬਣਾ ਸਕਦੇ ਹਨ। ਹੋਰ ਮਸੰਦਾਂ ਤੇ ਸਿੱਖਾਂ ਨੂੰ ਅਸੀਂ ਪ੍ਰੇਰ ਸਕਦੇ ਹਾਂ। ਬਾਦਸ਼ਾਹ ਸਾਡੇ ਵੱਲ ਹੈ। ਤੁਸੀਂ ਫ਼ਿਕਰ ਨਾ ਕਰੋ। ਜੇ ਉਨ੍ਹਾਂ ਨੂੰ ਗੁਰੂ ਹਰਿ ਰਾਇ ਜੀ ਗੁਰੂ ਬਣਾ ਸਕਦੇ ਹਨ ਤਾਂ ਅਸੀਂ ਤੁਹਾਨੂੰ ਬਣਾ ਸਕਦੇ ਹਾਂ ।
ਬਾਬਾ ਰਾਮ ਰਾਇ ਨੇ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਕਿਹਾ, “ਮੈਂ ਗੁਰੂ ਹਰਿ ਰਾਇ ਜੀ ਦਾ ਵੱਡਾ ਪੁੱਤਰ ਹਾਂ, ਇਸ ਲਈ ਗੁਰ-ਗੱਦੀ ਦਾ ਹੱਕ ਮੇਰਾ ਬਣਦਾ ਹੈ। ਮੇਰਾ ਆਪ ਦੇ ਨਾਲ ਮੇਲ ਹੋਣ ਕਰਕੇ ਮੇਰੇ ਪਿਤਾ ਨੇ ਮੇਰਾ ਹੱਕ ਛੋਟੇ ਭਰਾ ਨੂੰ ਦੇ ਦਿੱਤਾ ਹੈ। ਕ੍ਰਿਪਾ ਕਰ ਕੇ ਮੈਨੂੰ ਮੇਰਾ ਹੱਕ ਵਾਪਸ ਦਿਵਾਇਆ ਜਾਵੇ।“ ਔਰੰਗਜ਼ੇਬ ਨੇ ਕਿਹਾ, “ਮੈਂ ਤੈਨੂੰ ਸਿੱਖਾਂ ਦਾ ਗੁਰੂ ਨਹੀਂ ਬਣਾ ਸਕਦਾ, ਕਿਉਂਕਿ ਇਹ ਸਿੱਖਾਂ ਦੀ ਸ਼ਰਧਾ ਹੈ ਕਿ ਉਹ ਕਿਸ ਨੂੰ ਗੁਰੂ ਮੰਨਦੇ ਹਨ। ਮੇਰੇ ਮੇਲ ਕਾਰਨ ਜਿਹੜਾ ਤੇਰਾ ਮਾਲੀ ਨੁਕਸਾਨ ਹੋਇਆ ਹੈ, ਉਹ ਮੈਂ ਤੈਨੂੰ ਜਾਗੀਰ ਦੇ ਕੇ ਪੂਰਾ ਕਰ ਦਿੰਦਾ ਹਾਂ। ਔਰੰਗਜ਼ੇਬ ਨੇ ਉਸਨੂੰ ਸੱਤ ਪਿੰਡ ਜਾਗੀਰ ਵਜੋਂ ਦੇ ਦਿੱਤੇ, ਜਿੱਥੇ ਅੱਜ-ਕੱਲ੍ਹ ਡੇਹਰਾਦੂਨ ਹੈ ।
ਗੁਰੂ ਹਰਿਕ੍ਰਿਸ਼ਨ ਜੀ ਨੂੰ ਛੋਟੀ ਉਮਰ ਵਿਚ ਸਿੱਖਾਂ ਦੀ ਅਗਵਾਈ ਕਰਦੇ ਦੇਖ ਕੇ, ਬ੍ਰਾਹਮਣਾਂ ਦੇ ਮਨਾਂ ਵਿਚ ਭਰਮ ਪੈ ਗਿਆ ਕਿ ਗੁਰੂ ਨਾਨਕ ਦੇ ਘਰ ਵਿਚ ਉਹ ਸ਼ਕਤੀ ਨਹੀਂ ਰਹੀ, ਜਿਹੜੀ ਪਹਿਲਾਂ ਸੀ ਕਿਉਂਕਿ ਬਾਹਮਣ ਉਦੋਂ ਦਰਬਾਰ ਵਿਚ ਹਾਜ਼ਰ ਨਹੀਂ ਸਨ, ਜਦੋਂ ਗੁਰੂ ਹਰਿ ਰਾਇ ਜੀ ਨੇ ਗੁਰ-ਗੱਦੀ ਦੇਣ ਸਮੇਂ ਸੰਗਤਾਂ ਨੂੰ ਕਿਹਾ ਸੀ, “ਗੁਰੁ ਜੋਤ ਹੈ, ਕੋਈ ਸਰੀਰ ਨਹੀਂ। ਉਨ੍ਹਾਂ ਨੇ ਮਖੌਲ ਵਜੋਂ ਇੱਕ ਕੋਹੜੀ ਨੂੰ ਕਿਹਾ, “ਸਿੱਖਾਂ ਦੇ ਗੁਰੂ ਪਾਸ ਜਾ। ਉਸਦੇ ਦਰਸ਼ਨ ਕਰਨ ਨਾਲ ਤੇਰਾ ਰੋਗ ਠੀਕ ਹੋ ਜਾਵੇਗਾ। ਉਹ ਕੋਹੜੀ ਗੁਰੂ ਹਰਿਕ੍ਰਿਸ਼ਨ ਜੀ ਦੇ ਰਸਤੇ ਵਿਚ ਲੇਟ ਕੇ ਪੁਕਾਰਨ ਲੱਗਾ, “ਗੁਰੁ ਜੀ, ਮੇਰਾ ਰੋਗ ਦੂਰ ਕਰ ਦੇਵੋ।” ਗੁਰੂ ਜੀ ਨੇ ਆਪਣਾ ਰੁਮਾਲ ਕੋਹੜੀ ਨੂੰ ਦੇ ਕੇ ਕਿਹਾ, “ਪਰਮਾਤਮਾ ਦਾ ਨਾਂ ਲੈ ਕੇ ਇਹ ਰੁਮਾਲ ਆਪਣੇ ਸਰੀਰ ਉੱਪਰ ਫੇਰ ਲੈ।” ਉਹ ਕੋਹੜੀ ਸਰੀਰ ਉੱਪਰ ਰੁਮਾਲ ਫੇਰਨ ਨਾਲ ਨੌ-ਬਰ-ਨੌ ਹੋ ਗਿਆ। ਜਿਹੜੇ ਬਾਹਮਣਾਂ ਨੇ ਉਸ ਕੋਹੜੀ ਨੂੰ ਮਖੌਲ ਵਜੋਂ ਭੇਜਿਆ ਸੀ, ਬੜੇ ਸ਼ਰਮਿੰਦੇ ਹੋਏ । ਗੁਰੂ ਦੇ ਰੁਮਾਲ ਨਾਲ ਕੋਹੜੀ ਦਾ ਰੋਗ ਦੂਰ ਹੋਣ ਦੀ ਖ਼ਬਰ ਬੜੀ ਜਲਦੀ ਫੈਲ ਗਈ। ਦੂਰ-ਦੂਰ ਤੋਂ ਪੁਰਾਣੇ ਰੋਗੀ ਗੁਰੂ ਦੇ ਦਰਸ਼ਨ ਕਰ ਕੇ ਤੇ ਗੁਰੂ-ਘਰ ਦੇ ਦਵਾਖ਼ਾਨੇ ਵਿੱਚੋਂ ਦਵਾਈਆਂ ਲੈ ਕੇ, ਅਰੋਗ ਹੋ ਕੇ, ਗੁਰੂ ਦੇ ਗੁਣ ਗਾਉਂਦੇ ਵਾਪਸ ਪਰਤਣ ਲੱਗੇ। ਬੇਅੰਤ ਜੁਆ, ਚੋਰੀ, ਸ਼ਰਾਬ, ਤਮਾਕੂ ਆਦਿ ਨਸ਼ਿਆਂ ਦੇ ਰੋਗੀ ਵੀ ਗੁਰੂ-ਘਰ ਵਿਚ ਆ ਕੇ ਨਸ਼ੇ ਤਿਆਗ ਗਏ।